1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੋਵਿਡ-19 ਦੀ ਇੱਕ ਹੋਰ ਵੇਵ ਦਾ ਡਰ, ਫ਼ੈਡਰਲ ਸਰਕਾਰ ਨੇ ਲੋਕਾਂ ਨੂੰ ਕੀਤੀ ਬੂਸਟਰ ਡੋਜ਼ ਲੈਣ ਦੀ ਅਪੀਲ

ਮੁੱਢਲੀਆਂ ਦੋ ਵੈਕਸੀਨ ਡੋਜ਼ਾਂ ਕਾਫ਼ੀ ਨਹੀਂ: ਡਾ ਟੈਮ

ਸਿਹਤ ਮੰਤਰੀ ਯੌਂ-ਈਵ ਡਿਉਕਲੋ (ਸੱਜੇ) ਅਤੇ ਚੀਫ਼ ਪਬਲਿਕ ਹੈਲਥ ਅਫ਼ਸਰ ਡਾ ਟ੍ਰੀਜ਼ਾ ਟੈਮ

ਸਿਹਤ ਮੰਤਰੀ ਯੌਂ-ਈਵ ਡਿਉਕਲੋ (ਸੱਜੇ) ਅਤੇ ਚੀਫ਼ ਪਬਲਿਕ ਹੈਲਥ ਅਫ਼ਸਰ ਡਾ ਟ੍ਰੀਜ਼ਾ ਟੈਮ ਨੇ ਕੈਨੇਡੀਅਨਜ਼ ਨੂੰ ਕੋਵਿਡ ਦੀ ਬੂਸਟਰ ਡੋਜ਼ ਲੈਣ ਦੀ ਅਪੀਲ ਕੀਤੀ ਹੈ।

ਤਸਵੀਰ: La Presse canadienne / Justin Tang

RCI

ਆਉਂਦੇ ਕੁਝ ਹਫ਼ਤਿਆਂ ਦੌਰਾਨ ਓਮੀਕਰੌਨ ਵੇਰੀਐਂਟਸ ਦੀ ਪਕੜ ਮਜ਼ਬੂਤ ਹੋਣ ਦੇ ਖ਼ਦਸ਼ਿਆਂ ਦੇ ਚਲਦਿਆਂ, ਕੈਨੇਡਾ ਦੇ ਸਿਹਤ ਮੰਤਰੀ ਯੌਂ ਈਵ ਡਿਉਕਲੋ ਅਤੇ ਚੀਫ਼ ਪਬਲਿਕ ਹੈਲਥ ਅਫ਼ਸਰ ਡਾ ਟ੍ਰੀਜ਼ਾ ਟੈਮ ਨੇ ਜਨਤਾ ਨੂੰ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਲੈਣ ਦੀ ਅਪੀਲ ਕੀਤੀ ਹੈ।

ਡਾ ਟੈਮ ਨੇ ਕਿਹਾ ਕਿ ਫ਼ਿਲਹਾਲ ਕੋਵਿਡ-19 ਕੇਸ ਸਥਿਰ ਹਨ ਪਰ ਜਾਂਦੀਆਂ ਗਰਮੀਆਂ ਯਾਨੀ ਫ਼ੌਲ ਸੀਜ਼ਨ ਦੀ ਆਮਦ ਸਾਹ ਦੇ ਵਾਇਰਸ ਦਾ ਮੌਸਮ ਹੁੰਦਾ ਹੈ, ਇਸ ਕਰਕੇ ਸਿਹਤ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਕੋਵਿਡ ਕੇਸਾਂ ਵਿਚ ਵੀ ਉਛਾਲ ਆ ਸਕਦਾ ਹੈ।

ਡਾ ਟੈਮ ਨੇ ਕਿਹਾ ਕਿ ਇਸ ਸੰਭਾਵੀ ਵੇਵ ਤੋਂ ਸੁਰੱਖਿਅਤ ਰਹਿਣ ਦਾ ਸਰਬੋਤਮ ਤਰੀਕਾ ਬੂਸਟਰ ਡੋਜ਼ ਹੈ।

ਉਹਨਾਂ ਕਿਹਾ ਕਿ ਵੈਕਸੀਨ ਦੀਆਂ ਮੁੱਢਲੀਆਂ ਖ਼ੁਰਾਕਾਂ ਲੋੜੀਂਦੀ ਸੁਰੱਖਿਆ ਪ੍ਰਦਾਨ ਨਹੀਂ ਕਰਦੀਆਂ ਅਤੇ ਸਾਰੇ ਬਾਲਗ਼ਾ ਅਤੇ ਵੱਧ-ਜੋਖਮ ਵਾਲੇ ਨੌਜਵਾਨਾਂ ਨੂੰ ਤੀਸਰੀ ਖ਼ੁਰਾਕ ਦੀ ਵੀ ਜ਼ਰੂਰਤ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਕੋਵਿਡ ਵੈਕਸੀਨ ਦੀਆਂ ਮੁੱਢਲੀਆਂ ਦੋ ਖ਼ੁਰਾਕਾਂ ਓਮੀਕਰੌਨ ਖ਼ਿਲਾਫ਼ ਨਾਮਾਤਰ ਸੁਰੱਖਿਆ ਪ੍ਰਦਾਨ ਕਰਦੀਆਂ ਹਨ। 

