1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਜ਼ੈਲੈਂਸਕੀ ਦੀ ਜੀ-7 ਲੀਡਰਾਂ ਨੂੰ ਬਿਹਤਰ ਏਅਰ ਡਿਫ਼ੈਂਸ ਦੇਣ ਅਤੇ ਰੂਸ ਖ਼ਿਲਾਫ਼ ਪਾਬੰਦੀਆਂ ਸਖ਼ਤ ਕਰਨ ਦੀ ਮੰਗ

ਐਤਵਾਰ ਨੂੰ ਟ੍ਰੂਡੋ ਅਤੇ ਜ਼ੈਲੈਂਸਕੀ ਦੀ ਹੋਈ ਮੁਲਾਕਾਤ

ਵੋਲੋਦਿਮਿਰ ਜ਼ੈਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਨੇ ਜੀ-7 ਦੇਸ਼ਾਂ ਤੋਂ ਵਧੇਰੇ ਰੱਖਿਆ ਮਦਦ ਅਤੇ ਰੂਸ ਖ਼ਿਲਾਫ਼ ਸਖ਼ਤ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ।

ਤਸਵੀਰ: (Dylan Martinez/Reuters)

RCI

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਨੇ ਜੀ-7 ਦੇਸ਼ਾਂ ਨੂੰ ਕਿਹਾ ਕਿ ਭਾਵੇਂ ਇਸ ਸਮੂਹ ਵੱਲੋਂ ਉਹਨਾਂ ਦੇ ਮੁਲਕ ਦੀ ਚੋਖੀ ਮਦਦ ਕੀਤੀ ਗਈ ਹੈ, ਪਰ ਰੂਸ ਸਰਕਾਰ ‘ਤੇ ਦਬਾਅ ਪਾਉਣ ਲਈ ਅਜੇ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ।

ਯੂਰਪੀ ਅਧਿਕਾਰੀਆਂ ਅਨੁਸਾਰ, ਜ਼ੈਲੈਂਸਕੀ ਨੇ ਵਧੇਰੇ ਆਧੁਨਿਕ ਅਤੇ ਬਿਹਤਰ ਹਵਾਈ ਰੱਖਿਆ ਸਿਸਟਮ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਰੂਸ ਉੱਪਰ ਹੋਰ ਪਾਬੰਦੀਆਂ ਲਗਾਉਣ ਦੀ ਵੀ ਅਪੀਲ ਕੀਤੀ ਹੈ।

ਅਨਾਜ ਦੀਆਂ ਖੇਪਾਂ ਵਾਸਤੇ ਆਪਣੀਆਂ ਬੰਦਰਗਾਹਾਂ ਦੀ ਘੇਰਾਬੰਦੀ ਖ਼ਤਮ ਕਰਵਾਉਣ ਲਈ ਵੀ ਜ਼ੈਲੈਂਸਕੀ ਮਦਦ ਦੀ ਮੰਗ ਕਰ ਰਹੇ ਹਨ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ, ਜ਼ੈਲੈਂਸਕੀ ਚਾਹੁੰਦੇ ਹਨ ਕਿ ਆਉਂਦੇ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਇਸ ਜੰਗ ਤੇ ਵਿਰਾਮ ਲੱਗ ਸਕੇ।

ਜੀ-7 ਸਿਖਰ ਸੰਮੇਲਨ ਦੇ ਮੇਜ਼ਬਾਨ ਮੁਲਕ ਜਰਮਨੀ ਲਈ ਯੂਕਰੇਨ ਦੀ ਆਰਥਿਕਤਾ ਦੇ ਡੁੱਬਦੇ ਬੇੜ੍ਹੇ ਨੂੰ ਬਚਾਉਣਾ ਵੀ ਵਿਚਾਰਨਯੋਗ ਨੁਕਤਾ ਹੈ।

