1. ਮੁੱਖ ਪੰਨਾ
  2. ਸਮਾਜ

ਕਲੀਨ-ਸ਼ੇਵ ਨਿਯਮ ਕਰਕੇ ਨੌਕਰੀ ਤੋਂ ਹਟਾਏ ਗਏ ਸਿੱਖ ਸਿਕਿਓਰਟੀ ਗਾਰਡਾਂ ਨੂੰ ਮੁੜ ਨਿਯੁਕਤ ਕਰਨ ਦੇ ਨਿਰਦੇਸ਼

ਸਿਟੀ ਔਫ਼ ਟੋਰੌਂਟੋ ਦੇ ਨਵੇਂ ਕਲੀਨ-ਸ਼ੇਵ ਨਿਯਮ ਕਰਕੇ ਕਰੀਬ 100 ਸਿੱਖ ਸਿਕਿਓਰਟੀ ਗਾਰਡਾਂ ਨੂੰ ਨੌਕਰੀ ਤੋਂ ਹਟਾਇਆ ਗਿਆ ਹੈ

21 ਸਾਲ ਦਾ ਬੀਰਕੰਵਲ ਸਿੰਘ ਏਐਸਪੀ ਸਿਕਿਓਰਟੀ ਨਾਲ ਕੰਮ ਕਰਦਾ ਹੈ। ਭਾਰਤ ਤੋਂ ਕੈਨੇਡਾ ਆਕੇ ਉਸਨੇ ਸੋਚਿਆ ਸੀ ਕਿ ਇੱਥੇ ਉਹ ਸੁਤੰਤਰਤਾ ਨਾਲ ਆਪਣੇ ਧਰਮ ਦੀ ਪਾਲਣਾ ਕਰ ਸਕਦਾ ਹੈ, ਪਰ ਹੁਣ ਉਸਨੂੰ ਆਪਣੀ ਨੌਕਰੀ ਜਾਂ ਦਾੜ੍ਹੀ ਵਿਚੋਂ ਕੋਈ ਇੱਕ ਚੁਣਨਾ ਪੈ ਰਿਹਾ ਹੈ।

21 ਸਾਲ ਦਾ ਬੀਰਕੰਵਲ ਸਿੰਘ ਏਐਸਪੀ ਸਿਕਿਓਰਟੀ ਨਾਲ ਕੰਮ ਕਰਦਾ ਹੈ। ਭਾਰਤ ਤੋਂ ਕੈਨੇਡਾ ਆਕੇ ਉਸਨੇ ਸੋਚਿਆ ਸੀ ਕਿ ਇੱਥੇ ਉਹ ਸੁਤੰਤਰਤਾ ਨਾਲ ਆਪਣੇ ਧਰਮ ਦੀ ਪਾਲਣਾ ਕਰ ਸਕਦਾ ਹੈ, ਪਰ ਹੁਣ ਉਸਨੂੰ ਆਪਣੀ ਨੌਕਰੀ ਜਾਂ ਦਾੜ੍ਹੀ ਵਿਚੋਂ ਕੋਈ ਇੱਕ ਚੁਣਨਾ ਪੈ ਰਿਹਾ ਹੈ।

ਤਸਵੀਰ: offerte par la World Sikh Organization

RCI

ਸਿਟੀ ਔਫ਼ ਟੋਰੌਂਟੋ ਵੱਲੋਂ ਕਾਂਟਰੈਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਕਲੀਨ-ਸ਼ੇਵ ਨਿਯਮ ਕਰਕੇ ਜਿਹੜੇ ਵੀ ਸਿੱਖ ਸਿਕਿਓਰਟੀ ਗਾਰਡਾਂ ਦੀ ਨੌਕਰੀ ਗਈ ਹੈ ਉਹਨਾਂ ਦੀ ਮੁੜ-ਨਿਯੁਕਤੀ ਕੀਤੀ ਜਾਵੇ।

