1. ਮੁੱਖ ਪੰਨਾ
  2. ਅਰਥ-ਵਿਵਸਥਾ

ਟੋਰੌਂਟੋ ਦੀ ਹਾਊਸਿੰਗ ਮਾਰਕੀਟ ਵਿਚ ਧੀਮਾਪਣ ਜਾਰੀ, ਘਰਾਂ ਦੀ ਵਿਕਰੀ ਵਿਚ 41 ਫ਼ੀਸਦੀ ਕਮੀ ਦਰਜ

ਫ਼ਰਵਰੀ ਤੋਂ ਬਾਅਦ ਘਰਾਂ ਦੀ ਔਸਤ ਕੀਮਤ ਵਿਚ ਵੀ 14 ਫ਼ੀਸਦੀ ਗਿਰਾਵਟ

ਟੋਰੌਂਟੋ ਵਿਚ ਵੇਚਨ ਲਈ ਲੱਗੇ ਇੱਕ ਘਰ ਦੀ ਤਸਵੀਰ। ਨਵੇਂ ਅੰਕੜਿਆਂ ਅਨੁਸਾਰ ਫ਼ਰਵਰੀ ਤੋਂ ਬਾਅਦ ਘਰਾਂ ਦੀ ਔਸਤ ਕੀਮਤ ਵਿਚ ਵੀ 14 ਫ਼ੀਸਦੀ ਗਿਰਾਵਟ ਦਰਜ ਹੋਈ ਹੈ।

ਟੋਰੌਂਟੋ ਵਿਚ ਵੇਚਨ ਲਈ ਲੱਗੇ ਇੱਕ ਘਰ ਦੀ ਤਸਵੀਰ। ਨਵੇਂ ਅੰਕੜਿਆਂ ਅਨੁਸਾਰ ਫ਼ਰਵਰੀ ਤੋਂ ਬਾਅਦ ਘਰਾਂ ਦੀ ਔਸਤ ਕੀਮਤ ਵਿਚ ਵੀ 14 ਫ਼ੀਸਦੀ ਗਿਰਾਵਟ ਦਰਜ ਹੋਈ ਹੈ।

ਤਸਵੀਰ: (Esteban Cuevas/CBC)

RCI

ਟੋਰੌਂਟੋ ਦੀ ਹਾਊਸਿੰਗ ਮਾਰਕੀਟ ਵਿਚ ਧੀਮਾਪਣ ਪਿਛਲੇ ਮਹੀਨੇ ਵੀ ਜਾਰੀ ਰਿਹਾ। ਨਵੇਂ ਅੰਕੜਿਆਂ ਅਨੁਸਾਰ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਪਿਛਲੇ ਇੱਕ ਸਾਲ ਦੀ ਤੁਲਨਾ ਵਿਚ ਜੂਨ ਮਹੀਨੇ ਘਰਾਂ ਦੀ ਵਿਕਰੀ ਤਕਰੀਬਨ ਅੱਧੀ ਦਰਜ ਕੀਤੀ ਗਈ।

ਟੋਰੌਂਟੋ ਰੀਜਨ ਰੀਅਲ ਅਸਟੇਟ ਬੋਰਡ ਅਨੁਸਾਰ ਪਿਛਲੇ ਮਹੀਨੇ ਜੀਟੀਏ ਵਿਚ 6,474 ਘਰ ਵੇਚੇ ਗਏ ਜੋਕਿ ਪਿਛਲੇ ਸਾਲ ਦੇ ਜੂਨ ਦੀ ਤੁਲਨਾ ਵਿਚ 41 ਫ਼ੀਸਦੀ ਗਿਰਾਵਟ ਹੈ।

ਕੈਨੇਡਾ ਦੇ ਹੋਰ ਸ਼ਹਿਰਾਂ ਵਾਂਗ ਹੀ, ਮਹਾਂਮਾਰੀ ਦੌਰਾਨ ਟੋਰੌਂਟੋ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿਚ ਘਰਾਂ ਦੀਆਂ ਕੀਮਤਾਂ ਵਿਚ ਵਿਸਫ਼ੋਟਕ ਵਾਧਾ ਹੋਇਆ ਸੀ, ਕਿਉਂਕਿ ਵਿਆਜ ਦਰਾਂ ਵਿਚ ਕਮੀ ਕਾਰਨ ਲੋਕਾਂ ਨੂੰ ਸਸਤਾ ਕਰਜ਼ਾ ਉਪਲਬਧ ਹੋ ਰਿਹਾ ਸੀ। ਪਰ ਮਾਰਚ ਮਹੀਨੇ ਬੈਂਕ ਔਫ਼ ਕੈਨੇਡਾ ਦੁਆਰਾ ਵਿਆਜ-ਦਰਾਂ ਵਿਚ ਵਾਧਾ ਕਰਨ ਦੇ ਸਿਲਸਿਲੇ ਸਦਕਾ ਇਹ ਰੁਝਾਨ ਨੀਚੇ ਵੱਲ ਆਉਣਾ ਸ਼ੁਰੂ ਹੋ ਗਿਆ।

ਵਿਆਜ-ਦਰਾਂ ਵਿਚ ਵਾਧੇ ਦਾ ਅਸਰ ਘਰਾਂ ਦੀ ਵਿਕਰੀ ਅਤੇ ਕੀਮਤਾਂ ’ਤੇ ਤੁਰੰਤ ਪੈਂਦਾ ਨਜ਼ਰ ਆ ਰਿਹਾ ਹੈ।

