1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪ੍ਰਧਾਨ ਮੰਤਰੀ ਦਾ ਕੈਨੇਡਾ ਡੇ ਸੰਦੇਸ਼: ਕੈਨੇਡੀਅਨ ਝੰਡਾ ਇੱਕ ਬਿਹਤਰ ਜੀਵਨ ਦੇ ਵਾਅਦੇ ਦਾ ਪ੍ਰਤੀਕ

ਟ੍ਰੂਡੋ ਨੇ ਦੇਸ਼ ਵਾਸੀਆਂ ਨੂੰ ਆਦਰ, ਉਮੀਦ ਅਤੇ ਦਿਆਲਤਾ ਸਮੇਤ ਦੇਸ਼ ਦੀਆਂ ਕਦਰਾਂ-ਕੀਮਤਾਂ ਪ੍ਰਤੀ ਮੁੜ ਵਚਨਬੱਧਤਾ ਦਾ ਸੱਦਾ ਦਿੱਤਾ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ 1 ਜੁਲਾਈ 2022 ਨੂੰ ਆਪਣਾ ਕੈਨੇਡਾ ਡੇ ਸੰਦੇਸ਼ ਦਿੰਦੇ ਹੋਏ।

ਤਸਵੀਰ:  CBC / Richard Raycraft

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਆਪਣੇ ਕੈਨੇਡਾ ਡੇ ਸੰਦੇਸ਼ ਵਿਚ ਮੁਲਕ ਵਿਚ ਇਕਜੁੱਟਤਾ ਦੀ ਭਾਵਨਾ ਦੀ ਅਹਿਮੀਅਤ ਅਤੇ ਹਮਦਰਦੀ ਤੇ ਉਮੀਦ ਨਾਲ ਭਰਪੂਰ ਕੈਨੇਡੀਅਨ ਕਦਰਾਂ ਕੀਮਤਾਂ ਦਾ ਜ਼ਿਕਰ ਕੀਤਾ।

ਕੈਨੇਡਾ ਦੀ 155ਵੀਂ ਵਰ੍ਹੇਗੰਢ ਦੇ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਨੂੰ ਕੈਨੇਡੀਅਨ ਕਦਰਾਂ ਕੀਮਤਾਂ ਨੂੰ ਯਾਦ ਕਰਨ ਅਤੇ ਅਪਨਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਕੈਨੇਡਾ ਦਾ ਝੰਡਾ ਸਿਰਫ਼ ਇੱਕ ਚਿੰਨ੍ਹ ਨਹੀਂ ਹੈ।

ਇਹ ਇੱਕ ਵਾਅਦਾ ਹੈ - ਮੌਕੇ ਪ੍ਰਦਾਨ ਕਰਨ ਦਾ ਵਾਅਦਾ, ਜੰਗ ਅਤੇ ਹਿੰਸਾ ਕਰਕੇ ਹਿਜਰਤ ਕਰ ਰਹੇ ਲੋਕਾਂ ਨੂੰ ਸੁਰੱਖਿਆ ਦਾ ਵਾਅਦਾ ਅਤੇ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਵਾਅਦਾ।
ਵੱਲੋਂ ਇੱਕ ਕਥਨ ਜਸਟਿਨ ਟ੍ਰੂਡੋ

ਕੋਵਿਡ ਮਹਾਂਮਾਰੀ ਕਰਕੇ ਦੋ ਸਾਲ ਬਾਅਦ ਇਨ-ਪਰਸਨ ਕੈਨੇਡਾ ਡੇ ਸਮਾਗਮ ਆਯੋਜਿਤ ਕੀਤੇ ਗਏ ਹਨ। ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚੋਂ ਲੋਕ ਕੈਨੇਡਾ ਡੇ ਦੇ ਵਿਸ਼ਾਲ ਸਮਾਗਮ ਵਿਚ ਹਿੱਸਾ ਲੈਣ ਔਟਵਾ ਪਹੁੰਚੇ ਹਨ।