ਵਰਲਡ ਸਿੱਖ ਔਰਗੇਨਜ਼ਾਈਜ਼ੇਸ਼ਨ ਨੇ ਸ਼ਿਕਾਇਤ ਕੀਤੀ ਹੈ ਕਿ ਧਾਰਮਿਕ ਕਾਰਨਾਂ ਕਰਕੇ ਦਾੜ੍ਹੀ ਰੱਖਣ ਵਾਲੇ ਮੁਲਾਜ਼ਮਾਂ ਦੀ ਟੋਰੌਂਟੋ ਸਿਟੀ ਦੇ ਸਿਕਿੳਰਟੀ ਗਾਰਡ ਕਾਂਟਰੈਕਟਰ ਬਣਦੀ ਵਿਵਸਥਾ ਨਹੀਂ ਕਰ ਰਹੇ, ਜੋਕਿ N95 ਮਾਸਕ ਨਹੀਂ ਪਹਿਨ ਸਕਦੇ।

ਪਬਲਿਕ ਹੈਲਥ ਦੀ ਸ਼ਰਤ ਅਨੁਸਾਰ ਕੋਵਿਡ ਆਊਟਬ੍ਰੇਕ ਨਾਲ ਜੂਝ ਰਹੇ ਹੋਮਲੈਸ ਸ਼ੈਲਟਰਾਂ ਵਿਚ ਕੰਮ ਕਰਨ ਵਾਲੇ ਸਿਕਿਓਰਟੀ ਗਾਰਡਾਂ ਨੂੰ N95 ਮਾਸਕ ਪਹਿਨਣਾ ਜ਼ਰੂਰੀ ਹੈ।

ਸੋਮਵਾਰ ਨੂੰ ਜਾਰੀ ਇੱਕ ਰਿਲੀਜ਼ ਵਿਚ ਸਿਟੀ ਨੇ ਦੱਸਿਆ ਕਿ ਕਾਂਟਰੈਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਧਾਰਮਿਕ ਅਧਾਰ ‘ਤੇ ਨਿਯਮਾਂ ਤੋਂ ਛੋਟ ਲਾਣੇ ਮੁਲਾਜ਼ਮਾਂ ਦੀ ਅਰਜ਼ੀ ਸਵੀਕਾਰ ਕਰਨ ਅਤੇ ਨੌਕਰੀ ਤੋਂ ਹਟਾਏ ਗਏ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕਰਨ।

ਸਿਟੀ ਨੇ ਦੱਸਿਆ ਕਿ ਜਾਂਚ ਦੌਰਾਨ ਸਿਟੀ ਪ੍ਰਸ਼ਾਸਨ ਕਾਨੂੰਨੀ ਵਿਕਲਪ ਵੀ ਤਲਾਸ਼ ਕਰੇਗਾ ਜਿਸ ਵਿਚ ਕਿਸੇ ਕਾਂਟਰੈਟਰ ਦੇ ਸਿਟੀ ਦੀ ਨੀਤੀ ਜਾਂ ਮਨੁੱਖੀ ਅਧਿਕਾਰ ਕਾਨੂੰਨ ਦੀ ਉਲੰਘਣਾ ਪਾਏ ਜਾਣ ‘ਤੇ ਕਾਂਟਰੈਕਟ ਰੱਦ ਵੀ ਹੋ ਸਕਦਾ ਹੈ।

ਸਿਟੀ ਨੇ ਦੱਸਿਆ ਕਿ ਉਹਨਾਂ ਦੇ ਕਈ ਵੱਡੀਆਂ ਸਿਕਿਓਰਟੀ ਸੰਸਥਾਵਾਂ ਨਾਲ ਕਾਨਟਰੈਕਟ ਹਨ ਜਿਹਨਾਂ ਦੇ ਮੁਲਾਜ਼ਮ ਧਾਰਮਿਕ ਕਾਰਨਾਂ ਕਰਕੇ ਦਾੜ੍ਹੀ ਰੱਖਦੇ ਹਨ। ਇਹਨਾਂ ਮੁਲਾਜ਼ਮਾਂ ਨੂੰ ਸਿਟੀ ਦੀਆਂ ਹੋਰ ਥਾਂਵਾਂ, ਜਿਵੇਂ ਸ਼ੈਲਟਰਜ਼ ਜਿੱਥੇ ਆਊਟਬ੍ਰੇਕ ਨਾ ਹੋਵੇ, ਵਿੱਖੇ ਤੈਨਾਤ ਕੀਤਾ ਜਾ ਸਕਦਾ ਹੈ।

