1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਕੋਰੋਨਾਵਾਇਰਸ

ਏਅਰਪੋਰਟਸ ‘ਤੇ ਯਾਤਰੀਆਂ ਦੀ ਰੈਂਡਮ ਟੈਸਟਿੰਗ ਮੱਧ ਜੁਲਾਈ ਤੱਕ ਰਹੇਗੀ ਬੰਦ

ਅਰਾਈਵਕੈਨ ਐਪ ਦੀ ਸ਼ਰਤ 30 ਸਤੰਬਰ ਤੱਕ ਰਹੇਗੀ ਲਾਗੂ

ਫ਼ੈਡਰਲ ਟ੍ਰਾਂਸਪੋਰਟ ਮਨਿਸਟਰ ਓਮਰ ਅਲਗ਼ਬਰਾ

ਫ਼ੈਡਰਲ ਟ੍ਰਾਂਸਪੋਰਟ ਮਨਿਸਟਰ ਓਮਰ ਅਲਗ਼ਬਰਾ

ਤਸਵੀਰ: La Presse canadienne / PATRICK DOYLE

RCI

ਫ਼ੈਡਰਲ ਸਰਕਾਰ ਵੱਲੋਂ ਏਅਰਪੋਰਟਸ ‘ਤੇ ਯਾਤਰੀਆਂ ਦੀ ਰੈਂਡਮ ਟੈਸਟਿੰਗ ਨੂੰ ਮੱਧ ਜੁਲਾਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ I  ਸਰਕਾਰ ਦਾ ਕਹਿਣਾ ਹੈ ਕਿ ਹੋਰ ਨਿਯਮ ਜਿਵੇਂ ਕਿ ਅਰਾਈਵਕੈਨ ਐਪ ਰਾਹੀਂ ਜਾਣਕਾਰੀ ਦੇਣਾ ਆਦਿ 30 ਸਤੰਬਰ ਤੱਕ ਜਾਰੀ ਰਹਿਣਗੇ I

ਜ਼ਿਕਰਯੋਗ ਹੈ ਕਿ ਵੱਖ ਵੱਖ ਦੇਸ਼ਾਂ ਤੋਂ ਕੈਨੇਡੀਅਨ ਹਵਾਈ ਅੱਡਿਆਂ ‘ਤੇ ਪਹੁੰਚਣ ‘ਤੇ ਰੈਂਡਮ ਭਾਵ ਕਿਸੇ ਕਿਸੇ ਯਾਤਰੀ ਦਾ ਕੋਵਿਡ-19 ਟੈਸਟ ਹੁੰਦਾ ਹੈ I  ਸਰਕਾਰ ਨੇ 11 ਜੂਨ ਤੋਂ ਏਅਰਪੋਰਟਸ ‘ਤੇ ਰੈਂਡਮ ਟੈਸਟਿੰਗ ਨੂੰ ਕੁਝ ਸਮੇਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ I

ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ ਅੰਦਰ ਆਪਣੀ ਯਾਤਰਾ ਅਤੇ ਸਿਹਤ ਦੀ ਜਾਣਕਾਰੀ ਅਰਾਈਵਕੈਨ ਐਪ ਵਿਚ ਦਰਜ ਕਰਨੀ ਹੁੰਦੀ ਹੈ। ਅਜਿਹਾ ਨਾ ਕਰਨ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ ਅਤੇ 5,000 ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ।

ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਨੇ ਕਿਹਾ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੋਵਿਡ-19 ਮਹਾਂਮਾਰੀ ਫ਼ਿਲਹਾਲ ਖ਼ਤਮ ਨਹੀਂ ਹੋਈ ਹੈ I  ਸਾਨੂੰ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ I

