1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡੀਅਨ ਵਿਦੇਸ਼ ਮੰਤਰੀ ਦੀ ਮੌਂਟਰੀਅਲ ਵਿੱਖੇ ਆਪਣੀ ਜਰਮਨ ਹਮਰੁਤਬਾ ਨਾਲ ਮੁਲਾਕਾਤ

ਯੂਕਰੇਨ ਉੱਪਰ ਰੂਸੀ ਹਮਲੇ ਦੇ ਫ਼ੂਡ ਅਤੇ ਐਨਰਜੀ ‘ਤੇ ਪੈਂਦੇ ਪ੍ਰਭਾਵਾਂ ‘ਤੇ ਹੋਵੇਗੀ ਚਰਚਾ

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ (ਖੱਬੇ) ਮੌਂਟਰੀਅਲ ਵਿੱਖੇ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੈਨਾ ਬੇਅਰਬੌਕ ਨਾਲ ਮੁਲਾਕਾਤ ਕਰਦੇ ਹੋਏ।

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ (ਖੱਬੇ) ਅਤੇ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੈਨਾ ਬੇਅਰਬੌਕ ਦੀ ਮੌਂਟਰੀਅਲ ਵਿੱਖੇ ਹੋਈ ਮਿਲਣੀ ਦੀ ਤਸਵੀਰ।

ਤਸਵੀਰ: Getty Images / ALEXIS AUBIN

RCI

ਜਰਮਨੀ ਨੂੰ ਰੂਸੀ ਗੈਸ ਪਾਈਪਲਾਈਨ ਵਿਚ ਵਰਤੀਆਂ ਜਾਣ ਵਾਲੀਆਂ ਟਰਬਾਈਨਾਂ ਵਾਪਸ ਮੋੜਨ ਦੇ ਵਿਵਾਦਗ੍ਰਸਤ ਫ਼ੈਸਲੇ ਤੋਂ ਬਾਅਦ, ਕੈਨੇਡਾ ਦੀ ਵਿਦੇਸ਼ ਮੰਤਰੀ ਜਰਮਨੀ ਦੀ ਵਿਦੇਸ਼ ਮੰਤਰੀ ਨਾਲ ਮੌਂਟਰੀਅਲ ਵਿਚ ਮੁਲਾਕਾਤ ਕਰ ਰਹੇ ਹਨ।

ਵਿਦੇਸ਼ ਮੰਤਰੀ ਮੇਲੈਨੀ ਜੋਲੀ ਆਪਣੀ ਜਰਮਨ ਹਮਰੁਤਬਾ ਐਨਾਲੈਨਾ ਬੇਅਰਬੌਕ ਨਾਲ ਮੌਂਟਰੀਅਲ ਦੇ ਚੈਂਬਰ ਔਫ਼ ਕੌਮਰਸ ਵੱਲੋਂ ਆਯੋਜਿਤ ਕੀਤੀ ਜਾ ਰਹੀ ਇੱਕ ਫ਼ਾਇਰਸਾਈਡ ਚੈਟ ਵਿਚ ਹਿੱਸਾ ਲੈਣਗੇ।

ਫ਼ਾਇਰਸਾਈਡ ਚੈਟ ਇੱਕ ਨਿਜੀ ਅਤੇ ਇੰਟਰਐਕਟਿਵ ਚਰਚਾ ਹੁੰਦੀ ਹੈ ਜਿਸ ਵਿੱਚ ਇੱਕ ਸੰਚਾਲਕ ਅਤੇ ਮਹਿਮਾਨ ਸ਼ਾਮਲ ਹੁੰਦੇ ਹਨ, ਜਿਸ ਨਾਲ ਸਰੋਤਿਆਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਮਹਿਮਾਨਾਂ ਦੇ ਵਿਚਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਇਸ ਚਰਚਾ ਤੋਂ ਪਹਿਲਾਂ, ਦੋਵੇਂ ਮੰਤਰੀ ਇੱਕ ਨਿਊਜ਼ ਕਾਨਫ਼੍ਰੰਸ ਨੂੰ ਸੰਬੋਧਿਤ ਕਰਨਗੇ ਅਤੇ ਯੂਕਰੇਨ ਉੱਪਰ ਰੂਸੀ ਹਮਲੇ ਤੇ ਇਸਦੇ ਫ਼ੂਡ ਅਤੇ ਐਨਰਜੀ ਸੈਕਟਰ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਗੱਲਬਾਤ ਕਰਨਗੇ।

