1. ਮੁੱਖ ਪੰਨਾ
  2. ਅਰਥ-ਵਿਵਸਥਾ

[ ਰਿਪੋਰਟ ] ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਮਹਿੰਗੀ ਹੋਣ ਲੱਗੀ ਰਿਹਾਇਸ਼

ਵਿਆਜ ਦਰਾਂ ਵਿਚ ਵਾਧੇ ਨਾਲ ਵਧਣ ਲੱਗੇ ਕਿਰਾਏ

 ਬੈਂਕ ਔਫ਼ ਕੈਨੇਡਾ ਨੇ ਹਾਲ ਵਿੱਚ ਹੀ ਵਿਆਜ ਦਰਾਂ ਵਿਚ 1 ਫ਼ੀਸਦੀ ਦਾ ਵਾਧਾ ਕੀਤਾ ਹੈ I

ਬੈਂਕ ਔਫ਼ ਕੈਨੇਡਾ ਨੇ ਹਾਲ ਵਿੱਚ ਹੀ ਵਿਆਜ ਦਰਾਂ ਵਿਚ 1 ਫ਼ੀਸਦੀ ਦਾ ਵਾਧਾ ਕੀਤਾ ਹੈ I

ਤਸਵੀਰ:  CBC / David Horemans

Sarbmeet Singh

ਕੈਨੇਡਾ ਵਿੱਚ ਵੱਧ ਰਹੀਆਂ ਵਿਆਜ ਦਰਾਂ ਦਾ ਅਸਰ ਕਿਰਾਏਦਾਰਾਂ ਉੱਪਰ ਵੀ ਪੈਣ ਲੱਗਾ ਹੈ I ਕੈਨੇਡਾ ਵਿੱਚ ਪੜ੍ਹਨ ਆਏ ਬਹੁਤ ਸਾਰੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਮੁਤਾਬਿਕ ਵਿਆਜ  ਦਰਾਂ ਵਿੱਚ ਵਾਧੇ ਨਾਲ ਉਹਨਾਂ ਦੇ ਕਿਰਾਏ ਵੀ ਵਧੇ ਹਨ , ਜਿਸ ਨਾਲ ਉਹਨਾਂ ਉੱਪਰ ਵਾਧੂ ਆਰਥਿਕ ਬੋਝ ਪੈਣ ਲੱਗਾ ਹੈ I

ਜ਼ਿਕਰਯੋਗ ਹੈ ਕਿ  ਬੈਂਕ ਔਫ਼ ਕੈਨੇਡਾ ਨੇ ਹਾਲ ਵਿੱਚ ਹੀ ਵਿਆਜ ਦਰਾਂ ਵਿਚ 1 ਫ਼ੀਸਦੀ ਦਾ ਵਾਧਾ ਕੀਤਾ ਹੈ I ਇਸ ਨਾਲ ਵਿਆਜ ਦਰ ਵਧਾਕੇ 2.5 ਫ਼ੀਸਦੀ ਤੱਕ ਪਹੁੰਚ ਗਈ ਹੈ I

ਕੈਨੇਡਾ ਵਿੱਚ ਪੜ੍ਹਨ ਲਈ ਆਈ ਅੰਤਰ ਰਾਸ਼ਟਰੀ ਵਿਦਿਆਰਥਣ ਨਵਜੋਤ ਕੌਰ ਦਾ ਕਹਿਣਾ ਹੈ ਕਿ ਉਸਦੀ ਬੇਸਮੈਂਟ ਦੇ ਕਿਰਾਏ ਵਿੱਚ 300 ਡਾਲਰ ਦਾ ਵਾਧਾ ਕੀਤਾ ਗਿਆ ਹੈ I ਨਵਜੋਤ ਮੁਤਾਬਿਕ ਮਕਾਨ ਮਾਲਕਾਂ ਨੇ ਦੋ ਬੈਡਰੂਮ ਦੀ ਬੇਸਮੈਂਟ ਦਾ ਕਿਰਾਇਆ 1500 ਤੋਂ ਵਧਾ ਕੇ 1800 ਕਰ ਦਿੱਤਾ ਹੈ I

