1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਕਿਉਂ ਕੈਨੇਡੀਅਨ ਪਾਸਪੋਰਟਾਂ ‘ਤੇ ਅਕਸਰ ਭਾਰਤੀ ਪਰਵਾਸੀਆਂ ਦੇ ਪਹਿਲੇ ਨਾਮ ਦੀ ਥਾਂ XXX ਲਿਖਿਆ ਹੁੰਦੈ?

ਇਮੀਗ੍ਰੇਸ਼ਨ ਵਿਭਾਗ ਅਨੁਸਾਰ ਅਜਿਹੇ 9,365 ਪਾਸਪੋਰਟ ਹਨ ਜਿੱਥੇ ਪਹਿਲੇ ਨਾਂ ਵਿਚ XXX ਦਰਜ ਹੈ

ਵੈਸਟਰਨ ਯੂਨੀਵਰਸਿਟੀ ਦੀ ਵਿਦਿਆਰਥਣ ਸਫ਼ਾ ਖ਼ਾਨ ਦਾ ਪੂਰਾ ਨਾਮ ਸਰਨੇਮ ਵਾਲੀ ਥਾਂ 'ਤੇ ਦਰਜ ਹੈ ਅਤੇ ਪਹਿਲਾ ਨਾਮ ਵਾਲੀ ਥਾਂ 'ਤੇ XXX ਲਿਖਿਆ ਹੋਇਆ ਹੈ।

ਵੈਸਟਰਨ ਯੂਨੀਵਰਸਿਟੀ ਦੀ ਵਿਦਿਆਰਥਣ ਸਫ਼ਾ ਖ਼ਾਨ ਦਾ ਪੂਰਾ ਨਾਮ ਸਰਨੇਮ ਵਾਲੀ ਥਾਂ 'ਤੇ ਦਰਜ ਹੈ ਅਤੇ ਪਹਿਲਾ ਨਾਮ ਵਾਲੀ ਥਾਂ 'ਤੇ XXX ਲਿਖਿਆ ਹੋਇਆ ਹੈ।

ਤਸਵੀਰ: (Submitted by Safa Khan)

RCI

ਦਸ ਸਾਲ ਪਹਿਲਾਂ ਸਫ਼ਾ ਖ਼ਾਨ ਜਦੋਂ ਦਿੱਲੀ ਤੋਂ ਓਨਟੇਰਿਓ ਦੇ ਲੰਡਨ ਸ਼ਹਿਰ ਪਰਵਾਸ ਕਰਕੇ ਆਈ ਸੀ ਤਾਂ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਸਦਾ ਕੈਨੇਡੀਅਨ ਪਾਸਪੋਰਟ ਵੀ ਉਸ ਲਈ ਇੱਕ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।

ਦੋ ਬੱਚਿਆਂ ਦੀ ਮਾਂ ਸਫ਼ਾ ਲੰਡਨ ਦੀ ਵੈਸਟਰਨ ਯੂਨੀਵਰਸਿਟੀ ਵਿਚ ਫ਼ੀਜ਼ੀਓਥੈਰਪੀ ਦੀ ਵਿਦਿਆਰਥਣ ਹੈ।

ਇਸ ਸਾਲ ਦੇ ਸ਼ੁਰੂ ਵਿਚ ਸਫ਼ਾ ਨੂੰ ਉਸਦਾ ਕੈਨੇਡੀਅਨ ਪਾਸਪੋਰਟ ਪ੍ਰਾਪਤ ਹੋਇਆ ਹੈ। ਪਾਸਪੋਰਟ ਵਿਚ ਦਰਜ ਸਫ਼ਾ ਦਾ ਪੂਰਾ ਨਾਮ ਸਫ਼ਾ ਜਮਾਲੁੱਦੀਨ ਖ਼ਾਨ ਹੈ, ਜਿਹੜਾ ਸਰਨੇਮ ਭਾਵ ਗੋਤ ਵਾਲੀ ਥਾਂ ‘ਤੇ ਲਿਖਿਆ ਹੈ, ਅਤੇ ਪਹਿਲੇ ਨਾਮ ਵਾਲੀ ਥਾਂ ‘ਤੇ XXX ਦਰਜ ਹੈ।

