1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਜੀਟੀਏ ‘ਚ ਘਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ 47 ਫ਼ੀਸਦੀ ਗਿਰਾਵਟ

ਟੋਰੌਂਟੋ ਰੀਜਨਲ ਰੀਅਲ ਅਸਟੇਟ ਬੋਰਡ ਅਨੁਸਾਰ ਜੂਨ ਦੀ ਤੁਲਨਾ ਵਿਚ ਵਿਕਰੀ ‘ਚ 24 % ਨਿਘਾਰ

ਟੋਰੌਂਟੋ ਰੀਜਨ ਰੀਅਲ ਅਸਟੇਟ ਬੋਰਡ ਅਨੁਸਾਰ ਜੀਟੀਏ ਵਿਚ ਘਰਾਂ ਦੀਆਂ ਕੀਮਤਾਂ ਵਿਚ ਵੀ ਜੁਲਾਈ ਮਹੀਨੇ ਕਮੀ ਦਰਜ ਹੋਈ ਹੈ। ਜੂਨ 2022 ਵਿਚ ਘਰ ਦੀ ਔਸਤ ਕੀਮਤ 1,145,994 ਡਾਲਰ ਦਰਜ ਹੋਈ ਸੀ ਪਰ ਜੁਲਾਈ ਵਿਚ ਇਹ 6 % ਘਟ ਕੇ 1,074,754 ਡਾਲਰ ਦਰਜ ਕੀਤੀ ਗਈ।

ਟੋਰੌਂਟੋ ਰੀਜਨਲ ਰੀਅਲ ਅਸਟੇਟ ਬੋਰਡ ਅਨੁਸਾਰ ਜੀਟੀਏ ਵਿਚ ਘਰਾਂ ਦੀਆਂ ਕੀਮਤਾਂ ਵਿਚ ਵੀ ਜੁਲਾਈ ਮਹੀਨੇ ਕਮੀ ਦਰਜ ਹੋਈ ਹੈ। ਜੂਨ 2022 ਵਿਚ ਘਰ ਦੀ ਔਸਤ ਕੀਮਤ 1,145,994 ਡਾਲਰ ਦਰਜ ਹੋਈ ਸੀ ਪਰ ਜੁਲਾਈ ਵਿਚ ਇਹ 6 % ਘਟ ਕੇ 1,074,754 ਡਾਲਰ ਦਰਜ ਕੀਤੀ ਗਈ।

ਤਸਵੀਰ: (Esteban Cuevas/CBC)

RCI

ਗ੍ਰੇਟਰ ਟੋਰੌਂਟੋ ਏਰੀਆ ਦੀ ਹਾਊਸਿੰਗ ਮਾਰਕੀਟ ਵਿਚ ਧੀਮੇਪਣ ਦਾ ਸਿਲਸਿਲਾ ਲੰਘੇ ਜੁਲਾਈ ਮਹੀਨੇ ਵੀ ਜਾਰੀ ਰਿਹਾ। ਟੋਰੌਂਟੋ ਰੀਜਨਲ ਰੀਅਲ ਅਸਟੇਟ ਬੋਰਡ ਅਨੁਸਾਰ ਜੁਲਾਈ ਵਿਚ ਘਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 47 ਫ਼ੀਸਦੀ ਕਮੀ ਦਰਜ ਹੋਈ ਹੈ ਅਤੇ ਜੂਨ ਦੇ ਮੁਕਾਬਲੇ ਜੁਲਾਈ ਵਿਚ ਘਰਾਂ ਦੀ ਵਿਕਰੀ ਵਿਚ 24 ਫ਼ੀਸਦੀ ਗਿਰਾਵਟ ਆਈ ਹੈ।

ਪਿਛਲੇ ਮਹੀਨੇ ਜੀਟੀਏ ਵਿਚ ਕੁਲ 4,912 ਘਰ ਵੇਚੇ ਗਏ ਜੋਕਿ ਪਿਛਲੇ ਸਾਲ ਜੁਲਾਈ ਵਿਚ ਹੋਈ 9,339 ਘਰਾਂ ਦੀ ਵਿਕਰੀ ਦਾ ਤਕਰੀਬਨ ਅੱਧਾ ਹਿੱਸਾ ਹੈ।

ਬੋਰਡ ਅਤੇ ਰੀਅਲ ਅਸਟੇਟ ਏਜੰਟ ਇਸ ਵਿਕਰੀ ਦੇ ਨਿਘਾਰ ਦਾ ਵੱਡਾ ਕਾਰਨ ਵਿਆਜ ਦਰਾਂ ਵਿਚ ਵਾਧੇ ਕਰਕੇ ਮਹਿੰਗੀ ਹੋਈ ਮੌਰਗੇਜ ਨੂੰ ਮੰਨ ਰਹੇ ਹਨ। ਜੁਲਾਈ ਵਿਚ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰਾਂ ਵਿਚ 1 % ਵਾਧਾ ਕੀਤਾ ਸੀ ਜੋਕਿ ਪਿਛਲੇ 24 ਸਾਲ ਵਿਚ ਇਕੋ ਵਾਰੀ ਹੋਇਆ ਸਭ ਤੋਂ ਵੱਡਾ ਵਾਧਾ ਹੈ।