ਨਵਜੋਤ ਕੌਰ ਨੇ ਕਿਹਾ ਅਸੀਂ ਕਈ ਮਹੀਨਿਆਂ ਤੋਂ ਕਿਰਾਏ 'ਤੇ ਰਹਿ ਰਹੇ ਹਾਂ I ਮਕਾਨ ਮਾਲਕਾਂ ਵੱਲੋਂ ਸਾਨੂੰ ਕੁਝ ਹਫ਼ਤੇ ਪਹਿਲਾਂ ਕਿਰਾਇਆ 1800 ਹੋਣ ਦੀ ਗੱਲ ਕਹੀ ਗਈ I ਅਜਿਹੇ ਵਿੱਚ ਸਾਡੇ ਉੱਪਰ ਹੋਰ ਵਿੱਤੀ ਬੋਝ ਪਿਆ ਹੈ I

ਬਹੁਤ ਸਾਰੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਉਹ ਰਲ ਕੇ ਰਹਿ ਰਹੇ ਹਨ ਤਾਂ ਜੋ ਉਹ ਕਿਰਾਇਆ ਦੇ ਸਕਣ I

ਸਰੀ ਵਿੱਚ 2 ਬੈੱਡਰੂਮ ਦੀ ਬੇਸਮੈਂਟ ਵਿੱਚ ਇਕ ਕਮਰਾ ਕਿਰਾਏ 'ਤੇ ਦੇਣ ਲਈ ਫ਼ੇਸਬੁੱਕ 'ਤੇ ਲੱਗਾ ਹੋਇਆ ਇਸ਼ਤਿਹਾਰਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਰੀ ਵਿੱਚ 2 ਬੈੱਡਰੂਮ ਦੀ ਬੇਸਮੈਂਟ ਵਿੱਚ ਇਕ ਕਮਰਾ ਕਿਰਾਏ 'ਤੇ ਦੇਣ ਲਈ ਫ਼ੇਸਬੁੱਕ 'ਤੇ ਲੱਗਾ ਹੋਇਆ ਇਸ਼ਤਿਹਾਰ

ਤਸਵੀਰ: RCI

ਦੱਸਣਯੋਗ ਹੈ ਕਿ ਕੈਨੇਡਾ ਵਿੱਚ ਕਿਰਾਏ ਲਈ ਇਕ ਐਗਰੀਮੈਂਟ (ਲੀਜ਼) ਹੁੰਦਾ ਹੈ ਪਰ ਅੰਤਰ ਰਾਸ਼ਟਰੀ ਵਿਦਿਆਰਥੀਆਂ ਸਮੇਤ ਹੋਰ ਬਹੁਤ ਸਾਰੇ ਇਮੀਗ੍ਰੈਂਟਸ ਲੀਜ਼ ਨਹੀਂ ਕਰਦੇ I ਲੀਜ਼ ਦੀਆਂ ਸ਼ਰਤਾਂ ਤੋਂ ਬਚਣ ਲਈ ਬਹੁਤ ਸਾਰੇ ਲੋਕ ਜ਼ਬਾਨੀ ਕਲਾਮੀ ਸ਼ਰਤਾਂ ਤੈਅ ਕਰਦੇ ਹਨ ਅਤੇ ਲਿਖ਼ਤ ਨਹੀਂ ਕਰਦੇ I

ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਕਿਰਾਏ ਵਿੱਚ 1.5 ਫ਼ੀਸਦੀ ਵਾਧੇ ਦੀ ਲਿਮਿਟ ਲਗਾਈ ਗਈ ਹੈ I  ਲੀਜ਼ ਨਾ ਹੋਣ ਦੀ ਸੂਰਤ ਵਿੱਚ ਵਾਧੇ 'ਤੇ ਕੋਈ ਨਿਯਮ ਲਾਗੂ ਨਹੀਂ ਹੁੰਦੇ I

ਇਕ ਵਿਦਿਆਰਥਣ ਨੇ ਆਪਣਾ ਨਾਮ ਦਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਪਹਿਲਾਂ 2 ਬੈਡਰੂਮ ਦੀ ਬੇਸਮੈਂਟ ਵਿੱਚ 2 ਲੜਕੀਆਂ ਸਨ ਪਰ ਹੁਣ ਉਹਨਾਂ ਨੇ ਆਪਣੇ ਨਾਲ 2 ਹੋਰ ਲੜਕੀਆਂ ਨੂੰ ਰੱਖਿਆ ਹੈ ਤਾਂ ਜੋ ਵਧੇ ਹੋਏ ਕਿਰਾਏ ਦੇ ਭਾਰ ਨੂੰ ਵੰਡਿਆ ਜਾ ਸਕੇ I

ਦੱਸਣਯੋਗ ਹੈ ਕਿ ਕੈਨੇਡਾ ਵਿੱਚ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਦੇ ਇਰਾਦੇ ਨਾਲ ਵਿਆਜ ਦਰਾਂ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਸੀ I

