1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਰੋਅ ਬਨਾਮ ਵੇਡ ਦਾ ਫ਼ੈਸਲਾ ਉਲਟਾਉਣਾ ‘ਭਿਆਨਕ’: ਟ੍ਰੂਡੋ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਔਰਤ ਨੂੰ ਵੀ ਆਪਣਾ ਗਰਭ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਅਮਰੀਕੀ ਸੁਪਰੀਮ ਕੋਰਟ ਦੇ ਗਰਭਪਾਤ ਸਬੰਧੀ ਫ਼ੈਸਲੇ ਦੀ ਨਿੰਦਾ ਕੀਤੀ ਹੈ।

ਤਸਵੀਰ: La Presse canadienne / Sean Kilpatrick

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਅਮਰੀਕੀ ਸੁਪਰੀਮ ਕੋਰਟ ਵੱਲੋਂ ਗਰਭਪਾਤ ਦੇ ਅਧਿਕਾਰਾਂ ਸਬੰਧੀ ਸੁਣਾਏ ਫ਼ੈਸਲੇ ਨੂੰ ਭਿਆਨਕ ਦੱਸਿਆ ਹੈ। 

ਸ਼ੁੱਕਰਵਾਰ ਨੂੰ ਅਮਰੀਕਾ ਦੀ ਉੱਚ ਅਦਾਲਤ ਨੇ ਗਰਭਪਾਤ ਕਰਵਾਉਣ ਦੇ ਅਧਿਕਾਰ ਨੂੰ ਸੰਵਿਧਾਨਕ ਮਾਨਤਾ ਦੇਣ ਵਾਲੇ 50 ਸਾਲ ਪੁਰਾਣੇ ਰੋਅ ਬਨਾਮ ਵੇਡ ਫ਼ੈਸਲੇ ਨੂੰ ਪਲਟ ਦਿੱਤਾ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਅਮਰੀਕਾ ਦੇ ਸੂਬਿਆਂ ਦੇ ਲਜਿਸਲੇਚਰ ਕੋਲ ਗਰਭਪਾਤ ਨੂੰ ਸੀਮਤ ਕਰਨ ਜਾਂ ਇਸ ‘ਤੇ ਮੁਕੰਮਲ ਪਾਬੰਦੀ ਲਗਾਉਣ ਦਾ ਅਧਿਕਾਰ ਹੋਵੇਗਾ।

ਟ੍ਰੂਡੋ ਨੇ ਕਿਹਾ ਕਿ ਇਹ ਫ਼ੈਸਲਾ ਔਰਤਾਂ ਦੇ ਅਧਿਕਾਰ ਨੂੰ ਖ਼ਤਰੇ ਵਿਚ ਪਾ ਰਿਹਾ ਹੈ।

ਮੈਨੂੰ ਉਹਨਾਂ ਲੱਖਾਂ ਅਮਰੀਕੀ ਔਰਤਾਂ ਨਾਲ ਹਮਦਰਦੀ ਹੈ ਜਿਹਨਾਂ ਨੂੰ ਗਰਭਪਾਤ ਕਰਵਾਉਣ ਦੇ ਕਾਨੂੰਨੀ ਅਧਿਕਾਰ ਤੋਂ ਵਾਂਝਾ ਕੀਤਾ ਜਾਵੇਗਾ। ਮੈਂ ਸੋਚ ਵੀ ਨਹੀਂ ਸਕਦਾ ਕਿ ਉਹ ਇਸ ਸਮੇਂ ਕਿਵੇਂ ਦਾ ਡਰ ਅਤੇ ਗ਼ੁੱਸਾ ਮਹਿਸੂਸ ਕਰ ਰਹੀਆਂ ਹੋਣਗੀਆਂ।
ਵੱਲੋਂ ਇੱਕ ਕਥਨ ਜਸਟਿਨ ਟਰੂਡੋ

ਟ੍ਰੂਡੋ ਨੇ ਕਿਹਾ ਕਿ ਕਿਸੇ ਵੀ ਸਰਕਾਰ, ਸਿਆਸਤਦਾਨ ਜਾਂ ਵਿਅਕਤੀ ਨੂੰ ਕਿਸੇ ਵੀ ਔਰਤ ਨੂੰ ਆਪਣਾ ਗਰਭ ਬਰਕਰਾਰ ਰੱਖਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਲਿਬਰਲ ਸਰਕਾਰ ਔਰਤਾਂ ਦੇ ਇਸ ਅਧਿਕਾਰ ਲਈ ਹਮੇਸ਼ਾ ਖੜੀ ਹੈ।