ਡਾ ਟੈਮ ਨੇ ਕਿਹਾ ਕਿ ਪਹਿਲੀਆਂ ਦੋ ਖ਼ੁਰਾਕਾਂ ਹਸਪਤਾਲ ਦਾਖ਼ਲੇ ਜਾਂ ਮੌਤ ਵਰਗੇ ਗੰਭੀਰ ਨਤੀਜਿਆਂ ਤੋਂ ਬਚਾ ਸਕਦੀਆਂ ਹਨ, ਪਰ ਸਮਾਂ ਬੀਤਣ ਨਾਲ ਇਹਨਾਂ ਦਾ ਅਸਰ ਘਟਣ ਲੱਗਦਾ ਹੈ, ਜਿਸ ਕਰਕੇ ਸਰੀਰਕ ਬਚਾਅ ਦੇ ਬਿਹਤਰ ਸਿਸਟਮ ਲਈ ਤੀਸਰੀ ਖ਼ੁਰਾਕ ਜ਼ਰੂਰੀ ਹੈ।

ਉਹਨਾਂ ਦੱਸਿਆ ਕਿ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਬੂਸਟਰ ਡੋਜ਼ ਨਾ ਪ੍ਰਾਪਤ ਕਰਨ ਵਾਲਿਆਂ ਦੀ ਤੁਲਨਾ ਵਿਚ, ਇਸਨੂੰ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਹਸਪਤਾਲ ਦਾਖ਼ਲ ਹੋਣ ਦੀ ਸੰਭਾਵਨਾ 5 ਗੁਣਾ ਘੱਟ ਸੀ ਅਤੇ ਮਰਨ ਦੀ ਸੰਭਾਵਨਾ 7 ਗੁਣਾ ਘੱਟ ਸੀ।

ਬੂਸਟਰ ਡੋਜ਼ ਕਵਰੇਜ ਵਿਚ ਕੈਨੇਡਾ ਕਈ ਦੇਸ਼ਾਂ ਤੋਂ ਪਿੱਛੇ

ਕੈਨੇਡਾ ਵਿਚ ਬੂਸਟਰ ਡੋਜ਼ ਲੈਣ ਵਾਲੇ ਲੋਕਾਂ ਦੀ ਤਾਦਾਦ ਹੋਰ ਵਿਕਸਿਤ ਮੁਲਕਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਦੋ ਡੋਜ਼ ਲੈ ਚੁੱਕੇ ਲੋਕਾਂ ਚੋਂ ਸਿਰਫ਼ 60 ਫ਼ੀਸਦੀ ਨੇ ਬੂਸਟਰ ਡੋਜ਼ ਪ੍ਰਾਪਤ ਕੀਤੀ ਹੈ, ਜਦਕਿ ਯੂ ਕੇ ਅਤੇ ਜਾਪਾਨ ਵਿਚ ਇਹ ਤਾਦਾਦ ਕਿਤੇ ਵੱਧ ਹੈ।

ਤੀਸਰੀ ਡੋਜ਼ ਦੇ ਮਾਮਲੇ ਵਿਚ ਅਸੀਂ ਜ਼ਿਆਦਾਤਰ ਜੀ-7 ਦੇਸ਼ਾਂ ਤੋਂ ਪਿੱਛੇ ਹਾਂ ਅਤੇ ਸਾਨੂੰ ਪਿੱਛੇ ਨਹੀਂ ਹੋਣਾ ਚਾਹੀਦਾ। ਅਸੀਂ ਦੋ ਡੋਜ਼ਾਂ ਦੇ ਮਾਮਲੇ ਵਿਚ ਬਾਕੀ ਸਾਰੇ ਦੇਸ਼ਾਂ ਤੋਂ ਅੱਗੇ ਰਹੇ ਹਾਂ। ਸਾਨੂੰ ਪਤਾ ਹੈ ਕਿ ਸਾਡੇ ਕੋਲ ਬਿਹਤਰ ਕਰਨ ਦੀ ਸਮਰੱਥਾ ਹੈ ਅਤੇ ਅਸੀਂ ਬਿਹਤਰ ਕਰਾਂਗੇ।
ਵੱਲੋਂ ਇੱਕ ਕਥਨ ਯੌਂ ਈਵ ਡਿਉਕਲੋ, ਸਿਹਤ ਮੰਤਰੀ, ਕੈਨੇਡਾ