ਮਹਿੰਗਾਈ ਕਾਬੂ ਕਰਨ ਲਈ ਬੈਂਕ ਵੱਲੋਂ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਵਿਆਜ ਦਰਾਂ ਵਿਚ 4 ਵਾਰੀ ਵਾਧਾ ਕੀਤਾ ਜਾ ਚੁੱਕਾ ਹੈ। ਵੱਖ ਵੱਖ ਯਤਨਾਂ ਦੇ ਬਾਵਜੂਦ ਵੀ ਮਹਿੰਗਾਈ ਦਾ ਵਧਣਾ ਲਗਾਤਾਰ ਜਾਰੀ ਹੈ I

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਜੂਨ ਵਿਚ ਕੈਨੇਡਾ ਦੀ ਸਲਾਨਾ ਮਹਿੰਗਾਈ ਦਰ 8.1 ਫ਼ੀਸਦੀ ਦਰਜ ਕੀਤੀ ਗਈ ਹੈ। ਬੈਂਕਿੰਗ ਸੈਕਟਰ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਦੇ ਵਾਧੇ ਨੇ ਸਭ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ I

ਸਰੀ ਸ਼ਹਿਰ ਵਿੱਚ ਮੌਰਗੇਜ ਮਾਹਰ ਵਜੋਂ ਸੇਵਾਵਾਂ ਦੇ ਰਹੇ ਜੈਰੀ ਬਰਾੜ ਦਾ ਕਹਿਣਾ ਹੈ ਕਿ ਵਿਆਜ ਦਰਾਂ ਦਾ ਇਹ ਵਾਧਾ ਵੇਰੀਅਬਲ ਜਿਵੇਂ ਕਿ ਲਾਈਨ ਔਫ਼ ਕ੍ਰੈਡਿਟ ਆਦਿ 'ਤੇ ਅਸਰ ਪਾਉਂਦਾ ਹੈ I ਜੈਰੀ ਬਰਾੜ ਨੇ ਦੱਸਿਆ ਕਿ ਕੈਨੇਡਾ ਵਿੱਚ ਘਰ ਲੈਣ ਸਮੇਂ 2 ਤਰੀਕੇ ਦੀ ਮੌਰਗੇਜ ਮਿਲਦੀ ਹੈ I ਉਹਨਾਂ ਕਿਹਾ ਪਹਿਲੀ ਤਰ੍ਹਾਂ ਦੀ ਮੌਰਗੇਜ ਵਿੱਚ ਵਿਆਜ ਦਰਾਂ ਨਿਸ਼ਚਿਤ ਸਮੇਂ ਲਈ ਸਥਾਈ ਹੁੰਦੀਆਂ ਹਨ ਜਦਕਿ ਦੂਜੀ ਤਰ੍ਹਾਂ ਦੀ ਮੌਰਗੇਜ ਵਿੱਚ ਵਿਆਜ ਦਰਾਂ ਪ੍ਰੀਵਰਤਨਸ਼ੀਲ ਹੁੰਦੀਆਂ ਹਨ I

ਜੈਰੀ ਬਰਾੜ ਨੇ ਕਿਹਾ ਬਹੁਤ ਸਾਰੇ ਵਿਅਕਤੀ ਘਰ ਲੈਣ ਮੌਕੇ ਆਪਣੀ ਮੌਰਗੇਜ ਮਿੱਥੇ ਸਮੇਂ ਲਈ ਲੌਕ ਕਰਦੇ ਹਨ ਭਾਵ ਕੁਝ ਸਮੇਂ ਲਈ ਵਾਧੇ ਦਾ ਉਹਨਾਂ 'ਤੇ ਅਸਰ ਨਹੀਂ ਹੋਵੇਗਾ I

ਬਹੁਤ ਸਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ I ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਵਿਦਿਆਰਥੀ ਪੜ੍ਹਾਈ ਦੇ ਨਾਲ ਹਫ਼ਤੇ ਵਿੱਚ ਸਿਰਫ਼ 20 ਘੰਟੇ ਕੰਮ ਕਰਦੇ ਹਨI

ਸਰੀ 2 ਬੈੱਡਰੂਮ ਦੀ ਬੇਸਮੈਂਟ ਦਾ ਕਿਰਾਇਆ 2 ਹਜ਼ਾਰ ਡਾਲਰ ਤੱਕ ਪਹੁੰਚ ਗਿਆ ਹੈ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਰੀ 2 ਬੈੱਡਰੂਮ ਦੀ ਬੇਸਮੈਂਟ ਦਾ ਕਿਰਾਇਆ 2 ਹਜ਼ਾਰ ਡਾਲਰ ਤੱਕ ਪਹੁੰਚ ਗਿਆ ਹੈ

