1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਜਿਨਸੀ ਸ਼ੋਸ਼ਣ ਦੇ ਦਾਅਵਿਆਂ ਨਾਲ ਨਜਿੱਠਣ ਲਈ ਹਾਕੀ ਕੈਨੇਡਾ ਵੱਲੋਂ ਰੱਖਿਆ ਫ਼ੰਡ ‘ਅਸਵੀਕਾਰਨਯੋਗ’: ਟ੍ਰੂਡੋ

ਸਾਬਕਾ ਐਗਜ਼ੈਕਟਿਵ ਅਨੁਸਾਰ ਜਿਨਸੀ ਦੁਰਵਿਵਹਾਰ ਦੇ ਦਾਅਵਿਆਂ ਦੇ ਭੁਗਤਾਨ ਲਈ ਇੱਕ ਲੀਗਲ ਫ਼ੰਡ ਰੱਖਿਆ ਗਿਆ ਸੀ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

19 ਜੁਲਾਈ 2022 ਨੂੰ ਬੀ.ਸੀ. ਦੇ ਬੋਵਨ ਆਇਲੈਂਡ ਵਿਚ ਆਯੋਜਿਤ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਬੋਲਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ।

ਤਸਵੀਰ: La Presse canadienne / DARRYL DYCK

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨਾਲ ਜੁੜੇ ਕਈ ਘੁਟਾਲੇ ਸਾਹਮਣੇ ਆਉਣ ਤੋਂ ਬਾਅਦ ਹਾਕੀ ਕੈਨੇਡਾ ਪ੍ਰਤੀ ਕੈਨੇਡੀਅਨਜ਼ ਦੀ ਨਾਰਾਜ਼ਗੀ ਵਾਜਬ ਹੈ।

ਮੰਗਲਵਾਰ ਨੂੰ ਹਾਕੀ ਦੀ ਰਾਸ਼ਟਰੀ ਸੰਚਾਲਨ ਸੰਸਥਾ ਬਾਰੇ ਇੱਕ ਹੋਰ ਖ਼ਬਰ ਆਈ ਕਿ ਕੁਝ ਅਦਾਲਤੀ ਦਸਤਾਵੇਜ਼ਾਂ ਰਾਹੀਂ ਪਤਾ ਲੱਗਾ ਹੈ ਕਿ, ਹਾਕੀ ਕੈਨੇਡਾ ਕੋਲ ਜਿਨਸੀ ਸ਼ੋਸ਼ਣ ਦੇ ਦਾਅਵਿਆਂ ਨਾਲ ਨਜਿੱਠਣ ਲਈ ਬਾਕਾਇਦਾ ਇੱਕ ਫ਼ੰਡ ਮੌਜੂਦ ਹੈ। ਇਹ ਲੀਗਲ ਫ਼ੰਡ ਸੰਸਥਾ ਦੀਆਂ ਇਸ਼ੋਰੈਂਸ ਰਹਿਤ ਹੋਰ ਦੇਣਦਾਰੀਆਂ ਲਈ ਵੀ ਆਪਰੇਟ ਹੁੰਦਾ ਹੈ।

ਬੀਸੀ ਦੇ ਬੋਵਨ ਆਇਲੈਂਡ ਵਿਚ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਬੋਲਦਿਆਂ ਟ੍ਰੂਡੋ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਸ ਸਮੇਂ ਕਿਸੇ ਲਈ ਵੀ ਹਾਕੀ ਕੈਨੇਡਾ ਵਿੱਖੇ ਕਿਸੇ ‘ਤੇ ਵੀ ਇਤਬਾਰ ਕਰਨਾ ਮੁਸ਼ਕਿਲ ਹੋਵੇਗਾ

ਅੱਜ ਜੋ ਸਾਨੂੰ ਪਤਾ ਲੱਗਾ ਹੈ ਉਹ ਬਿਲਕੁਲ ਅਸਵੀਕਾਰਨਯੋਗ ਹੈ

ਫ਼ੰਡ ਬਾਰੇ ਜਾਣਕਾਰੀ ਜੁਲਾਈ 2021 ਦੇ ਇੱਕ ਹਲਫ਼ਨਾਮੇ ਵਿਚ ਸ਼ਾਮਲ ਹੈ, ਜਿਸ ਨੂੰ ਹਾਕੀ ਕੈਨੇਡਾ ਦੇ ਇੰਸ਼ੋਰੈਂਸ ਐਂਡ ਰਿਸਕ ਮੈਨੇਜਮੈਂਟ ਵਿਭਾਗ ਦੇ ਤਤਕਾਲੀਨ ਵਾਈਸ ਪ੍ਰੈਜ਼ੀਡੈਂਟ, ਗਲੈਨ ਮੈਕਰਡੀ ਨੇ ਦਾਖ਼ਲ ਕੀਤਾ ਸੀ। ਓਨਟੇਰਿਓ ਦੇ ਇੱਕ ਜ਼ਖ਼ਮੀ ਖਿਡਾਰੀ ਵੱਲੋਂ ਠੋਕੇ ਮੁਕੱਦਮੇ ਦੌਰਾਨ ਮੈਕਰਡੀ ਨੇ ਉਕਤ ਹਲਫ਼ੀਆ ਬਿਆਨ ਜਮਾਂ ਕੀਤਾ ਸੀ।