ਜੁਲਾਈ ਵਿਚ ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਉਹ ਸੀਮੈਨਜ਼ ਕੈਨੇਡਾ ਨੂੰ ਰੂਸੀ ਪਾਬੰਦੀਆਂ ਤੋਂ ਛੋਟ ਦਿੰਦਿਆਂ ਸਮਾਂ-ਸੀਮਤ ਅਤੇ ਰੱਦਹੋਣ ਯੋਗ ਪਰਮਿਟ ਜਾਰੀ ਕਰੇਗੀ ਤਾਂ ਕਿ ਜਰਮਨੀ ਅਤੇ ਰੂਸ ਨੂੰ ਜੋੜਨ ਵਾਲੀ ਨੈਚਰਲ ਗੈਸ ਪਾਈਪਲਾਈਨ ਦੇ ਹਿੱਸੇ, ਨੌਰਡ ਸਟ੍ਰੀਮ 1 ਵਿਚ ਇਸਤੇਮਾਲ ਲਈ ਟਰਬਾਈਨਾਂ ਨੂੰ ਵਾਪਸ ਕੀਤਾ ਜਾ ਸਕੇ।

ਇਹ ਟਰਬਾਈਨਾਂ ਮੁਰੰਮਤ ਲਈ ਮੌਂਟਰੀਅਲ ਆਈਆਂ ਸਨ ਪਰ ਯੂਕਰੇਨ ‘ਤੇ ਹਮਲਾ ਹੋਣ ਤੋਂ ਬਾਅਦ ਕੈਨੇਡਾ ਵੱਲੋਂ ਰੂਸ ‘ਤੇ ਲਾਈਆਂ ਪਾਬੰਦੀਆਂ ਕਰਕੇ ਕੈਨੇਡਾ ਵਿਚ ਹੀ ਅਟਕ ਗਈਆਂ ਸਨ।

ਯੂਕਰੇਨੀ ਰਾਸ਼ਟਰਪਤੀ ਵੋੋਲੋਦਿਮਿਰ ਜ਼ੈਲੈਂਸਕੀ ਟ੍ਰੂਡੋ ਸਰਕਾਰ ਦੇ ਇਸ ਫ਼ੈਸਲੇ ਤੋਂ ਖ਼ਫ਼ਾ ਹੋ ਗਏ ਸਨ ਅਤੇ ਉਹਨਾਂ ਨੇ ਇਸਨੂੰ ਅਸਵੀਕਾਰਨਯੋਗ ਆਖਿਆ ਸੀ।

ਰੂਸ ਨੇ ਯੂਕਰੇਨ ਵਿੱਚ ਯੁੱਧ ਨੂੰ ਲੈ ਕੇ ਤਣਾਅ ਦੇ ਵਿਚਕਾਰ, ਤਕਨੀਕੀ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਜਰਮਨੀ ਨੂੰ ਨੌਰਡ ਸਟ੍ਰੀਮ 1 ਪਾਈਪਲਾਈਨ ਰਾਹੀਂ ਕੁਦਰਤੀ ਗੈਸ ਦੀ ਸਪਲਾਈ ਘਟਾ ਦਿੱਤੀ ਹੈ,ਪਰ ਜਰਮਨੀ ਦਾ ਕਹਿਣਾ ਹੈ ਕਿ ਇਹ ਰੂਸ ਦਾ ਸਿਆਸੀ ਸ਼ਕਤੀ ਵਿਖਾਉਣ ਦਾ ਸਿਰਫ ਇੱਕ ਬਹਾਨਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