ਜਰਮਨ ਚਾਂਸਲਰ ਓਲਫ਼ ਸ਼ੌਲਜ਼ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਾਲ ਆਪਣੀ ਦੁਵੱਲੀ ਬੈਠਕ ਤੋਂ ਬਾਅਦ ਕਿਹਾ, ਅਸੀਂ ਏਜੰਡੇ ਵਿਚ ਸ਼ਾਮਲ ਸਾਰੇ ਵਿਸ਼ਿਆਂ ਤੇ ਗੱਲਬਾਤ ਕਰ ਰਹੇ ਹਾਂ, ਖ਼ਾਸ ਤੌਰ ‘ਤੇ ਯੂਕਰੇਨ ਤੇ ਰੂਸੀ ਹਮਲੇ ਦੇ ਖ਼ਿਲਾਫ਼ ਇੱਕਜੁੱਟ ਰਹਿਣ ਦੇ ਸਬੰਧ ਵਿਚ ਅਤੇ ਅਸੀਂ ਇਹ ਸਮਝੇ ਹਾਂ ਕਿ ਸਾਡੇ ਸਾਰੇ ਦੇਸ਼ਾਂ ਦੀਆਂ ਨੀਤੀਆਂ ਇੱਕ ਦੂਸਰੇ ਨਾਲ ਮੇਲ ਖਾਂਦੀਆਂ ਹਨ

ਜੀ-7 ਦੇਸ਼ਾਂ ਨਾਲ ਗੱਲਬਾਤ ਤੋਂ ਪਹਿਲਾਂ ਜ਼ੈਲੈਂਸਕੀ ਨੇ ਆਪਣੇ ਲੋਕਾਂ ਨੂੰ ਕੀਤੇ ਸੰਬੋਧਨ ਵਿਚ ਕਿਹਾ ਸੀ ਕਿ ਯੂਕਰੇਨ ਨੂੰ ਆਧੁਨਿਕ ਏਅਰ ਡਿਫ਼ੈਂਸ ਦੀ ਜ਼ਰੂਰਤ ਹੈ। ਦਸ ਦਈਏ ਕਿ ਲੰਘੇ ਵੀਕੈਂਡ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਹਨ।

ਜ਼ੈਲੈਂਸਕੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਵਾਈ ਰੱਖਿਆ ਬਾਰੇ ਉਹ ਭਾਈਵਾਲ ਦੇਸ਼ਾਂ ਨਾਲ ਸੰਪਰਕ ਵਿਚ ਹਨ ਅਤੇ ਕੁਝ ਦੇਸ਼ਾਂ ਨਾਲ ਸਮਝੌਤੇ ਵੀ ਹੋਏ ਹਨ। ਪਰ ਉਹਨਾਂ ਕਿਹਾ ਕਿ ਸਹਿਯੋਗੀ ਦੇਸ਼ਾਂ ਨੂੰ ਇਸ ਬਾਬਤ ਤੇਜ਼ੀ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ।

ਸੋਮਵਾਰ ਨੂੰ ਅਸੋਸੀਏਟਡ ਪ੍ਰੈਸ ਨੇ ਖ਼ਬਰ ਛਾਪੀ ਹੈ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਇੱਕ ਆਧੁਨਿਕ ਜ਼ਮੀਨ ਤੋਂ ਹਵਾ ਵੱਲ ਮਾਰ ਕਰਨ ਵਾਲੇ ਮਿਜ਼ਾਇਲ ਸਿਸਟਮ ਖ਼ਰੀਦ ਕੇ ਦੇਣ ਬਾਬਤ ਐਲਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਪਾਬੰਦੀਆਂ ਕਾਫ਼ੀ ਨਹੀਂ: ਜ਼ੈਲੈਂਸਕੀ

ਭਾਵੇਂ ਸਹਿਯੋਗੀ ਦੇਸ਼ਾਂ ਨੇ ਹਮਲੇ ਤੋਂ ਤੁਰੰਤ ਬਾਅਦ ਰੂਸ ਉੱਪਰ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ, ਪਰ ਭਾਰਤ ਵਰਗੇ ਦੇਸ਼ਾਂ ਵੱਲੋਂ ਰੂਸ ਤੋਂ ਸਸਤੇ ਦਾਮ ‘ਤੇ ਤੇਲ ਖ਼ਰੀਦਣ ਕਰਕੇ ਰੂਸ ਦੀ ਆਰਥਿਕਤਾ ‘ਤੇ ਬਹੁਤ ਪ੍ਰਭਾਵ ਨਹੀਂ ਪਿਆ ਹੈ।