ਦੇਖੋ। ਅਮਰੀਕੀ ਅਦਾਲਤ ਦੇ ਫ਼ੈਸਲੇ 'ਤੇ ਟ੍ਰੂਡੋ ਦਾ ਪ੍ਰਤੀਕਰਮ :

ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਵੀ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਸ ਫ਼ੈਸਲੇ ਨੇ ਉਹਨਾਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕੀਤਾ ਹੈ।

ਫ਼੍ਰੀਲੈਂਡ ਨੇ ਕਿਹਾ ਕਿ ਨਾਰੀਵਾਦੀਆਂ ਦੀਆਂ ਕਈ ਪੀੜ੍ਹੀਆਂ ਨੇ ਲੜ੍ਹਕੇ ਕੈਨੇਡਾ ਵਿਚ ਗਰਭਪਾਤ ਦਾ ਅਧਿਕਾਰ ਪ੍ਰਾਪਤ ਕੀਤਾ ਸੀ, ਅਤੇ ਉਹ ਇਸ ਅਧਿਕਾਰ ਨੂੰ ਸੁਰੱਖਿਅਤ ਰੱਖਣ ਲਈ ਹਰ ਯਤਨ ਕਰਨਗੇ।

ਦੇਖੋ। ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਫ਼੍ਰੀਲੈਂਡ ਦਾ ਪ੍ਰਤੀਕਰਮ :

ਕੰਜ਼ਰਵਿਟਿਵ ਲੀਡਰਸ਼ਿਪ ਉਮੀਦਵਾਰਾਂ ਦਾ ਪੱਖ

ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਲੈਸਲਿਨ ਲੁਈਸ ਨੇ ਪੌਲਿਸੀ ਪਲੈਟਫ਼ੌਰਮ ਵਿਚ ਸਪਸ਼ਟ ਕੀਤਾ ਸੀ ਕਿ ਉਹ ਲਿੰਗ-ਅਧਾਰਤ ਗਰਭਪਾਤ ‘ਤੇ ਪਾਬੰਦੀ ਲਗਾਉਣਗੇ ਅਤੇ ਉਹ ਪ੍ਰੋ-ਲਾਈਫ਼ ਹਨ ਤੇ ਔਰਤਾਂ ਨੂੰ ਗਰਭਪਾਤ ਨਾ ਕਰਵਾਉਣ ਲਈ ਰਾਜ਼ੀ ਕਰਨ ਵਾਲੇ ਪ੍ਰੈਗਨੈਂਸੀ ਸੈਂਟਰਾਂ ਨੂੰ ਫ਼ੰਡਿੰਗ ਦੇਣਗੇ। ਉਹਨਾਂ ਆਪਣੇ ਸਮਰਥਕਾਂ ਨੂੰ ਕਿਹਾ ਕਿ ਕੰਜ਼ਰਵੇਟਿਵਜ਼ ਨੂੰ ਗਰਭਪਾਤ ਵਿਰੋਧੀ ਨੀਤੀਆਂ ਵਿਚਾਰਨ ਲੱਗਿਆਂ ਡਰਨਾ ਨਹੀਂ ਚਾਹੀਦਾ। 

ਪੀਅਰ ਪੌਲੀਐਵ ਅਤੀਤ ਵਿਚ ਅਣਜੰਮੇ ਕਤਲ ਨੂੰ ਲੈਕੇ ਅਪਰਾਧਕ ਸਜ਼ਾ ਵਿਚ ਵਾਧੇ ਲਈ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਲੀਡਰਸ਼ਿਪ ਇਲੈਕਸ਼ਨ ਦੌਰਾਨ ਉਹਨਾਂ ਕਿਹਾ ਸੀ ਕਿ ਉਹ ਗਰਭਪਾਤ ਵਿਰੁੱਧ ਕਾਨੂੰਨ ਲਿਆਉਣ ਵਿਚ ਰੂਚੀ ਨਹੀਂ ਰੱਖਦੇ।

ਬਾਕੀ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਪੈਟਰਿਕ ਬ੍ਰਾਊਨ, ਯੌਂ ਸ਼ਾਰੇਅ ਆਪਣੇ ਆਪ ਨੂੰ ਗਰਭਪਾਤ ਦੇ ਅਧਿਕਾਰ ਦਾ ਪੱਕਾ ਸਮਰਥਕ ਆਖ ਚੁੱਕੇ ਹਨ।

