1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਕੈਨੇਡੀਅਨ ਇਮੀਗ੍ਰੇਸ਼ਨ ਲਈ ਐਕਸਪ੍ਰੈਸ ਐਂਟਰੀ ਦੇ ਡਰਾਅ ਡੇਢ ਸਾਲ ਬਾਅਦ ਮੁੜ ਸ਼ੁਰੂ

ਕੈਨੇਡੀਅਨ ਐਕਸਪੀਰੀਐਂਸ ਕਲਾਸ ਵਾਲੇ ਬਿਨੈਕਾਰ ਨਿਰਾਸ਼

ਪਹਿਲੇ ਡਰਾਅ ਦੌਰਾਨ 1500 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ

ਪਹਿਲੇ ਡਰਾਅ ਦੌਰਾਨ 1500 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ

ਤਸਵੀਰ: Radio-Canada / Jean-Claude Taliana

Sarbmeet Singh

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕਰੀਬ ਡੇਢ ਸਾਲ ਦੇ ਵਕਫ਼ੇ ਬਾਅਦ ਐਕਸਪ੍ਰੈਸ ਐਂਟਰੀ ਦੇ ਡਰਾਅ ਮੁੜ ਤੋਂ ਸ਼ੁਰੂ ਕੀਤੇ ਗਏ ਹਨ I 

ਪਹਿਲੇ ਡਰਾਅ ਦੌਰਾਨ 1500 ਬਿਨੈਕਾਰਾਂ ਨੂੰ ਇਨਵੀਟੇਸ਼ਨ (ਪੀ ਆਰ ਅਪਲਾਈ ਕਰਨ ਲਈ ਸੱਦਾ) ਭੇਜੇ ਗਏ I  ਇਹ ਡਰਾਅ 557 ਅੰਕਾਂ 'ਤੇ ਰਿਹਾ , ਜਿਸਨੂੰ ਲੈ ਕੇ ਹੈਰਾਨੀ ਪਾਈ ਜਾ ਰਹੀ ਹੈ I

ਜ਼ਿਕਰਯੋਗ ਹੈ ਕਿ ਕੋਵਿਡ ਦੇ ਚਲਦਿਆਂ , ਕੈਨੇਡਾ ਵੱਲੋਂ ਦਸੰਬਰ 2020 ਤੋਂ ਬਾਅਦ ਕੋਈ ਵੀ ਡਰਾਅ ਨਹੀਂ ਕੱਢਿਆ ਗਿਆ ਸੀ I ਇਸਤੋਂ ਪਹਿਲਾਂ ਹਰ ਡਰਾਅ ਜੋ ਕਿ ਆਮ ਤੌਰ 'ਤੇ 15 ਦਿਨਾਂ ਬਾਅਦ ਨਿਕਲਦਾ ਸੀ, ਵਿੱਚ 3 ਹਜ਼ਾਰ ਤੋਂ ਵਧੇਰੇ ਬਿਨੈਕਾਰਾਂ ਦੀਆਂ ਅਰਜ਼ੀਆਂ ਸਵੀਕਾਰਦਿਆਂ , ਉਹਨਾਂ ਨੂੰ ਆਪਣੇ ਹੋਰ ਦਸਤਾਵੇਜ਼ ਜਮਾਂ ਕਰਾਉਣ ਲਈ ਇਨਵੀਟੇਸ਼ਨ ਭੇਜਿਆ ਜਾਂਦਾ ਸੀ I

ਐਕਸਪ੍ਰੈਸ ਐਂਟਰੀ ਦੇ ਡਰਾਅ ਨਾ ਨਿਕਲਣ ਕਾਰਨ ਕੈਨੇਡਾ ਦੀ ਪੀ ਆਰ ਉਡੀਕਦੇ ਬਹੁਤ ਸਾਰੇ ਬਿਨੈਕਾਰ ਨਿਰਾਸ਼ ਸਨ I ਬਹੁਤ ਸਾਰੇ ਚਾਹਵਾਨਾਂ ਦੀ ਆਇਲਟਸ ਦੀ ਮਿਆਦ , ਜੋ ਕਿ 2 ਸਾਲ ਹੁੰਦੀ ਹੈ ਖ਼ਤਮ ਹੋ ਚੁੱਕੀ ਸੀ I

