1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾਕੇ 2.5 % ਕੀਤੀ - 1998 ਤੋਂ ਬਾਅਦ ਦਾ ਸਭ ਤੋਂ ਵੱਡਾ ਵਾਧਾ

ਮਹਿੰਗਾਈ ਨੂੰ ਕਾਬੂ ਕਰਨ ਲਈ ਕੇਂਦਰੀ ਬੈਂਕ ਵੱਲੋਂ ਕੋਸ਼ਿਸ਼ਾਂ ਜਾਰੀ

ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ

ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ

ਤਸਵੀਰ: Bloomberg / Justin Tang

RCI

ਬੁੱਧਵਾਰ ਨੂੰ ਬੈਂਕ ਔਫ਼ ਕੈਨੇਡਾ ਨੇ ਆਪਣੀਆਂ ਵਿਆਜ ਦਰਾਂ ਵਿਚ 1 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਬੀਤੇ ਦੋ ਦਹਾਕਿਆਂ ਦੌਰਾਨ ਹੋਇਆ ਇਹ ਸਭ ਤੋਂ ਵੱਡਾ ਵਾਧਾ ਹੈ।

ਕੇਂਦਰੀ ਬੈਂਕ ਨੇ ਵਿਆਜ ਦਰ ਵਧਾਕੇ 2.5 % ਕਰ ਦਿੱਤੀ ਹੈ।

ਬੈਂਕ ਔਫ਼ ਕੈਨੇਡਾ ਦੀਆਂ ਵਿਆਜ ਦਰਾਂ ਵਿਚ ਤਬਦੀਲੀ ਬੈਂਕ ਤੋਂ ਕਰਜ਼ਾ ਲੈਣ, ਜਿਵੇਂ ਮੌਰਗੇਜ ਜਾਂ ਲਾਈਨ ਔਫ਼ ਕ੍ਰੈਡਿਟ ਵਗ਼ੈਰਾ ਨੂੰ ਪ੍ਰਭਾਵਿਤ ਕਰਦੀ ਹੈ।

ਅਰਥਚਾਰੇ ਵਿਚ ਆਰਥਿਕ ਗਤੀਵਿਧੀ ਨੂੰ ਤੇਜ਼ ਕਰਨ ਅਤੇ ਲੋਕਾਂ ਨੂੰ ਖ਼ਰੀਦਣ ਅਤੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਲਈ ਕੇਂਦਰੀ ਬੈਂਕ ਵਿਆਜ ਦਰ ਵਿਚ ਕਟੌਤੀ ਕਰਦੀ ਹੈ ਅਤੇ ਜਦੋਂ ਮਹਿੰਗਾਈ ਨੂੰ ਕਾਬੂ ਕਰਨ ਹੋਵੇ ਤਾਂ ਵਿਆਜ ਦਰਾਂ ਵਿਚ ਵਾਧਾ ਕੀਤਾ ਜਾਂਦਾ ਹੈ।

ਦੁਨੀਆ ਦੇ ਹੋਰ ਬਹੁਤ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਵਿਚ ਵੀ ਕੋਵਿਡ ਦੇ ਸਮੇਂ ਅਰਥਚਾਰੇ ਨੂੰ ਲੀਹ ਤੇ ਰੱਖਣ ਲਈ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿਚ ਕਾਫ਼ੀ ਕਟੌਤੀ ਕੀਤੀ ਗਈ ਸੀ, ਜਿਸ ਕਰਕੇ ਲੋਕਾਂ ਨੂੰ ਸਸਤਾ ਕਰਜ਼ ਉਪਲਬਧ ਹੋਇਆ ਅਤੇ ਨਤੀਜੇ ਵੱਜੋਂ ਮਹਿੰਗਾਈ ਰਿਕਾਰਡ ਪੱਧਰ ਤੱਕ ਵਧ ਗਈ।

ਮਹਿੰਗਾਈ ਕਾਬੂ ਕਰਨ ਲਈ ਬੈਂਕ ਲੰਘੇ ਮਾਰਚ ਮਹੀਨੇ ਤੋਂ ਵਿਆਜ ਦਰਾਂ ਵਿਚ 4 ਵਾਰੀ ਵਾਧਾ ਕਰ ਚੁੱਕਾ ਹੈ। ਕੈਨੇਡਾ ਦੀ ਮਹਿੰਗਾਈ ਦਰ 7.7 ਫ਼ੀਸਦੀ ਹੋ ਗਈ ਹੈ ਜੋਕਿ ਪਿਛਲੇ ਕਰੀਬ 40 ਸਾਲ ਦੀ ਸਭ ਤੋਂ ਵੱਧ ਦਰ ਹੈ।

ਅਰਥਸ਼ਾਤਰੀਆਂ ਨੇ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ 75 ਫ਼ੀਸਦੀ ਅੰਕਾਂ ਦੇ ਵਾਧੇ ਦੀ ਪੇਸ਼ੀਨਗੋਈ ਕੀਤੀ ਸੀ, ਪਰ ਬੈਂਕ ਨੇ ਅਨੁਮਾਨ ਨਾਲੋਂ ਵੱਧ ਪੂਰੇ ਇੱਕ ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।

ਬੈਂਕ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਆਉਂਦੇ ਕੁਝ ਮਹੀਨਿਆਂ ਵਿਚ ਵਿਆਜ ਦਰਾਂ ਵਿਚ ਹੋਰ ਵਾਧਾ ਵੀ ਕੀਤਾ ਜਾਵੇਗਾ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