- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਟ੍ਰੂਡੋ ਵੱਲੋਂ ਯੂਕਰੇਨ ਨੂੰ ਆਧੁਨਿਕ ਫ਼ੌਜੀ ਉਪਕਰਣ ਦੇਣ ਦਾ ਵਾਅਦਾ
ਨਾਟੋ ਦੇਸ਼ਾਂ ਦੀ ਦੋ ਰੋਜ਼ਾ ਬੈਠਕ ਦੌਰਾਨ ਪ੍ਰਗਟਾਇਆ ਤਹੱਈਆ

ਸਪੇਨ ਦੇ ਮੈਡਰਿਡ ਵਿਚ ਆਯੋਜਿਤ ਨਾਟੋ ਦੇਸ਼ਾਂ ਦੇ ਦੋ ਰੋਜ਼ਾ ਸੰਮੇਲਨ ਵਿਚ ਸ਼ਾਮਲ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ।
ਤਸਵੀਰ: Reuters / Nacho Doce
ਯੂਕਰੇਨ ਦੀ ਕੈਨੇਡਾ ਨੂੰ ਕੀਤੀ ਫ਼ਰਿਆਦ ਅਸਰ ਦਿਖਾਉਣਾ ਸ਼ੁਰੂ ਕਰ ਰਹੀ ਹੈ। ਕੈਨੇਡਾ ਨੇ ਜੰਗ ਪ੍ਰਭਾਵਿਤ ਯੂਕਰੇਨ ਨੂੰ ਆਧੁਨਿਕ ਫ਼ੌਜੀ ਉਪਕਰਣ ਮੁਹੱਈਆ ਕਰਵਾਉਣ ਦਾ ਤਹੱਈਆ ਪ੍ਰਗਟ ਕੀਤਾ ਹੈ।
ਨਾਟੋ ਭਾਈਵਾਲਾਂ ਨੇ ਯੂਕਰੇਨ ਨੂੰ ਆਧੁਨਿਕ ਮਿਲਿਟ੍ਰੀ ਮਦਦ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਸੀ।
ਸਪੇਨ ਵਿਚ ਆਯੋਜਿਤ ਹੋਈ ਨਾਟੋ ਦੇਸ਼ਾਂ ਦੀ ਬੈਠਕ ਦੌਰਾਨ, ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਲਾਨ ਕੀਤਾ ਕਿ ਕੈਨੇਡਾ ਯੂਕਰੇਨ ਨੂੰ 39 ਕੌਮਬੈਟ ਸਪੋਰਟ ਵੀਏਕਲ (ASCV) ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਰਿਹਾ ਹੈ। ਇਹ ਵਿਸ਼ੇਸ਼ ਫ਼ੌਜੀ ਵਾਹਨ ਕੈਨੇਡਾ ਦੀ ਫ਼ੌਜ ਲਈ ਖ਼ਰੀਦੇ ਗਏ ਸਨ ਪਰ ਹੁਣ ਇਹਨਾਂ ਨੂੰ ਯੂਕਰੇਨ ਨੂੰ ਸੌਂਪਿਆ ਜਾ ਰਿਹਾ ਹੈ।
ਟ੍ਰੂਡੋ ਨੇ ਕਿਹਾ, ਸਾਨੂੰ ਖ਼ੁਸ਼ੀ ਹੈ ਕਿ ਅਸੀਂ ਮਦਦ ਕਰ ਰਹੇ ਹਾਂ ਅਤੇ ਅਸੀਂ ਅੱਗੇ ਵੀ ਜ਼ਰੂਰਤ ਮੁਤਾਬਕ ਮਦਦ ਕਰਨ ਦੇ ਰਾਹ ਤਲਾਸ਼ ਕਰਨਾ ਜਾਰੀ ਰੱਖਾਂਗੇ
।
