1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਨੇ ਰੂਸੀ ਪਾਈਪਲਾਈਨ ਲਈ ਜਰਮਨੀ ਨੂੰ ਟਰਬਾਈਨਾਂ ਵਾਪਸ ਕਰਨ ਦੇ ਫ਼ੈਸਲੇ ਦਾ ਬਚਾਅ ਕੀਤਾ

'ਰੂਸ ਇਸਨੂੰ ਕਮਜ਼ੋਰੀ ਵੱਜੋਂ ਦੇਖੇਗਾ' - ਯੂਕਰੇਨੀ ਰਾਸ਼ਟਰਪਤੀ

ਜਸਟਿਨ ਟ੍ਰੂਡੋ

13 ਜੁਲਾਈ ਨੂੰ ਓਨਟੇਰਿਓ ਦੇ ਕਿੰਗਸਟਨ ਵਿੱਖੇ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ।

ਤਸਵੀਰ: (Lars Hagberg/The Canadian Press)

RCI

ਰੂਸ ਤੋਂ ਜਰਮਨੀ ਤੱਕ ਨੈਚਰਲ ਗੈਸ ਲਿਜਾਣ ਲਈ ਪਾਈਪਲਾਈਨ ਵਿਚ ਵਰਤੀਆਂ ਜਾਣ ਵਾਲੀਆਂ ਟਰਬਾਈਨਾਂ ਨੂੰ ਕੈਨੇਡਾ ਸਰਕਾਰ ਵੱਲੋਂ ਮੋੜਨ ਦੇ ਫ਼ੈਸਲੇ ਦਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਬਚਾਅ ਕਰ ਰਹੇ ਹਨ।

ਇਹ ਟਰਬਾਈਨਾਂ ਮੁਰੰਮਤ ਲਈ ਮੌਂਟਰੀਅਲ ਆਈਆਂ ਸਨ ਪਰ ਯੂਕਰੇਨ ‘ਤੇ ਹਮਲਾ ਹੋਣ ਤੋਂ ਬਾਅਦ ਕੈਨੇਡਾ ਵੱਲੋਂ ਰੂਸ ‘ਤੇ ਲਾਈਆਂ ਪਾਬੰਦੀਆਂ ਕਰਕੇ ਇਹ ਟਰਬਾਈਨਾਂ ਕੈਨੇਡਾ ਵਿਚ ਹੀ ਅਟਕ ਗਈਆਂ ਸਨ।

ਫ਼ੈਡਰਲ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਸੀਮੈਨਜ਼ ਕੈਨੇਡਾ ਨੂੰ ਸਮਾਂ-ਸੀਮਤ ਅਤੇ ਰੱਦਹੋਣ ਯੋਗ ਪਰਮਿਟ ਜਾਰੀ ਕਰੇਗੀ ਤਾਂ ਕਿ ਜਰਮਨੀ ਅਤੇ ਰੂਸ ਨੂੰ ਜੋੜਨ ਵਾਲੀ ਨੈਚਰਲ ਗੈਸ ਪਾਈਪਲਾਈਨ ਦੇ ਹਿੱਸੇ, ਨੌਰਡ ਸਟ੍ਰੀਮ 1 ਵਿਚ ਇਸਤੇਮਾਲ ਲਈ ਟਰਬਾਈਨਾਂ ਨੂੰ ਵਾਪਸ ਕੀਤਾ ਜਾ ਸਕੇ।

ਓਨਟੇਰਿਓ ਦੇ ਕਿੰਗਸਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰੂਡੋ ਨੇ ਕਿਹਾ ਕਿ ਟਰਬਾਈਨਾਂ ਨੂੰ ਵਾਪਸ ਕਰਨ ਦਾ ਫੈਸਲਾ ਮੁਸ਼ਕਲ ਸੀ ਪਰ ਜ਼ਰੂਰੀ ਸੀ, ਕਿਉਂਕਿ ਨੈਚਰਲ ਗੈਸ ਦੀ ਕਮੀ ਦੇ ਖ਼ਦਸ਼ੇ ਦੇ ਮੱਦੇਨਜ਼ਰ ਜਰਮਨੀ ਅਤੇ ਹੋਰ ਯੂਰਪੀਅਨ ਸਹਿਯੋਗੀਆਂ ਨੂੰ ਸਮਰਥਨ ਦੇਣ ਦੀ ਲੋੜ ਹੈ।

ਟ੍ਰੂਡੋ ਨੇ ਕਿਹਾ ਕਿ ਰੂਸ ਆਪਣੇ ਊਰਜਾ ਸਰੋਤਾਂ ਨੂੰ ਪੱਛਮੀ ਭਾਈਵਾਲਾਂ ਵਿਚ ਪਾੜਾ ਪੈਦਾ ਕਰਨ ਲਈ ਹਥਿਆਰ ਵੱਜੋਂ ਇਸਤੇਮਾਲ ਕਰ ਰਿਹਾ ਹੈ।

