1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ੍ਰੀਡਮ ਰੈਲੀ ਨਾਲ ਜੁੜੇ ਪ੍ਰਦਰਸ਼ਨਕਾਰੀ ਕੈਨੇਡਾ ਡੇ ਲਈ ਔਟਵਾ ਪਹੁੰਚੇ

ਇੱਕ ਆਯੋਜਕ ਨੇ ਕਿਹਾ, ‘ਅਸੀਂ ਤੁਹਾਡੇ ਸ਼ਹਿਰ ‘ਤੇ ਕਾਬਜ਼ ਹੋਣ ਨ੍ਹੀਂ ਆਏ’

ਜੇਮਜ਼ ਟੌਪ ਦੇ 30 ਜੂਨ 2022 ਨੂੰ ਔਟਵਾ ਦੇ ਨੈਸ਼ਨਲ ਵੌਰ ਮੈਮੋਰੀਅਲ ਵਿਚ ਪਹੁੰਚਣ ਤੋਂ ਬਾਅਦ ਮੈਮੋਰੀਅਲ ਵਿਚ ਪਹੁੰਚੀ ਭੀੜ ਦਾ ਦ੍ਰਿਸ਼।

ਲਾਜ਼ਮੀ ਵੈਕਸੀਨ ਦੇ ਵਿਰੋਧ ਵਿਚ ਕੈਨੇਡਾ ਦਾ ਸਫ਼ਰ ਕਰਨ ਵਾਲੇ ਜੇਮਜ਼ ਟੌਪ ਦੇ 30 ਜੂਨ 2022 ਨੂੰ ਔਟਵਾ ਦੇ ਨੈਸ਼ਨਲ ਵੌਰ ਮੈਮੋਰੀਅਲ ਵਿਚ ਪਹੁੰਚਣ ਤੋਂ ਬਾਅਦ ਮੈਮੋਰੀਅਲ ਵਿਚ ਪਹੁੰਚੀ ਭੀੜ ਦਾ ਦ੍ਰਿਸ਼।

ਤਸਵੀਰ: Radio-Canada / Frédéric Pepin

RCI

ਇਸ ਸਾਲ ਦੀ ਸ਼ੁਰੂਆਤ ਵਿਚ ਹੋਏ ਫ਼੍ਰੀਡਮ ਮੁਜ਼ਾਹਰਿਆਂ ਅਤੇ ਰੋਲਿੰਗ ਥੰਡਰ ਕਾਫ਼ਲੇ ਨਾਲ ਜੁੜੇ ਬਹੁਤ ਸਾਰੇ ਪ੍ਰਦਰਸ਼ਨਕਾਰੀ ਕੈਨੇਡਾ ਡੇ ਦੇ ਮੌਕੇ ਔਟਵਾ ਵਿਚ ਵਾਪਸ ਆ ਗਏ ਹਨ।

ਲਾਜ਼ਮੀ ਵੈਕਸੀਨੇਸ਼ਨ ਦੇ ਵਿਰੋਧ ਵਿਚ ਕੈਨੇਡਾ ਭਰ ਦਾ ਸਫ਼ਰ ਕਰਕੇ ਵੀਰਵਾਰ ਨੂੰ ਸਾਬਕਾ ਫ਼ੌਜੀ ਅਫ਼ਸਰ ਜੇਮਜ਼ ਟੌਪ ਔਟਵਾ ਪਹੁੰਚ ਗਿਆ ਹੈ। ਉਸਦਾ ਇਹ ਸਫ਼ਰ ਔਟਵਾ ਦੇ ਨੈਸ਼ਨਲ ਵੌਰ ਮੈਮੌਰੀਅਲ ਪਹੁੰਚ ਕੇ ਸਮਾਪਤ ਹੋਇਆ।