ਟੋਰੌਂਟੋ ਰੀਜਨ ਰੀਅਲ ਅਸਟੇਟ ਬੋਰਡ ਦੇ ਪ੍ਰੈਜ਼ੀਡੈਂਟ, ਕੈਵਿਨ ਕ੍ਰਿਗਰ ਨੇ ਦੱਸਿਆ ਕਿ ਘਰਾਂ ਦੀ ਵਿਕਰੀ ਵਿਚ ਕਮੀ ਦਾ ਇੱਕ ਕਾਰਨ ਤਾਂ ਇਹ ਹੈ ਕਿ ਵਿਆਜ ਦਰਾਂ ਵਿਚ ਵਾਧੇ ਕਰਕੇ ਮੌਰਗੇਜ ਦਰ ਵਧ ਗਈ ਹੈ ਅਤੇ ਕਿਫ਼ਾਇਤੀਪਣ ਦੀ ਚੁਣੌਤੀ ਪੈਦਾ ਹੋ ਗਈ ਹੈ। ਦੂਸਰਾ, ਇੱਕ ਮਨੋਵਿਗਿਆਨਕ ਕਾਰਨ ਵੀ ਹੈ ਕਿ ਮੌਰਗੇਜ ਵਧਣ ਕਰਕੇ ਹੁਣ ਨਵੇਂ ਖ਼ਰੀਦਾਰਾਂ ਨੇ ਘਰ ਲੈਣ ਦੇ ਫ਼ੈਸਲੇ ਨੂੰ ਥੋੜਾ ਲਟਕਾ ਦਿੱਤਾ ਹੈ ਤਾਂ ਕਿ ਉਹ ਇਹ ਦੇਖ ਸਕਣ ਕਿ ਕੀਮਤਾਂ ਹੋਰ ਕਿੱਥੇ ਤੱਕ ਨੀਚੇ ਆ ਸਕਦੀਆਂ ਹਨ।

ਘਰਾਂ ਦੀ ਔਸਤ ਕੀਮਤ ਵਿਚ ਵੀ ਗਿਰਾਵਟ ਦਰਜ ਹੋਈ ਹੈ। ਜੂਨ ਵਿਚ ਵੇਚੇ ਗਏ ਘਰ ਦੀ ਔਸਤ ਕੀਮਤ 1,146,254 ਦਰਜ ਕੀਤੀ ਗਈ, ਭਾਵੇਂ ਇਹ ਇੱਕ ਸਾਲ ਪਹਿਲਾਂ ਦੀ ਕੀਮਤ ਨਾਲੋਂ ਅਜੇ ਵੀ 5 ਫ਼ੀਸਦੀ ਵੱਧ ਹੈ ਪਰ ਫ਼ਰਵਰੀ ਦੀ ਅਸਮਾਨ ਛੂਹੰਦੀ 1.3 ਮਿਲੀਅਨ ਦੀ ਔਸਤ ਕੀਮਤ ਵਿਚ 14 ਫ਼ੀਸਦੀ ਦੀ ਗਿਰਾਵਟ ਦਰਸਾਉਂਦੀ ਹੈ।

ਘੱਟ ਕੀਮਤਾਂ ਨਵੇਂ ਖ਼ਰੀਦਾਰਾਂ ਲਈ ਚੰਗੀ ਖ਼ਬਰ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਘਰ ਖ਼ਰੀਦਣਾ ਹੁਣ ਕਿਫ਼ਾਇਤੀ ਸੌਦਾ ਹੋ ਗਿਆ ਹੈ।

ਕ੍ਰਿਤੀ ਭਾਰਦਵਾਜ ਅਤੇ ਉਹਨਾਂ ਦੇ ਪਤੀ, ਸਚਿਨ ਅਡਵਾਨੀ ਕਈ ਸਾਲ ਤੋਂ ਘਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹਨ। ਹੁਣ ਜਦ ਕੀਮਤਾਂ ਵਿਚ ਕਮੀ ਆ ਰਹੀ ਹੈ ਤਾਂ ਉਹਨੇ ਨੇ ਮਹਿਸੂਸ ਕੀਤਾ ਕਿ ਮੌਰਗੇਜ ਰੇਟ ਵਿਚ ਵਾਧਾ ਹੋਣ ਕਰਕੇ ਕਈ ਘਰ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।

ਪਰ ਉਹਨਾਂ ਨੂੰ ਉਮੀਦ ਹੈ ਕਿ ਆਉੇਂਦੇ ਕੁਝ ਮਹੀਨਿਆਂ ਵਿਚ ਕੀਮਤਾਂ ਹੋਰ ਨੀਚੇ ਆਉਣਗੀਆਂ।

ਸਚਿਨ ਨੇ ਕਿਹਾ, ਸਾਰਾ ਕੁਝ ਹੀ ਧੀਮਾ ਹੋ ਰਿਹਾ ਹੈ। ਮਾਰਕੀਟ ਵਿਚ ਪ੍ਰੌਪਰਟੀਆਂ ਜ਼ਿਆਦਾ ਹਨ ਅਤੇ ਖ਼ਰੀਦਾਰ ਘੱਟ ਹਨ

ਵੈਨਕੂਵਰ ਵਿਚ ਵੀ ਟੋਰੌਂਟੋ ਵਰਗਾ ਹੀ ਹਾਲ ਰਿਹਾ। ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ਵਿਚ ਵੈਨਕੂਵਰ ਵਿਚ ਘਰਾਂ ਦੀ ਵਿਕਰੀ ਵਿਚ 35 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