ਮਿਸੀਸਾਗਾ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਇਕ ਪ੍ਰੈਸ ਵਾਰਤਾ ਦੌਰਾਨ ਫ਼ੈਡਰਲ ਟ੍ਰਾਂਸਪੋਰਟ ਮਨਿਸਟਰ ਓਮਰ ਅਲਗ਼ਬਰਾ ਨੇ ਕਿਹਾ ਸਾਨੂੰ ਮਸਲੇ ਨੂੰ ਹੱਲ ਕਰਨ ਲਈ ਥੋੜਾ ਹੋਰ ਸਮਾਂ ਚਾਹੀਦਾ ਹੈ, ਇਸ ਲਈ ਅਸੀਂ ਮੁਅੱਤਲੀ ਨੂੰ ਵਧਾਉਣ 'ਤੇ ਵਿਚਾਰ ਕਰ ਰਹੇ ਹਾਂ I ਉਹਨਾਂ ਮੰਨਿਆ ਕਿ ਕੋਵਿਡ-19 ਦੇ ਮਾਮਲਿਆਂ 'ਤੇ ਨਜ਼ਰ ਬਣਾਏ ਰੱਖਣ ਵਿਚ ਟੈਸਟਿੰਗ ਦਾ ਅਹਿਮ ਯੋਗਦਾਨ ਹੈ I

ਜ਼ਿਕਰਯੋਗ ਹੈ ਕਿ ਟ੍ਰੈਵਲ ਅਤੇ ਏਅਰਲਾਈਨ ਇੰਡਸਟਰੀ ਪਿਛਲੇ ਕਈ ਹਫ਼ਤਿਆਂ ਤੋਂ ਫ਼ੈਡਰਲ ਸਰਕਾਰ ਤੋਂ ਕੋਵਿਡ ਉਪਾਵਾਂ ਨੂੰ ਹਟਾਉਣ ਦੀ ਮੰਗ ਕਰ ਰਹੀ ਸੀ। ਇੰਡਸਟਰੀ ਸਮੂਹਾਂ ਦਾ ਕਹਿਣਾ ਸੀ ਕਿ ਬੇਲੋੜੇ ਕੋਵਿਡ ਉਪਾਵਾਂ ਕਰਕੇ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ ਜਿਸ ਕਰਕੇ ਕਈ ਮੁਸਾਫ਼ਰਾਂ ਦੀਆਂ ਫ਼ਲਾਈਟਾਂ ਵੀ ਮਿਸ ਹੋਈਆਂ ਹਨ ਅਤੇ ਕਈ ਫ਼ਲਾਈਟਾਂ ਰੱਦ ਕਰਨੀਆਂ ਪਈਆਂ ਹਨ।

ਟ੍ਰਾਂਸਪੋਰਟ ਮਨਿਸਟਰ ਅਲਗ਼ਬਰਾ ਨੇ ਕੁਝ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਹੋ ਰਹੀ ਦੇਰੀ ਦੇ ਮਸਲੇ ਨੂੰ ਹੱਲ ਕਰਨ ਲਈ ਆਪਣੀ ਸਰਕਾਰ ਦੀ ਪਹੁੰਚ ਦਾ ਬਚਾਅ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਧਿਆਨ ਕੈਨੇਡੀਅਨ ਏਅਰ ਟ੍ਰਾਂਸਪੋਰਟ ਸੁਰੱਖਿਆ ਅਥਾਰਟੀ (ਸੀਏਟੀਐਸਏ) ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਲਈ ਹੋਰ ਸਟਾਫ ਦੀ ਭਰਤੀ 'ਤੇ ਕੇਂਦਰਿਤ ਹੈ।

ਉਹਨਾਂ ਨੇ ਸਰਕਾਰ ਵੱਲੋਂ ਘਰੇਲੂ ਯਾਤਰਾ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਮੁਅੱਤਲ ਕਰਨ ਸਮੇਤ ਹੋਰ ਕੰਮਾਂ ਵੱਲ ਇਸ਼ਾਰਾ ਕੀਤਾ I

ਇਹ ਵੀ ਪੜੋ :

ਏਅਰ ਕੈਨੇਡਾ ਦੇ ਸਾਬਕਾ ਐਗਜ਼ੈਕਟਿਵ , ਡੰਕਨ ਡੀ ਮੁਤਾਬਿਕ ਟੋਰੌਂਟੋ ਪੀਅਰਸਨ ਏਅਰਪੋਰਟ ਉੱਪਰ ਦੇਰੀ ਅਤੇ ਲੰਮੇ ਉਡੀਕ ਸਮਿਆਂ ਦੀ ਸਮੱਸਿਆ ਨਾਲ ਯਾਤਰੀਆਂ ਨੂੰ ਅਜੇ ਕੁਝ ਹੋਰ ਵਕਤ ਜੂਝਣਾ ਪੈ ਸਕਦਾ ਹੈ।