ਜੇਮਜ਼ ਦੇ ਸਫ਼ਰ ਦੇ ਅਖ਼ੀਰਲੇ ਪੜਾਅ ਦੇ ਇੱਕ ਹਿੱਸੇ ਵਿਚ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਪੀਅਰ ਪੌਲੀਐਵ (ਨਵੀਂ ਵਿੰਡੋ) ਵੀ ਉਸ ਨਾਲ ਸ਼ਾਮਲ ਹੋਏ।

ਔਟਵਾ ਪੁਲਿਸ ਨੇ ਦੱਸਿਆ ਕਿ ਵੌਰ ਮੈਮੋਰੀਅਲ ਵਿਚ ਹੋਏ ਸ਼ਾਮ ਦੇ ਭਾਸ਼ਣਾਂ ਤੋਂ ਬਾਅਦ ਉਹਨਾਂ ਨੇ 4 ਗ੍ਰਿਫ਼ਤਾਰੀਆਂ (ਨਵੀਂ ਵਿੰਡੋ) ਕੀਤੀਆਂ ਹਨ, ਜਿਸ ਵਿਚ ਪੁਲਿਸ ਕਰਮੀਆਂ ਤੇ ਹਮਲਾ ਕਰਨ ਦਾ ਮਾਮਲਾ ਵੀ ਸ਼ਾਮਲ ਹੈ। ਪੁਲਿਸ ਵੱਲੋਂ ਜਾਂਚ ਜਾਰੀ ਹੈ।

ਜੇਮਜ਼ ਟੌਪ

ਸਾਬਕਾ ਫ਼ੌਜੀ ਜੇਮਜ਼ ਟੌਪ ਵੀਰਵਾਰ ਨੂੰ ਔਟਵਾ ਪਹੁੰਚ ਗਿਆ ਹੈ। ਲਾਜ਼ਮੀ ਵੈਕਸੀਨੇਸ਼ਨ ਦੇ ਵਿਰੋਧ ਵਿਚ ਉਸਨੇ ਪੈਦਲ ਕੈਨੇਡਾ ਦਾ ਸਫ਼ਰ ਕੀਤਾ ਹੈ।

ਤਸਵੀਰ: Radio-Canada / Jean Delisle

ਮਾਰਚ ਅਤੇ ਡਾਂਸ ਪਾਰਟੀ ਦੀ ਯੋਜਨਾ

ਆਯੋਜਕਾਂ ਵੱਲੋਂ ਇੱਕ ਫ਼੍ਰੀਡਮ ਮਿਊਜ਼ਿਕ ਕਨਸਰਟ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਫ਼੍ਰੀਡਮ ਰੈਲੀ ਦੌਰਾਨ ਪਾਰਲੀਮੈਂਟ ਹਿੱਲ ਦੇ ਸਾਹਮਣੇ ਲੱਗੇ ਸਟੇਜ ‘ਤੇ ਪਰਫ਼ੌਰਮ ਕਰਨ ਕਰਕੇ ਮਸ਼ਹੂਰ ਹੋਏ ਕਲਾਕਾਰ ਹਿੱਸਾ ਲੈਣਗੇ।

ਆਯੋਜਕਾਂ ਵੱਲੋਂ ਪਾਰਲੀਮੈਂਟ ਹਿੱਲ ਤੱਕ ਮਾਰਚ ਕਰਕੇ ਉੱਥੇ ਪਹੁੰਚ ਕੇ ਡਾਂਸ ਪਾਰਟੀ ਕਰਨ ਦੀ ਵੀ ਯੋਜਨਾ ਉਲੀਕੀ ਗਈ ਹੈ।

ਕੈਨੇਡਾ ਡੇ ਦੇ ਬਹੁਤ ਸਾਰੇ ਆਯੋਜਨਾਂ ਲਈ ਵੈਟਰਨਜ਼ 4 ਫ਼੍ਰੀਡਮ (ਨਵੀਂ ਵਿੰਡੋ) ਸਮਰਥਨ ਦੇ ਰਿਹਾ ਹੈ। ਅਪ੍ਰੈਲ ਮਹੀਨੇ ਔਟਵਾ ਵਿਚ ਹੋਏ ਰੋਲਿੰਗ ਥੰਡਰ ਮੋਟਰਸਾਈਕਲ (ਨਵੀਂ ਵਿੰਡੋ) ਮੁਜ਼ਾਹਰਿਆਂ ਵਿਚ ਵੀ ਇਹੀ ਗਰੁੱਪ ਮੋਹਰੀ ਸੀ।

