1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਸੈਰ-ਸਪਾਟਾ

ਏਅਰ ਕੈਨੇਡਾ ਵੱਲੋਂ ਆਪਣੀਆਂ ਉਡਾਣਾਂ ਵਿਚ ਆਰਜ਼ੀ ਕਟੌਤੀ ਕਰਨ ਦਾ ਐਲਾਨ

ਜੁਲਾਈ ਅਤੇ ਅਗਸਤ ਵਿਚ ਉਡਾਣਾਂ ਘਟਾਏਗੀ ਏਅਰਲਾਈਨ

ਏਅਰ ਕੈਨੇਡਾ ਦਾ ਜਹਾਜ਼

16 ਮਈ 2022 ਨੂੰ ਮੌਂਟਰੀਅਲ ਏਅਰਪੋਰਟ 'ਤੇ ਏਅਰ ਕੈਨੇਡਾ ਦੇ ਜਹਾਜ਼ਾਂ ਦੀ ਤਸਵੀਰ। ਏਅਰ ਕੈਨੇਡਾ ਨੇ ਇਸ ਗਰਮੀਆਂ ਦੌਰਾਨ ਆਪਣੀਆਂ ਹਵਾਈ ਸੇਵਾਵਾਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

ਤਸਵੀਰ: (Geoff Robins/AFP/Getty Images)

RCI

ਇਸ ਗਰਮੀਆਂ ਦੇ ਸੀਜ਼ਨ ਏਅਰ ਕੈਨੇਡਾ ਨੇ ਆਪਣੀਆਂ ਫ਼ਲਾਈਟਸ ਵਿਚ ਕਮੀ ਕਰਨ ਦਾ ਫ਼ੈਸਲਾ ਲਿਆ ਹੈ। ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਏਅਰ ਕੈਨੇਡਾ ਆਪਣੀਆਂ ਨਿਰਧਾਰਿਤ ਫ਼ਲਾਈਟਸ ਚੋਂ ਹਰ ਰੋਜ਼ ਔਸਤਨ 154 ਫ਼ਲਾਈਟਸ ਘਟਾਵੇਗੀ।

ਏਅਰਲਾਈਨ ਦੇ ਪ੍ਰੈਜ਼ੀਡੈਂਟ ਮਾਈਕਲ ਰੂਸੋ ਨੇ ਕਿਹਾ, ਅਫ਼ਸੋਸ ਨਾਲ, ਗਲੋਬਲ ਪੱਧਰ ਤੇ ਹਾਲਾਤ ਅਸਧਾਰਨ ਹਨ ਅਤੇ ਇਹ ਸਾਡੇ ਓਪਰੇਸ਼ਨਜ਼ ਅਤੇ ਤੁਹਾਨੂੰ ਮਿਆਰੀ ਸੇਵਾਵਾਂ ਦੇਣ ਦੀ ਸਾਡੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਹਨ

ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਨੇ ਦੁਨੀਆ ਭਰ ਦੇ ਹਵਾਈ ਆਵਾਜਾਈ ਸਿਸਟਮ ਨੂੰ ਠੱਪ ਕਰ ਦਿੱਤਾ ਸੀ। ਹੁਣ ਦੋ ਸਾਲ ਬਾਅਦ ਟ੍ਰੈਵਲ ਵਿਚ ਉਭਾਰ ਆਉਣਾ ਸ਼ੁਰੂ ਹੋਇਆ ਹੈ ਅਤੇ ਲੋਕਾਂ ਵਿਚ ਪਹਿਲਾਂ ਨਾਲੋਂ ਕਿਤੇ ਵੱਧ ਯਾਤਰਾ ਦਾ ਰੁਝਾਨ ਵਧਿਆ ਹੈ ਜਿਸ ਕਰਕੇ ਟ੍ਰੈਵਲ ਦੀ ਮੰਗ ਵਿਚ ਰਿਕਾਰਡ ਵਾਧਾ ਨਜ਼ਰੀਂ ਪੈ ਰਿਹਾ ਹੈ।

ਮਾਈਕਲ ਨੇ ਕਿਹਾ ਕਿ ਇਸ ਰੁਝਾਨ ਕਰਕੇ ਦੁਨੀਆ ਭਰ ਵਿਚ ਕਈ ਏਅਰਪੋਰਟਾਂ ‘ਤੇ ਘੜਮੱਸ ਪੈ ਰਿਹਾ ਹੈ ਜਿਸ ਨਾਲ ਫ਼ਲਾਈਟਾਂ ਵਿਚ ਦੇਰੀ ਵੀ ਰਹੀ ਹੈ।