ਜਗਮੀਤ ਸਿੰਘ ਦਾ ਪ੍ਰਤੀਕਰਮ

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਇਸ ਤਬਾਹਕੁੰਨ ਫ਼ੈਸਲੇ ਕਾਰਨ ਔਰਤਾਂ ਮਾਰੀਆਂ ਜਾਣਗੀਆਂ ਅਤੇ ਇਸ ਕਿਸਮ ਦੀਆਂ ਖ਼ਤਰਨਾਕ ਨੀਤੀਆਂ ਦੀ ਕੈਨੇਡਾ ਵਿਚ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।

ਉਹਨਾਂ ਕਿਹਾ ਕਿ ਟ੍ਰੂਡੋ ਅਤੇ ਫ਼ੈਡਰਲ ਲਿਬਰਲ ਕੈਨੇਡਾ ਵਿਚ ਗਰਭਪਾਤ ਦੀ ਉਪਲਬਧਤਾ ਅਤੇ ਪਹੁੰਚ ਨੂੰ ਲੈਕੇ ਠੀਕ ਗੱਲਾਂ ਕਹਿੰਦੇ ਹਨ, ਪਰ ਉਹ ਨਾਕਾਫ਼ੀ ਹਨ ਅਤੇ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।

ਜਗਮੀਤ ਸਿੰਘ ਨੇ ਕਿਹਾ ਕਿ ਅਮਰੀਕਾ ਵਿਚ ਗਰਭਪਾਤ ਦੀ ਸੁਵਿਧਾ ਸੀਮਤ ਹੋਣ ਤੋਂ ਬਾਅਦ, ਅਮਰੀਕੀ ਸਰਹੱਦ ਦੇ ਨਾਲ ਲੱਗਦੇ ਕੈਨੇਡੀਅਨ ਸੂਬਿਆਂ ਵਿਚ ਅਮਰੀਕਾ ਤੋਂ ਔਰਤਾਂ ਗਰਭਪਾਤ ਲਈ ਆਉਣਗੀਆਂ ਅਤੇ ਕੈਨੇਡਾ ਨੂੰ ਇਸਦੇ ਲਈ ਤਿਆਰ ਰਹਿਣਾ ਚਾਹੀਦਾ ਹੈ।

ਕੈਨੇਡਾ ਦੀ ਫ਼ੈਮਿਲੀਜ਼ ਮਿਨਿਸਟਰ, ਕਰੀਨਾ ਗੋਲਡ ਨੇ ਕਿਹਾ ਸੀ ਕਿ ਅਮਰੀਕੀ ਔਰਤਾਂ ਕੈਨੇਡਾ ਆਕੇ ਆਪਣਾ ਗਰਭਪਾਤ ਕਰਵਾ ਸਕਦੀਆਂ ਹਨ ਅਤੇ ਪਬਲਿਸ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚੀਨੋ ਵੀ ਕੈਨੇਡੀਅਨ ਬਾਰਡਰ ਅਧਿਕਾਰੀਆਂ ਨੂੰ ਨਿਰਦੇਸ਼ ਦੇ ਚੁੱਕੇ ਹਨ ਕਿ ਉਹ ਗਰਭਪਾਤ ਕਰਵਾਉਣ ਆ ਰਹੀਆਂ ਅਮਰੀਕੀ ਔਰਤਾਂ ਦਾ ਕੈਨੇਡਾ ਪਹੁੰਚਣਾ ਸੁਖਾਲਾ ਬਣਾਉਣ।

ਹਾਲਾਂਕਿ ਜ਼ਮੀਨੀ ਹਕੀਕਤ ‘ਤੇ ਇਸ ਵਿਕਲਪ ਨਾਲ ਔਰਤਾਂ ਨੂੰ ਕਿੰਨਾ ਕੁ ਫ਼ਾਇਦਾ ਹੋਵੇਗਾ ਇਹ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕਰੀਬ 40 ਫ਼ੀਸਦੀ ਅਮਰੀਕੀਆਂ ਕੋਲ ਹੀ ਪਾਸਪੋਰਟ ਹੈ, ਜਿਸ ਦੀ ਕੈਨੇਡਾ ਵਿਚ ਦਾਖ਼ਲ ਹੋਣ ਲੱਗਿਆਂ ਜ਼ਰੂਰਤ ਪੈਂਦੀ ਹੈ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