ਐਂਡਰੂ ਮੈਕਗਿਲਿਵਰੇ ਵੈਟਰਨਜ਼ 4 ਫ਼੍ਰੀਡਮ ਦਾ ਅਹਿਮ ਮੈਂਬਰ ਹੈ। ਉਸਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ, ਪਰ ਸਟੀਕ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਕਿ ਅਸਲ ਵਿਚ ਕਿੰਨੇ ਕੁ ਲੋਕ ਇਸ ਵਿਚ ਸ਼ਿਰਕਤ ਕਰਨਗੇ।

ਉਸ ਨੂੰ ਉਮੀਦ ਹੈ ਕਿ ਲਾਜ਼ਮੀ ਵੈਕਸੀਨੇਸ਼ਨ ਤੋਂ ਪ੍ਰਭਾਵਤ ਵੱਖੋ-ਵੱਖਰੇ ਕਾਮਿਆਂ ਦੇ ਸਮੂਹ ਸ਼ਾਮਲ ਹੋਣਗੇ। ਐਂਡਰੂ ਨੇ ਕਿਹਾ ਕਿ ਭਾਵੇਂ ਪੈਰਾਮੈਡਿਕਸ ਹੋਣ, ਪੋਸਟਲ ਵਰਕਰ ਹੋਣ, ਟੀਚਰ ਹੋਣ, ਪ੍ਰੋਫ਼ੈਸਰ ਹੋਣ ਜਾਂ ਹੋਰ ਕਈ ਕਿਸਮ ਦੇ ਪੇਸ਼ਿਆਂ ਵਿਚ ਕੰਮ ਕਰਨ ਵਾਲੇ ਵਰਕਰ ਹੋਣ, ਮੁਲਕ ਭਰ ਵਿਚ ਅਜਿਹੇ ਬਹੁਤ ਸਾਰੇ ਵਰਕਰ ਹਨ ਜੋ ਲਾਜ਼ਮੀ ਨਿਯਮਾਂ ਕਰਕੇ ਪ੍ਰਭਾਵਿਤ ਹੋਏ ਹਨ। 

ਪੁਲਿਸ ਨੇ ਕਿਹਾ ਕਿ ਜਾਇਜ਼ ਅਤੇ ਕਾਨੂੰਨੀ ਦਾਇਰੇ ਵਿਚ ਵਿਰੋਧ ਦੀ ਆਗਿਆ ਹੈ ਪਰ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਜਾਵੇਗਾ (ਨਵੀਂ ਵਿੰਡੋ), ਜਿਸ ਵਿਚ ਬਗ਼ੈਰ ਆਗਿਆ ਤੋਂ ਸਪੀਕਰ ਲਗਾਉਣਾ ਜਾਂ ਕੋਈ ਢਾਂਚਾ ਖੜਾ ਕਰਨਾ ਜਾਂ ਕਬਜ਼ਾ ਕਰਨ ਦੀਆਂ ਧਮਕੀਆਂ ਸ਼ਾਮਲ ਹਨ।

ਔਟਵਾ ਦੇ ਅੰਤਰਿਮ ਪੁਲਿਸ ਚੀਫ਼ ਸਟੀਵ ਬੈਲ ਨੇ ਕਿਹਾ, ਅਸੀਂ ਤਿਆਰ ਹਾਂ, ਸਾਡੇ ਕੋਲ ਯੋਜਨਾ ਹੈ ਅਤੇ ਸਾਡੇ ਕੋਲ ਸਰੋਤ ਹਨ

