- ਮੁੱਖ ਪੰਨਾ
- ਅਰਥ-ਵਿਵਸਥਾ
- ਕਾਰ ਉਦਯੋਗ
ਚਿੱਪ ਦੀ ਘਾਟ ਕਾਰਨ ਜੀਐਮ ਦੇ 95,000 ਵਾਹਨਾਂ ਦਾ ਮੁਕੰਮਲ ਨਿਰਮਾਣ ਵਿਚਾਲੇ ਲਟਕਿਆ
ਕੰਪਨੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ‘ਤੇ ਇਸਦਾ ਪ੍ਰਭਾਵ ਬਹੁਤ ਘੱਟ

ਜੀਐਮਸੀ ਡੀਲਰਸ਼ਿਪ ਵਿਚ ਖੜੇ ਇੱਕ ਟਰੱਕ 'ਤੇ ਲੱਗੇ ਜਨਰਲ ਮੋਟਰਜ਼ ਦੇ ਲੋਗੋ ਦੀ ਤਸਵੀਰ।
ਤਸਵੀਰ: (Matt Rourke/The Associated Press)
ਜਨਰਲ ਮੋਟਰਜ਼ ਦੇ ਅਜਿਹੇ 95,000 ਵਾਹਨ ਹਨ ਜੋ ਤਿਆਰ ਤਾਂ ਹੋ ਚੁੱਕੇ ਹਨ ਪਰ ਕੁਝ ਚਿੱਪਾਂ ਕਾਰਨ ਅਜੇ ਉਹ ਅਧੂਰੇ ਹੀ ਸਟੋਰੇਜ ਵਿਚ ਖੜੇ ਹਨ।
ਅਮਰੀਕਾ ਦੇ ਡੈਟਰੋਇਟ ਵਿਚ ਅਧਾਰਤ ਕੰਪਨੀ ਅਨੁਸਾਰ ਜ਼ਿਆਦਾਤਰ ਅਧੂਰੇ ਵਾਹਨ ਜੂਨ ਮਹੀਨੇ ਤਿਆਰ ਕੀਤੇ ਗਏ ਸਨ ਅਤੇ ਕੰਪਨੀ ਨੂੰ ਉਮੀਦ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਇਹ ਮੁਕੰਮਲ ਹੋ ਜਾਣਗੇ ਅਤੇ ਡੀਲਰਾਂ ਨੂੰ ਵੇਚੇ ਜਾ ਸਕਣਗੇ।
ਵੀਰਵਾਰ ਨੂੰ ਕੰਪਨੀ ਨੇ ਰੈਗੁਲੇਟਰੀ ਫ਼ਾਇਲਿੰਗ ਵਿਚ ਦੱਸਿਆ ਕਿ ਇਸ ਤਿਮਾਹੀ ਵਿਚ 582,000 ਵਾਹਨ ਵੇਚੇ ਗਏ ਹਨ ਜੋਕਿ ਪਿਛਲੇ ਇੱਕ ਸਾਲ ਦੀ ਤੁਲਨਾ ਵਿਚ 15 ਫ਼ੀਸਦੀ ਦੀ ਕਮੀ ਹੈ।
ਸੀਬੀਸੀ ਨੂੰ ਦਿੱਤੇ ਇੱਕ ਬਿਆਨ ਵਿਚ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਬਾਅਦ ਵਿਚ ਮੁਕੰਮਲ ਹੋਣ ਵਾਲੇ ਵਾਹਨਾਂ ਦਾ ਬਹੁਤ ਥੋੜਾ ਹਿੱਸਾ ਹੀ ਕੈਨੇਡੀਅਨ ਡੀਲਰਾਂ ਲਈ ਰਾਖਵਾਂ ਕੀਤਾ ਗਿਆ ਸੀ।
ਕੰਪਨੀ ਨੂੰ ਉਮੀਦ ਹੈ ਕਿ ਸਾਲ ਦੀ ਨੈੱਟ ਆਮਦਨ 9.6 ਬਿਲੀਅਨ ਤੋਂ 11.2 ਬਿਲੀਅਨ ਡਾਲਰ ਦੇ ਦਰਮਿਆਨ ਹੋਵੇਗੀ ਅਤੇ ਕੁਲ ਆਮਦਨ 13 ਬਿਲੀਅਨ ਤੋਂ 15 ਬਿਲੀਅਨ ਡਾਲਰ ਦੇ ਦਰਮਿਆਨ ਹੋਵੇਗੀ। ਸਾਲ ਦੀ ਦੂਸਰੀ ਤਿਮਾਹੀ ਦੌਰਾਨ 2.3 ਬਿਲੀਅਨ ਤੋਂ 2.6 ਬਿਲੀਅਨ ਡਾਲਰ ਦੇ ਦਰਮਿਆਨ ਆਮਦਨ ਹੋਣ ਦਾ ਅਨੁਮਾਨ ਹੈ ਜੋਕਿ ਵਿਸ਼ਲੇਸ਼ਕਾਂ ਦੇ 3.97 ਬਿਲੀਅਨ ਦੇ ਅਨੁਮਾਨ ਨਾਲੋਂ ਕਿਤੇ ਘੱਟ ਹੈ।
ਸਾਲ 2020 ਤੋਂ ਬਾਅਦ ਦੁਨੀਆ ਭਰ ਵਿਚ ਕੰਪਿਊਟਰ ਚਿੱਪਾਂ ਅਤੇ ਹੋਰ ਪਾਰਟਸ ਦੀ ਕਮੀ ਨੇ ਕਾਰ ਨਿਰਮਾਤਾ ਕੰਪਨੀਆਂ ਨੂੰ ਖ਼ਾਸਾ ਪ੍ਰਭਾਵਿਤ ਕੀਤਾ ਹੈ। ਕਈ ਕਾਰ ਫ਼ੈਕਟਰੀਆਂ ਤਾਂ ਆਰਜ਼ੀ ਤੌਰ ‘ਤੇ ਬੰਦ ਵੀ ਕਰਨੀ ਪਈਆਂ ਹਨ।
ਚਿੱਪਾਂ ਦੀ ਘਾਟ ਕਰਕੇ ਕਾਰਾਂ ਦੀ ਉਪਲਬਧਤਾ ਘਟ ਗਈ ਹੈ ਜਿਸ ਕਰਕੇ ਨਵੀਆਂ ਦੇ ਨਾਲ ਨਾਲ ਪੁਰਾਣੀਆਂ ਕਾਰਾਂ ਤੱਕ ਦੀਆਂ ਕੀਮਤਾਂ ਅਸਮਾਨ ਛੂਹੰਦੀਆਂ ਨਜ਼ਰੀਂ ਪੈ ਰਹੀਆਂ ਹਨ।
ਜ਼ਿਆਦਾਤਰ ਆਟੋ ਨਿਰਮਾਤਾਵਾਂ ਨੇ ਉਮੀਦ ਜਤਾਈ ਹੈ ਕਿ ਇਸ ਸਾਲ ਦੇ ਜੁਲਾਈ ਤੋਂ ਦਸੰਬਰ ਦੇ ਹਿੱਸੇ ਦੌਰਾਨ ਚਿੱਪਾਂ ਦੀ ਸਪਲਾਈ ਬਿਹਤਰ ਹੋ ਜਾਵੇਗੀ।
ਦ ਅਸੋਸੀਏਟੇਡ ਪ੍ਰੈੱਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