‘ਪੱਖਪਾਤੀ’ ਨਿਯਮ ਬਦਲੋ, ਵਰਡਲ ਸਿੱਖ ਔਰਗੇਨਾਈਜ਼ੇਸ਼ਨ ਦੀ ਮੰਗ

ਸਿਟੀ ਅਨੁਸਾਰ ਸਿਕਿਓਰਟੀ ਕੰਪਨੀਆਂ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਉਕਤ ਛੋਟਾਂ ਸ਼ਾਮਲ ਹੋ ਸਕਣ ਅਤੇ ਕੋਈ ਵੀ ਕਾਨਟਰੈਕਟ ਮੁਲਾਜ਼ਮ ਪਬਲਿਕ ਹੈਲਥ ਸ਼ਰਤਾਂ ਕਰਕੇ ਕੰਮ ਕਰਨ ਤੋਂ ਅਯੋਗ ਨਾ ਹੋਵੇ।

ਸੋਮਵਾਰ ਨੂੰ ਵਰਡਲ ਸਿੱਖ ਔਰਗੇਨਾਈਜ਼ੇਸ਼ਨ (ਡਬਲਿਊਐਸਓ) ਨੇ ਕਿਹਾ ਕਿ ਕੁਝ ਥਾਂਵਾਂ ਉੱਪਰ ਸਿਕਿਓਰਟੀ ਗਾਰਡਾਂ ਲਈ ਕਲੀਨ-ਸ਼ੇਵ ਹੋਣ ਭਾਵ ਦਾੜ੍ਹੀ ਮੁੰਨਣ ਨੂੰ ਜ਼ਰੂਰੀ ਕਰਨਾ ‘ਪੱਖਪਾਤੀ’ ਨਿਯਮ ਹੈ ਅਤੇ ਸੰਸਥਾ ਨੇ ਸਿਟੀ ਨੂੰ ਇਹ ਨਿਯਮ ਬਦਲਣ ਦੀ ਮੰਗ ਕੀਤੀ ਹੈ।

ਸੰਸਥਾ ਨੇ ਸਿਟੀ ਨੂੰ ਮੰਗ ਕੀਤੀ ਹੈ ਕਿ ਉਹ ਆਪਣੇ ਕਾਨਟਰੈਕਟਰਾਂ ਨੂੰ ਆਦੇਸ਼ ਦਵੇ ਕਿ ਉਹ ਕਲੀਨ-ਸ਼ੇਵ ਨਿਯਮ ਕਰਕੇ ਨੌਕਰੀ ਤੋਂ ਹਟਾਏ ਗਏ ਕਰੀਬ 100 ਸਿੱਖ ਗਾਰਡਾਂ ਦੀ ਨੌਕਰੀ ਤੁਰੰਤ ਬਹਾਲ ਕਰਨ ਅਤੇ ਉਹਨਾਂ ਨੂੰ ਮੁਆਵਜ਼ਾ ਦੇਣ।

ਡਬਲਿਊਐਸਓ ਨੇ ਕਿਹਾ ਕਿ ਪਬਲਿਕ ਹੈਲਥ ਸ਼ਰਤਾਂ ਜਨਵਰੀ ਮਹੀਨੇ ਤੋਂ ਸਾਂਝੀਆਂ ਰਿਹਾਇਸ਼ ਦੀਆਂ ਥਾਂਵਾਂ (congregate settings) ਤੇ ਲਾਗੂ ਹਨ ਅਤੇ ਗਾਰਡਾ ਵਰਲਡ, ਏਐਸਪੀ ਸਿਕਿਓਰਟੀ ਅਤੇ ਸਟਾਰ ਵਰਲਡ ਕੰਪਨੀ ਦੇ ਮੁਲਾਜ਼ਮ ਇੱਥੇ ਕੰਮ ਕਰਦੇ ਹਨ।

ਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਸ਼ੈਲਟਰ, ਸਪੋਰਟ ਅਤੇ ਹਾਊਸਿੰਗ ਪ੍ਰਸ਼ਾਸਨ (SSHA) ਵਿਭਾਗ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਕਾਨਟਰੈਕਟਰਾਂ ਲਈ N95 ਮਾਸਕ ਪਹਿਨਣਾ ਅਤੇ ਕਲੀਨ-ਸ਼ੇਵ ਹੋਣਾ ਲਾਜ਼ਮੀ ਹੈ। ਸਿਟੀ ਨੇ ਕਿਹਾ ਕਿ ਕੋਵਿਡ-19 ਨੂੰ ਫ਼ੈਲਣ ਤੋਂ ਰੋਕਣ ਵਿਚ ਮਾਸਕ ਬਹੁਤ ਕਾਰਗਰ ਸਾਬਤ ਹੁੰਦੇ ਹਨ।

ਪਰ ਸਿਟੀ ਦਾ ਕਹਿਣਾ ਹੈ ਕਿ ਡਬਲਿਊਐਸਓ ਦੀ ਸ਼ਿਕਾਇਤ ਕਾਨਟਰੈਕਟਰਾਂ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਲੋੜਾਂ ਦੀ ਬਣਦੀ ਵਿਵਸਥਾ ਨਾ ਕਰਨ ਕਰਕੇ ਉਪਜੀ ਹੈ।

‘ਦਾੜ੍ਹੀ ਕਟਾਉਣਾ ਮੇਰੇ ਲਈ ਚਮੜੀ ਲਹਾਉਣ ਵਰਗਾ’ : ਸਿਕਿਓਰਟੀ ਗਾਰਡ

ਸਿੱਖ ਸਿਕਿਓਰਟੀ ਗਾਰਡਾਂ ਨੂੰ ਨਵੇਂ ਨਿਯਮ ਨਾਲ ਦਿੱਕਤ ਆ ਰਹੀ ਹੈ।

ਏਐਸਪੀ ਸਿਕਿਓਰਟੀ ਨਾਲ ਕੰਮ ਕਰਨ ਵਾਲੇ ਬੀਰਕੰਵਲ ਸਿੰਘ ਅਨੰਦ ਨੇ ਕਿਹਾ, ਮੈਨੂੰ ਬਹੁਤ ਅਪਮਾਨ ਮਹਿਸੂਸ ਹੋ ਰਿਹਾ ਹੈ। ਜੇ ਤੁਸੀਂ ਮੈਨੂੰ ਦਾੜ੍ਹੀ ਮੁੰਨਣ ਲਈ ਕਹੋਗੇ ਤਾਂ ਇਹ ਮੇਰੇ ਲਈ ਚਮੜੀ ਲਹਾਉਣ ਵਰਗਾ ਹੋਵੇਗਾ

ਬੀਰਕੰਵਲ ਨੇ ਦੱਸਿਆ ਕਿ ਜਦੋਂ ਪਿਛਲੇ ਮਹੀਨੇ ਉਸਨੂੰ ਇਸ ਨਵੀਂ ਸ਼ਰਤ ਬਾਰੇ ਦੱਸਿਆ ਗਿਆ ਤਾਂ ਉਸਨੇ ਧਾਰਮਿਕ ਛੋਟ ਲਈ ਅਰਜ਼ੀ ਦਿੱਤੀ, ਪਰ ਇਸਦਾ ਅਰਥ ਇਹ ਨਿਕਲਿਆ ਕਿ ਉਸਨੂੰ ਹੇਠਲੇ ਰੈਂਕ ਤੇ ਲਾ ਦਿੱਤਾ ਗਿਆ ਅਤੇ ਉਸਦੀ ਤਨਖ਼ਾਹ ਵੀ ਘਟ ਗਈ।