ਇਸ ਵਾਧੇ ਨੇ ਲੋਕਾਂ ਦੇ ਘਰ ਖ਼ਰੀਦਣ ਦੇ ਫ਼ੈਸਲੇ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮੌਰਗੇਜ ਵਧਣ ਕਰਕੇ ਹੁਣ ਨਵੇਂ ਖ਼ਰੀਦਾਰਾਂ ਨੇ ਘਰ ਲੈਣ ਦੇ ਫ਼ੈਸਲੇ ਨੂੰ ਥੋੜਾ ਲਟਕਾ ਦਿੱਤਾ ਹੈ ਤਾਂ ਕਿ ਉਹ ਇਹ ਦੇਖ ਸਕਣ ਕਿ ਕੀਮਤਾਂ ਹੋਰ ਕਿੱਥੇ ਤੱਕ ਨੀਚੇ ਆ ਸਕਦੀਆਂ ਹਨ। ਦੂਜੇ ਪਾਸੇ ਘਰ ਵੇਚਣ ਵਾਲੇ ਵੀ ਥੋੜੀ ਉਡੀਕ ਕਰ ਰਹੇ ਹਨ ਕਿ ਹਾਊਸਿੰਗ ਮਾਰਕੀਟ ਮੁੜ ਥੋੜੀ ਗਤੀ ਫੜੇ ‘ਤੇ ਉਹ ਆਪਣੇ ਪੱਖ ਵਿਚ ਇੱਕ ਬਿਹਤਰ ਸੌਦਾ ਕਰ ਸਕਣ।

ਘਰ ਵੇਚਣ ਵਾਲੇ ਕੁਝ ਲੋਕ ਤਾਂ ਆਪਣੇ ਘਰਾਂ ਦੀ ਲਿਸਟਿੰਗ ਮਾਰਕੀਟ ਤੋਂ ਹਟਾ ਵੀ ਰਹੇ ਹਨ ਕਿਉਂਕਿ ਇਸ ਸਮੇਂ ਉਹਨਾਂ ਨੂੰ ਕਿਰਾਏ ‘ਤੇ ਘਰ ਦੇਣਾ ਜ਼ਿਆਦਾ ਮੁਨਾਫ਼ੇ ਦਾ ਸੌਦਾ ਪ੍ਰਤੀਤ ਹੋ ਰਿਹਾ ਹੈ।

ਜਨਵਰੀ ਵਿਚ ਜੀਟੀਏ ਵਿਚ 380 ਲਿਸਟਿੰਗਜ਼ ਖ਼ਤਮ ਹੋਈਆਂ ਸਨ, ਪਰ ਰੀਅਲ ਅਸਟੇਟ ਕੰਪਨੀ ਸਟ੍ਰੈਟਾ ਅਨੁਸਾਰ ਜੂਨ ਵਿਚ 2,822 ਘਰਾਂ ਦੀ ਲਿਸਟਿੰਗਜ਼ ਹਟਾਈਆਂ ਗਈਆਂ ਜੋਕਿ 643 % ਵਾਧਾ ਹੈ।

ਬੋਰਡ ਅਨੁਸਾਰ ਜੁਲਾਈ ਵਿਚ ਘਰਾਂ ਦੀਆਂ ਔਸਤ ਕੀਮਤਾਂ ਵਿਚ ਵੀ ਕਮੀ ਦਰਜ ਹੋਈ ਹੈ। ਜੂਨ 2022 ਵਿਚ ਘਰ ਦੀ ਔਸਤ ਕੀਮਤ 1,145,994 ਡਾਲਰ ਦਰਜ ਹੋਈ ਸੀ ਪਰ ਜੁਲਾਈ ਵਿਚ ਇਹ 6 % ਘਟ ਕੇ 1,074,754 ਡਾਲਰ ਦਰਜ ਕੀਤੀ ਗਈ। ਹਾਲਾਂਕਿ ਜੁਲਾਈ 2021 ਦੇ 1,061,724 ਡਾਲਰ ਦੇ ਮੁਕਾਬਲੇ ਇਹ ਅਜੇ ਵੀ 1 % ਜ਼ਿਆਦਾ ਹੈ।