ਕਾਬੂ ਕਰਦੀ ਪੁਲਿਸ

ਔਟਵਾ ਪੁਲਿਸ ਨੇ ਦੱਸਿਆ ਕਿ ਵੌਰ ਮੈਮੋਰੀਅਲ ਵਿਚ ਹੋਏ ਸ਼ਾਮ ਦੇ ਭਾਸ਼ਣਾਂ ਤੋਂ ਬਾਅਦ ਉਹਨਾਂ ਨੇ 4 ਗ੍ਰਿਫ਼ਤਾਰੀਆਂ ਕੀਤੀਆਂ ਹਨ।

ਤਸਵੀਰ: CBC

‘ਅਸੀਂ ਸ਼ਹਿਰ ‘ਤੇ ਕਬਜ਼ਾ ਕਰਨ ਨਹੀਂ ਆਏ’

ਇਹ ਸਪਸ਼ਟ ਨਹੀਂ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਯੋਜਨਾਬੱਧ ਆਯੋਜਨਾਂ ਲਈ ਪਰਮਿਟ ਲਿਆ ਹੈ ਜਾਂ ਉਹਨਾਂ ਨੇ ਅਪਲਾਈ ਵੀ ਕੀਤਾ ਸੀ ਜਾਂ ਨਹੀਂ। ਐਂਡਰੂ ਨੇ ਦੱਸਿਆ ਕਿ ਉਹਨਾਂ ਦਾ ਗਰੁੱਪ ਪੁਲਿਸ ਨਾਲ ਸੰਪਰਕ ਵਿਚ ਹੈ ਅਤੇ ਇਸ ਗੱਲ ਤੋਂ ਜਾਣੂ ਹੈ ਕਿ ਉਹਨਾਂ ਉੱਪਰ ਕਾਫ਼ੀ ਦਬਾਅ ਹੈ।

ਐਂਡਰੂ ਨੇ ਕਿਹਾ, ਅਸੀਂ ਸ਼ਾਂਤਮਈ ਰਹਾਂਗੇ। ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ। ਪਰ ਜੇ ਪੁਲਿਸ ਪਾਰਲੀਮੈਂਟ ਹਿੱਲ ਵਿੱਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ‘ਤੇ ਵੀ ਸਾਡੇ ‘ਤੇ ਸ਼ਿਕੰਜਾ ਕੱਸਦੀ ਹੈ ਤਾਂ ਫ਼ਿਰ ਅਸੀਂ ਕੁਝ ਨਹੀਂ ਕਰ ਸਕਦੇ। ਸਾਨੂੰ ਫ਼ਿਰ ਉਸ ਸਮੇਂ ਇਸ ਨਾਲ ਨਜਿੱਠਣਾ ਪਵੇਗਾ

ਐੈਂਡਰੂ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਵੀ ਕੈਨੇਡੀਅਨ ਹਨ ਅਤੇ ਉਹ ਕੈਨੇਡਾ ਡੇ ਮਨਾਉਣਗੇ। ਉਹਨਾਂ ਕਿਹਾ, ਅਸੀਂ ਤੁਹਾਡੇ ਸ਼ਹਿਰ ‘ਤੇ ਕਬਜ਼ਾ ਕਰਨ ਨਹੀਂ ਆਏ, ਬਸ ਤੁਸੀਂ ਸਾਡੇ ਦੇਸ਼ ਦੀ ਰਾਜਧਾਨੀ ਵਿਚ ਰਹਿੰਦੇ ਹੋ

ਵੈਟਰਨਜ਼ 4 ਫ਼੍ਰੀਡਮ ਵਾਂਗ ਕੈਨੇਡੀਅਨ ਸਿਟੀਜ਼ਨਜ਼ ਕੋਅਲੀਸ਼ਨ ਵਰਗੇ, ਸਰਕਾਰ ਨਾਲ ਸ਼ਿਕਵੇ ਰੱਖਣ ਵਾਲੇ, ਕਈ ਹੋਰ ਗਰੁੱਪ ਵੀ ਔਟਵਾ ਵਿਚ ਕੈਨੇਡਾ ਡੇ ਸਮਾਗਮਾਂ ਵਿਚ ਸ਼ਾਮਲ ਹੋ ਰਹੇ ਹਨ।

