1. ਮੁੱਖ ਪੰਨਾ
  2. ਅਰਥ-ਵਿਵਸਥਾ

ਕੈਨੇਡਾ ‘ਚ ਕਿਫ਼ਾਇਤ ਦੀ ਘਾਟ ਦਾ ਸੰਕਟ ਹੱਲ ਕਰਨ ਲਈ 2030 ਤੱਕ 22 ਮਿਲੀਅਨ ਘਰਾਂ ਦੀ ਲੋੜ

ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਨਵੀਂ ਰਿਪੋਰਟ ਚ ਕਈ ਅਹਿਮ ਨੁਕਤੇ ਸ਼ਾਮਲ

ਉਸਾਰੀ ਹੇਠ ਘਰ

ਕੈਨੇਡਾ ਵਿਚ 2030 ਤੱਕ ਹਰੇਕ ਲਈ ਘਰ ਖ਼ਰੀਦਣਾ ਸੰਭਵ ਬਣਾਉਣ ਲਈ ਘਰਾਂ ਦੀ ਉਸਾਰੀ ਵਿਚ ਰਫ਼ਤਾਰ ਲਿਆਉਣ ਅਤੇ ਵਾਧਾ ਕਰਨ ਦੀ ਜ਼ਰੂਰਤ ਹੈ।

ਤਸਵੀਰ:  (Justin Tang/The Canadian Press)

RCI

ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (ਸੀਐਮਐਚਸੀ) ਦੀ ਇੱਕ ਨਵੀਂ ਰਿਪੋਰਟ (ਨਵੀਂ ਵਿੰਡੋ) ਅਨੁਸਾਰ, ਕੈਨੇਡਾ ‘ਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਕਿਫ਼ਾਇਤੀ ਜ਼ਿੰਦਗੀ ਦੇਣ ਲਈ ਸਾਲ 2030 ਤੱਕ 22 ਮਿਲੀਅਨ ਨਵੇਂ ਘਰ ਬਣਾਉਣ ਦੀ ਜ਼ਰੂਰਤ ਹੈ।

ਏਜੰਸੀ ਦਾ ਕਹਿਣਾ ਹੈ ਕਿ ਮੌਜੂਦਾ ਰਫ਼ਤਾਰ ‘ਤੇ 2030 ਤੱਕ 2.3 ਮਿਲੀਅਨ ਘਰਾਂ ਦੀ ਹੀ ਉਸਾਰੀ ਹੋ ਸਕਦੀ ਹੈ ਜਿਸ ਨਾਲ ਮੁਲਕ ਵਿਚ ਕੁਲ ਘਰਾਂ ਦੀ ਅੰਦਾਜ਼ਨ ਗਿਣਤੀ 19 ਮਿਲੀਅਨ ਹੋਵੇਗੀ। ਯਾਨੀ ਰਿਪੋਰਟ ਵਿਚ ਦਰਜ ਟੀਚਿਆਂ ਮੁਤਾਬਕ 3.5 ਮਿਲੀਅਨ ਵਾਧੂ ਘਰਾਂ ਦੀ ਲੋੜ ਹੋਵੇਗੀ।

ਸੀਐਮਐਚਸੀ ਦਾ ਕਹਿਣਾ ਹੈ ਕਿ ਘਰਾਂ ਦੀ ਸਪਲਾਈ ਦੇ ਪਾੜੇ ਦਾ ਦੋ-ਤਿਹਾਈ ਹਿੱਸਾ ਇਕੱਲੇ ਓਨਟੇਰਿਓ ਅਤੇ ਬੀਸੀ ਸੂਬਿਆਂ ਵਿਚ ਹੀ ਹੈ। ਇਹਨਾਂ ਦੋਵਾਂ ਸੂਬਿਆਂ ਵਿਚ ਹੀ ਕਿਫ਼ਾਇਤੀਪਣ ਵਿਚ ਸਭ ਤੋਂ ਵੱਧ ਗਿਰਾਵਟ ਆਈ ਹੈ।

2003 ਅਤੇ 2004 ਵਿਚ ਇੱਕ ਔਸਤ ਪਰਿਵਾਰ ਨੂੰ ਓਨਟੇਰਿਓ ਵਿਚ ਇੱਕ ਔਸਤ ਘਰ ਖ਼ਰੀਦਣ ਲਈ ਆਪਣੀ ਆਮਦਨ ਦਾ 40 ਫ਼ੀਸਦੀ ਖ਼ਰਚ ਕਰਨਾ ਪੈਂਦਾ ਸੀ। ਬੀਸੀ ਵਿਚ ਇਹ 45 ਫ਼ੀਸਦੀ ਹੁੰਦਾ ਸੀ। ਪਰ 2021 ਵਿਚ ਇਹ ਅੰਕੜਾ ਵਧਕੇ 60 ਫ਼ੀਸਦੀ ਹੋ ਗਿਆ ਹੈ।

ਰਿਪੋਰਟ ਮੁਤਾਬਕ ਕਿਊਬੈਕ ਵਿਚ ਵੀ ਘਰਾਂ ਦੀ ਸਪਲਾਈ ਵਿਚ ਇਜ਼ਾਫ਼ਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਵੀ ਕਿਫ਼ਾਇਤੀਪਣ ਵਿਚ ਲਗਾਤਾਰ ਨਿਘਾਰ ਹੋ ਰਿਹਾ ਹੈ।

ਏਜੰਸੀ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਹਰੇਕ ਲਈ ਘਰ ਖ਼ਰੀਦਣਾ ਸੰਭਵ ਬਣਾਉਣ ਲਈ ਡਿਵੈਲਪਰਾਂ ਨੂੰ ਵੀ ਵਧੇਰੇ ਉਸਾਰੂ ਹੋਣ ਅਤੇ ਜ਼ਮੀਨ ਉੱਤੇ ਵਧੇਰੇ ਘਰ ਬਣਾਕੇ ਇਸਦਾ ਸੁਚੱਜਾ ਇਸਤੇਮਾਲ ਕਰਨ ਦੀ ਜ਼ਰੂਰਤ ਹੈ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੂੰ ਘਰਾਂ ਦੀ ਨਿਯੰਤ੍ਰਣ ਪ੍ਰਣਾਲੀ ਨੂੰ ਤੇਜ਼ ਅਤੇ ਵਧੇਰੇ ਕਾਰਗਰ ਬਣਾਉਣ ਦੀ ਵੀ ਜ਼ਰੂਰਤ ਹੈ।

ਪੂਰੀ ਰਿਪੋਰਟ ਇੱਥੋਂ ਪ੍ਰਾਪਤ ਕਰੋ (ਨਵੀਂ ਵਿੰਡੋ)

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