ਡਿਟੈਚ ਘਰਾਂ ਦੀਆਂ ਕੀਮਤਾਂ ਵਿਚ 3 ਫ਼ੀਸਦੀ ਨਿਘਾਰ ਆਇਆ ਜਦਕਿ ਇਹਨਾਂ ਦੀ ਵਿਕਰੀ ਵਿਚ 46 ਫ਼ੀਸਦੀ ਕਮੀ ਦਰਜ ਕੀਤੀ ਗਈ। ਜੁਲਾਈ ਵਿਚ ਡਿਟੈਚ ਘਰ ਦੀ ਔਸਤ ਕੀਮਤ 1,362,598 ਡਾਲਰ ਦਰਜ ਹੋਈ ਅਤੇ ਕੁਲ 2,203 ਘਰ ਵੇਚੇ ਗਏ।

ਸੈਮੀ-ਡਿਟੈਚ ਘਰਾਂ ਦੀਆਂ ਕੀਮਤਾਂ ਵਿਚ ਪਿਛਲੇ ਜੁਲਾਈ ਦੇ ਮੁਕਾਬਲੇ 5 ਫ਼ੀਸਦੀ ਵਾਧਾ ਹੋਇਆ ਅਤੇ ਔਸਤ ਕੀਮਤ 1,077,050 ਦਰਜ ਹੋਈ। ਪਰ ਜੁਲਾਈ ਵਿਚ ਵਿਕਰੀ ਵਿਚ 45 ਫ਼ੀਸਦੀ ਨਿਘਾਰ ਆਇਆ ਅਤੇ ਕੁਲ 474 ਘਰ ਵੇਚੇ ਗਏ।

ਟਾਊਨਹਾਊਸ ਦੀ ਕੀਮਤ 6 ਫ਼ੀਸਦੀ ਦੇ ਵਾਧੇ ਨਾਲ ਔਸਤਨ 903,899 ਡਾਲਰ ਦਰਜ ਹੋਈ ਪਰ ਵਿਕਰੀ ਵਿਚ 52 ਫ਼ੀਸਦੀ ਗਿਰਾਵਟ ਦਰਜ ਹੋਈ। ਜੁਲਾਈ ਵਿਚ ਕੁਲ 816 ਟਾਊਨ ਹਾਊਸ ਵੇਚੇ ਗਏ।

ਕੌਂਡੋ ਅਪਾਰਟਮੈਂਟਾਂ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 7 ਫ਼ੀਸਦੀ ਵਾਧਾ ਦਰਜ ਹੋਇਆ ਪਰ ਵਿਕਰੀ ਵਿਚ 48 ਫ਼ੀਸਦੀ ਕਮੀ ਆਈ। ਜੁਲਾਈ ਵਿਚ ਕੌਂਡੋ ਅਪਾਰਟਮੈਂਟ ਦੀ ਔਸਤ ਕੀਮਤ 719,273 ਡਾਲਰ ਦਰਜ ਹੋਈ ਅਤੇ ਕੁਲ 1,365 ਘਰ ਵੇਚੇ ਗਏ।

ਟੋਰੌਂਟੋ ਰੀਜਨਲ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੁਣ ਹਾਊਸਿੰਗ ਸਪਲਾਈ ਵਧਾਉਣ ਅਤੇ ਮੌਰਗੇਜ ਨੀਤੀਆਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ।

ਬੋਰਡ ਦੇ ਸੀਈਓ, ਜੌਨ ਡਿਮਿਸ਼ੈਲ ਨੇ ਕਿਹਾ ਕਿ ਜੀਟੀਏ ਵਿਚ ਬਹੁਤ ਸਾਰੇ ਪਰਿਵਾਰ ਭਵਿੱਖ ਵਿਚ ਘਰ ਖ਼ਰੀਦਣਾ ਚਾਹੁੰਦੇ ਹਨ, ਪਰ ਫ਼ਿਲਹਾਲ ਇਹ ਅਸਪਸ਼ਟਤਾ ਹੈ ਕਿ ਮਾਰਕੀਟ ਕਿਸ ਦਿਸ਼ਾ ਵੱਲ ਜਾ ਰਹੀ ਹੈ।

ਉਹਨਾਂ ਕਿਹਾ ਕਿ ਸਰਕਾਰ ਨੂੰ ਕੁਝ ਅਸਪਸ਼ਟਤਾ ਦੂਰ ਕਰਨੀ ਚਾਹੀਦੀ ਹੈ

ਟੋਰੌਂਟੋ ਬੋਰਡ ਦੇ ਪ੍ਰੈਜ਼ੀਡੈਂਟ, ਕੈਵਿਨ ਕ੍ਰਿਗਰ ਨੇ ਕਿਹਾ ਕਿ ਮੌਰਗੇਜ ਲਈ 40 ਸਾਲ ਤੱਕ ਦੀ ਮਿਆਦ (mortgage amortization period) ਵਰਗੇ ਵਿਕਲਪਾਂ ‘ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਟੈਰਾ ਡੈਸਚੈਂਪਸ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