ਟ੍ਰੂਡੋ ਨੇ ਕਿਹਾ ਕਿ ਕਿੰਨੇ ਹੀ ਮਾਪੇ ਅਤੇ ਕੈਨੇਡੀਅਨਜ਼ ਇਸ ਖੇਡ ਉੱਪਰ ਮਾਣ ਕਰਦੇ ਹਨ ਅਤੇ ਇਸ ਕਿਸਮ ਦੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਵਿਚ ਨਾਰਾਜ਼ਗੀ ਅਤੇ ਨਮੋਸ਼ੀ ਹੋਣਾ ਸੁਭਾਵਕ ਹੈ।

ਦੇਖੋ। ਟ੍ਰੂਡੋ ਨੇ ਜਿਨਸੀ ਸ਼ੋਸ਼ਣ ਦੇ ਦਾਅਵਿਆਂ ਬਾਬਤ ਹਾਕੀ ਕੈਨੇਡਾ ਵੱਲੋਂ ਫ਼ੰਡ ਰੱਖੇ ਜਾਣ ਨੂੰ ਅਸਵੀਕਾਰਨਯੋਗ ਆਖਿਆ :

ਹਾਕੀ ਕੈਨੇਡਾ ਨੇ ਮੰਗਲਵਾਰ ਨੂੰ ਇੱਕ ਨੈਸ਼ਨਲ ਇਕੁਇਟੀ ਫ਼ੰਡ ਦੀ ਮੌਜੂਦਗੀ ਨੂੰ ਸਵੀਕਾਰ ਕੀਤਾ ਹੈ ਜੋ ਸੰਸਥਾ ਵਿਚ ਸੁਰੱਖਿਆ, ਤੰਦਰੁਸਤੀ ਅਤੇ ਇਕੁਇਟੀ (ਨਿਆਂ) ਨਾਲ ਸਬੰਧਤ ਖ਼ਰਚਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ

ਹਾਕੀ ਕੈਨੇਡਾ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਫ਼ੰਡ ਦੀ ਸਥਾਪਨਾ ਹੋਰ ਵੱਡੀਆਂ ਰਾਸ਼ਟਰੀ ਸੰਸਥਾਵਾਂ ਦੁਆਰਾ ਰੱਖੇ ਗਏ ਰਿਜ਼ਰਵ ਫੰਡਾਂ ਦੇ ਅਨੁਕੂਲ ਤਰੀਕੇ ਨਾਲ ਕੀਤੀ ਗਈ ਸੀ

ਇਹ ਖ਼ਬਰ ਉਦੋਂ ਸਾਹਮਣੇ ਆਈ ਹੈ ਜਦੋਂ 2018 ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਨਾਲ ਨਜਿੱਠਣ ਦੀ ਕਾਰਗੁਜ਼ਾਰੀ ਨੂੰ ਲੈਕੇ, ਹਾਕੀ ਕੈਨੇਡਾ ਦੀ ਵਿਆਪਕ ਆਲੋਚਨਾ ਹੋ ਰਹੀ ਹੈ। ਉਕਤ ਮਾਮਲਾ ਫ਼ੈਡਰੇਸ਼ਨ ਦੀ ਵਰਲਡ ਜੂਨੀਅਰ ਟੀਮ ਦੇ ਮੈਂਬਰਾਂ ਨਾਲ ਸਬੰਧਤ ਹੈ।

ਜੂਨ ਮਹੀਨੇ ਵਿਚ ਹਾਕੀ ਕੈਨੇਡਾ ਦੇ ਐਗਜ਼ੈਕਟਿਵਜ਼ ਨੇ ਕੈਨੇਡੀਅਨ ਹੈਰੀਟੇਜ ਦੀ ਪਾਰਲੀਮੈਂਟ ਦੀ ਸਟੈਨਡਿੰਗ ਕਮੇਟੀ ਅੱਗੇ ਪੇਸ਼ ਹੋਕੇ ਗਵਾਹੀ ਦਿੱਤੀ ਸੀ।

