1. ਮੁੱਖ ਪੰਨਾ
  2. ਅਰਥ-ਵਿਵਸਥਾ

2019 ਤੋਂ ਬਾਅਦ ਮਈ ਦੌਰਾਨ ਜੀਟੀਏ ‘ਚ ਘਰਾਂ ਦੇ ਮਹੀਨਾਵਾਰ ਔਸਤ ਕਿਰਾਏ ਵਿਚ ਸਭ ਤੋਂ ਵੱਡਾ ਵਾਧਾ: ਰਿਪੋਰਟ

2021 ਦੇ ਮੁਕਾਬਲੇ ਮਈ ਵਿਚ ਔਸਤ ਪ੍ਰਤੀ ਮਹੀਨਾ ਕਿਰਾਇਆ 16.5 % ਵੱਧ

ਟੋਰੌਂਟੋ ਦੇ ਕੌਂਡੋ ਅਤੇ ਅਪਾਰਟਮੈਂਟਸ ਵਿਚ, ਪਿਛਲੇ ਸਾਲ ਦੀ ਤੁਲਨਾ ਵਿਚ ਮਈ ਮਹੀਨੇ ਦੌਰਾਨ ਕਿਰਾਏ ਵਿਚ ਕਰੀਬ 20 ਫ਼ੀਸਦੀ ਵਾਧਾ ਦਰਜ ਹੋਇਆ ਹੈ।

ਟੋਰੌਂਟੋ ਦੇ ਕੌਂਡੋ ਅਤੇ ਅਪਾਰਟਮੈਂਟਸ ਵਿਚ, ਪਿਛਲੇ ਸਾਲ ਦੀ ਤੁਲਨਾ ਵਿਚ ਮਈ ਮਹੀਨੇ ਦੌਰਾਨ ਕਿਰਾਏ ਵਿਚ ਕਰੀਬ 20 ਫ਼ੀਸਦੀ ਵਾਧਾ ਦਰਜ ਹੋਇਆ ਹੈ।

ਤਸਵੀਰ: (David Donnelly/CBC)

RCI

ਇੱਕ ਨਵੀਂ ਰਿਪੋਰਟ ਅਨੁਸਾਰ ਗ੍ਰੇਟਰ ਟੋਰੌਂਟੋ ਏਰੀਆ (ਜੀਟੀਏ) ਵਿਚ ਮਈ ਮਹੀਨੇ ਦੌਰਾਨ ਔਸਤ ਮਹੀਨਾਵਾਰ ਕਿਰਾਏ ਵਿਚ 2019 ਤੋਂ ਬਾਅਦ ਦਾ ਸਭ ਤੋਂ ਵੱਡਾ ਉਛਾਲ ਦਰਜ ਹੋਇਆ ਹੈ।

ਮਈ ਮਹੀਨੇ ਜੀਟੀਏ ਵਿਚ ਔਸਤ ਪ੍ਰਤੀ ਮਹੀਨਾ ਕਿਰਾਇਆ 2,327 ਡਾਲਰ ਦਰਜ ਕੀਤਾ ਗਿਆ ਹੈ, ਜੋਕਿ ਅਪ੍ਰੈਲ ਦੇ ਮੁਕਾਬਲੇ 5.7 ਫ਼ੀਸਦੀ ਵੱਧ ਹੈ ਅਤੇ ਸਾਲ 2021 ਦੇ ਮਈ ਦੇ 1,998 ਡਾਲਰ ਦੇ ਔਸਤ ਕਿਰਾਏ ਵਿਚ 16.5 ਫ਼ੀਸਦੀ ਦਾ ਵਾਧਾ ਹੈ। ਬੁਲਪੈਨ ਰਿਸਰਚ ਐਂਡ ਕੰਸਲਟਿੰਗ ਅਤੇ torontorentals.com ਵੱਲੋਂ ਉਕਤ ਰਿਪੋਰਟ ਤਿਆਰ (ਨਵੀਂ ਵਿੰਡੋ) ਕੀਤੀ ਗਈ ਹੈ ਅਤੇ ਇਸ ਵਿਚ ਇਕਹਿਰੇ ਪਰਿਵਾਰ ਵਾਲੇ ਘਰ, ਕੌਂਡੋ ਅਤੇ ਕਿਰਾਏ ਦੇ ਅਪਾਰਟਮੈਂਟ ਸ਼ਾਮਲ ਕੀਤੇ ਗਏ ਹਨ।