ਕੀ ਹੈ ਐਕਸਪ੍ਰੈਸ ਐਂਟਰੀ

ਐਕਸਪ੍ਰੈਸ ਐਂਟਰੀ (ਨਵੀਂ ਵਿੰਡੋ) ਇਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ 'ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ  ਹਾਸਿਲ ਕਰ ਸਕਦੇ ਹਨ I ਇਸ ਵਿੱਚ ਬਿਨੈਕਾਰਾਂ ਨੂੰ ਉਮਰ , ਪੜਾਈ , ਤਜਰਬੇ ਅਤੇ ਆਇਲਟਸ (IELTS) ਆਦਿ ਦੇ ਨੰਬਰ ਮਿਲਦੇ ਹਨ I ਕੈਨੇਡਾ ਵਿੱਚ ਪੜਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮੇ ਵੀ ਇਸ ਪ੍ਰੋਗਰਾਮ ਤਹਿਤ ਪੀ ਆਰ ਲੈ ਸਕਦੇ ਹਨ I

ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਵਿੱਚ ਹੋਈ ਸੀ I  ਐਕਸਪ੍ਰੈਸ ਐਂਟਰੀ ਅਧੀਨ , ਬਿਨੈਕਾਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੀਟੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀ ਆਰ ਮਿਲ ਜਾਂਦੀ ਸੀ I  ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇਕ ਕਾਰਨ ਇਹ ਵੀ ਸੀ ਕਿ ਇਸ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਵਿੱਚ ਨਿਪਟਾਰਾ ਕੀਤਾ ਜਾਂਦਾ ਸੀ I  

ਇਸ ਡਰਾਅ ਨਾਲ ਕੈਨੇਡਾ ਤੋਂ ਬਾਹਰ ਬੈਠੇ ਬਿਨੈਕਾਰ ਖੁਸ਼ ਹਨ , ਪਰ ਅੱਜ ਦੇ ਡਰਾਅ ਨਾਲ ਕੈਨੇਡੀਅਨ ਐਕਸਪੀਰੀਐਂਸ ਕਲਾਸ ਵਾਲੇ ਬਿਨੈਕਾਰ ਨਿਰਾਸ਼ ਹਨ I  ਕੈਨੇਡਾ ਵਿਚਲੇ ਉਮੀਦਵਾਰਾਂ ਵੱਲੋਂ ਡਰਾਅ ਸਿਰਫ਼ ਕੈਨੇਡੀਅਨ ਐਕਸਪੀਰੀਐਂਸ ਕਲਾਸ ਹੋਣ ਦੀ ਉਮੀਦ ਲਗਾਈ ਜਾ ਰਹੀ ਸੀ I

ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਕੈਨੇਡੀਅਨ ਐਕਸਪੀਰੀਐਂਸ ਕਲਾਸ ਵਾਲੇ ਬਿਨੈਕਾਰਾਂ ਦੇ ਹੋਰਨਾਂ ਦੇ ਮੁਕਾਬਲੇ ਘੱਟ ਅੰਕ ਹੁੰਦੇ ਹਨ , ਜਿਸ ਕਾਰਨ ਉਹ ਡਰਾਅ ਵਿੱਚ ਨਹੀਂ ਆ ਪਾਉਂਦੇ I

ਕੀ ਹੈ ਕੈਨੇਡੀਅਨ ਐਕਸਪੀਰੀਐਂਸ ਕਲਾਸ

ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਕੈਨੇਡੀਅਨ ਐਕਸਪੀਰੀਐਂਸ ਕਲਾਸ ਤਹਿਤ ਕੈਨੇਡਾ ਵਿੱਚ ਓ , ਏ ਅਤੇ ਬੀ ਲੈਵਲ ਦੀਆਂ ਨੌਕਰੀਆਂ ਵਿੱਚ ਇਕ ਸਾਲ ਦਾ ਤਜਰਬਾ ਹਾਸਿਲ ਕਰ ਚੁੱਕੇ ਬਿਨੈਕਾਰ ਕੈਨੇਡਾ ਦੀ ਪੀ ਆਰ ਲਈ ਅਪਲਾਈ (ਨਵੀਂ ਵਿੰਡੋ) ਕਰ ਸਕਦੇ ਹਨ I  ਇਹ ਤਜਰਬਾ ਅਪਲਾਈ ਕਰਨ ਦੇ ਪਿਛਲੇ ਤਿੰਨ ਸਾਲ ਦੇ ਅੰਦਰ ਅੰਦਰ ਹੋਣਾ ਚਾਹੀਦਾ ਹੈ I   ਬਿਨੈਕਾਰ ਕੋਲ ਆਈਲਟਸ (IELTS) ਵਿੱਚੋਂ 6 ਬੈਂਡ ਹੋਣੇ ਚਾਹੀਦੇ ਹਨ I  ਇਸਤੋਂ ਇਲਾਵਾ ਬਿਨੈਕਾਰਾਂ ਨੂੰ ਪੜਾਈ , ਉਮਰ ਆਦਿ ਦੇ ਨੰਬਰ ਵੀ ਮਿਲਦੇ ਹਨ I  