ਬੀਰਕੰਵਲ ਨੇ ਦੱਸਿਆ ਕਿ ਸਿਟੀ ਦੇ ਖ਼ਾਸ ਸੈਂਟਰਾਂ ਵਿਚ ਤੈਨਾਤੀ ਕਾਰਨ ਪਹਿਲਾਂ ਉਸਦੀ ਨੌਕਰੀ ਫ਼ੈਡਰਲ ਸਰਕਾਰ ਵੱਲੋਂ ਨਿਰਧਾਰਿਤ ‘ਹੁਨਰਮੰਦ ਕਾਮਿਆਂ’ ਦੀ ਸੂਚੀ ਵਿਚ ਸ਼ਾਮਲ ਹੁੰਦੀ ਸੀ, ਜਿਸ ਕਰਕੇ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਪੱਧਰਾ ਹੋਇਆ ਸੀ। ਪਰ ਨਵੀਂ ਨੌਕਰੀ ਵਿਚ ਅਜਿਹਾ ਨਹੀਂ ਹੈ।

ਉਸਨੇ ਦੱਸਿਆ ਕਿ ਉਸਦੇ ਵਰਗੇ ਕਈ ਹੋਰ ਸਿਕਿਓਰਟੀ ਗਾਰਡਾਂ ,ਜਿਹਨਾਂ ਨੂੰ ਅਜੇ ਪੀਆਰ ਨਹੀਂ ਮਿਲੀ ਹੈ - ਨੂੰ ਜਾਂ ਤਾਂ ਨੌਕਰੀ ਛੱਡਕੇ ਕੋਈ ਹੋਰ ਨੌਕਰੀ ਲੱਭਣੀ ਪੈਣੀ ਹੈ ਤੇ ਜਾਂ ਫ਼ਿਰ ਕਲੀਨ-ਸ਼ੇਵ ਹੋਣਾ ਪੈਣਾ ਹੈ।

ਸੀਬੀਸੀ ਨੇ ਸਿਕਿਓਰਟੀ ਕੰਪਨੀਆਂ ਨਾਲ ਵੀ ਨਵੀਂ ਤਬਦੀਲੀ ਲਾਗੂ ਕਰਨ ਬਾਰੇ ਸੰਪਰਕ ਕੀਤਾ।

ਸੀਬੀਸੀ ਨਿਊਜ਼ ਨੂੰ ਭੇਜੀ ਇੱਕ ਈ-ਮੇਲ ਵਿਚ ਗਾਰਡਾਵਰਲਡ ਨੇ ਕਿਹਾ ਕਿ ਸਿਟੀ ਦੀਆਂ ਸਿਹਤ ਅਤੇ ਸੁਰੱਖਿਆ ਸਬੰਧੀ ਨੀਤੀਆਂ ਨੂੰ ਪੂਰਾ ਨਾ ਕਰ ਸਕਣ ਵਾਲੇ ਮੁਲਾਜ਼ਮਾਂ ਨੂੰ, ਉਕਤ ਸ਼ਰਤ ਹਟਾਏ ਜਾਣ ਤੱਕ, ਸੰਸਥਾ ਦੇ ਅੰਦਰ ਹੀ ‘ਹੋਰ ਅਤੇ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।

ਵਕੀਲਾਂ ਵੱਲੋਂ ਸਿਟੀ ਨੂੰ ਹੱਲ ਲੱਭਣ ਦੀ ਤਾਕੀਦ 

ਡਬਲਿਊਐਸਓ ਨੇ ਕਿਹਾ ਕਿ ਕੇਸ ਨਾ ਕਟਾਉਣਾ ਸਿੱਖ ਧਰਮ ਦਾ ਅਹਿਮ ਹਿੱਸਾ ਹੈ।

ਸੰਸਥਾ ਨਾਲ ਜੁੜੇ ਵਕੀਲ, ਬਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਨਿਯਮ ਵਿਸ਼ੇਸ਼ ਕਰਕੇ ਇਸ ਲਈ ਪੱਖਪਾਤੀ ਲੱਗਦਾ ਹੈ ਕਿਉਂਕਿ ਇਹ ਅਜਿਹੇ ਸਮੇਂ ਵਿਚ ਲਾਗੂ ਕੀਤਾ ਗਿਆ ਹੈ ਜਦੋਂ ਓਨਟੇਰਿਓ ਵਿਚ ਜ਼ਿਆਦਾਤਰ ਕੋਵਿਡ ਸਬੰਧੀ ਰੋਕਾਂ ਹਟਾ ਦਿੱਤੀਆਂ ਗਈਆਂ ਹਨ - ਜਿਸ ਵਿਚ ਜ਼ਿਆਦਾਤਰ ਲਾਜ਼ਮੀ ਮਾਸਕ ਨਿਯਮ ਵੀ ਸ਼ਾਮਲ ਹਨ।

