- ਮੁੱਖ ਪੰਨਾ
- ਸਮਾਜ
ਰਿਚਮੰਡ ਹਿੱਲ ਦੇ ਵਿਸ਼ਨੂ ਹਿੰਦੂ ਮੰਦਿਰ ਵਿੱਖੇ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ
ਪੁਲਿਸ ਵੱਲੋਂ ਨਫ਼ਰਤੀ ਅਪਰਾਧ ਵੱਜੋਂ ਜਾਂਚ ਸ਼ੁਰੂ

ਓਨਟੇਰਿਓ ਦੇ ਰਿਚਮੰਡ ਹਿੱਲ ਵਿਚ ਸਥਿਤ ਵਿਸ਼ਨੂ ਮੰਦਿਰ ਵਿਚ ਸਥਾਪਿਤ ਮਹਾਂਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਯੌਰਕ ਪੁਲਿਸ ਮਾਮਲੇ ਦੀ ਨਫ਼ਰਤੀ ਅਪਰਾਧ ਵੱਜੋਂ ਜਾਂਚ ਕਰ ਰਹੀ ਹੈ।
ਤਸਵੀਰ: Temple hindou Vishnu Mandir
ਰਿਚਮੰਡ ਹਿੱਲ ‘ਚ ਪੈਂਦੇ ਇੱਕ ਮੰਦਿਰ ਵਿੱਖੇ ਬਣੇ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਨਫ਼ਰਤੀ ਅਪਰਾਧ ਵੱਜੋਂ ਜਾਂਚ ਕੀਤੀ ਜਾ ਰਹੀ ਹੈ।
ਟੋਰੌਂਟੋ ਦੇ ਨਜ਼ਦੀਕ ਪੈਂਦੇ ਸ਼ਹਿਰ ਰਿਚਮੰਡ ਹਿੱਲ ਵਿਚ ਵਿਸ਼ਨੂ ਮੰਦਿਰ ਸਥਿਤ ਹੈ। ਇਸ ਮੰਦਿਰ ਵਿਚ ਮਹਾਤਮਾ ਗਾਂਧੀ ਦਾ 5 ਮੀਟਰ ਲੰਬਾ ਬੁੱਤ ਲੱਗਾ ਹੋਇਆ ਹੈ। ਯੌਰਕ ਪੁਲਿਸ ਨੂੰ ਬੁੱਧਵਾਰ ਦੁਪਹਿਰ 12:30 ਵਜੇ ਇਸ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਸੂਚਨਾ ਮਿਲੀ ਸੀ।
ਯੌਰਕ ਰੀਜਨਲ ਪੁਲਿਸ ਦੇ ਬੁਲਾਰੇ, ਕਾਂਸਟੇਬਲ ਐਮੀ ਬੌਡਰੌ ਨੇ ਦੱਸਿਆ ਕਿ ਕਿਸੇ ਨੇ ਬੁੱਤ ਨਾਲ ਛੇੜਛਾੜ ਕੀਤੀ ਅਤੇ ਉਸ ਉੱਪਰ ਰੇਪਿਸਟ (ਬਲਾਤਕਾਰੀ) ਅਤੇ ਖ਼ਾਲਿਸਤਾਨ ਵਰਗੇ ਸ਼ਬਦ ਵੀ ਲਿਖ ਦਿੱਤੇ।
1940ਵਿਆਂ ਦੌਰਾਨ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਮਹਾਤਮਾ ਗਾਂਧੀ ਮੁੱਖ ਲੀਡਰਾਂ ਵਿਚੋਂ ਇੱਕ ਸਨ। ਉਹ ਬ੍ਰਿਟਿਸ਼ ਰਾਜ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅਹਿੰਸਾਵਾਦੀ ਅਸਹਿਯੋਗ ਅੰਦੋਲਨ ਸ਼ੁਰੂ ਕਰਨ ਲਈ ਜਾਣੇ ਜਾਂਦੇ ਹਨ।
ਕਾਂਸਟੇਬਲ ਬੌਰਡੌ ਨੇ ਕਿਹਾ ਕਿ ਯੌਰਕ ਰੀਜਨਲ ਪੁਲਿਸ ਕਿਸੇ ਵੀ ਕਿਸਮ ਦੇ ਨਫ਼ਰਤੀ ਅਪਰਾਧ ਨੂੰ ਬਰਦਾਸ਼ਤ ਨਹੀਂ ਕਰਦੀ।