ਡਿਉਕਲੋ ਨੇ ਕਿਹਾ ਕਿ ਵਾਇਰਸ ਦੀ ਤਰ੍ਹਾਂ ਇਮਿਊਨਿਟੀ ਵੀ ਬਦਲਦੀ ਹੈ ਅਤੇ ਜਿਹਨਾਂ ਲੋਕਾਂ ਨੇ ਪਿਛਲੀਆਂ ਗਰਮੀਆਂ ਵਿਚ ਵੈਕਸੀਨ ਪ੍ਰਾਪਤ ਕੀਤੀ ਸੀ, ਉਹਨਾਂ ਨੂੰ ਹੁਣ ਅਪਡੇਟ ਹੋਣ ਦੀ ਜ਼ਰੂਰਤ ਹੈ।

ਡਿਉਕਲੋ ਨੇ ਕਿਹਾ ਕਿ ਦੋ ਵੈਕਸੀਨ ਡੋਜ਼ਾਂ ਪ੍ਰਾਪਤ ਲੋਕਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟੇਡ ਨਹੀਂ ਮੰਨਿਆ ਜਾਵੇਗਾ ਪਰ ਉਹਨਾਂ ਇਸ ਬਾਰੇ ਟਿੱਪਣੀ ਨਹੀਂ ਕੀਤੀ ਕਿ ਲੋਕਾਂ ਨੂੰ ਤੀਸਰੀ ਡੋਜ਼ ਪ੍ਰਾਪਤ ਕਰਵਾਉਣ ਲਈ ਲਾਜ਼ਮੀ ਵੈਕਸੀਨੇਸ਼ਨ ਵਿਚ ਤਬਦੀਲੀ ਕੀਤੀ ਜਾਵੇਗੀ ਜਾਂ ਨਹੀਂ।

‘ਨਵੇਂ ਵੇਰੀਐਂਟ ਤੱਕ ਉਡੀਕ ਨਾ ਕਰੋ’

ਕੈਨੇਡਾ ਦੀ ਟੀਕਾਕਰਨ ਬਾਬਤ ਰਾਸ਼ਟਰੀ ਸਲਾਹਕਾਰ ਕਮੇਟੀ (NACI) ਨੇ ਵੀ ਸਾਰੇ ਬਾਲਗ਼ਾਂ ਨੂੰ ਕੋਵਿਡ ਦੀ ਬੂਸਟਰ ਡੋਜ਼ ਪ੍ਰਾਪਤ ਕਰਨ ਦੀ ਪੁਰਜ਼ੋਰ ਸਿਫ਼ਾਰਿਸ਼ ਕੀਤੀ ਹੈ।

ਕਮੇਟੀ ਮੁਤਾਬਕ ਕੋਵਿਡ ਪੌਜ਼ਿਟਿਵ ਆਉਣ ਵਾਲੇ ਵਿਅਕਤੀ ਨੂੰ ਬੂਸਟਰ ਡੋਜ਼ ਲਈ ਤਿੰਨ ਮਹੀਨੇ ਇੰਤਜ਼ਾਰ ਕਰਨਾ ਹੈ।

ਡਾ ਟੈਮ ਨੇ ਕਿਹਾ ਕਿ ਅਤੀਤ ਦਾ ਕੋਵਿਡ ਸੰਕ੍ਰਮਣ ਵਾਇਰਸ ਤੋਂ ਲੋੜੀਂਦੀ ਸੁਰੱਖਿਆ ਪ੍ਰਦਾਨ ਨਹੀਂ ਕਰਦਾ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਭਰਮ ਹੈ ਕਿ ਕੋਵਿਡ-19 ਇਨਫ਼ੈਕਸ਼ਨ ਅਤੇ ਵੈਕਸੀਨ ਦੀਆਂ ਦੋ ਖ਼ੁਰਾਕਾਂ ਉਹਨਾਂ ਦੀ ਸੁਰੱਖਿਆ ਲਈ ਕਾਫ਼ੀ ਹਨ।

ਉਹਨਾਂ ਕਿਹਾ ਕਿ ਲੋਕਾਂ ਨੂੰ ਓਮੀਕਰੌਨ ਦੇ ਕਿਸੇ ਵਿਸ਼ੇਸ਼ ਵੇਰੀਐਂਟ ਦੇ ਆਉਣ ਤੱਕ ਉਡੀਕ ਨਹੀਂ ਕਰਨੀ ਚਾਹੀਦੀ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