ਉਹਨਾਂ ਕਿਹਾ ਕਿ ਇਸ ਫ਼ੈਸਲੇ ਦਾ ਮਕਸਦ ਉਡਾਣਾਂ ਵਿਚ ਸਾਰਥਕ ਕਟੌਤੀ ਕਰਨਾ ਹੈ ਤਾਂ ਕਿ ਯਾਤਰੀਆਂ ਦੀ ਤਾਦਾਦ ਨੂੰ ਉਸ ਪੱਧਰ ਤੇ ਲਿਆਂਦਾ ਜਾ ਸਕੇ ਜਿਸਨੂੰ ਏਅਰ ਟ੍ਰਾਂਸਪੋਰਟ ਸਿਸਟਮ ਮਿਆਰ ਨੂੰ ਬਰਕਰਾਰ ਰੱਖਦਿਆਂ ਝੱਲ ਸਕਦਾ ਹੈ।

ਪ੍ਰਤੀ ਦਿਨ ਰਾਊਂਡ ਟ੍ਰਿੱਪ ਵਿਚ ਕਮੀ

ਏਅਰਲਾਈਨ ਦੇ ਸਪੋਕਸਪਰਨ ਪੀਟਰ ਫ਼ਿਟਜ਼ਪੈਟਰਿਕ ਨੇ ਦੱਸਿਆ ਕਿ ਉਡਾਣਾਂ ਵਿਚ ਕਟੌਤੀ ਕਰਨ ਤੋਂ ਪਹਿਲਾਂ, ਏਅਰ ਕੈਨੇਡਾ ਦੀਆਂ ਹਰ ਰੋਜ਼ ਕਰੀਬ 1,000 ਉਡਾਣਾਂ ਚਲ ਰਹੀਆਂ ਸਨ।

ਉਹਨਾਂ ਕਿਹਾ ਕਿ ਮੌਂਟਰੀਅਲ ਤੋਂ ਪਿਟਸਬਰਗ, ਬੈਲਟੀਮੋਰ ਤੋਂ ਕਿਲੋਨਾ ਅਤੇ ਟੋਰੌਂਟੋ ਤੋਂ ਮੈਕਮਰੇ ਦੇ ਤਿੰਨ ਰੂਟ ਆਰਜ਼ੀ ਤੌਰ ‘ਤੇ ਮੁਅੱਤਲ ਕੀਤੇ ਜਾ ਰਹੇ ਹਨ।

ਪੀਟਰ ਨੇ ਦੱਸਿਆ ਕਿ ਘਟਾਈਆਂ ਗਈਆਂ ਜ਼ਿਆਦਾਤਰ ਫ਼ਲਾਈਟਾਂ ਮੌਂਟਰੀਅਲ ਅਤੇ ਟੋਰੌਂਟੋ ਤੋਂ ਨਹੀਂ ਹਨ।

ਉਹਨਾਂ ਦੱਸਿਆ ਕਿ ਜ਼ਿਆਦਾਤਰ ਕਟੌਤੀ ਵਾਰ ਵਾਰ ਆਉਣ ਵਾਲੀਆਂ ਉਡਾਣਾਂ ਦੀ ਹੋ ਰਹੀ ਹੈ, ਜਿਸ ਵਿਚ ਸ਼ਾਮ ਦੀਆਂ ਜਾਂ ਦੇਰ ਰਾਤ ਵਾਲੀਆਂ ਉਡਾਣਾਂ ਸ਼ਾਮਲ ਹਨ।

ਕੌਮਾਂਤਰੀ ਉਡਾਣਾਂ ਦੇ ਇਸਦਾ ਕੋਈ ਅਸਰ ਨਹੀਂ ਹੋਵੇਗਾ, ਪਰ ਕੁਝ ਫ਼ਲਾਈਟਸ ਦੇ ਸਮੇਂ ਵਿਚ ਬਦਲਾਅ ਹੋ ਸਕਦਾ ਹੈ।

ਟੋਰੌਂਟੋ ਪੀਅਰਸਨ ਏਅਰਪੋਰਟ 'ਤੇ ਲੱਗੀ ਯਾਤਰੀਆਂ ਦੀ ਲੰਬੀ ਕਤਾਰ ਦੀ ਤਸਵੀਰ।

ਟੋਰੌਂਟੋ ਪੀਅਰਸਨ ਏਅਰਪੋਰਟ 'ਤੇ ਲੱਗੀ ਯਾਤਰੀਆਂ ਦੀ ਲੰਬੀ ਕਤਾਰ ਦੀ ਤਸਵੀਰ।

ਤਸਵੀਰ:  (Jacob Barker/CBC)

ਅਸਾਨ ਫ਼ੈਸਲਾ ਨਹੀਂ

ਮਾਈਕਲ ਨੇ ਕਿਹਾ ਕਿ ਏਅਰਲਾਈਨ ਲਈ ਇਹ ਫ਼ੈਸਲਾ ਲੈਣਾ ਅਸਾਨ ਨਹੀਂ ਸੀ, ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਆਪਣੇ ਓਪਰੇਸ਼ਨਜ਼ ਵਿਚ ਤਬਦੀਲੀ ਕਰਨਾ ਜ਼ਰੂਰੀ ਸੀ।

