- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਬੀ.ਸੀ. ਪ੍ਰੀਮੀਅਰ ਜੌਨ ਹੌਰਗਨ ਵੱਲੋਂ ਸਿਆਸਤ ਤੋਂ ਲਾਂਭੇ ਹੋਣ ਦਾ ਐਲਾਨ
ਗਲੇ ਦੇ ਕੈਂਸਰ ਤੋਂ ਪੀੜਤ ਹਨ ਹੌਰਗਨ

62 ਸਾਲ ਦੇ ਹੌਰਗਨ ਗਲੇ ਦੇ ਕੈਂਸਰ ਤੋਂ ਪੀੜਤ ਹਨ ਅਤੇ ਇਲਾਜ ਪ੍ਰਕਿਰਿਆ 'ਚੋਂ ਗੁਜ਼ਰ ਰਹੇ ਹਨ I
ਤਸਵੀਰ: Radio-Canada / Ben Nelms
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਜਲਦ ਹੀ ਪ੍ਰੀਮੀਅਰ ਦਾ ਅਹੁਦਾ ਛੱਡਣ ਅਤੇ ਅਗਲੀ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ I
ਜੌਨ ਹੌਰਗਨ ਨੇ ਲੰਘੇ ਕੱਲ ਇਕ ਇਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਉਹ ਇਕ ਵਾਰ ਹੋਰ ਚੋਣ ਲੜਨ ਦੀ ਇੱਛਾ ਰੱਖਦੇ ਸਨ , ਪਰ ਆਪਣੀ ਬਿਮਾਰੀ ਕਾਰਨ ਉਹਨਾਂ ਨੇ ਅਗਲੀ ਚੋਣ ਨਾ ਲੜਨ ਦਾ ਮਨ ਬਣਾਇਆ ਹੈI
62 ਸਾਲ ਦੇ ਹੌਰਗਨ ਗਲੇ ਦੇ ਕੈਂਸਰ ਤੋਂ ਪੀੜਤ ਹਨ ਅਤੇ ਇਲਾਜ ਪ੍ਰਕਿਰਿਆ 'ਚੋਂ ਗੁਜ਼ਰ ਰਹੇ ਹਨ I ਪ੍ਰੈਸ ਵਾਰਤਾ ਦੌਰਾਨ ਹੌਰਗਨ ਨੇ ਕਿਹਾ ਮੇਰੀ ਸਿਹਤ ਠੀਕ ਹੈ , ਪਰ ਅਸੀਂ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਮੈਂ ਛੇ ਸਾਲਾਂ ਦੀ ਹੋਰ ਵਚਨਬੱਧਤਾ ਨਿਭਾਉਣ ਦੇ ਯੋਗ ਨਹੀਂ ਹਾਂ I
ਹੌਰਗਨ ਨੇ ਕਿਹਾ ਕਿ ਉਹ ਪਾਰਟੀ ਦੇ ਲੀਡਰਸ਼ਿਪ ਸੰਮੇਲਨ ਤੋਂ ਬਾਅਦ ਅਸਤੀਫ਼ਾ ਦੇਣਗੇ। ਉਹਨਾਂ ਕਿਹਾ ਕਿ ਉਹ ਆਪਣੇ ਬਾਕੀ ਬਚੇ ਕਾਰਜਕਾਲ ਲਈ ਐਮ ਐਲ ਏ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।