ਰਿਪੋਰਟ ਅਨੁਸਾਰ ਮਹਾਂਮਾਰੀ ਦੌਰਾਨ 2020 ਅਤੇ 2021 ਵਿਚ ਪ੍ਰਭਾਵਿਤ ਹੋਣ ਤੋਂ ਬਾਅਦ ਜਿਵੇਂ ਜਿਵੇਂ ਹੁਣ ਮਾਰਕੀਟ ਰਿਕਵਰੀ ਵੱਲ ਵਧ ਰਹੀ ਹੈ ਉਵੇਂ ਹੀ ਔਸਤ ਪ੍ਰਤੀ ਮਹੀਨਾ ਕਿਰਾਏ ਵੀ ਲਗਾਤਾਰ ਵਧ ਰਹੇ ਹਨ। ਹਾਲਾਂਕਿ ਮਈ 2022 ਵਿਚ ਕਿਰਾਏ ਮਹਾਂਮਾਰੀ ਤੋਂ ਪਹਿਲਾਂ ਦੇ ਮਈ ਦੇ ਪੱਧਰ ‘ਤੇ ਨਹੀਂ ਪਹੁੰਚੇ ਹਨ।  ਮਈ 2019 ਵਿਚ ਜੀਟੀਏ ਵਿਚ ਔਸਤ ਪ੍ਰਤੀ ਮਹੀਨਾ ਕਿਰਾਇਆ 2,365 ਡਾਲਰ ਦਰਜ ਕੀਤਾ ਗਿਆ ਸੀ।

ਬੁਲਪੈਨ ਰਿਸਰਚ ਦੇ ਪ੍ਰੈਜ਼ੀਡੈਂਟ, ਬੈਨ ਮਾਇਰਜ਼ ਨੇ ਕਿਹਾ, ਕੋਵਿਡ ਕਰਕੇ ਆਈ ਗਿਰਾਵਟ ਹੁਣ ਅਤੀਤ ਦੀ ਗੱਲ ਬਣ ਜਾਵੇਗੀ

ਘਰਾਂ ਦੀ ਸਪਲਾਈ ਦੀ ਘਾਟ ਅਤੇ ਨਾਲ ਹੀ ਇਮੀਗ੍ਰੇਸ਼ਨ, ਵੱਧ ਸਟੂਡੈਂਟਸ ਅਤੇ ਪੜ੍ਹਾਈ ਪੂਰੀ ਕਰਕੇ ਆਪਣੇ ਮਾਪਿਆਂ ਦੇ ਘਰਾਂ ਤੋਂ ਅਲਹਿਦਾ ਹੋਣ ਵਾਲੇ ਤਾਜ਼ਾ ਗ੍ਰੈਜੂਏਟਸ ਵੱਲੋਂ ਘਰਾਂ ਦੀ ਮੰਗ ਦੇ ਇਜ਼ਾਫ਼ੇ ਨੇ ਕਿਰਾਇਆਂ ਦੇ ਵਾਧੇ ਵਿਚ ਯੋਗਦਾਨ ਪਾਇਆ ਹੈ

ਪਿਛਲੇ ਸਾਲ ਦੀ ਤੁਲਨਾ ਵਿਚ ਮਈ ਦੌਰਾਨ ਟੋਰੌਂਟੋ ਦੇ ਕੌਂਡੋ ਅਤੇ ਅਪਾਰਟਮੈਂਟਸ ਦੇ ਕਿਰਾਏ ਵਿਚ ਸਭ ਤੋਂ ਵੱਧ 19.8 ਫ਼ੀਸਦੀ ਵਾਧਾ ਦਰਜ ਹੋਇਆ ਹੈ।

