1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਵੱਲੋਂ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ

ਰੂਸੀ ਪ੍ਰਾਪੇਗੰਡਾ ਫ਼ੈਲਾਣ ਵਾਲੇ ਅਦਾਰਿਆਂ ਨੂੰ ਵਿਸ਼ੇਸ਼ ਤੌਰ ‘ਤੇ ਬਣਾਇਆ ਨਿਸ਼ਾਨਾ

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਤਸਵੀਰ: (Adrian Wyld/The Canadian Press)

RCI

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ ਨੇ ਰੂਸੀ ਸੰਸਥਾਵਾਂ ਅਤੇ ਅਦਾਰਿਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹਨਾਂ ਪਾਬੰਦੀਆਂ ਵਿਚ ਰੂਸੀ ਪ੍ਰਾਪੇਗੰਡਾ ਅਤੇ ਗ਼ਲਤ ਜਾਣਕਾਰੀ ਦਾ ਪ੍ਰਚਾਰ ਕਰਨ ਵਾਲੇ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇੱਕ ਨਿਊਜ਼ ਰਿਲੀਜ਼ ਵਿਚ ਗਲੋਬਲ ਅਫ਼ੇਅਰਜ਼ ਕੈਨੇਡਾ (ਨਵੀਂ ਵਿੰਡੋ) ਨੇ ਕਿਹਾ, ਕਿ ਕੈਨੇਡਾ ਨੇ ਅਜਿਹੇ 29 ਵਿਅਕਤੀਆਂ ਅਤੇ 15 ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਜਾਂ ਤਾਂ ਰੂਸੀ ਸਰਕਾਰ ਦੀ ਮਲਕੀਅਤ ਹਨ ਜਾਂ ਰੂਸੀ ਸਰਕਾਰ ਦੁਆਰਾ ਸੰਚਾਲਿਤ ਹਨ ਅਤੇ ਯੂਕਰੇਨ ਜੰਗ ਬਾਬਤ ਰੂਸੀ ਪ੍ਰਾਪੇਗੰਡਾ ਫ਼ੈਲਾਉਂਦੇ ਹਨ।

ਰੂਸੀ ਫ਼ੰਡਿੰਗ ਨਾਲ ਚੱਲਣ ਵਾਲੇ ਪ੍ਰਸਾਰਕ RT (ਆਰਟੀ) ਦੇ ਅੰਤਰਰਾਸ਼ਟਰੀ ਵਿਭਾਗ ਦੇ ਮੁਖੀ ਸੁੰਬਾਟੋਵਿਕ ਗੈਸਪਾਰਿਅਨ ਦਾ ਨਾਂ ਵੀ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੈ।

ਇੰਡੋਨੇਸ਼ੀਆ ਦੇ ਬਾਲੀ ਵਿਚ ਆਯੋਜਿਤ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਜੋਲੀ ਨੇ ਇਹ ਐਲਾਨ ਕੀਤਾ।

ਰੂਸੀ ਪ੍ਰਾਪੇਗੰਡਾ ਤੰਤਰ ਨੂੰ ਆਪਣੇ ਝੂਠ ਲਈ ਜਵਾਬ ਦੇਣਾ ਚਾਹੀਦਾ ਹੈ। ਜਿੱਥੇ ਵੀ ਅਤੇ ਜਦੋਂ ਵੀ ਗ਼ਲਤ ਜਾਣਕਾਰੀ ਮਿਲਦੀ ਹੈ, ਕੈਨੇਡਾ ਉਸ ਨਾਲ ਲੜਨ ਲਈ ਵਚਨਬੱਧ ਹੈ।
ਵੱਲੋਂ ਇੱਕ ਕਥਨ ਮੇਲੈਨੀ ਜੋਲੀ, ਵਿਦੇਸ਼ ਮੰਤਰੀ, ਕੈਨੇਡਾ

ਜੋਲੀ ਨੇ ਅੱਗੇ ਕਿਹਾ, ਅੱਜ, ਅਸੀਂ ਧੋਖਾ ਦੇਣ ਵਾਲਿਆਂ ਨੂੰ ਇਹ ਸਪੱਸ਼ਟ ਕਰਦੇ ਹਾਂ: ਤੁਹਾਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਕੈਨੇਡਾ ਯੂਕਰੇਨ ਦੇ ਨਾਲ ਖੜ੍ਹਾ ਹੈ