ਆਪਣੇ ਭਾਸ਼ਣ ਵਿਚ ਜ਼ੈਲੈਂਸਕੀ ਨੇ ਕਿਹਾ ਕਿ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਰੂਸ ਖ਼ਿਲਾਫ਼ ਪਾਬੰਦੀਆਂ ਕਾਫ਼ੀ ਨਹੀਂ ਹਨ ਅਤੇ ਯੂਕਰੇਨ ਨੂੰ ਹੋਰ ਫ਼ੌਜੀ ਮਦਦ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਹਿਯੋਗੀ ਦੇਸ਼ਾਂ ਨੂੰ ਆਧੁਨਿਕ ਰੱਖਿਆ ਪ੍ਰਣਾਲੀ ਨੂੰ ਆਪਣੇ ਟ੍ਰੇਨਿੰਗ ਅਦਾਰਿਆਂ ਵਿਚ ਰੱਖਣ ਦੀ ਬਜਾਏ ਯੂਕਰੇਨ ਦੀ ਮਦਦ ਕਰਨੀ ਚਾਹੀਦੀ ਹੈ।

ਜ਼ੈਲੈਂਸਕੀ ਦਾ ਇਹ ਭਾਸ਼ਣ ਸੁਣਨ ਵਾਲਿਆਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਾਮਲ ਸਨ। ਮੋਦੀ ਉਹਨਾਂ ਚੋਣਵੇਂ ਵਿਸ਼ਵ ਲੀਡਰਾਂ ਵਿਚੋਂ ਹਨ ਜੋ ਰੂਸੀ ਹਮਲੇ ਬਾਰੇ ਸਖ਼ਤ ਸ਼ਬਦਾਂ ਵਿਚ ਨਹੀਂ ਬੋਲੇ ਹਨ।

ਯੂਕਰੇਨ ਨੂੰ ਅਮਰੀਕਾ ਅਤੇ ਬ੍ਰਿਟੇਨ ਰਾਕਿਟ-ਅਧਾਰਿਤ ਕੁਝ ਕੁ ਗੋਲਾ-ਬਾਰੂਦ ਮੁਹੱਈਆ ਕਰਾ ਚੁੱਕੇ ਹਨ ਅਤੇ ਜਰਮਨੀ ਨੇ ਕੁਝ ਹੋਰ ਰੱਖਿਆ ਸਿਸਟਮ ਦੇਣ ਦਾ ਵਾਅਦਾ ਕੀਤਾ ਹੈ।

ਅਮਰੀਕਾ, ਕੈਨੇਡਾ ਅਤੇ ਹੋਰ ਭਾਈਵਾਲਾਂ ਕੋਲੋਂ ਯੂਕਰੇਨ ਕਈ ਆਧੁਨਿਕ ਹਥਿਆਰ ਅਤੇ ਤੋਪ ਵਰਗੀਆਂ ਗੰਨਾਂ ਬਰਾਮਦ ਕਰ ਚੁੱਕਾ ਹੈ, ਪਰ ਜ਼ੈਲੈਂਸਕੀ ਵੱਲੋਂ ਲਗਾਤਾਰ ਹੋਰ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਵਿਚ 500 ਟੈਂਕਾਂ ਦੀ ਮੰਗ ਵੀ ਸ਼ਾਮਲ ਹੈ।

ਦੇਖੋ। ਜਰਮਨੀ ਵਿਚ ਜੀ-7 ਦੇਸ਼ਾਂ ਦੀ ਬੈਠਕ, ਯੂਕਰੇਨ ਮਦਦ ਤੇ ਕੇਂਦਰਤ ਸੰਮੇਲਨ :