ਆਮ ਤੌਰ 'ਤੇ ਕੈਨੇਡਾ ਵਿਚ ਪੜਨ ਆਏ ਵਿਦਿਆਰਥੀ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇਕ ਸਾਲ ਦਾ ਤਜਰਬਾ ਹਾਸਿਲ ਕਰਕੇ ਪੀ ਆਰ ਲਈ ਅਪਲਾਈ ਕਰਦੇ ਹਨ ਪਰ ਡਰਾਅ ਨਾ ਨਿਕਲਣ ਕਾਰਨ ਇਹ ਬਿਨੈਕਾਰ ਪ੍ਰੇਸ਼ਾਨ ਹਨ ਅਤੇ ਬਹੁਤਿਆਂ ਦੇ ਵਰਕ ਪਰਮਿਟ ਦੀ ਮਿਆਦ ਵੀ ਖ਼ਤਮ ਹੋਈ ਹੈ I

ਕੈਨੇਡਾ ਵਿੱਚ ਪੜਾਈ ਪੂਰੀ ਕਰ ਚੁੱਕੇ ਪੰਜਾਬੀ ਮੂਲ ਦੇ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਕੋਈ ਵੀ ਡਰਾਅ ਨਹੀਂ ਕੱਢਿਆ ਗਿਆ ਹੈ ਜਿਸ ਨਾਲ ਕੈਨੇਡਾ ਵਿਚਲੇ ਬਹੁਤ ਸਾਰੇ ਬਿਨੈਕਾਰ ਪੀ ਆਰ ਹੋਣ ਤੋਂ ਵਾਂਝੇ ਹਨ I

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਇਨਵੀਟੇਸ਼ਨ ਭੇਜਣ ਦਾ ਕਾਰਨ ਬੈਕਲੌਗ ਹੋ ਸਕਦਾ ਹੈ I ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਸਾਲ 2022 ਦੌਰਾਨ 4 ਲੱਖ 31 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੂੰ ਪੀ ਆਰ ਦੇਣ ਦੀ ਯੋਜਨਾ ਹੈ I  ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਮੁਤਾਬਿਕ 2022 ਦੀ ਪਹਿਲੀ ਤਿਮਾਹੀ ਦੌਰਾਨ 1 ਲੱਖ ਤੋਂ ਵਧੇਰੇ ਵਿਅਕਤੀ ਪੀ ਆਰ ਹਾਸਿਲ ਕਰ ਚੁੱਕੇ ਹਨ I

ਅੰਕੜਿਆਂ ਅਨੁਸਾਰ, ਕੈਨੇਡਾ ਵਿੱਚ ਲਗਭਗ 2 ਮਿਲੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਹੈ I ਇਹਨਾਂ ਵਿਚ ਪਰਮਾਨੈਂਟ ਰੈਜ਼ੀਡੈਂਸ , ਟੈਮਪੋਰੈਰੀ ਰੈਜ਼ੀਡੈਂਸ (ਸਟਡੀ ਪਰਮਿਟ, ਵਰਕ ਪਰਮਿਟ, ਟੀ ਆਰ ਵੀਜ਼ਾ ਅਤੇ ਵਿਜ਼ਿਟਰ ਐਕਸਟੈਂਸ਼ਨ) ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀਆਂ ਸ਼ਾਮਿਲ ਹਨ I

ਇਮੀਗ੍ਰੇਸ਼ਨ ਮਾਹਰ ਅਮਨਦੀਪ ਢਿੱਲੋਂ ਨੇ ਕਿਹਾ ਮੰਤਰਾਲੇ ਕੋਲ ਬਹੁਤ ਸਾਰੀਆਂ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ , ਜਿਸ ਕਰਕੇ ਇਹ ਡਰਾਅ ਛੋਟਾ ਕੱਢਿਆ ਹੋ ਸਕਦਾ ਹੈ I  ਹੁਣ ਲਗਾਤਾਰ ਡਰਾਅ ਆਉਣ ਨਾਲ ਅੰਕ ਘਟਣ ਦੀ ਉਮੀਦ ਜਤਾਈ ਜਾ ਸਕਦੀ ਹੈ I

Sarbmeet Singh

ਸੁਰਖੀਆਂ