ਸਫ਼ਾ ਨੇ ਕਿਹਾ, ਮੈਨੂੰ ਹਰ ਕਦਮ ‘ਤੇ ਅੜਚਨ ਆਉਂਦੀ ਹੈ। ਮੈਨੂੰ ਨੋਟਰੀ ਕੋਲ ਜਾਣਾ ਪੈਂਦਾ ਹੈ। ਵਕੀਲ ਕੋਲ ਜਾਣਾ ਪੈਂਦਾ ਹੈ। ਤੁਹਾਨੂੰ ਪਤਾ ਹੈ ਇਹ ਤਕਲੀਫ਼ਦੇਹ ਹੈ। ਇਹ ਮੇਰਾ ਨਾਮ ਹੈ। ਮੈਨੂੰ ਪਤਾ ਹੈ ਇਹ ਮੇਰਾ ਨਾਮ ਹੈ

ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਮੇਰਾ ਸਰਨੇਮ ਮੇਰੇ ਨਾਮ ਵੱਜੋਂ ਲਿਆ ਸੀ। ਇਹ ਕੈਨੇਡਾ ਵਿਚ ਬਹੁਤ ਆਮ ਗੱਲ ਹੈ ਕਿ ਉਹਨਾਂ ਨੂੰ ਤੁਹਾਡਾ ਨਾਮ ਸਮਝ ਨਹੀਂ ਆਉਂਦਾ ਅਤੇ ਉਹ ਸਾਰਾ ਨਾਮ ਹੀ ਸਰਨੇਮ ਵਾਲੇ ਖ਼ਾਨੇ ਵਿਚ ਲਿਖ ਦਿੰਦੇ ਹਨ।
ਵੱਲੋਂ ਇੱਕ ਕਥਨ ਸਫ਼ਾ ਖ਼ਾਨ

ਸਫ਼ਾ ਦੇ ਭਾਰਤੀ ਪਾਸਪੋਰਟ ਵਿਚ ਵੀ ਉਸਦੇ ਨਾਂ ਦੇ ਤਿੰਨੇ ਹਿੱਸੇ ਇੱਕੋ ਲਾਈਨ ਵਿਚ ਦਰਜ ਹਨ। ਭਾਰਤ ਵਿਚ ਇਹ ਆਮ ਗੱਲ ਹੈ ਕਿਉਂਕਿ ਬਹੁਤ ਸਾਰੇ ਭਾਰਤੀ ਨਾਗਰਿਕਾਂ ਦਾ ਪਹਿਲਾ ਨਾਮ ਹੀ ਹੁੰਦਾ ਹੈ।

ਸਫ਼ਾ ਦੇ ਪਤੀ ਅਤੇ ਬੇਟੇ ਦੇ ਪਾਸਪੋਰਟ ‘ਤੇੇ ਵੀ ਪਹਿਲੇ ਨਾਂ ਦੀ ਥਾਂ XXX ਦਰਜ ਹੈ।

ਉਸਨੂੰ ਲੱਗਦਾ ਹੈ ਕਿ ਇਸ ਬਾਰੇ ਗੱਲ ਕਰਨ ਨਾਲ ਸ਼ਾਇਦ ਕੈਨੇਡੀਅਨ ਅਧਿਕਾਰੀ ਭਾਰਤ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਪੁਰਾਣੀ ਸਮੱਸਿਆ ਨੂੰ ਹਲ ਕਰਨਗੇ।

