- ਮੁੱਖ ਪੰਨਾ
- ਅਰਥ-ਵਿਵਸਥਾ
- ਸਿਨੇਮਾ
[ ਰਿਪੋਰਟ ] 11 ਅਗਸਤ ਤੋਂ ਸ਼ੁਰੂ ਹੋਵੇਗਾ ਟੋਰੌਂਟੋ ਦਾ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਸਾਊਥ ਏਸ਼ੀਆ
22 ਭਾਸ਼ਾਵਾਂ 'ਚ 120 ਤੋਂ ਵਧੇਰੇ ਫ਼ਿਲਮਾਂ ਹੋਣਗੀਆਂ ਪ੍ਰਦਰਸ਼ਿਤ

10 ਦਿਨ ਚੱਲਣ ਵਾਲਾ ਇਹ ਫ਼ੈਸਟੀਵਲ 11 ਅਗਸਤ ਤੋਂ ਸ਼ੁਰੂ ਹੋਵੇਗਾ I
ਤਸਵੀਰ: IFFSA Toronto
ਕੋਵਿਡ -19 ਮਹਾਂਮਾਰੀ ਤੋਂ ਬਾਅਦ ਟੋਰੌਂਟੋ ਦਾ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਸਾਊਥ ਏਸ਼ੀਆ ਇਕ ਵਾਰ ਫਿਰ ਤੋਂ ਆਮ ਵਾਂਗ ਦਰਸ਼ਕਾਂ ਲਈ ਸਾਊਥ ਏਸ਼ੀਅਨ ਫ਼ਿਲਮਾਂ ਲੈ ਕੇ ਆ ਰਿਹਾ ਹੈ I
10 ਦਿਨ ਚੱਲਣ ਵਾਲਾ ਇਹ ਫ਼ੈਸਟੀਵਲ 11 ਅਗਸਤ ਤੋਂ ਸ਼ੁਰੂ ਹੋਵੇਗਾ I ਫ਼ੈਸਟੀਵਲ ਵਿੱਚ ਗ੍ਰੇਟਰ ਟੋਰੌਂਟੋ ਏਰੀਆ (ਜੀਟੀਏ) ਦੇ ਵੱਖ ਵੱਖ ਸਿਨੇਮਾਘਰਾਂ 'ਚ ਫ਼ਿਲਮਾਂ ਦਿਖਾਈਆਂ ਜਾਣਗੀਆਂ I
ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਫ਼ਿਲਮ ਫ਼ੈਸਟੀਵਲ ਦੇ ਫਾਊਂਡਰ ਸਨੀ ਗਿੱਲ ਨੇ ਦੱਸਿਆ ਕਿ ਫ਼ਿਲਮ ਫ਼ੈਸਟੀਵਲ ਵਿੱਚ ਭਾਰਤ , ਪਾਕਿਸਤਾਨ ਸਮੇਤ ਸਾਰੇ ਹੀ ਸਾਊਥ ਏਸ਼ੀਅਨ ਦੇਸ਼ਾਂ ਤੋਂ 120 ਤੋਂ ਵਧੇਰੇ ਫ਼ਿਲਮਾਂ ਨੂੰ ਚੁਣਿਆ ਗਿਆ ਹੈ I
ਸਨੀ ਗਿੱਲ ਦਾ ਕਹਿਣਾ ਹੈ ਕਿ ਫ਼ਿਲਮ ਫ਼ੈਸਟੀਵਲ ਦੀ ਸ਼ੁਰੂਆਤ ਕੈਨੇਡਾ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਸਹੀ ਤਰਜਮਾਨੀ ਦੇਣ ਦੇ ਉਦੇਸ਼ ਨਾਲ ਹੋਈ ਸੀ I ਸਨੀ ਗਿੱਲ ਨੇ ਕਿਹਾ ਸਾਊਥ ਏਸ਼ੀਅਨ ਭਾਈਚਾਰੇ ਨੂੰ ਕੈਨੇਡਾ ਵਿੱਚ ਵਸਦਿਆਂ ਕਈ ਦਹਾਕੇ ਹੋ ਚੁੱਕੇ ਹਨ I ਭਾਈਚਾਰੇ ਨੇ ਕੈਨੇਡਾ ਦੇ ਹਰੇਕ ਸੈਕਟਰ ਵਿੱਚ ਕੰਮ ਕਰਦਿਆਂ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ ਪਰ ਸਾਨੂੰ ਹਮੇਸ਼ਾ ਹੀ ਇਮੀਗ੍ਰੈਂਟਸ ਸਮਝਿਆ ਗਿਆ ਹੈ I

ਸਨੀ ਗਿੱਲ ਨੇ ਕਿਹਾ ਕਿ ਫ਼ਿਲਮ ਫ਼ੈਸਟੀਵਲ ਵੱਲੋਂ ਲੋਕਲ ਨੌਜਵਾਨਾਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਟੈਲੈਂਟ ਫੰਡ ਸਥਾਪਿਤ ਕੀਤਾ ਗਿਆ ਹੈ I
ਤਸਵੀਰ: CBC