ਸਿਟੀ ਔਫ਼ ਟੋਰੌਂਟੋ ਦਾ ਕਹਿਣਾ ਹੈ ਕਿ ਕੋਵਿਡ-19 ਨੂੰ ਫ਼ੈਲਣ ਤੋਂ ਰੋਕਣ ਵਿਚ ਮਾਸਕ ਬਹੁਤ ਕਾਰਗਰ ਸਾਬਤ ਹੁੰਦੇ ਹਨ।

ਸਿਟੀ ਔਫ਼ ਟੋਰੌਂਟੋ ਦਾ ਕਹਿਣਾ ਹੈ ਕਿ ਕੋਵਿਡ-19 ਨੂੰ ਫ਼ੈਲਣ ਤੋਂ ਰੋਕਣ ਵਿਚ N95 ਮਾਸਕ ਬਹੁਤ ਕਾਰਗਰ ਸਾਬਤ ਹੁੰਦੇ ਹਨ।

ਤਸਵੀਰ: (Tyson Koschik/CBC)

ਬਲਪ੍ਰੀਤ ਨੇ ਕਿਹਾ, ਇਹਨਾਂ ਸਿਕਿਓਰਟੀ ਗਾਰਡਾਂ ਨੇ ਇਹਨਾਂ ਨਿਯਮਾਂ ਤੋਂ ਬਗ਼ੈਰ ਉਦੋਂ ਆਪਣੀਆਂ ਸੇਵਾਵਾਂ ਨਿਭਾਈਆਂ ਸਨ ਜਦੋਂ ਮਹਾਂਮਾਰੀ ਸਿਖਰ ‘ਤੇ ਸੀ

ਪਰ ਹੁਣ ਜਦੋਂ ਵੈਕਸੀਨਾਂ ਆਮ ਹੋ ਗਈਆਂ ਹਨ, ਹਾਲਾਤ ਬਿਹਤਰ ਹੋ ਰਹੇ ਹਨ, ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਨਹੀਂ ! ਤੁਸੀਂ ਕੰਮ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਦਾੜ੍ਹੀ ਹੈ

ਉਹਨਾਂ ਦੱਸਿਆ ਕਿ ਉਹ ਲਗਾਤਾਰ ਸਿਟੀ ਪ੍ਰਸ਼ਾਸਨ ਨਾਲ ਸੰਪਰਕ ਕਰਦੇ ਰਹੇ ਹਨ ਅਤੇ ਉਹਨਾਂ ਨੇ 7 ਜੂਨ ਨੂੰ ਸਿਟੀ ਨੂੰ ਇੱਕ ਅਧਿਕਾਰਤ ਪੱਤਰ ਭੇਜਕੇ ਮੰਗ ਕੀਤੀ ਸੀ ਕਿ ਸਿਟੀ ਪ੍ਰਸ਼ਾਸਨ ਕਾਨਟੈਕਟਰਾਂ ਨਾਲ ਮਿਲਕੇ ਇਸ ਮੁੱਦੇ ਦਾ ਹੱਲ ਲੱਭੇ।

ਸਿਟੀ ਨੇ ਕਾਨਟਰੈਕਟਰਾਂ ਨੂੰ ਪ੍ਰਭਾਵਿਤ ਮੁਲਾਜ਼ਮਾਂ ਦੀ ਵਿਵਸਥਾ ਕਰਨ ਲਈ ਆਖਿਆ

ਸਿਟੀ ਔਫ਼ ਟੋਰੌਂਟੋ ਡਬਲਿਊਐਸਓ ਦੀ ਸ਼ਿਕਾਇਤ ਦੀ ਜਾਂਚ ਕਰ ਰਿਹਾ ਹੈ। ਸਿਟੀ ਨੇ ਦੱਸਿਆ ਕਿ ਸਾਰੇ ਪ੍ਰਭਾਵਿਤ ਮੁਲਾਜ਼ਮ ਸਿਟੀ ਦੀ ਕਾਰਪੋਰੇਟ ਸਿਕਿਓਰਟੀ ਵਿਭਾਗ ਦੇ ਨਹੀਂ ਬਲਕਿ ਸਿਕਿਓਰਟੀ ਕਾਨਟਰੈਕਟਰਾਂ ਦੇ ਮੁਲਾਜ਼ਮ ਹਨ।

