1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਵਿਚ ਛੇ ਮਹੀਨੇ ਲਈ ਗੈਸ ਤੇ ਫ਼ਿਊਲ ਟੈਕਸ ‘ਚ ਕਟੌਤੀ ਲਾਗੂ

ਜੇ ਮਹਿੰਗਾਈ ਬਰਕਰਾਰ ਰਹੀ ਤਾਂ ਮਿਆਦ ‘ਚ ਵਾਧੇ ਤੇ ਵੀ ਹੋਵੇਗਾ ਵਿਚਾਰ: ਫ਼ੋਰਡ

ਗੈਸ ਭਰਦਾ ਸ਼ਖ਼ਸ

ਓਨਟੇਰਿਓ ਵਿਚ ਗੈਸ ਅਤੇ ਫ਼ਿਊਲ ਟੈਕਸ ਵਿਚ ਛੇ ਮਹੀਨਿਆਂ ਲਈ ਕੀਤੀ ਕਟੌਤੀ 1 ਜੁਲਾਈ ਤੋਂ ਲਾਗੂ ਹੋ ਗਈ ਹੈ।

ਤਸਵੀਰ: (Christopher Katsarov/The Canadian Press)

RCI

ਓਨਟੇਰਿਓ ਵਿਚ ਸੋਮਵਾਰ, 1 ਜੁਲਾਈ ਤੋਂ ਗੈਸ ਟੈਕਸ ਵਿਚ 5.7 ਸੈਂਟਸ ਪ੍ਰਤੀ ਲੀਟਰ ਦੀ ਕਟੌਤੀ ਲਾਗੂ ਹੋ ਗਈ ਹੈ।

ਇਸ ਸਪਰਿੰਗ ਸੀਜ਼ਨ ਵਿਚ ਪਾਸ ਹੋਏ ਕਾਨੂੰਨ ਤਹਿਤ ਫ਼ਿਊਲ ਟੈਕਸ, ਜੋਕਿ ਡੀਜ਼ਲ ‘ਤੇ ਲਾਗੂ ਹੁੰਦਾ ਹੈ,  ਵਿਚ 5.3 ਸੈਂਟਸ ਪ੍ਰਤੀ ਲੀਟਰ ਦੀ ਕਟੌਤੀ ਹੋਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਇਸ ਉਪਾਅ ਨਾਲ ਸਰਕਾਰ ਨੂੰ 645 ਮਿਲੀਅਨ ਡਾਲਰ ਦਾ ਖ਼ਰਚ ਆਵੇਗਾ।

ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ 31 ਦਸੰਬਰ ਤੋਂ ਬਾਅਦ ਵੀ ਜੇ ਵੱਧ ਮਹਿੰਗਾਈ ਬਰਕਰਾਰ ਰਹਿੰਦੀ ਹੈ ਤਾਂ ਛੇ ਮਹੀਨੇ ਦੀ ਇਸ ਟੈਕਸ ਕਟੌਤੀ ਦੀ ਮਿਆਦ ਨੂੰ ਵਧਾਉਣ ‘ਤੇ ਵਿਚਾਰ ਕੀਤਾ ਜਾਵੇਗਾ।

ਗ਼ੌਰਤਲਬ ਹੈ ਕਿ ਇਹ ਕਟੌਤੀ ਅਜਿਹੇ ਸਮੇਂ ਵਿਚ ਲਾਗੂ ਹੋ ਰਹੀ ਹੈ ਜਦੋਂ ਗੈਸ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਓਨਟੇਰਿਓ ਵਿਚ ਗੈਸ ਕੀਮਤਾਂ ਇਸ ਸਮੇਂ 2 ਡਾਲਰ ਪ੍ਰਤੀ ਲੀਟਰ ਦੇ ਆਸ-ਪਾਸ ਹਨ।

ਇਸ ਉਪਾਅ ਨਾਲ ਓਂਨਟੇਰਿਓ ਵਾਸੀਆਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ, ਪਰ ਮਾਹਰ ਕਹਿ ਚੁੱਕੇ ਹਨ ਕਿ ਬਾਹਰੀ ਕਾਰਕਾਂ ਕਰਕੇ ਟੈਕਸ ਕਟੌਤੀ ਦੇ ਪ੍ਰਭਾਵ ਵਿਚ ਉਤਰਾਅ−ਚੜ੍ਹਾਅ ਆ ਸਕਦੇ ਹਨ।

ਦ ਕੈਨੇਡੀਅਨ ਪ੍ਰੈੱਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