1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਅਪ੍ਰੈਲ ਦੌਰਾਨ ਕੈਨੇਡੀਅਨ ਜੀਡੀਪੀ ‘ਚ 0.3 ਫ਼ੀਸਦੀ ਵਾਧਾ, ਪਰ ਮਈ ਵਿਚ ਗਿਰਾਵਟ ਦੇ ਅਸਾਰ

ਮਈ ਦੇ ਸ਼ੁਰੂਆਤੀ ਅਨੁਮਾਨਾਂ ਵਿਚ ਜੀਡੀਪੀ 0.2 ਫ਼ੀਸਦੀ ਸੁੰਘੜੀ

ਆਇਲਸੈਂਡਸ ਬੇਸ ਪਲਾਂਟ ਦੀ ਤਸਵੀਰ

ਐਲਬਰਟਾ ਦੇ ਫ਼ੋਰਟ ਮੈਕਮਰੇ ਵਿਚ ਸਨਕੋਰ ਦੇ ਆਇਲਸੈਂਡਸ (oilsands) ਬੇਸ ਪਲਾਂਟ ਦੀ ਤਸਵੀਰ। ਆਇਲਸੈਂਡ ਖੁਦਾਈ ਸੈਕਟਰ ਵਿਚ ਅਪ੍ਰੈਲ ਵਿਚ 5.6 % ਵਾਧਾ ਦਰਜ ਹੋਇਆ ਹੈ।

ਤਸਵੀਰ: (Jason Franson/The Canadian Press)

RCI

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡਾ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਵਿਚ ਅਪ੍ਰੈਲ ਮਹੀਨੇ ਵਿਚ 0.3 ਫ਼ੀਸਦੀ ਇਜ਼ਾਫ਼ਾ ਦਰਜ ਹੋਇਆ ਹੈ।

ਏਜੰਸੀ ਮੁਤਾਬਕ ਖਣਨ ਅਤੇ ਤੇਲ ਤੇ ਗੈਸ ਦੀ ਖੁਦਾਈ ਦੇ ਸੈਕਟਰ ਅਤੇ ਇਸ ਨਾਲ ਸਬੰਧਤ ਉਦਯੋਗ ਵਿਚ ਹੋਏ ਵਿਕਾਸ ਨੇ ਅਰਥਚਾਰੇ ਦੇ ਵਾਧੇ ਵਿਚ ਮੁੱਖ ਯੋਗਦਾਨ ਪਾਇਆ ਹੈ।

ਪਰ ਨਾਲ ਹੀ ਮਈ ਦੇ ਸ਼ੁਰੂਆਤੀ ਅਨੁਮਾਨ ਜੀਡੀਪੀ ਵਿਚ 0.2 ਫ਼ੀਸਦੀ ਦਾ ਨਿਘਾਰ ਦਿਖਾ ਰਹੇ ਹਨ। ਮਈ ਦੇ ਅਧਿਕਾਰਕ ਅੰਕੜੇ 29 ਜੁਲਾਈ ਨੂੰ ਜਾਰੀ ਹੋਣਗੇ।

ਬੀਐਮਓ ਦੇ ਮੁੱਖ ਅਰਥਸ਼ਾਸਤਰੀ ਡਗ ਪੋਰਟਰ ਨੇ ਕਿਹਾ ਕਿ ਜੇ ਮਈ ਮਹੀਨੇ ਆਰਥਿਕਤਾ ਵਿਚ ਨਿਘਾਰ ਦਰਜ ਹੁੰਦਾ ਹੈ ਤਾਂ ਇਹ ਇਸ ਸਾਲ ਦਾ ਦੂਸਰਾ ਮਹੀਨਾ ਹੋਵੇਗਾ ਜਦੋਂ ਜੀਡੀਪੀ ਸੁੰਘੜੇਗੀ। ਇਸ ਤੋਂ ਪਹਿਲਾਂ ਜਨਵਰੀ ਵਿਚ ਓਮੀਕਰੌਨ ਵੇਰੀਐਂਟ ਦੀਆਂ ਰੋਕਾਂ ਕਰਕੇ ਜੀਡੀਪੀ ਨੀਚੇ ਵੱਲ ਨੂੰ ਆਈ ਸੀ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਖਣਨ, ਪੱਥਰਾਂ ਦੀ ਖੁਦਾਈ ਅਤੇ ਤੇਲ ਤੇ ਗੈਸ ਦੀ ਖੁਦਾਈ ਦੇ ਸੈਕਟਰ ਵਿਚ 3.3 ਫ਼ੀਸਦੀ ਵਾਧਾ ਹੋਇਆ ਹੈ।