ਭਾਰਤ ਅਤੇ ਕੈਨੇਡਾ ਵਿਚ ਨਾਮ ਵਰਤਣ ਦੀ ਵਿਧੀ ਵੱਖਰੀ

ਟੋਰੌਂਟੋ ਦੀ ਵਕੀਲ ਅਤੇ ਸਾਊਥ ਏਸ਼ੀਅਲ ਲੀਗਲ ਕਲੀਨਿਕ ਦੀ ਕਾਰਜਕਾਰੀ ਨਿਰਦੇਸ਼ਕ, ਸ਼ਾਲਿਨੀ ਕੋਨਾਨੁਰ ਨੇ ਦੱਸਿਆ ਕਿ ਉਹਨਾਂ ਦੇ ਬਹੁਤ ਸਾਰੇ ਕਲਾਇੰਟਸ ਨੂੰ ਪਹਿਲੇ ਨਾਮ ਵਾਲਾ ਮਸਲਾ ਆਉਂਦਾ ਹੈ।

ਇਹ ਮਸਲਾ ਦਰਅਸਲ ਤੁਹਾਡੇ ਮੂਲ ਦਸਤਾਵੇਜ਼ਾਂ ਤੋਂ ਸ਼ੁਰੂ ਹੁੰਦਾ ਹੈ। ਭਾਰਤ ਵਿਚ ਅਜਿਹੇ ਬਹੁਤ ਸਾਰੇ ਹਿੱਸੇ ਹਨ, ਸਣੇ ਮੇਰੇ ਪਰਿਵਾਰ ਦੇ, ਜਿੱਥੇ ਸਾਡੇ ਸਰਨੇਮ/ਲਾਸਟ ਨੇਮ ਹੁੰਦੇ ਹੀ ਨਹੀਂ। ਦੱਖਣੀ ਭਾਰਤ ਵਿਚ ਅਜਿਹਾ ਬਹੁਤ ਜ਼ਿਆਦਾ ਹੈ

ਪਰ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪਹਿਲਾ ਨਾਮ ਅਤੇ ਅਖ਼ੀਰਲਾ ਨਾਮ ਭਰਨਾ ਜ਼ਰੂਰੀ ਹੁੰਦਾ ਹੈ, ਇਸ ਕਰਕੇ ਅਕਸਰ ਪਹਿਲਾ ਨਾਮ ਖ਼ਾਨਾ ਜਾਂ ਤਾਂ ਖ਼ਾਲੀ ਛੱਡਿਆ ਜਾਂਦਾ ਹੈ ਜਾਂ XXX ਦਰਜ ਹੋ ਜਾਂਦਾ ਹੈ। 

ਸ਼ਾਲਿਨੀ ਕੋਨਾਨੁਰ ਅਤੇ ਉਸਦੀ ਬੇਟੀ ਸਾਨਿਆ ਡਿਸਿਲਵਾ

ਸ਼ਾਲਿਨੀ ਕੋਨਾਨੁਰ ਅਤੇ ਉਸਦੀ ਬੇਟੀ ਸਾਨਿਆ ਡਿਸਿਲਵਾ

ਤਸਵੀਰ: (Submitted by Shalini Konanur)

ਇਸ ਕਰਕੇ ਸਮੱਸਿਆ ਆਉਂਦੀ ਹੈ।

ਸ਼ਾਲਿਨੀ ਨੇ ਦੱਸਿਆ ਕਿ ਕੈਨੇਡੀਅਨ ਸਿਸਟਮ ਵਿਚ ਅਜਿਹੇ ਬਹੁਤ ਸਾਰੇ ਹਿੱਸੇ ਹਨ, ਜਿੱਥੇ ਪਹਿਲਾ ਅਤੇ ਅਖ਼ੀਰਲਾ ਨਾਮ ਨਾ ਹੋਣ ਕਰਕੇ ਤੁਹਾਡੇ ਦਸਤਾਵੇਜ਼ ਅਸਵੀਕਾਰ ਕੀਤੇ ਜਾ ਸਕਦੇ ਹਨ।

ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੀ ਸਪੋਕਸਪਰਸਨ, ਇਜ਼ਾਬੈਲ ਡੁਬੋਆ ਨੇ ਕਿਹਾ, ਜਦੋਂ ਕਿਸੇ ਵਿਅਕਤੀ ਦਾ ਇਕੋ ਨਾਮ ਹੁੰਦਾ ਹੈ ਅਤੇ ਉਹ ਨਾਮ ਹਿੱਸਿਆਂ ਵਿਚ ਵੰਡਿਆ ਨਹੀਂ ਜਾ ਸਕਦਾ, ਤਾਂ ਪਾਸਪੋਰਟ ਵਿਚ ਉਹ ਨਾਮ ਸਰਨੇਮ ਵਾਲੀ ਥਾਂ ‘ਤੇ ਦਰਜ ਕੀਤਾ ਜਾਂਦਾ ਹੈ

ਇਜ਼ਾਬੈਲ ਨੇ ਦੱਸਿਆ ਕਿ ਇਹ ਅੰਤਰਰਾਸ਼ਟਰੀ ਹਵਾਬਾਜ਼ੀ ਸੰਸਥਾ (ICAO) ਦੇ ਨਿਰਦੇਸ਼ਾਂ ਦੇ ਅਨੁਕੂਲ ਹੈ ਅਤੇ ਇਸ ਨਾਲ ਭਵਿੱਖ ਵਿਚ ਨਾਮ ਖੋਜਣ ਵਿਚ ਆਸਾਨੀ ਹੁੰਦੀ ਹੈ।

ਇਮੀਗ੍ਰੇਸ਼ਨ ਵਿਭਾਗ ਅਨੁਸਾਰ ਅਜਿਹੇ 9,365 ਪਾਸਪੋਰਟ ਹਨ ਜਿੱਥੇ ਪਹਿਲੇ ਨਾਮ ਦੀ ਥਾਂ ‘ਤੇ XXX ਦਰਜ ਹੈ। ਇਸ ਵਿਚ ਉਹ ਪਾਸਪੋਰਟ ਸ਼ਾਮਲ ਨਹੀਂ ਹਨ ਜਿੱਥੇ ਪਹਿਲੇ ਨਾਮ ਦੀ ਜਗ੍ਹਾ ਨੂੰ ਖ਼ਾਲੀ ਛੱਡਿਆ ਗਿਆ ਹੈ।

ਸੋਮਵਾਰ ਨੂੰ ਭੇਜੀ ਇੱਕ ਈ-ਮੇਲ ਵਿਚ ਆਈਆਰਸੀਸੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ XXX ਵਾਲੇ ਕੈਨੇਡੀਅਨ ਪਾਸਪੋਰਟਾਂ ਨੂੰ ਬਿਨਾ ਕਿਸੇ ਫ਼ੀਸ ਦੇ, ਪਹਿਲੇ ਨਾਮ ਦੀ ਥਾਂ ‘ਤੇ ਕੁਝ ਵੀ ਨਾ ਲਿਖੇ ਵਾਲੇ ਪਾਸਪੋਰਟ ਨਾਲ ਬਦਲਿਆ ਜਾ ਸਕਦਾ ਹੈ।

ਸਫ਼ਾ ਦੇ ਪਹਿਲੇ ਨਾਮ ਦੀ ਥਾਂ XXX ਹੋਣ ਕਰਕੇ ਉਸਨੂੰ ਅਕਸਰ ਦਸਤਾਵੇਜ਼ ਨੋਟਰੀ ਕਰਵਾਉਣੇ ਪੈਂਦੇ ਹਨ ਅਤੇ ਵਕੀਲਾਂ ਕੋਲ ਜਾਣਾ ਪੈਂਦਾ ਹੈ। ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਲਈ ਵੀ ਉਸਨੂੰ ਅਜਿਹਾ ਕਰਨਾ ਪਿਆ ਸੀ।

