1. ਮੁੱਖ ਪੰਨਾ
  2. ਅਰਥ-ਵਿਵਸਥਾ

ਬੈਂਕ ਔਫ਼ ਕੈਨੇਡਾ ਦੇ ਗਵਰਨਰ ਅਨੁਸਾਰ ਅਗਲੇ ਕਈ ਮਹੀਨੇ ਮਹਿੰਗਾਈ ਦਰ 8 % ਤੋਂ ਵੱਧ ਰਹਿਣ ਦੀ ਸੰਭਾਵਨਾ

ਮਈ ਦੀ 7.7 % ਮਹਿੰਗਾਈ ਦਰ 1983 ਤੋਂ ਬਾਅਦ ਦੀ ਸਭ ਤੋਂ ਵੱਧ

ਟਿਫ਼ ਮੈਕਲਮ

ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਨੇ ਕਿਹਾ ਕਿ ਜਲਦੀ ਹੀ ਮਹਿੰਗਾਈ ਦਰ 8 % ਤੋਂ ਵਧ ਜਾਵੇਗੀ।

ਤਸਵੀਰ: La Presse canadienne / Adrian Wyld

RCI

ਕੈਨੇਡਾ ਦੀ ਅਧਿਕਾਰਤ ਮਹਿੰਗਾਈ ਦਰ 8 % ਤੋਂ ਵੀ ਉੱਪਰ ਜਾ ਸਕਦੀ ਹੈ ਅਤੇ ਆਉਣ ਵਾਲੇ ਕਈ ਮਹੀਨੇ ਤੱਕ ਇਸਦੇ ਇਸੇ ਪੱਧਰ ‘ਤੇ ਬਰਕਰਾਰ ਰਹਿਣ ਦੀ ਵੀ ਸੰਭਾਵਨਾ ਹੈ। ਲੰਘੇ ਵੀਰਵਾਰ ਨੂੰ ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਨੇ ਇਸ ਸੰਭਾਵਨਾ ਬਾਰੇ ਆਗਾਹ ਕੀਤਾ ਸੀ। 

ਟਿਫ਼ ਮੈਕਲਮ ਨੇ ਕੈਨੇਡੀਅਨ ਫ਼ੈਡਰੇਸ਼ਨ ਆਫ਼ ਇੰਡੀਪੈਨਡੈਂਟ ਬਿਜ਼ਨਸ (CFIB) ਦੇ ਇੱਕ ਸਮਾਗਮ ਵਿਚ ਬੋਲਦਿਆਂ ਇਸ ਸੰਭਾਵਨਾ ਦੀ ਗੱਲ ਆਖੀ ਸੀ। ਬੁੱਧਵਾਰ ਨੂੰ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰਾਂ ਵਿਚ 1 % ਦਾ ਜ਼ਬਰਦਸਤ ਵਾਧਾ ਕੀਤਾ ਸੀ।

ਮੈਕਲਮ ਨੇ ਕਿਹਾ ਕਿ ਮਹਿੰਗਾਈ ਦਰ 7 ਫ਼ੀਸਦੀ ਤੋਂ ਉੱਪਰ ਹੈ ਅਤੇ ਸੰਭਾਵੀ ਤੌਰ ‘ਤੇ ਇਹ 8 ਫ਼ੀਸਦੀ ਤੋਂ ਉੱਪਰ ਜਾਵੇਗੀ। ਉਹਨਾਂ ਕਿਹਾ ਕਿ ਜੂਨ ਦੇ ਅੰਕੜੇ ਜਲਦੀ ਹੀ ਜਾਰੀ ਹੋਣ ਵਾਲੇ ਹਨ ਅਤੇ ਜੂਨ ਮਹੀਨੇ ਗੈਸ ਦੀਆਂ ਕੀਮਤਾਂ ਕਾਫ਼ੀ ਉੱਪਰ ਰਹੀਆਂ ਸਨ ਇਸ ਕਰਕੇ ਜੇ ਮਹਿੰਗਾਈ ਦਰ ਹੋਰ ਉੱਪਰ ਜਾਂਦੀ ਹੈ ਤਾਂ ਉਹਨਾਂ ਨੂੰ ਇਸ ਵਿਚ ਹੈਰਾਨੀ ਨਹੀਂ ਹੋਵੇਗੀ।