ਟ੍ਰੂਡੋ ਅਤੇ ਜ਼ੈਲੈਂਸਕੀ ਦਰਮਿਆਨ ਗੱਲਬਾਤ

ਐਤਵਾਰ ਨੂੰ ਜ਼ੈਲੈਂਸਕੀ ਦੇ ਭਾਸ਼ਣ ਤੋਂ ਪਹਿਲਾਂ, ਟ੍ਰੂਡੋ ਅਤੇ ਜ਼ੈਲੈਂਸਕੀ ਦਰਮਿਆਨ ਫ਼ੋਨ ਤੇ ਗੱਲਬਾਤ ਹੋਈ। ਕੈਨੇਡੀਅਨ ਅਧਿਕਾਰੀਆਂ ਅਨੁਸਾਰ ਦੋਵੇਂ ਨੇਤਾਵਾਂ ਨੇ ਰੂਸ ਉੱਪਰ ਦਬਾਅ ਤੇਜ਼ ਕਰਨ ਬਾਰੇ ਗੱਲਬਾਤ ਕੀਤੀ।

ਜ਼ੈਲੈਂਸਕੀ ਨੇ ਆਪਣੇ ਸੰਬੋਧਨ ਵਿਚ ਟ੍ਰੂਡੋ ਨਾਲ ਗੱਲਬਾਤ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਦੋਵਾਂ ਲੀਡਰਾਂ ਨੇ ਇਸ ਬਾਰੇ ਗੱਲ ਕੀਤੀ ਕਿ ਰੂਸ ਉੱਪਰ ਵਧੇਰੇ ਪਾਬੰਦੀਆਂ ਲਗਾਕੇ ਹੋਰ ਦਬਾਅ ਕਿਵੇਂ ਵਧਾਇਆ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਫ਼ੌਜੀ ਮਦਦ ਹੋਰ ਮਜ਼ਬੂਤ ਕੀਤੀ ਜਾ ਸਕਦੀ ਹੈ। ਜ਼ੈਲੈਂਸਕੀ ਨੇ ਟ੍ਰੂਡੋ ਦਾ ਸ਼ੁਕਰੀਆ ਅਦਾ ਕੀਤਾ।

ਜੀ-7 ਲੀਡਰ ਆਉਂਦੇ ਦਿਨਾਂ ਵਿਚ ਰਸਮੀ ਤੌਰ ‘ਤੇ ਰੂਸੀ ‘ਤੇਲ ਤੇ ਕੀਮਤ ਸੀਮਾ ਲਗਾਉਣ, ਰੂਸੀ ਵਸਤਾਂ ‘ਤੇ ਟੈਰਿਫ਼ ਵਧਾਉਣ ਅਤੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਬਾਬਤ ਕਿਸੇ ਸਮਝੌਤੇ ਦਾ ਐਲਾਨ ਕਰ ਸਕਦੇ ਹਨ।

ਦਸ ਦਈਏ ਕਿ ਹਾਲ ਹੀ ਵਿਚ ਹੋਏ ਕਾਮਨਵੈਲਥ ਸਿਖਰ ਸੰਮੇਲਨ ਵਿਚ ਰੂਸ ਖ਼ਿਲਾਫ਼ ਲਾਈਆਂ ਗਈਆਂ ਪਾਬੰਦੀਆਂ ਨੂੰ ਲੈਕੇ ਸਹਿਮਤ ਨਾ ਹੋਣ ਵਾਲੇ ਦੇਸ਼ਾਂ ਨੂੰ ਸਮਝਾਉਣਾ ਅਤੇ ਰਾਜ਼ੀ ਕਰਨਾ ਕੈਨੇਡਾ ਅਤੇ ਯੂਕੇ ਦੀ ਅਹਿਮ ਕੋਸ਼ਿਸ਼ ਸੀ, ਪਰ ਇਸ ਸਬੰਧ ਵਿਚ ਕੋਈ ਬਹੁਤੀ ਗੱਲ ਸਿਰੇ ਨਹੀਂ ਚੜ੍ਹ ਸਕੀ।

ਮਰੇ ਬ੍ਰੂਸਟਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