ਸਨੀ ਮੁਤਾਬਿਕ ਉਹ ਫ਼ਿਲਮਾਂ ਰਾਹੀਂ ਕੈਨੇਡਾ ਵਿਚਲੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਉਭਾਰਨ ਦਾ ਯਤਨ ਕਰ ਰਹੇ ਹਨ I ਗਿੱਲ ਦਾ ਮੰਨਣਾ ਹੈ ਕਿ ਵੱਖ ਵੱਖ ਦੇਸ਼ਾਂ ਦੀਆਂ ਫ਼ਿਲਮਾਂ ਕੈਨੇਡਾ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਜੋੜਨ ਦਾ ਕੰਮ ਵੀ ਕਰਨਗੀਆਂ I
ਉਹਨਾਂ ਕਿਹਾ ਅਸੀਂ ਅਜਿਹੀਆਂ ਫ਼ਿਲਮਾਂ ਚੁਣਦੇ ਹਾਂ ਜੋ ਸਮਾਜ ਦੀ ਨੁਮਾਇੰਦਗੀ ਕਰਦੀਆਂ ਹਨ I ਇਹਨਾਂ ਫ਼ਿਲਮਾਂ ਰਾਹੀਂ ਕੈਨੇਡਾ ਵਿੱਚ ਵਸਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਇਕ ਦੂਜੇ ਦੇ ਦੇਸ਼ ਦੇ ਸੱਭਿਆਚਾਰ ਅਤੇ ਸਮੱਸਿਆਵਾਂ ਤੋਂ ਜਾਣੂ ਹੋਣਗੇ I
ਸਨੀ ਗਿੱਲ ਜੋ ਕਿ ਕਈ ਦਹਾਕੇ ਪਹਿਲਾਂ ਕੈਨੇਡਾ ਆਏ ਸਨ , ਮੁਤਾਬਿਕ ਉਹਨਾਂ ਨੇ ਨਿੱਜੀ ਤਜਰਬਿਆਂ ਵਿੱਚੋਂ ਹੀ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਸਾਊਥ ਏਸ਼ੀਆ ਦਾ ਜਨਮ ਹੋਇਆ I
ਉਹਨਾਂ ਕਿਹਾ ਕੈਨੇਡਾ ਵਿੱਚ ਆ ਕੇ ਮੇਰੇ ਸਿਆਸੀ ਅਤੇ ਸਮਾਜਿਕ ਤੌਰ 'ਤੇ ਜੋ ਤਜਰਬੇ ਹੋਏ , ਉਸਤੋਂ ਬਾਅਦ ਅਸੀਂ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਸਾਊਥ ਏਸ਼ੀਆ ਦਾ ਨਿਰਮਾਣ ਕਰਨ ਦਾ ਸੋਚਿਆ I
ਇਹ ਵੀ ਪੜੋ :
- ਵਿਵਾਦਾਂ ’ਚ ਘਿਰੀ ਫ਼ਿਲਮ ‘ਕਾਲੀ’ , ਹਿੰਦੂ ਜੱਥੇਬੰਦੀਆਂ ਵੱਲੋਂ ਇਤਰਾਜ਼
- ਕੈਨੇਡੀਅਨ ਫ਼ਿਲਮ ਨਿਰਦੇਸ਼ਕ ਪੌਲ ਹੈਗਿਸ ਜਿਨਸੀ ਦੋਸ਼ਾਂ ਕਾਰਨ ਇਟਲੀ ਵਿਚ ਨਜ਼ਰਬੰਦ
- ‘ਕਿਤਾਬਾਂ ‘ਤੇ ਪਾਬੰਦੀਆਂ ਦਾ ਹਰਜਾਨਾ ਨੌਜਵਾਨ ਪਾਠਕ ਭੁਗਤਦੇ ਹਨ’ : ਰੂਪੀ ਕੌਰ
ਪ੍ਰਬੰਧਕਾਂ ਮੁਤਾਬਿਕ ਫ਼ਿਲਮ ਫ਼ੈਸਟੀਵਲ ਰਾਹੀਂ ਕੈਨੇਡਾ ਦੇ ਹੁਨਰ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ I ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰੇਟਰ ਟੋਰੌਂਟੋ ਏਰੀਆ (ਜੀਟੀਏ) ਤੋਂ ਭਾਈਚਾਰੇ ਦੇ ਸਟੀਵ ਨਿੱਝਰ , ਦੀਪ ਜੰਡੂ , ਗੁਰਜੀਤ ਬਾਸੀ ਅਤੇ ਜਸਕਰਨ ਸਿੰਘ ਸਮੇਤ ਹੋਰ ਕਲਾਕਾਰ ਆਪਣੇ ਹੁਨਰ ਦੀ ਪੇਸ਼ਕਾਰੀ ਕਰਨਗੇ I