ਯੂਰਪੀਅਨ ਦੇਸ਼ਾਂ ਨੇ ਰੂਸੀ ਊਰਜਾ ਸਰੋਤਾਂ ਤੋਂ ਦੂਰੀ ਇਖ਼ਤਿਆਰ ਕਰਨਾ ਤੈਅ ਕੀਤਾ ਹੈ ਪਰ ਇਸ ਤਬਦੀਲੀ ਨੂੰ ਸਮਾਂ ਲੱਗੇਗਾ। ਟ੍ਰੂਡੋ ਨੇ ਕਿਹਾ ਕਿ ਟਰਬਾਈਨਾਂ ਨੂੰ ਵਾਪਸ ਕਰਨ ਨਾਲ ਯੂਰਪੀਅਨ ਦੇਸ਼ਾਂ ਦੀ ਇਸ ਟ੍ਰਾਂਜ਼ੀਸ਼ਨ ਦੌਰਾਨ ਊਰਜਾਂ ਲੋੜਾਂ ਦੀ ਪੂਰਤੀ ਹੋ ਸਕੇਗੀ।

ਵੋਲੋਦਿਮਿਰ ਜ਼ੈਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਨੇ ਕੈਨੇਡਾ ਵੱਲੋਂ ਟਰਬਾਈਨਾਂ ਵਾਪਸ ਕਰਨ ਦੇ ਫ਼ੈਸਲੇ 'ਤੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਰੂਸ ਇਸਨੂੰ ਇੱਕ ਕਮਜ਼ੋਰੀ ਵੱਜੋਂ ਦੇਖੇਗਾ।

ਤਸਵੀਰ: Ukrainian Presidential Press Office via AP

ਯੂਕਰੇਨੀ ਰਾਸ਼ਟਰਪਤੀ ਵੋੋਲੋਦਿਮਿਰ ਜ਼ੈਲੈਂਸਕੀ ਟ੍ਰੂਡੋ ਸਰਕਾਰ ਦੇ ਇਸ ਫ਼ੈਸਲੇ ਤੋਂ ਨਾਖ਼ੁਸ਼ ਹਨ। ਟਰਬਾਈਨਾਂ ਵਾਪਸ ਕਰਨ ਦੇ ਕੈਨੇਡਾ ਦੇ ਫ਼ੈਸਲੇ ਨੂੰ ਉਹਨਾਂ ਨੇ ਬਿਲਕੁਲ ਅਸਵੀਕਾਰਨਯੋਗ ਆਖਿਆ ਅਤੇ ਕਿਹਾ ਕਿ ਰੂਸ ਇਸਨੂੰ ਇੱਕ ਕਮਜ਼ੋਰੀ ਵੱਜੋਂ ਦੇਖੇਗਾ।

ਸੀਬੀਸੀ ਨੇ ਔਟਵਾ ਵਿਚ ਸਥਿਤ ਯੂਕਰੇਨੀ ਦੂਤਾਵਾਸ ਤੋਂ ਟਿੱਪਣੀ ਮੰਗੀ ਪਰ ਦੂਤਾਵਾਸ ਵੱਲੋਂ ਯੂਕਰੇਨ ਸਰਕਾਰ ਦੀਆਂ ਟਿੱਪਣੀਆਂ ਵੱਲ ਹੀ ਮੋੜ ਦਿੱਤਾ ਗਿਆ।

ਟ੍ਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਰੂਸ ਉੱਪਰ ਹੋਰ ਉਪਾਵਾਂ ਰਾਹੀਂ ਦਬਾਅ ਪਾਉਣਾ ਜਾਰੀ ਰੱਖੇਗੀ।

ਜਿਸ ਦਿਨ ਟਰਬਾਈਨਾਂ ਵਾਪਸ ਕਰਨ ਦਾ ਐਲਾਨ ਹੋਇਆ ਸੀ, ਉਸੇ ਦਿਨ ਕੈਨੇਡਾ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਸੀ। ਨਵੀਆਂ ਪਾਬੰਦੀਆਂ ਵਿਚ ਮੁੱਖ ਤੌਰ ‘ਤੇ ਰੂਸੀ ਪ੍ਰਾਪੇਗੰਡਾ ਫ਼ੈਲਾਉਣ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਯੂਕਰੇਨੀਅਨ ਵਰਲਡ ਕਾਂਗਰਸ ਅਤੇ ਯੂਕਰੇਨੀਅਨ ਕੈਨੇਡੀਅਨ ਕਾਂਗਰਸ ਵੱਲੋਂ ਫ਼ੈਡਰਲ ਸਰਕਾਰ ਨੂੰ ਟਰਬਾਈਨਾਂ ਦੇ ਮਾਮਲੇ ਵਿਚ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇੱਕ ਮੀਡੀਆ ਬਿਆਨ ਵਿਚ ਯੂਕਰੇਨੀਅਨ ਵਰਲਡ ਕਾਂਗਰਸ ਨੇ ਕਿਹਾ ਕਿ ਉਹਨਾਂ ਨੇ ਇਸ ਫ਼ੈਸਲੇ ਦੇ ਜੂਡੀਸ਼ੀਅਲ ਰੀਵਿਊ ਲਈ ਫ਼ੈਡਰਲ ਅਦਾਲਤ ਵਿਚ ਅਰਜ਼ੀ ਵੀ ਦਾਇਰ ਕੀਤੀ ਹੈ।

ਅਰਜ਼ੀ ਵਿਚ ਦਰਜ ਹੈ, ਰੂਸ ਕੈਨੇਡੀਅਨ ਅਤੇ ਗਲੋਬਲ ਪਾਬੰਦੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੈਨੇਡਾ ਅਤੇ ਯੂਰਪ ਨੂੰ ਬਲੈਕਮੇਲ ਕਰਨ ਲਈ ਟਰਬਾਈਨ ਮੁੱਦੇ ਦੀ ਵਰਤੋਂ ਕਰ ਰਿਹਾ ਹੈ

ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