ਕੈਨੇਡਾ ਡੇ ਸਮਾਗਮਾਂ ਦੇ ਮੱਦੇਨਜ਼ਰ ਔਟਵਾ ਵਿਚ ਭਾਰੀ ਪੁਲਿਸ ਅਤੇ ਸੁਰੱਖਿਆ ਬੰਦੋਬਸਤ ਕੀਤਾ ਗਿਆ ਹੈ। ਲੇਬ੍ਰੈਟਨ ਪਾਰਕ, ਜਿੱਥੇ ਮੁਖ ਸਮਾਗਮ ਆਯੋਜਿਤ ਹੋਣਾ ਹੈ, ਵਿੱਖੇ ਆਉਣ ਜਾਣ ਵਾਲਿਆਂ ਦੇ ਬੈਗਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਅਤੇ ਥਾਂ ਥਾਂ ‘ਤੇ ਮੈਟਲ ਡਿਟੈਕਟਰ ਵੀ ਲਗਾਏ ਗਏ ਹਨ।

ਆਪਣੇ ਸੰਦੇਸ਼ ਵਿਚ ਪ੍ਰਧਾਨ ਮੰਤਰੀ ਟ੍ਰੂਡੋ ਨੇ ਕਿਹਾ ਕਿ ਕਰੀਬ 38 ਮਿਲੀਅਨ ਆਬਾਦੀ ਵਾਲੇ ਇਸ ਮੁਲਕ ਵਿਚ ਰਹਿੰਦੇ ਲੋਕਾਂ ਵਿਚਲੀ ਵਿਭਿੰਨਤਾ ਅਤੇ ਵੰਨ-ਸੁਵੰਨਤਾ ਹੀ ਕੈਨੇਡਾ ਦੀ ਤਾਕਤ ਹੈ। 

ਪ੍ਰਧਾਨ ਮੰਤਰੀ ਨੇ ਕੈਨੇਡੀਅਨ ਇਤਿਹਾਸ ਵਿਚ ਮੂਲਨਿਵਾਸੀ ਭਾਈਚਾਰੇ ਨਾਲ ਹੋਈਆਂ ਵਧੀਕੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਅਤੀਤ ਨੂੰ ਨਹੀਂ ਬਦਲ ਸਕਦੇ ਪਰ ਇੱਕ ਚੰਗੇ ਭਵਿੱਖ ਦੇ ਨਿਰਮਾਣ ਲਈ ਕੰਮ ਕਰ ਸਕਦੇ ਹਾਂ।

ਦੇਖੋ। ਗਵਰਨਰ ਜਨਰਲ ਮੈਰੀ ਸਾਈਮਨ ਦਾ ਕੇਨੇਡਾ ਡੇ ਸੰਦੇਸ਼:

ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਵੀ ਆਪਣਾ ਕੈਨੇਡਾ ਡੇ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਹਨਾਂ ਨੇ ਕੈਨੇਡੀਅਨਜ਼ ਨੂੰ ਇੱਕ ਵਧੇਰੇ ਸ਼ਮੂਲੀਅਤ ਵਾਲਾ ਸਮਾਜ ਸਿਰਜਣ ਲਈ ਯਤਨਸ਼ੀਲ ਹੋਣ ਦੀ ਤਾਕੀਦ ਕੀਤੀ।

ਉਹਨਾਂ ਨੇ ਲੋਕਾ ਨੂੰ ਮੂਲਨਿਵਾਸੀ ਲੋਕਾਂ ਬਾਰੇ ਜਾਣਨ, ਸਿੱਖਣ ਅਤੇ ਉਹਨਾਂ ਨਾਲ ਹਮਦਰਦੀ ਰੱਖਣ ਦੀ ਅਪੀਲ ਕੀਤੀ ਕਿਉਂਕਿ ਅਸੀਂ ਉਹਨਾਂ ਦੀ ਹੀ ਸਰਜ਼ਮੀਨ ‘ਤੇ ਰਹਿੰਦੇ ਹਾਂ।

ਮੇਰੀ ਵੂਲਫ਼ - ਦ ਕੈਨੇਡੀਅਨ ਪ੍ਰੈੱਸ
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