ਫ਼ੂਡ ਸਰਵਿਸ ਸੈਕਟਰ ਵਿਚ 4.6 ਫ਼ੀਸਦੀ ਵਿਕਾਸ ਦਰਜ ਹੋਇਆ। ਅਕੋਮੋਡੇਸ਼ਨ ਭਾਵ ਹੋਟਲ ਵਰਗੀਆਂ ਰਿਹਾਇਸ਼ੀ ਸੇਵਾਵਾਂ ਵਿਚ 7.2 ਫ਼ੀਸਦੀ ਵਿਕਾਸ ਦਰਜ ਹੋਇਆ।

ਕਲਾ ਅਤੇ ਮਨੋਰੰਜਨ ਸੈਕਟਰ ਵਿਚ 7.0 ਫ਼ੀਸਦੀ ਵਾਧਾ ਹੋਇਆ, ਪਰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਇਹ ਅਜੇ ਵੀ 12 ਫ਼ੀਸਦੀ ਹੇਠਾਂ ਹੈ।

ਰੀਅਲ ਅਸਟੇਟ ਵਿਚ ਧੀਮਾਪਣ

ਪੋਰਟਰ ਨੇ ਕਿਹਾ ਕਿ ਮਈ ਮਹੀਨੇ ਅਰਥਚਾਰੇ ਵਿਚ ਗਿਰਾਵਟ ਮੋਟੇ ਤੌਰ ‘ਤੇ ਵਸਤਾਂ-ਉਤਪਾਦਨ ਖੇਤਰ ਦੀ ਕਮਜ਼ੋਰੀ ਕਰਕੇ ਆਈ ਜਾਪਦੀ ਹੈ।

ਉਸਾਰੀ ਅਤੇ ਨਿਰਮਾਣ ਖੇਤਰ ਵਿਚ ਗਿਰਾਵਟ ਹੋਏ ਹੋਣ ਦੀ ਉਮੀਦ ਹੈ।

ਪੋਰਟਰ ਨੇ ਕਿਹਾ ਕਿ ਆਉਂਦੇ ਮਹੀਨਿਆਂ ਵਿਚ ਘਰਾਂ ਦੀ ਵਿਕਰੀ ਦੀ ਗਿਰਾਵਟ ਵੀ ਅਹਿਮ ਕਾਰਕ ਹੋਵੇਗੀ। ਇੱਕਲੇ ਅਪ੍ਰੈਲ ਵਿਚ ਰੀਅਲ ਅਸਟੇਟ ਦੀ ਗਤੀਵਿਧੀ ਵਿਚ 15 ਫ਼ੀਸਦੀ ਗਿਰਾਵਟ ਆਈ ਹੈ ਅਤੇ ਇੱਕ ਸਾਲ ਪਹਿਲਾਂ ਦੇ ਪੱਧਰ ਦੀ ਤੁਲਨਾ ਵਿਚ ਰੀਅਲ ਅਸਟੇਟ ਦੀ ਗਤੀਵਿਧੀ ‘ਚ 25 ਫ਼ੀਸਦੀ ਕਮੀ ਆਈ ਹੈ।

ਸੀਆਈਬੀਸੀ ਦੇ ਐਂਡਰੂ ਗ੍ਰੈਂਥਮੈਨ ਨੇ ਕਿਹਾ ਕਿ ਸਾਲ ਦੀ ਦੂਸਰੀ ਤਿਮਾਹੀ ਵਿਚ ਜੀਡੀਪੀ ਦੀ ਵਿਕਾਸ ਦਰ 4 ਫ਼ੀਸਦੀ ਤੋਂ ਵੀ ਹੇਠਾਂ ਦਰਜ ਹੁੰਦੀ ਜਾਪ ਰਹੀ ਹੈ, ਜਦਕਿ ਬੈਂਕ ਔਫ਼ ਕੈਨੇਡਾ ਨੇ 6 ਫ਼ੀਸਦੀ ਦਰ ਦਾ ਅਨੁਮਾਨ ਲਗਾਇਆ ਸੀ।

ਦ ਕੈਨੇਡੀਅਨ ਪ੍ਰੈੱਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