ਕੈਨੇਡਾ ਵਿਚ ਮਈ ਮਹੀਨੇ ਦੀ ਮਹਿੰਗਾਈ ਦਰ 7.7 ਫ਼ੀਸਦੀ ਦਰਜ ਹੋਈ ਸੀ ਜੋਕਿ ਸਾਲ 1983 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਹੈ। ਰੋਏਟਰਜ਼ ਦੇ ਵਿਸ਼ਲੇਸ਼ਕਾਂ ਨੇ ਜੂਨ ਵਿਚ ਮਹਿੰਗਾਈ ਦਰ 8.3 % ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਆਉਂਦੇ ਬੁੱਧਵਾਰ ਨੂੰ ਜੂਨ ਦੇ ਅੰਕੜੇ ਜਾਰੀ ਕੀਤੇ ਜਾਣਗੇ।

ਮੈਕਲਮ ਨੇ ਕਿਹਾ ਕਿ ਆਉਂਦੇ ਕਈ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਔਸਤਨ 8 % ਦੇ ਆਸ-ਪਾਸ ਦਰਜ ਹੋਵੇਗੀ। ਉਹਨਾਂ ਕਿਹਾ ਕਿ ਸਾਲ 2023 ਦੇ ਅਖ਼ੀਰ ਵਿਚ ਇਹ 3 ਫ਼ੀਸਦੀ ਤੱਕ ਨੀਚੇ ਆਏਗੀ ਅਤੇ 2024 ਤੱਕ ਮਹਿੰਗਾਈ ਦਰ 2 ਫ਼ੀਸਦੇ ਦੇ ਟੀਚੇ ‘ਤੇ ਪਹੁੰਚ ਜਾਏਗੀ।

ਵੇਜ-ਪ੍ਰਾਈਸ ਸਪਾਇਰਲ

ਮੈਕਲਮ ਨੇ ਸਪਸ਼ਟ ਕੀਤਾ ਹੈ ਕਿ ਬੈਂਕ ਵੇਜ-ਪ੍ਰਾਈਸ ਸਪਾਇਰਲ ਬਾਰੇ ਵੀ ਚਿੰਤਤ ਹੈ।

ਵੇਜ-ਪ੍ਰਾਈਸ ਸਪਾਇਰਲ ਅਰਥਵਿਵਸਥਾ ਵਿਚ ਮਹਿੰਗਾਈ ਨਾਲ ਸਬੰਧਤ ਉਹ ਸਥਿਤੀ ਹੁੰਦੀ ਹੈ ਜਦੋਂ ਕਾਰੋਬਾਰ ਆਪਣੇ ਕਾਮਿਆਂ ਨੂੰ ਬਰਕਰਾਰ ਰੱਖਣ ਲਈ ਉਹਨਾਂ ਦੀ ਤਨਖ਼ਾਹ ਵਿਚ ਵਾਧਾ ਕਰ ਦਿੰਦੇ ਹਨ ਅਤੇ ਵਾਧੂ ਲਾਗਤ ਨੂੰ ਉਪਭੋਗਤਾ ‘ਤੇ ਪਾ ਦਿੰਦੇ ਹਨ, ਜਿਸ ਦੇ ਨਤੀਜੇ ਵੱਜੋਂ ਉਪਭੋਗਤਾ ਮਹਿੰਗਾਈ ਨਾਲ ਨਜਿੱਠਣ ਲਈ ਵਧੇਰੇ ਤਨਖ਼ਾਹਾਂ ਦੀ ਮੰਗ ਕਰਦੇ ਹਨ। ਇਸ ਤਰ੍ਹਾਂ ਤਨਖ਼ਾਹ ਅਤੇ ਕੀਮਤਾਂ ਦਾ ਇੱਕ ਚੱਕਰ ਜਿਹਾ ਬਣ ਜਾਂਦਾ ਹੈ। ਇਸੇ ਨੂੰ ਵੇਜ-ਪ੍ਰਾਈਸ ਸਪਾਇਰਲ ਕਹਿੰਦੇ ਹਨ।

ਮੈਕਲਮ ਨੇ ਕਾਰੋਬਾਰਾਂ ਨੂੰ ਆਗਾਹ ਕੀਤਾ ਹੈ ਕਿ ਉਹ ਮੌਜੂਦਾ ਮਹਿੰਗਾਈ ਦਰ ਦੇ ਅਧਾਰ ‘ਤੇ ਮੁਲਾਜ਼ਮਾਂ ਨਾਲ ਦੂਰਗਾਮੀ ਕਾਨਟ੍ਰੈਕਟ ਨਾ ਬਣਾਉਣ। ਉਹਨਾਂ ਕਿਹਾ , ਭਾਵੇਂ ਸਮਾਂ ਲੱਗੇਗਾ, ਪਰ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਮਹਿੰਗਾਈ ਘਟ ਜਾਵੇਗੀ

ਥੌਮਸਨ ਰੋਏਟਰਜ਼ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