ਟ੍ਰੂਡੋ ਨੇ ਦੱਸਿਆ ਕਿ ਨਾਟੋ ਬੈਠਕ ਦੌਰਾਨ ਲਏ ਫ਼ੈਸਲਿਆਂ ਤੋਂ ਬਾਅਦ ਕੈਨੇਡੀਅਨ ਫ਼ੌਜ ਨੂੰ ਦਰਕਿਨਾਰ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੈਨੇਡੀਅਨ ਫ਼ੌਜ ਦੇ ਭੰਡਾਰ ਵੀ ਜਲਦੀ ਭਰੇ ਜਾਣਗੇ। ਟ੍ਰੂਡੋ ਨੇ ਦੱਸਿਆ ਕਿ ਕੈਨੇਡੀਅਨ ਫ਼ੌਜਾਂ ਕੋਲ ਵੀ ਆਪਣੇ ਮਿਸ਼ਨ ਜਾਰੀ ਰੱਖਣ ਲਈ ਲੋੜੀਂਦਾ ਸਾਜ਼ੋ ਸਮਾਨ ਸਹੀ ਤਾਦਾਦ ਵਿਚ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ। ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਇਸ ਸਮੇਂ ਸਨਾਈਪਰ ਰਾਈਫ਼ਲਾਂ ਅਤੇ ਹੌਵਿਟਜ਼ਰ (ਤੋਪ ਨੁਮਾ ਬੰਦੂਕ) ਦੀ ਉਤਮ ਵਰਤੋਂ ਇਹੀ ਹੈ ਕਿ ਉਹਨਾਂ ਨੂੰ ਯੂਕਰੇਨ ਨੂੰ ਸੌਂਪਿਆ ਜਾਵੇ ਤਾਂ ਕਿ ਭੂ-ਰਾਜਨੀਤਕ ਸਥਿਰਤਾ ਬਰਕਰਾਰ ਰੱਖੀ ਜਾ ਸਕੇ।
ਇਸ ਦੇ ਨਾਲ ਹੀ ਯੂਕਰੇਨ ਨੂੰ ਛੇ ਹਾਈ-ਰੈਜ਼ੋਲਿਊਸ਼ਨ ਕੈਮਰੇ ਵੀ ਦਿੱਤੇ ਜਾ ਰਹੇ ਹਨ ਜਿਹਨਾਂ ਨੂੰ ਅਤਿ-ਆਧੁਨਿਕ ਬੇਰੈਕਟਰ ਡਰੋਨਾਂ ਲਈ ਵਰਤਿਆ ਜਾਵੇਗਾ। ਇਹ ਡਰੋਨ ਰੂਸੀ ਟੈਂਕਾਂ ਅਤੇ ਫ਼ੌਜਾਂ ਦਾ ਪਤਾ ਲਗਾਉਣ ਵਿਚ ਬਹੁਤ ਮਦਦਗਾਰ ਸਾਬਤ ਹੋਏ ਹਨ।
ਦੇਖੋ। ਲਾਟਵੀਆ ਵਿਚ ਆਪਣੇ ਸੈਨਿਕਾਂ ਦੀ ਮੌਜੂਦਗੀ ਵਧਾਏਗਾ ਕੈਨੇਡਾ:
ਯੂਕਰੇਨ ਨੂੰ ਭੇਜੇ ਹਾ ਰਹੇ ਵਿਸ਼ੇਸ਼ ਫ਼ੌਜੀ ਵਾਹਨ ਓਨਟੇਰਿਓ ਦੇ ਲੰਡਨ ਸ਼ਹਿਰ ਵਿਚ ਸਥਿਤ ਜਨਰਲ ਡਾਇਨੈਮਿਕਸ ਲੈਂਡ ਸਿਸਟਮਜ਼-ਕੈਨੇਡਾ ਵੱਲੋਂ ਨਿਰਮਾਣ ਕੀਤੇ ਜਾ ਰਹੇ ਹਨ। ਇਹ ਸੈਨਿਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਣ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਹਨ ਅਤੇ ਇਹ ਉਹਨਾਂ ਆਮ ਫ਼ੌਜੀ ਵਾਹਨਾਂ ਨਾਲੋਂ ਵੱਖਰੇ ਹਨ ਜਿਹਨਾਂ ‘ਤੇ 25 ਮਿਲੀਮੀਟਰ ਦੀ ਤੋਪ ਵੀ ਲੱਗੀ ਹੁੰਦੀ ਹੈ।
ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕੈਨੇਡੀਅਨ ਫ਼ੌਜ ਨੇ 360 ਜੰਗੀ ਵਾਹਨਾਂ ਦਾ ਆਰਡਰ ਦਿੱਤਾ ਸੀ ਅਤੇ ਫ਼ੌਜ ਭੰਡਾਰ ਚੋਂ ਜੋ ਕੁਝ ਕੱਢਿਆ ਜਾ ਰਿਹਾ ਹੈ ਉਸਨੂੰ ਜਲਦੀ ਹੀ ਵਾਪਸ ਭਰਨ ਦੀ ਵਚਨਬੱਧਤਾ ਵੀ ਜਤਾਈ ਗਈ ਹੈ।
ਸੂਤਰ ਅਨੁਸਾਰ ਕੁਝ ਟ੍ਰੇਨਿੰਗ ਤੋਂ ਬਾਅਦ ਇਸ ਗਰਮੀਆਂ ਦੇ ਸੀਜ਼ਨ ਵਿਚ ਹੀ ਇਹ ਨਵੇਂ ਵਾਹਨ ਯੂਕਰੇਨ ਦੀ ਫ਼ੌਜ ਕੋਲ ਪਹੁੰਚਦੇ ਹੋ ਜਾਣਗੇ।
ਇਸ ਨਵੇਂ ਐਲਾਨ ਤੋਂ ਬਾਅਦ ਲਿਬਰਲ ਸਰਕਾਰ ਵੱਲੋਂ ਯੂਕਰੇਨ ਦੀ ਫ਼ੌਜੀ ਮਦਦ ਲਈ ਰਾਖਵੇਂ ਕੀਤੇ 500 ਮਿਲੀਅਨ ਡਾਲਰ ਦੀ ਰਾਸ਼ੀ ਪੂਰੀ ਭੁਗਤ ਜਾਵੇਗੀ।
ਜ਼ਿਕਰਯੋਗ ਹੈ ਕਿ ਕੈਨੇਡਾ ਨੇ ਇੱਕ ਦਿਨ ਪਹਿਲਾ ਲਾਟਵੀਆ ਨਾਲ ਵੀ ਇੱਕ ਸਮਝੌਤਾ ਕੀਤਾ ਹੈ, ਜਿਸ ਅਧੀਨ ਲਾਟਵੀਆ ਵਿਚ ਮੌਜੂਦ ਨਾਟੋ ਦੇਸ਼ਾਂ ਦੇ ਜੰਗੀ ਸਮੂਹ ਨੂੰ ਬ੍ਰਿਗੇਡ ਵਿਚ ਤਬਦੀਲ ਕੀਤਾ ਜਾਵੇਗਾ, ਯਾਨੀ ਇਸ ਦਾ ਆਕਾਰ ਵਧਾਇਆ ਜਾਵੇਗਾ।
ਇਸ ਫ਼ੈਸਲੇ ਦਾ ਮਤਲਬ ਲਾਟਵੀਆ ਵਿਚ ਹੋਰ ਕੈਨੇਡੀਅਨ ਸੈਨਿਕਾਂ ਦੀ ਤੈਨਾਤੀ ਦੀ ਵਚਨਬੱਧਤਾ ਹੈ।

ਨਾਟੋ ਦੇ ਸਕੱਤਰ ਜਨਰਲ, ਜੈਨਜ਼ ਸਟੋਲਟਨਬਰਗ
ਤਸਵੀਰ: Getty Images / JOHN THYS
ਨਾਟੋ ਵੱਲੋਂ ਯੂਕਰੇਨ ਨੂੰ ਹੋਰ ਫ਼ੌਜੀ ਮਦਦ ਦੇਣ ਦਾ ਅਹਿਦ
ਨਾਟੋ ਦੀ ਦੋ ਰੋਜ਼ਾ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਯੂਕਰੇਨ ਨੂੰ ਹੋਰ ਫ਼ੌਜੀ ਮਦਦ ਦਿੱਤੀ ਜਾਣੀ ਚਾਹੀਦੀ ਹੈ।
ਨਾਟੋ ਦੇ ਸਕੱਤਰ ਜਨਰਲ ਜੈਨਜ਼ ਸਟੋਲਟਨਬਰਗ ਨੇ ਕਿਹਾ ਕਿ ਯੂਰੋ-ਅਟਲਾਂਟਿਕ ਖ਼ਿੱਤੇ ਵਿਚ ਸਥਿਰਤਾ ਲਈ ਇੱਕ ਮਜ਼ਬੂਤ ਅਤੇ ਸੁਤੰਤਰ ਯੂਕਰੇਨ ਜ਼ਰੂਰੀ ਹੈ।