ਦੱਸ ਦਈਏ ਕਿ ਫ਼ੈਡਰਲ ਸਰਕਾਰ ਨੇ ਰੇਲਾਂ ਅਤੇ ਜਹਾਜ਼ਾਂ ਵਿਚ ਘਰੇਲੂ ਯਾਤਰਾ ਅਤੇ ਕੈਨੇਡਾ ਤੋਂ ਬਾਹਰ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਵਿਚ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ , ਜਿਸਤੋਂ ਬਾਅਦ ਏਅਰ ਟਿਕਟਾਂ ਦੀ ਮੰਗ ਵਿੱਚ ਵਾਧਾ ਦੇਖਣ ਨੂੰ ਮਿਲਿਆ I  ਇਹ ਸ਼ਰਤ 30 ਅਕਤੂਬਰ 2021 ਤੋਂ ਲਾਗੂ ਸੀ I

ਸੋਮਵਾਰ ਨੂੰ ਪੀਅਰਸਨ ਏਅਰਪੋਰਟ 'ਤੇ ਆਪਣੀਆਂ ਉਡਾਣਾਂ ਲਈ ਚੈੱਕ-ਇਨ ਲਈ ਇਲੈਕਟ੍ਰੌਨਿਕ ਕੀਅਸਕ ਦਾ ਇਸਤੇਮਾਲ ਕਰਦੇ ਯਾਤਰੀ।

ਸੋਮਵਾਰ ਨੂੰ ਪੀਅਰਸਨ ਏਅਰਪੋਰਟ 'ਤੇ ਆਪਣੀਆਂ ਉਡਾਣਾਂ ਲਈ ਚੈੱਕ-ਇਨ ਲਈ ਇਲੈਕਟ੍ਰੌਨਿਕ ਕੀਅਸਕ ਦਾ ਇਸਤੇਮਾਲ ਕਰਦੇ ਯਾਤਰੀ।

ਤਸਵੀਰ: (Chris Langenzarde/CBC)

ਹਵਾਈ ਅੱਡਿਆਂ 'ਤੇ ਲੰਬੀਆਂ ਲਾਈਨਾਂ ਅਤੇ ਉਡਾਣਾਂ ਦੇ ਰੱਦ ਹੋਣ ਦੇ ਨਾਲ ਨਾਲ ਯਾਤਰੀਆਂ ਨੇ ਸਮਾਨ ਗੁੰਮ ਹੋਣ ਨੂੰ ਲੈ ਕੇ ਨਿਰਾਸ਼ਾ (ਨਵੀਂ ਵਿੰਡੋ) ਜ਼ਾਹਰ ਕੀਤੀ ਹੈ। ਟ੍ਰਾਂਸਪੋਰਟ ਮਨਿਸਟਰ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਬਾਰੇ ਕਈ ਵੱਡੇ ਹਵਾਈ ਅੱਡਿਆਂ ਅਤੇ ਏਅਰਲਾਈਨਾਂ ਨਾਲ ਗੱਲ ਕੀਤੀ ਹੈ।

ਮਨਿਸਟਰ ਅਲਗ਼ਬਰਾ ਨੇ ਕਿਹਾ ਇਹ ਅਸਵੀਕਾਰਨਯੋਗ ਮੁੱਦੇ ਹਨ। ਸਰਕਾਰ ਉਹ ਸਭ ਕੁਝ ਕਰ ਰਹੀ ਹੈ ਜੋ ਅਸੀਂ ਕਰ ਸਕਦੇ ਹਾਂ I  ਅਸੀਂ ਬਾਕੀ ਮੁੱਦਿਆਂ ਦੇ ਹੱਲ ਲਈ ਏਅਰਲਾਈਨਾਂ ਅਤੇ ਹਵਾਈ ਅੱਡਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।

ਰਿਚਰਡ ਰੇਕ੍ਰਾਫਟ ਸੀਬੀਸੀ ਨਿਊਜ਼ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