ਸਪੋਰਟਸ ਮਿਨਿਸਟਰ ਪਾਸਕਲ ਸੇਂਟ-ਓਨਜ ਨੇ ਐਗਜ਼ੈਕਟਿਵਜ਼ ਵੱਲੋਂ ਪੇਸ਼ ਕੀਤੇ ਬਿਰਤਾਂਤ ਨੂੰ ਨਾਕਾਫ਼ੀ ਮੰਨਦਿਆਂ ਐਲਾਨ ਕੀਤਾ ਸੀ ਕਿ ਫ਼ੈਡਰਲ ਸਰਕਾਰ ਹਾਕੀ ਕੈਨੇਡਾ ਨੂੰ ਦਿੱਤੀ ਜਾਣ ਵਾਲੀ ਸਾਰੀ ਫ਼ੰਡਿੰਗ ‘ਤੇ ਰੋਕ ਲਗਾ ਦਵੇਗੀ।

ਹਾਕੀ ਕੈਨੇਡਾ

ਹਾਕੀ ਕੈਨੇਡਾ ਨੇ 2018 ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਦੀ ਤੀਜੀ ਧਿਰ ਦੀ ਜਾਂਚ ਮੁੜ ਖੋਲ੍ਹਣ ਅਤੇ ਖਿਡਾਰੀਆਂ ਲਈ ਇਸ ਜਾਂਚ ਵਿੱਚ ਹਿੱਸਾ ਲੈਣਾ ਲਾਜ਼ਮੀ ਬਣਾਉਣ ਦਾ ਵਾਅਦਾ ਕੀਤਾ ਹੈ।

ਤਸਵੀਰ: Twitter/HockeyCanada

ਸੀਬੀਸੀ ਨਿਊਜ਼ ਨੂੰ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ, 2020 ਤੋਂ 2021 ਦੇ ਦਰਮਿਆਨ ਹਾਕੀ ਕੈਨੇਡਾ ਨੇ ਫ਼ੈਡਰਲ ਸਰਕਾਰ ਕੋਲੋਂ 14 ਮਿਲੀਅਨ ਡਾਲਰ ਦੀ ਫ਼ੰਡਿੰਗ (ਨਵੀਂ ਵਿੰਡੋ) ਪ੍ਰਾਪਤ ਕੀਤੀ ਹੈ।

ਸਰਕਾਰ ਕੋਲੋਂ ਦੁਬਾਰਾ ਫ਼ੰਡਿੰਗ ਪ੍ਰਾਪਤ ਕਰਨ ਲਈ, ਹਾਕੀ ਕੈਨੇਡਾ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ 2018 ਦੇ ਕਥਿਤ ਜਿਨਸੀ ਹਮਲੇ ਦੇ ਮਾਮਲੇ ਵਿਚ ਕਿਸੇ ਥਰਡ-ਪਾਰਟੀ (ਤੀਜੀ ਧਿਰ) ਦੀ ਰਿਪੋਰਟ ਸਪੋਰਟਸ ਕੈਨੇਡਾ ਨੂੰ ਪ੍ਰਦਾਨ ਕਰੇ ਅਤੇ ਦੁਰਵਿਵਹਾਰ ਦੀਆਂ ਰਿਪੋਰਟਾਂ ਦੀ ਜਾਂਚ ਲਈ ਬਣਾਏ ਨਵੇਂ ਅਦਾਰੇ, ਸਪੋਰਟਸ ਇੰਟੈਗਰਿਟੀ ਕਮਿਸ਼ਨਰ ਕੋਲ ਵੀ ਰਜਿਸਟਰ ਕਰਵਾਏ।

ਮਿਨਿਸਟਰ ਪਾਸਕਲ ਨੇ ਕਿਹਾ ਹਾਕੀ ਕੈਨੇਡਾ ਲਈ ਆਪਣੇ ਸੱਭਿਆਚਾਰ ਅਤੇ ਇਹਨਾਂ ਸਥਿਤੀਆਂ ਦੌਰਾਨ ਬਿਹਤਰ ਵਿਵਸਥਾ ਕਰਨ ਲਈ ਤਬਦੀਲੀਆਂ ਸਾਬਤ ਕਰਨੀਆਂ ਵੀ ਜ਼ਰੂਰੀ ਹਨ।

ਹਾਕੀ ਕੈਨੇਡਾ ਨੇ 2018 ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਦੀ ਤੀਜੀ ਧਿਰ ਦੀ ਜਾਂਚ ਮੁੜ ਖੋਲ੍ਹਣ ਅਤੇ ਖਿਡਾਰੀਆਂ ਲਈ ਇਸ ਜਾਂਚ ਵਿੱਚ ਹਿੱਸਾ ਲੈਣਾ ਲਾਜ਼ਮੀ ਬਣਾਉਣ ਦਾ ਵਾਅਦਾ ਕੀਤਾ ਹੈ।

ਨਿਕ ਬੋਇਸਵਰਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