ਯੂਕਰੇਨ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਕੈਨੇਡਾ ਹੁਣ ਤੱਕ ਰੂਸ ਦੇ 1,600 ਵਿਅਕਤੀਆਂ ਅਤੇ ਅਦਾਰਿਆਂ ‘ਤੇ ਪਾਬੰਦੀਆਂ ਲਗਾ ਚੁੱਕਾ ਹੈ। ਇਹ ਪਾਬੰਦੀਆਂ  (ਨਵੀਂ ਵਿੰਡੋ)ਕੈਨੇਡੀਅਨਜ਼ ਨੂੰ ਸੂਚੀ ਵਿਚ ਸ਼ਾਮਲ ਕੀਤੇ ਵਿਅਕਤੀਆਂ ਅਤੇ ਅਦਾਰਿਆਂ ਨਾਲ, ਕਿਸੇ ਸੰਪਤੀ ਦੇ ਲੈਣ-ਦੇਣ, ਪਾਬੰਦੀਸ਼ੁਦਾ ਲੋਕਾਂ ਜਾਂ ਅਦਾਰਿਆਂ ਨੂੰ ਵਿੱਤੀ ਸੇਵਾਵਾਂ ਦੇਣ ਜਾਂ ਕੋਈ ਵਸਤੂਆਂ ਉਪਲਬਧ ਕਰਵਾਉਣ ਅਤੇ ਕਈ ਹੋਰ ਚੀਜ਼ਾਂ ਤੋਂ ਵਰਜਦੀਆਂ ਹਨ।

ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਰੂਸ ਤੋਂ ਕੁਝ ਸੋਨੇ ਦੇ ਉਤਪਾਦਾਂ ਦੇ ਆਯਾਤ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਇਹਨਾਂ ਉਤਪਾਦਾਂ ਵਿਚ ਕੱਚਾ ਸੋਨਾ, ਅਰਧ-ਨਿਰਮਿਤ ਸੋਨਾ, ਸੋਨੇ ਦਾ ਪਾਊਡਰ, ਮੁਦਰਾ ਸੋਨਾ ਅਤੇ ਸੋਨੇ ਦੇ ਗਹਿਣੇ ਸ਼ਾਮਲ ਹਨ।

ਸਰਕਾਰੀ ਰਿਲੀਜ਼ ਵਿਚ ਕੈਨੇਡਾ ਵੱਲੋਂ ਰੂਸੀ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਕੈਨੇਡਾ ਦੇ ਹੋਰ ਯਤਨਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜਿਸ ਵਿਚ ਯੂਕਰੇਨ ਵਿਚ ਯੁੱਧ ਦੇ ਸਬੰਧ ਵਿਚ ਰੂਸੀਆਂ ਦੇ ਝੂਠੇ ਦਾਅਵਿਆਂ ਦਾ ਮੁਕਾਬਲਾ ਕਰਨ ‘ਤੇ ਕੇਂਦਰਤ ਇੱਕ ਵੈਬਸਾਈਟ  (ਨਵੀਂ ਵਿੰਡੋ)ਵੀ ਸ਼ਾਮਲ ਹੈ।

ਨਿਊਜ਼ ਰਿਲੀਜ਼ ਅਨੁਸਾਰ, ਕੈਨੇਡਾ ਇਸ ਪਲੇਟਫਾਰਮ ਦੀ ਵਰਤੋਂ ਇਸ ਗੱਲ 'ਤੇ ਰੌਸ਼ਨੀ ਪਾਉਣ ਲਈ ਜਾਰੀ ਰੱਖੇਗਾ ਕਿ ਕਿਵੇਂ ਰੂਸੀ ਸ਼ਾਸਨ ਯੂਕਰੇਨ 'ਤੇ ਆਪਣੇ ਗ਼ੈਰ-ਕਾਨੂੰਨੀ ਅਤੇ ਗ਼ੈਰ-ਵਾਜਬ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਝੂਠ ਦੀ ਵਰਤੋਂ ਕਰ ਰਿਹਾ ਹੈ

ਰਿਚਰਡ ਰੇਅਕ੍ਰਾਫ਼ਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