ਉਹਨਾਂ ਕਿਹਾ ਕਿ ਉਡਾਣਾਂ ਰੱਦ ਹੋਣ ਨਾਲ ਕੁਝ ਕਸਟਮਰਜ਼ ‘ਤੇ ਬੁਰਾ ਪ੍ਰਭਾਵ ਪਏਗਾ, ਪਰ ਅਗਾਊਂ ਲਏ ਇਸ ਫ਼ੈਸਲੇ ਕਰਕੇ ਲੋਕਾਂ ਨੂੰ ਆਪਣੀ ਯਾਤਰਾ ਯੋਜਨਾ ਨੂੰ ਇਸਦੇ ਅਨੁਕੂਲ ਕਰਨ ਦਾ ਸਮਾਂ ਮਿਲ ਜਾਵੇਗਾ।

ਮਾਈਕਲ ਨੇ ਏਅਰ ਕੈਨੇਡਾ ਦੇ ਯਾਤਰੀਆਂ ਤੋਂ ਫ਼ਲਾਈਟ ਦੇਰੀ ਜਾਂ ਭਵਿੱਖ ਵਿਚ ਹੋ ਸਕਣ ਵਾਲੀ ਦੇਰੀ ਲਈ ਮੁਆਫ਼ੀ ਮੰਗੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਮੁਲਕ ਦੇ ਅਹਿਮ ਹਵਾਈਅੱਡਿਆਂ ‘ਤੇ ਯਾਤਰੀਆਂ ਦੀ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਕਰਕੇ ਫ਼ਲਾਈਟ ਦੇਰੀਆਂ ਤੋਂ ਲੈਕੇ ਫ਼ਲਾਈਟ ਰੱਦ ਹੋਣ ਤੱਕ ਦੀ ਨੌਬਤ ਆ ਗਈ ਹੈ। ਯਾਤਰੀਆਂ ਦੇ ਸਮਾਨ ਤੱਕ ਲਾਪਤਾ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਫ਼ੈਡਰਲ ਸਰਕਾਰ  ਨੇ ਏਅਰਪੋਰਟਾਂ ਉੱਪਰ ਦੇਰੀ ਅਤੇ ਘੜਮੱਸ ਨੂੰ ਦੂਰ ਕਰਨ ਲਈ ਵਧੇਰੇ ਬਾਰਡਰ ਅਫ਼ਸਰ ਅਤੇ ਸਿਕਿਓਰਟੀ ਸਟਾਫ਼ ਭਰਤੀ ਕੀਤਾ ਹੈ। ਟ੍ਰਾਂਸਪੋਰਟ ਮੰਤਰੀ ਓਮਰ ਅਲਗ਼ਬਰਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੁਝ ਸਮੱਸਿਆਵਾਂ ਲਈ ਏਅਰਲਾਈਨਜ਼ ਵੀ ਜ਼ਿੰਮੇਵਾਰ ਹਨ ਅਤੇ ਉਹ ਆਪਣੀ ਬਣਦੀ ਭੂਮਿਕਾ ਨਹੀਂ ਨਿਭਾ ਰਹੀਆਂ। 

ਉਹਨਾਂ ਦੱਸਿਆ ਸੀ ਕਿ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਏਅਰਪੋਰਟਾਂ ਅਤੇ ਏਅਰਲਾਈਨਜ਼ ਨਾਲ ਮਿਲਕੇ ਕੰਮ ਕਰ ਰਹੀ ਹੈ।

ਉਡਾਣਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ, ਡਾਟਾ ਵੇਜ਼ ਅਨੁਸਾਰ 22 ਤੋਂ 28 ਜੂਨ ਦੇ ਦਰਮਿਆਨ ਕੈਨੇਡਾ ਦੇ ਛੇ ਵੱਡੇ ਏਅਰਪੋਰਟਾਂ - ਮੌਂਟਰੀਅਲ, ਕੈਲਗਰੀ, ਟੋਰੌਂਟੋ ਪੀਅਰਸਨ,ਬਿਲੀ ਬਿਸ਼ਪ, ਔਟਵਾ ਅਤੇ ਹੈਲੀਫ਼ੈਕਸ - ਦੀਆਂ 38 ਫ਼ੀਸਦੀ ਉਡਾਣਾਂ ਵਿਚ ਦੇਰੀ ਹੋਈ ਅਤੇ 16 ਫ਼ੀਸਦੀ ਉਡਾਣਾਂ ਰੱਦ ਹੋਈਆਂ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