ਤਸਵੀਰ: RCI

ਪੰਜਾਬੀ ਮੂਲ ਦੇ ਵਿਦਿਆਰਥੀ ਸੁਖਵੀਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਬਹੁਤ ਥੋੜੇ ਘੰਟਿਆਂ ਲਈ ਕੰਮ ਕਰਦੇ ਹਨ ਅਤੇ ਘੱਟੋ ਘੱਟ ਤਨਖ਼ਾਹ 'ਤੇ ਕੰਮ ਕਰਦੇ ਹਨ I ਸੁਖਵੀਰ ਨੇ ਕਿਹਾ ਅੰਤਰ ਰਾਸ਼ਟਰੀ ਵਿਦਿਆਰਥੀ ਹਫ਼ਤੇ ਵਿੱਚ 20 ਘੰਟੇ ਕੰਮ ਕਰਦੇ ਹਨ I ਵਿਦਿਆਰਥੀਆਂ ਨੇ ਫ਼ੀਸ ਵੀ ਭਰਨੀ ਹੁੰਦੀ ਹੈ I

ਬੈਂਕ ਵੱਲੋਂ ਆਉਂਦੇ ਕੁਝ ਮਹੀਨਿਆਂ ਵਿਚ ਵਿਆਜ ਦਰਾਂ ਵਿਚ ਹੋਰ ਵਾਧਾ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ I

ਕੀ ਕਹਿੰਦੇ ਹਨ ਮਕਾਨਮਾਲਕ

ਉਧਰ ਮਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਹ ਵੀ ਵਿਆਜ ਦਰਾਂ ਵਿੱਚ ਵਾਧੇ ਤੋਂ ਪ੍ਰੇਸ਼ਾਨ ਹਨ I

ਐਬਟਸਫੋਰਡ ਨਿਵਾਸੀ ਮਨਦੀਪ ਕੌਰ ਦੀ ਮੌਰਗੇਜ ਪ੍ਰੀਵਰਤਨਸ਼ੀਲ ਸੀ ਅਤੇ ਉਹਨਾਂ ਦੀ ਕਿਸ਼ਤ ਵੀ ਵਧੀ ਹੈ I ਮਨਦੀਪ ਨੇ ਕਿਹਾ ਸਾਡੀ ਕਿਸ਼ਤ ਵਧ ਗਈ ਹੈ ਅਤੇ ਅਸੀਂ ਆਪਣੇ ਕੰਮ ਦੇ ਘੰਟੇ ਵਧਾ ਕੇ ਇਸਨੂੰ ਭਰਨ ਦਾ ਯਤਨ ਕਰ ਰਹੇ ਹਾਂ I

ਭਾਵੇਂ ਕਿ ਵਿਆਜ ਦਰਾਂ ਵਿੱਚ ਵਾਧੇ ਤੋਂ ਬਾਅਦ ਕਿਰਾਏ ਵਧੇ ਹਨ ਪਰ ਫ਼ਿਰ ਵੀ ਬਹੁਤ ਸਾਰੇ ਮਕਾਨਮਾਲਕ ਵਿਆਜ ਦਰਾਂ ਵਿੱਚ ਹੋ ਰਹੇ ਵਾਧਿਆਂ ਦਰਮਿਆਨ ਵਾਧੂ ਵਿੱਤੀ ਬੋਝ ਕਾਰਨ ਘਰ ਵੇਚਣ ਦੀ ਗੱਲ ਆਖ ਰਹੇ ਹਨ I

14 ਅਪ੍ਰੈਲ ਤੋਂ 20 ਅਪ੍ਰੈਲ ਦਰਮਿਆਨ ਕਰਵਾਏ ਇਕ ਸਰਵੇ ਵਿੱਚ ਹਰੇਕ ਚਾਰ ਵਿਚੋਂ ਇੱਕ ਮਕਾਨਮਾਲਕ ਦਾ ਕਹਿਣਾ ਸੀ ਕਿ ਜੇਕਰ ਵਿਆਜ ਦਰਾਂ ਵਿਚ ਹੋਰ ਵਾਧਾ ਹੁੰਦਾ ਹੈ ਤਾਂ ਉਹਨਾਂ ਨੂੰ ਆਪਣਾ ਘਰ ਵੇਚਣਾ ਪੈਣਾ ਹੈ।

Sarbmeet Singh

ਸੁਰਖੀਆਂ