ਹੌਰਗਨ ਨੇ 1990 ਦੇ ਦਹਾਕੇ ਵਿੱਚ ਇੱਕ ਵਿਧਾਇਕ ਸਹਾਇਕ ਵਜੋਂ ਰਾਜਨੀਤੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ I
ਤਸਵੀਰ: Radio-Canada / Ben Nelms/CBC
ਸਰਦੀਆਂ ਦੌਰਾਨ, ਪ੍ਰੀਮੀਅਰ ਹੌਰਗਨ ਨੇ ਗਲੇ ਦੇ ਕੈਂਸਰ ਲਈ 35 ਰੇਡੀਏਸ਼ਨ ਟ੍ਰੀਟਮੈਂਟ ਲਏ। ਹੌਰਗਨ ਨੇ ਕਿਹਾ ਕੈਂਸਰ ਦੀ ਜਾਂਚ ਅਤੇ ਇਲਾਜ ਸਖ਼ਤ ਸੀ , ਮੈਂ ਚਾਹੁੰਦਾ ਹਾਂ ਕਿ ਮੇਰੇ ਕੋਲ ਹੋਰ ਕੰਮ ਕਰਨ ਲਈ ਵਧੇਰੇ ਊਰਜਾ ਹੁੰਦੀ I ਮੈਂ ਅਤੇ ਮੇਰੀ ਜੀਵਨ ਸਾਥਣ ਐਲੀ ਨੇ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ I
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਹੌਰਗਨ ਦੀ 17 ਸਾਲਾਂ ਤੋਂ ਵੱਧ ਜਨਤਕ ਸੇਵਾ ਲਈ ਧੰਨਵਾਦ ਕੀਤਾ।
ਟ੍ਰੂਡੋ ਨੇ ਕਿਹਾ ਮੈਂ ਪਿਛਲੇ ਪੰਜ ਸਾਲਾਂ ਵਿੱਚ ਪ੍ਰੀਮੀਅਰ ਹੌਰਗਨ ਨਾਲ ਮਿਲ ਕੇ ਬ੍ਰਿਟਿਸ਼ ਕੋਲੰਬੀਅਨਜ਼ ਸਮੇਤ ਕੈਨੇਡੀਅਨਜ਼ ਲਈ ਵੱਖ ਵੱਖ ਮਹੱਤਵਪੂਰਨ ਮੁੱਦਿਆਂ 'ਤੇ ਕੰਮ ਕੀਤਾ ਹੈ I
ਇਤਿਹਾਸਕ ਵਿਰਾਸਤ
ਬੀ.ਸੀ. ਦੀ ਨਿਊ ਡੈਮੋਕਰੇਟਿਕ ਪਾਰਟੀ (ਐਨ ਡੀ ਪੀ) ਦੇ ਇਤਿਹਾਸ ਵਿੱਚ ਹੌਰਗਨ ਇੱਕੋ ਇੱਕ ਪ੍ਰੀਮੀਅਰ ਹਨ, ਜਿੰਨ੍ਹਾਂ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਾ ਕੇ ਲਗਾਤਾਰ ਦੂਜੀ ਵਾਰ ਜਿੱਤ ਹਾਸਿਲ ਕੀਤੀ I