ਸਫ਼ਾ ਨੇ ਦੱਸਿਆ ਕਿ ਪੜ੍ਹਾਈ ਲਈ ਲੋਨ ਲੈਣ ਲਈ ਅਤੇ ਫ਼ੀਜ਼ੀਓਥੈਰਪੀ ਦਾ ਲਾਇਸੈਂਸ ਪ੍ਰਾਪਤ ਕਰਨ ਲਈ ਵੀ ਉਸਨੂੰ ਨੋਟਰੀ ਕੀਤੇ ਹਲਫ਼ਨਾਮੇ ਦੇਣੇ ਪਏ ਸਨ।

ਸਫ਼ਾ ਮੁਤਾਬਕ ਉਸਨੂੰ ਦੱਸਿਆ ਗਿਆ ਹੈ ਕਿ ਜੇ ਉਹ ਕੈਨੇਡੀਅਨ ਪਾਸਪੋਰਟ ‘ਤੇ ਆਪਣਾ ਨਾਮ ਸਹੀ ਤਰੀਕੇ ਨਾਲ ਦਰਜ ਕਰਵਾਉਣਾ ਚਾਹੁੰਦੀ ਹੈ, ਤਾਂ ਉਸਨੂੰ ਅਧਿਕਾਰਕ ਤੌਰ ‘ਤੇ ਨਾਮ ਬਦਲਣ ਦੀ ਪ੍ਰਕਿਰਿਆ ਚੋਂ ਗੁਜ਼ਰਨਾ ਪਵੇਗਾ।

ਸਫ਼ਾ ਖ਼ਾਨ ਦੇ ਬੇਟੇ ਓਮਰ ਅਹਿਮਦ ਦੇ ਪਾਸਪੋਰਟ 'ਤੇ ਵੀ ਪਹਿਲੇ ਨਾਮ ਦੀ ਥਾਂ ਵਿਚ XXX ਦਰਜ ਹੈ।

ਸਫ਼ਾ ਖ਼ਾਨ ਦੇ ਬੇਟੇ ਓਮਰ ਅਹਿਮਦ ਦੇ ਪਾਸਪੋਰਟ 'ਤੇ ਵੀ ਪਹਿਲੇ ਨਾਮ ਦੀ ਥਾਂ ਵਿਚ XXX ਦਰਜ ਹੈ।

ਤਸਵੀਰ: (Submitted by Safa Khan)

ਉਸਨੇ ਕਿਹਾ, ਮੇਰਾ ਯਕੀਨ ਕਰੋ ਕਿ ਕਾਨੂੰਨੀ ਨਾਮ ਬਦਲਣਾ ਵੀ ਸੌਖਾ ਕੰਮ ਨਹੀਂ ਹੈ। ਇਹ ਇੱਕ ਵੱਡੀ ਪ੍ਰਕਿਰਿਆ ਹੈ ਅਤੇ ਇਸ ਵਿਚ ਦੋ ਮਹੀਨੇ ਲੱਗ ਸਕਦੇ ਹਨ

ਇਹ ਪ੍ਰਕਿਰਿਆ ਮੁਫ਼ਤ ਵੀ ਨਹੀਂ ਹੁੰਦੀ। ਓਨਟੇਰਿਓ ਵਿਚ ਨਾਮ ਬਦਲਣ ਦੇ 122 ਡਾਲਰ ਲੱਗਦੇ ਹਨ।

ਮੈਂ ਇੱਕ ਵਿਅਸਤ ਔਰਤ ਹਾਂ, ਇੱਕ ਮਾਂ ਹਾਂ, ਵਿਦਿਆਰਥੀ ਹਾਂ। ਮੇਰੇ ਲਈ ਭੱਜਦੌੜ ਸੌਖੀ ਨਹੀਂ ਹੈ, ਪਰ ਅਖ਼ੀਰ ਮੇਰੇ ਕੋਲ ਹੋਰ ਵਿਕਲਪ ਵੀ ਨਹੀਂ