ਸਨੀ ਗਿੱਲ ਨੇ ਕਿਹਾ ਕਿ ਫ਼ਿਲਮ ਫ਼ੈਸਟੀਵਲ ਵੱਲੋਂ ਲੋਕਲ ਨੌਜਵਾਨਾਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਟੈਲੈਂਟ ਫੰਡ ਸਥਾਪਿਤ ਕੀਤਾ ਗਿਆ ਹੈ I
ਫ਼ੈਸਟੀਵਲ ਵਿੱਚ ਪੰਜਾਬੀ , ਗੁਜਰਾਤੀ , ਉਰਦੂ , ਬੰਗਾਲੀ , ਤਾਮਿਲ ਅਤੇ ਮਰਾਠੀ ਸਮੇਤ 22 ਭਾਸ਼ਾਵਾਂ 'ਚ ਫ਼ਿਲਮਾਂ ਦਿਖਾਈਆਂ ਜਾਣਗੀਆਂ ਅਤੇ ਦਰਸ਼ਕਾਂ ਦੀ ਸੌਖ ਲਈ ਅੰਗਰੇਜ਼ੀ ਵਿੱਚ ਸਬ ਟਾਈਟਲ ਹੋਣਗੇ I
ਸਨੀ ਗਿੱਲ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਫ਼ਿਲਮ ਫ਼ੈਸਟੀਵਲ 'ਤੇ ਵੀ ਅਸਰ ਪਿਆ ਅਤੇ ਪਾਬੰਦੀਆਂ 'ਚ ਢਿੱਲ ਤੋਂ ਬਾਅਦ ਲੋਕ ਫ਼ਿਰ ਤੋਂ ਇਕੱਠੇ ਹੋ ਕੇ ਫ਼ਿਲਮਾਂ ਦਾ ਆਨੰਦ ਮਾਨਣਾ ਚਾਹੁੰਦੇ ਹਨ I
ਸਨੀ ਗਿੱਲ ਨੇ ਦੱਸਿਆ ਕਿ ਫ਼ੈਸਟੀਵਲ ਵਿੱਚ ਫ਼ਿਲਮਾਂ ਤੋਂ ਇਲਾਵਾ ਨਿਰਦੇਸ਼ਕ ਵੀ ਦਰਸ਼ਕਾਂ ਨਾਲ ਸਾਂਝ ਪਾਉਣਗੇ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ I

ਭਾਰਤ ਤੋਂ ਜਾਵੇਦ ਅਖ਼ਤਰ ਅਤੇ ਸ਼ਬਾਨਾ ਆਜ਼ਮੀ ਫ਼ੈਸਟੀਵਲ ਦੇ ਮੁੱਖ ਮਹਿਮਾਨ ਹੋਣਗੇ I
ਤਸਵੀਰ: IFFSA Toronto
ਉਹਨਾਂ ਕਿਹਾ ਵੱਖ ਵੱਖ ਦੇਸ਼ਾਂ ਤੋਂ ਫ਼ਿਲਮਕਾਰ ਇਸ ਫ਼ੈਸਟੀਵਲ ਵਿੱਚ ਹਿੱਸਾ ਲੈਣ ਲਈ ਕੈਨੇਡਾ ਆ ਰਹੇ ਹਨ I ਭਾਰਤ ਤੋਂ ਜਾਵੇਦ ਅਖ਼ਤਰ ਅਤੇ ਸ਼ਬਾਨਾ ਆਜ਼ਮੀ ਫ਼ੈਸਟੀਵਲ ਦੇ ਮੁੱਖ ਮਹਿਮਾਨ ਹੋਣਗੇ I ਦਰਸ਼ਕ ਨਿਰਦੇਸ਼ਕਾਂ ਨਾਲ ਕਲਾ ਅਤੇ ਸਿਨੇਮੇ ਬਾਰੇ ਗੱਲਬਾਤ ਕਰ ਸਕਣਗੇ I
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਿਫ਼ਾਇਤੀ ਕੀਮਤਾਂ 'ਤੇ ਦਰਸ਼ਕਾਂ ਨੂੰ ਮਿਆਰੀ ਫ਼ਿਲਮਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ I ਸਨੀ ਗਿੱਲ ਨੇ ਕਿਹਾ ਅਸੀਂ ਬਹੁਤ ਘੱਟ ਕੀਮਤਾਂ 'ਤੇ ਟਿਕਟਾਂ ਦਿੰਦੇ ਹਾਂ ਤਾਂ ਜੋ ਦਰਸ਼ਕ ਵਧੀਆ ਫ਼ਿਲਮਾਂ ਦਾ ਆਨੰਦ ਲੈ ਸਕਣ I
ਸੀਬੀਸੀ ਟੋਰੌਂਟੋ ਵੀ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਸਾਊਥ ਏਸ਼ੀਆ ਦਾ ਪਾਰਟਨਰ ਹੈ I
ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਸਾਊਥ ਏਸ਼ੀਆ ਬਾਰੇ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ (ਨਵੀਂ ਵਿੰਡੋ) ਕਰੋ I