ਟੋਰੌਂਟੋ ਤੋਂ ਬਾਅਦ ਬਰਲਿੰਗਟਨ ਦਾ ਨੰਬਰ ਹੈ, ਜਿੱਥੇ 18.3 ਫ਼ੀਸਦੀ ਵਾਧਾ ਦਰਜ ਹੋਇਆ। 17 ਫ਼ੀਸਦੀ ਕਿਰਾਏ ਦੇ ਵਾਧੇ ਨਾਲ ਈਟੋਬਿਕੋ ਤੀਸਰੇ ਸਥਾਨ ‘ਤੇ ਹੈ।

ਜੀਟੀਏ ਦੇ ਹੋਰ ਇਲਾਕਿਆਂ ਵਿਚ ਔਸਤ ਪ੍ਰਤੀ ਮਹੀਨਾ ਕਿਰਾਏ ਅਤੇ ਇਸਦੇ ਵਾਧੇ ਦਾ ਵੇਰਵਾ ਇਸ ਪ੍ਰਕਾਰ ਹੈ:

  • ਮਿਸਿਸਾਾਗਾ ਵਿਚ ਔਸਤ ਕਿਰਾਇਆ 12.9 ਫ਼ੀਸਦੀ ਦੇ ਵਾਧੇ ਨਾਲ 2,224 ਡਾਲਰ
  • ਔਸ਼ਵਾ ਵਿਚ ਔਸਤ ਕਿਰਾਇਆ 12.4 ਫ਼ੀਸਦੀ ਦੇ ਵਾਧੇ ਨਾਲ 1,807 ਡਾਲਰ
  • ਯੌਰਕ ਵਿਚ ਔਸਤ ਕਿਰਾਇਆ 12.2 ਫ਼ੀਸਦੀ ਦੇ ਵਾਧੇ ਨਾਲ 2,083 ਡਾਲਰ
  • ਓਕਵਿਲ ਵਿਚ ਔਸਤ ਕਿਰਾਇਆ 11.2 ਫ਼ੀਸਦੀ ਦੇ ਵਾਧੇ ਨਾਲ 2,299 ਡਾਲਰ
  • ਨੌਰਥ ਯੌਰਕ ਵਿਚ ਔਸਤ ਕਿਰਾਇਆ 10.2 ਫ਼ੀਸਦੀ ਦੇ ਵਾਧੇ ਨਾਲ 2,102 ਡਾਲਰ
  • ਈਸਟ ਯੌਰਕ ਵਿਚ ਔਸਤ ਕਿਰਾਇਆ 8 ਫ਼ੀਸਦੀ ਦੇ ਵਾਧੇ ਨਾਲ 1,898 ਡਾਲਰ
  • ਬ੍ਰੈਂਪਟਨ ਵਿਚ ਔਸਤ ਕਿਰਾਇਆ 4.4 ਫ਼ੀਸਦੀ ਦੇ ਵਾਧੇ ਨਾਲ 1,950 ਡਾਲਰ
  • ਮਾਰਖਮ ਵਿਚ ਔਸਤ ਕਿਰਾਇਆ 3 ਫ਼ੀਸਦੀ ਦੇ ਵਾਧੇ ਨਾਲ 1,993 ਡਾਲਰ
  • ਸਕਾਰਬ੍ਰੋ ਵਿਚ ਔਸਤ ਕਿਰਾਇਆ 2.5 ਫ਼ੀਸਦੀ ਦੇ ਵਾਧੇ ਨਾਲ 1,850 ਡਾਲਰ

ਰਿਪੋਰਟ ਅਨੁਸਾਰ ਵੌਨ ਜੀਟੀਏ ਦਾ ਇੱਕਲਾ ਇਲਾਕਾ ਹੈ ਜਿੱਥੇ ਕੌਂਡੋ ਅਤੇ ਅਪਾਰਟਮੈਂਟਾਂ ਦੇ ਕਿਰਾਇਆਂ ਵਿਚ 6.6 ਫ਼ੀਸਦੀ ਦੀ ਕਮੀ ਆਈ ਅਤੇ ਔਸਤ ਮਹੀਨਾਵਾਰ ਕਿਰਾਇਆ 2,072 ਦਰਜ ਹੋਇਆ।

ਇਹ ਵੀ ਪੜ੍ਹੋ:

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