ਪੱਖਪਾਤੀ ਪ੍ਰਣਾਲੀ

ਸ਼ਾਲਿਨੀ ਇਸ ਨਾਮ ਵਾਲੇ ਝੰਜਟ ਤੋਂ ਨਿਜੀ ਤੌਰ ‘ਤੇ ਗੁਜ਼ਰ ਚੁੱਕੀ ਹੈ।

2013 ਵਿਚ ਸ਼ਾਲਿਨੀ ਨੇ ਭਾਰਤ ਤੋਂ ਆਪਣੀ ਬੇਟੀ ਨੂੰ ਗੋਦ ਲਿਆ ਸੀ। ਜਦੋਂ ਉਹ ਬੱਚੀ ਕੈਨੇਡਾ ਪਹੁੰਚੀ ਸੀ ਉਦੋਂ ਉਸਦਾ ਇੱਕੋ ਨਾਮ ਸੀ, ਸਾਨਿਆ। ਕੈਨੇਡੀਅਨ ਅਧਿਕਾਰੀਆਂ ਨੇ ਇਹ ਨਾਮ ਸਰਨੇਮ ਵਿਚ ਲਿਖਿਆ ਸੀ ਅਤੇ ਪਹਿਲਾ ਨਾਮ ਖ਼ਾਲੀ ਛੱਡਿਆ ਗਿਆ ਸੀ।

ਸ਼ਾਲਿਨੀ ਨੇ ਦੱਸਿਆ ਕਿ ਖ਼ੁਦ ਇੱਕ ਵਕੀਲ ਹੋਣ ਦੇ ਬਾਵਜੂਦ ਉਸਨੂੰ ਸਾਨਿਆ ਦਾ ਨਾਮ ਬਦਲਣ ਵਿਚ ਕਈ ਮਹੀਨੇ ਲੱਗ ਗਏ ਸਨ।

ਸਾਨਿਆ ਦਾ ਕੈਨੇਡੀਅਨ ਨਾਮ ਸਾਨਿਆ ਡਿਸਿਲਵਾ ਹੈ। ਉਸਨੂੰ ਸਾਨਿਆ ਨਾਮ ਭਾਰਤ ਦੇ ਅਨਾਥ ਆਸ਼ਰਮ ਨੇ ਦਿੱਤਾ ਸੀ, ਅਤੇ ਉਸਦੇ ਪਿਤਾ ਦਾ ਅਖ਼ੀਰਲਾ ਨਾਲ ਡਿਸਿਲਵਾ ਹੈ।

ਸ਼ਾਲਿਨੀ ਨੇ ਕਿਹਾ ਕਿ ਨਾਮ ਵਰਤਣ ਦੀ ਤਰੁੱਟੀ ਦੀ ਵਜ੍ਹਾ ਕਰਕੇ ਬਹੁਤ ਸਾਰੇ ਭਾਰਤੀ ਪਰਵਾਸੀ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਇਹ ਇੱਕ ਕਿਸਮ ਦਾ ਸੰਸਥਾਗਤ ਵਿਤਕਰਾ ਬਣ ਗਿਆ ਹੈ।

ਸ਼ਾਲਿਨੀ ਦਾ ਸੁਝਾਅ ਹੈ ਕਿ ਇਸ ਸਮੱਸਿਆ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੀ ਸਟੇਜ ‘ਤੇ ਹੀ ਦੁਰੁਸਤ ਕੀਤਾ ਜਾਣਾ ਚਾਹੀਦਾ ਹੈ। ਉਸ ਅਨੁਸਾਰ ਇਸ ਨਾਲ ਕੈਨੇਡੀਅਨ ਅਧਿਕਾਰੀਆਂ ਦਾ ਦਸਤਾਵੇਜ਼ੀ ਕੰਮ ਵੀ ਘਟੇਗਾ ਅਤੇ ਭਾਰਤੀ ਪਰਵਾਸੀਆਂ ਦੀ ਸਿਰਦਰਦੀ ਵੀ ਘੱਟ ਹੋਵੇਗੀ।

ਰੈਬੈਕਾ ਜ਼ੈਂਡਬਰਗਨ - ਸੀਬੀਸੀ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