ਨਾਟੋ ਮੁਖੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਨੇ ਨਾਟੋ ਦੇਸ਼ਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਸੀ। ਯੂਕਰੇਨ ਪਿਛਲੇ ਕਈ ਸਾਲਾਂ ਤੋਂ ਨਾਟੋ ਦਾ ਮੈਂਬਰ ਬਣਨ ਲਈ ਕੋਸ਼ਿਸ਼ਾਂ ਕਰ ਰਿਹਾ ਹੈ।
ਜ਼ੈਲੈਂਸਕੀ ਨੇ ਆਪਣੇ ਭਾਸ਼ਣ ਵਿਚ ਪੁੱਛਿਆ ਸੀ, ਕੀ ਯੂਕਰੇਨ ਨੇ ਨਾਟੋ ਸਮੂਹ ਵਿਚ ਸ਼ਾਮਲ ਹੋਣ ਦੀ ਕਾਫ਼ੀ ਕੀਮਤ ਨਹੀਂ ਚੁਕਾਈ ਹੈ
? ਉਹਨਾਂ ਦੀ ਇਹ ਟਿੱਪਣੀ ਉਸੇ ਦਿਨ ਆਈ ਹੈ ਜਦੋਂ ਸਵੀਡਨ ਅਤੇ ਫ਼ਿਨਲੈਂਡ ਨੂੰ ਨਾਟੋ ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ।
ਸਟੋਲਟਨਬਰਗ ਨੇ ਕਿਹਾ ਕਿ ਯੂਕਰੇਨ ਨੂੰ ਸੋਵੀਅਤ ਕਾਲ ਦੇ ਉਪਕਰਣਾਂ ਤੋਂ ਬਦਲਕੇ ਉਸਨੂੰ ਨਾਟੋ ਦੇ ਆਧੁਨਿਕ ਉਪਕਰਣ ਪ੍ਰਦਾਨ ਕੀਤੇ ਜਾਣ ਦੇ ਤਰੀਕੇ ਲੱਭੇ ਜਾਣਗੇ।
ਯੂਕਰੇਨ ਦੇ ਤਕਰੀਬਨ ਅੱਧੇ ਟੈਂਕ ਤਬਾਹ
ਪ੍ਰਾਪਤ ਜਾਣਕਾਰੀ ਅਨੁਸਾਰ ਨਾਟੋ ਪਲਾਨਰ ਇਹ ਰਾਹ ਵੀ ਤਲਾਸ਼ ਰਹੇ ਹਨ ਕਿ ਯੂਕਰੇਨ ਨੂੰ ਉਸਦੇ ਸੋਵੀਅਤ ਕਾਲ ਦੇ ਟੈਂਕਾਂ ਤੋਂ ਬਦਲਕੇ ਉਸਨੂੰ ਆਧੁਨਿਕ ਜੰਗੀ ਟੈਂਕਾਂ ਨਾਲ ਕਿਵੇਂ ਲੈਸ ਕੀਤਾ ਜਾਵੇ।
ਯੂਕਰੇਨ ਨੇ ਭਾਵੇਂ ਅੰਕੜਿਆਂ ਦੀ ਪੁਸ਼ਟੀ ਨਹੀਂ ਕੀਤੀ, ਪਰ ਕੁਝ ਰੱਖਿਆ ਮਾਹਰਾਂ ਅਨੁਸਾਰ ਇਸ ਜੰਗ ਵਿਚ ਹੁਣ ਤੱਕ ਯੂਕਰੇਨ ਦੇ ਤਕਰੀਬਨ ਅੱਧੇ ਟੈਂਕ ਤਬਾਹ ਹੋ ਚੁੱਕੇ ਹਨ ਅਤੇ ਦੋ-ਤਿਹਾਈ ਫ਼ੌਜੀ ਵਾਹਨ ਖ਼ਤਮ ਹੋ ਚੁੱਕੇ ਹਨ।
ਇਹ ਰਿਪੋਰਟਾਂ ਵੀ ਆਈਆਂ ਹਨ ਕਿ ਅਮਰੀਕਾ ਨੇ ਯੂਕਰੇਨ ਲਈ ਆਧੁਨਿਕ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਵੀ ਖ਼ਰੀਦੀ ਹੈ। ਇਸ ਨਾਲ ਯੂਕਰੇਨ ਨੂੰ ਰੂਸੀ ਹਵਾਈ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ।
ਮਰੇ ਬ੍ਰੂਸਟਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