ਸਿਟੀ ਸਟਾਫ਼ ਇਹ ਯਕੀਨੀ ਬਣਾਉਣ ਲਈ ਕੰਮ ਕਰਦਾ ਹੈ ਕਿ ਨੀਤੀਆਂ ਸ਼ਮੂਲੀਅਤ ਵਾਲੀਆਂ ਹੋਣ, ਅਤੇ ਇਹ ਯਕੀਨੀ ਬਣਾਉਣ ਲਈ ਨੀਤੀਆਂ ਦਾ ਨਿਯਮਿਤ ਤੌਰ 'ਤੇ ਮੁਲਾਂਕਣ ਕੀਤਾ ਜਾਂਦਾ ਹੈ ਕਿ ਉਹ ਸਿਟੀ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦੇ ਅਧਿਕਾਰਾਂ ਅਤੇ ਉਹਨਾਂ ਦੀਆਂ ਆਜ਼ਾਦੀਆਂ ਦਾ ਆਦਰ ਕਰਦੀਆਂ ਹੋਣ - ਭਾਵੇਂ ਉਹ ਫੁੱਲ-ਟਾਈਮ ਜਾਂ ਪਾਰਟ-ਟਾਈਮ ਮੁਲਾਜ਼ਮ ਹੋਣ ਜਾਂ ਕਾਨਟਰੈਕਟਰ ਦੇ ਮੁਲਾਜ਼ਮ ਹੋਣ

ਸਿਟੀ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ ਅਤੇ ਇਹ ਉਮੀਦ ਕਰਦਾ ਹੈ ਕਿ ਇਸਦੇ ਕਾਨਟਰੈਕਟਰ ਵੀ ਇਸਦੀ ਮਨੁੱਖੀ ਅਧਿਕਾਰ ਅਤੇ ਉਤਪੀੜਨ/ਵਿਤਕਰੇ ਵਿਰੋਧੀ ਨੀਤੀ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੀ ਪਾਲਣਾ ਕਰਦੇ ਹੋਣ।

ਸਿਟੀ ਨੇ ਦੱਸਿਆ ਕਿ ਉਸਨੇ ਆਪਣੇ 7 ਮੁਲਾਜ਼ਮਾਂ ਦੀ ਵਿਵਸਥਾ ਕੀਤੀ ਹੈ ਜਿਹਨਾਂ ਨੇ ਧਾਰਮਿਕ ਅਧਾਰ ‘ਤੇ ਛੋਟ ਦੀ ਅਰਜ਼ੀ ਦਿੱਤੀ ਸੀ, ਅਤੇ ਕਿਹਾ ਕਿ ਸਿਟੀ ਕਾਨਟਰੈਕਟਰਾਂ ਕੋਲੋਂ ਵੀ ਅਜਿਹੀ ਵਿਵਸਥਾ ਦੀ ਉਮੀਦ ਕਰਦਾ ਹੈ।

ਬਲਪ੍ਰੀਤ ਸਿੰਘ ਨੇ ਕਿਹਾ ਕਿ ਜੇ ਨਿਯਮਾਂ ਵਿਚ ਤਬਦੀਲੀ ਨਾ ਕੀਤੀ ਗਈ ਤਾਂ ਉਹ ਕਾਨੂੰਨੀ ਰਸਤਾ ਇਖ਼ਤਿਆਰ ਕਰਨ ‘ਤੇ ਵੀ ਵਿਚਾਰ ਕਰਨਗੇ।

ਉਹਨਾਂ ਕਿਹਾ, ਇਹ ਸਪਸ਼ਟ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ

ਵੈਨੇਸਾ ਬੈਲਿਨਟੈਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