ਵੈਟਰਨਜ਼ 4 ਫ਼੍ਰੀਡਮ ਗਰੁੱਪ ਦੀ ਮੁੱਖ ਕਮੇਟੀ ਵਿਚ ਟੌਮ ਮਾਰੈਜ਼ੋ ਵੀ ਸ਼ਾਮਲ ਹੈ। ਇਹ ਉਹੀ ਸ਼ਖ਼ਸ ਹੈ ਜਿਸਨੂੰ ਟਰੱਕਾਂ ਦੇ ਕਾਫ਼ਲੇ ਵਾਲੇ ਪ੍ਰਦਰਸ਼ਨਾਂ ਦੌਰਾਨ ਕਾਫ਼ੀ ਪ੍ਰਸਿੱਧੀ ਮਿਲੀ ਸੀ।

ਕੈਨੇਡਾ ਡੇ ਇਵੈਂਟਸ ਵਿਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਸਮੂਹ ਉਹ ਹਨ ਜਿਹੜੇ ਸਰਦੀਆਂ ਦੌਰਾਨ ਡਾਊਨਟਾਊਨ ਔਟਵਾ ਵਿਚ ਹੋਏ ਜ਼ਬਰਦਸਤ ਮੁਜ਼ਾਹਰਿਆਂ ਵਿਚ ਸ਼ਾਮਲ ਸਨ।

ਕੈਨੇਡਾ ਡੇ ਇਵੈਂਟਸ ਵਿਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਸਮੂਹ ਉਹ ਹਨ ਜਿਹੜੇ ਸਰਦੀਆਂ ਦੌਰਾਨ ਡਾਊਨਟਾਊਨ ਔਟਵਾ ਵਿਚ ਹੋਏ ਜ਼ਬਰਦਸਤ ਮੁਜ਼ਾਹਰਿਆਂ ਵਿਚ ਸ਼ਾਮਲ ਸਨ।

ਤਸਵੀਰ: (Ivanoh Demers/Radio-Canada)

ਫ਼੍ਰੀਡਮ ਰੈਲੀ ਨੂੰ ਆਯੋਜਿਤ ਕਰਨ ਵਿਚ ਅਹਿਮ ਕਿਰਦਾਰ ਨਿਭਾਉਣ ਵਾਲਾ ਡੇਨੀਅਲ ਬੁਲਫ਼ੋਰਡ ਵੀ ਜੇਮਜ਼ ਟੌਪ ਦੇ ਸਫ਼ਰ ਦੀ ਸਮਾਪਤੀ ਵੇਲੇ ਮੌਜੂਦ ਸੀ।

ਬੁਲਫ਼ੋਰਡ ਇੱਕ ਸਾਬਕਾ ਆਰਸੀਐਮਪੀ ਅਫ਼ਸਰ ਹੈ। ਕੋਵਿਡ ਵੈਕਸੀਨ ਤੋਂ ਇਨਕਾਰੀ ਹੋਕੇ ਬੁਲਫ਼ੋਰਡ ਨੇ ਨੌਕਰੀ ਛੱਡ ਦਿੱਤੀ ਸੀ। ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਵਿਚ ਉਸਦੀ ਤੈਨਾਤੀ ਸੀ। ਫ਼੍ਰੀਡਮ ਕਾਫ਼ਲੇ ਦਾ ਉਹ ਸੁਰੱਖਿਆ ਮੁਖੀ ਸੀ ਅਤੇ ਉਸਨੇ ਆਪਣੇ ਪੁਲਿਸ ਏਜੰਸੀਆਂ ਨਾਲ ਮਜ਼ਬੂਤ ਰਿਸ਼ਤੇ ਹੋਣ ਦੇ ਵੀ ਦਾਅਵੇ ਕੀਤੇ ਸਨ।

ਡੇਵਿਡ ਫ਼੍ਰੇਜ਼ਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