ਜੋ ਲੋਕ ਨਸਲ, ਕੌਮੀਅਤ, ਮੂਲ, ਭਾਸ਼ਾ, ਰੰਗ, ਧਰਮ, ਉਮਰ, ਲਿੰਗ, ਲਿੰਗਕ ਪਛਾਣ ਆਦਿ ਦੇ ਅਧਾਰ ‘ਤੇ ਦੂਸਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਉਹਨਾਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।
ਉਹਨਾਂ ਕਿਹਾ ਕਿ ਪੁਲਿਸ ਮੰਨਦੀ ਹੈ ਕਿ ਇਸ ਤਰ੍ਹਾਂ ਦੇ ਨਫ਼ਤਰੀ ਅਪਰਾਧਾਂ ਦਾ ਪੂਰੇ ਭਾਈਚਾਰੇ ‘ਤੇ ਪ੍ਰਭਾਵ ਪੈਂਦਾ ਹੈ ਅਤੇ ਪੁਲਿਸ ਅਜਿਹੇ ਮਾਮਲਿਆਂ ਦੀ ਬਹੁਤ ਗੰਭੀਰਤਾ ਨਾਲ ਜਾਂਚ ਕਰਦੀ ਹੈ।

ਮਹਾਤਮਾ ਗਾਂਧੀ ਦੇ ਬੁੱਤ 'ਤੇ ਰੇਪਿਸਟ ਅਤੇ ਖ਼ਾਲਿਸਤਾਨ ਸ਼ਬਦ ਲਿਖਕੇ ਨੁਕਸਾਨ ਪਹੁੰਚਾਇਆ ਗਿਆ ਹੈ।
ਤਸਵੀਰ: (Supplied by Vishnu Mandir Hindu Temple)
ਵਿਸ਼ਨੂ ਮੰਦਿਰ ਦੇ ਚੇਅਰਮੈਨ, ਡਾ ਬੁਧੇਂਦਰਾ ਦੂਬੇ ਨੇ ਦੱਸਿਆ ਕਿ ਉਕਤ ਬੁੱਤ ਪਿਛਲੇ 30 ਸਾਲ ਤੋਂ ਸਥਾਪਿਤ ਹੈ ਅਤੇ ਇਸਨੂੰ ਕਦੇ ਕਿਸੇ ਨੇ ਨੁਕਸਾਨ ਨਹੀਂ ਸੀ ਪਹੁੰਚਾਇਆ।
ਉਹਨਾਂ ਕਿਹਾ ਕਿ ਰਿਚਮੰਡ ਹਿੱਲ ਵਿਚ ਕਿੰਨੇ ਹੀ ਸਾਲਾਂ ਤੋਂ ਭਾਈਚਾਰਾ ਸ਼ਾਂਤਮਈ ਤਰੀਕੇ ਨਾਲ ਰਹਿ ਰਿਹਾ ਹੈ ਅਤੇ ਪਹਿਲਾਂ ਕਦੇ ਵੀ ਅਜਿਹੀ ਕੋਈ ਘਟਨਾ ਨਹੀਂ ਹੋਈ।
ਦੂਬੇ ਨੇ ਕਿਹਾ, ਜੇ ਅਸੀਂ ਇੱਦਾਂ ਰਹਿਣਾ ਸ਼ੁਰੂ ਕਰ ਦਈਏ ਜਿਵੇਂ ਗਾਂਧੀ ਨੇ ਸਾਨੂੰ ਸਿਖਾਇਆ ਹੈ, ਤਾਂ ਕੋਈ ਵੀ ਕਿਸੇ ਨੂੰ ਜਾਂ ਕਿਸੇ ਭਾਈਚਾਰੇ ਨੂੰ ਕਦੇ ਤਕਲੀਫ਼ ਨਹੀਂ ਦਵੇਗਾ
।
ਟੋਰੌਂਟੋ ਸਥਿਤ ਭਾਰਤੀ ਕੌਂਸੁਲੇਟ ਅਤੇ ਔਟਵਾ ਸਥਿਤ ਭਾਰਤੀ ਹਾਈ ਕਮੀਸ਼ਨ ਦੋਵਾਂ ਨੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਦੋਵਾਂ ਨੇ ਕਿਹਾ ਕਿ ਉਹਨਾਂ ਨੇ ਇਸ ਅਪਰਾਧ ਬਾਬਤ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ।
ਕੌਂਸੁਲੇਟ ਜਨਰਲ ਨੇ ਇਸ ਘਟਨਾ ਨੂੰ ਦੁਖਦਾਈ ਦਸਦਿਆਂ ਇਸਨੂੰ ਇੱਕ ਅਪਰਾਧਕ ਅਤੇ ਤੋੜਭੰਨ ਦੀ ਨਫ਼ਰਤੀ ਘਟਨਾ
ਆਖਿਆ ਹੈ। ਹਾਈ ਕਮੀਸ਼ਨ ਨੇ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਹੈ ਅਤੇ ਇਸ ਅਪਰਾਧ ਨਾਲ ਭਾਰਤੀ ਭਾਈਚਾਰੇ ਵਿਚ ਚਿੰਤਾ ਅਤੇ ਅਸੁਰੱਖਿਆ
ਵਧੀ ਹੈ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