ਇਸ ਦੌਰਾਨ ਪਾਰਟੀ ਨੇ ਨਿਰਣਾਇਕ ਜਿੱਤ ਹਾਸਿਲ ਕਰਦਿਆਂ 87 ਸੀਟਾਂ ਵਿੱਚੋਂ 57 'ਤੇ ਜਿੱਤ ਹਾਸਿਲ ਕੀਤੀ ਜੋ ਕਿ 1996 ਤੋਂ ਬਾਅਦ ਪਹਿਲੀ ਵੱਡੀ ਜਿੱਤ ਸੀI ਆਪਣੀ ਪਹਿਲੀ ਟਰਮ ਦੌਰਾਨ ਹੌਰਗਨ ਨੇ ਪੋਰਟ ਮਾਨ ਅਤੇ ਗੋਲਡਨ ਈਅਰਜ਼ ਬ੍ਰਿਜਾਂ 'ਤੇ ਐਮਐਸਪੀ ਪ੍ਰੀਮੀਅਮ ਅਤੇ ਟੋਲ ਨੂੰ ਖ਼ਤਮ ਕਰਨ , ਅਮੀਰਾਂ 'ਤੇ ਟੈਕਸ ਵਧਾਉਣ ਅਤੇ ਦੂਜੇ ਘਰਾਂ 'ਤੇ ਟੈਕਸ ਲਗਾਉਣ ਜਿਹੇ ਇਤਿਹਾਸਿਕ ਫ਼ੈਸਲੇ ਲਏ I
ਦੂਜੀ ਟਰਮ ਦੌਰਾਨ ਹੌਰਗਨ ਸਰਕਾਰ ਨੇ ਕੋਵਿਡ ਮਹਾਂਮਾਰੀ , ਜੰਗਲੀ ਅੱਗ ਅਤੇ ਹੜ੍ਹ ਸਮੇਤ ਹੋਰ ਸੰਕਟ ਵਾਲੀਆਂ ਸਥਿਤੀਆਂ 'ਤੇ ਧਿਆਨ ਕੇਂਦਰਿਤ ਕੀਤਾ। ਆਲੋਚਨਾਵਾਂ ਦੇ ਬਾਵਜੂਦ, ਸਰਵੇ ਦੌਰਾਨ ਹੌਰਗਨ ਦੇਸ਼ ਦੇ ਪਸੰਦੀਦਾ ਸਿਆਸਤਦਾਨਾਂ ਵਿੱਚੋਂ ਇੱਕ (ਨਵੀਂ ਵਿੰਡੋ)ਰਹੇ। ਉਨ੍ਹਾਂ ਨੇ ਐਨਡੀਪੀ ਕਾਕਸ ਦਾ ਪੂਰਾ ਭਰੋਸਾ ਵੀ ਬਰਕਰਾਰ ਰੱਖਿਆ।
ਪਿਛਲੀ ਗਰਮੀਆਂ ਦੌਰਾਨ ਪ੍ਰੀਮੀਅਰ ਹੌਰਗਨ ਦੇ ਅਸਤੀਫ਼ੇ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ I ਆਪਣੇ ਫੈਸਲੇ ਨਾਲ ਹੌਰਗਨ , 1986 ਵਿੱਚ ਸਾਬਕਾ ਪ੍ਰੀਮੀਅਰ ਬਿਲ ਬੈਨੇਟ ਦੇ ਅਸਤੀਫ਼ੇ ਤੋਂ ਬਾਅਦ, ਬਿਨ੍ਹਾਂ ਚੋਣਾਂ ਹਾਰੇ , ਜਨਤਕ ਘੋਟਾਲੇ ਜਾਂ ਆਪਣੀ ਪਾਰਟੀ ਦੇ ਦਬਾਅ ਤੋਂ ਬਾਹਰ ਧੱਕੇ ਬਿਨਾਂ ਅਹੁਦਾ ਛੱਡਣ ਵਾਲੇ ਨੇਤਾ ਬਣ ਗਏ ਹਨ I
ਬੀ ਸੀ ਵਿਚ ਅਗਲੀਆਂ ਚੋਣਾਂ 2024 ਦੌਰਾਨ ਹੋਣਗੀਆਂ I ਹੌਰਗਨ ਨੇ 1990 ਦੇ ਦਹਾਕੇ ਵਿੱਚ ਵਿਧਾਇਕ ਦੇ ਸਹਾਇਕ ਵਜੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ I 2014 ਤੋਂ 2017 ਦਰਮਿਆਨ ਹੌਰਗਨ ਵਿਰੋਧੀ ਧਿਰ ਦੇ ਨੇਤਾ ਵੀ ਰਹੇ I
ਰਿਹਾਨਾ ਸ਼ਮੁੰਕ , ਸੀ ਬੀ ਸੀ ਨਿਊਜ਼
ਜਸਟਿਨ ਮੈਕਲਰੋਏ ਤੋਂ ਪ੍ਰਾਪਤ ਫ਼ਾਇਲਜ਼ ਅਨੁਸਾਰ
ਪੰਜਾਬੀ ਅਨੁਵਾਦ ਸਰਬਮੀਤ ਸਿੰਘ