1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡਾ ‘ਚ ਮਹਿੰਗਾਈ ਦਰ 7.7 % ਦਰਜ, ਕਰੀਬ ਚਾਰ ਦਹਾਕਿਆਂ ਦਾ ਰਿਕਾਰਡ ਟੁੱਟਿਆ

ਗੈਸ ਕੀਮਤਾਂ ਵਿਚ ਇੱਕ ਸਾਲ ਦੌਰਾਨ 48 % ਵਾਧਾ

ਗੈਸ ਪੰਪ ਨੌਜ਼ਲ

ਇਕੱਲੇ ਮਈ ਮਹੀਨੇ ਵਿਚ ਹੀ ਗੈਸ ਕੀਮਤਾਂ ਵਿਚ 12 ਫ਼ੀਸਦੀ ਵਾਧਾ ਦਰਜ ਹੋਇਆ ਹੈ।

ਤਸਵੀਰ: Getty Images / Joe Raedle

RCI

ਕੈਨੇਡਾ ਦੀ ਮਹਿੰਗਾਈ ਦਰ ਵਿਚ ਉਛਾਲ ਦਾ ਸਿਲਸਿਲਾ ਮਈ ਮਹੀਨੇ ਵਿਚ ਨਵੀਂ ਰਫ਼ਤਾਰ ‘ਤੇ ਪਹੁੰਚਿਆ ਪ੍ਰਤੀਤ ਹੋ ਰਿਹਾ ਹੈ। ਸਲਾਨਾ ਮਹਿੰਗਾਈ ਦਰ 7.7 ਫ਼ੀਸਦੀ ਦਰਜ ਹੋਈ ਹੈ ਜੋਕਿ ਪਿਛਲੇ ਕਰੀਬ 40 ਸਾਲ ਦੀ ਸਭ ਤੋਂ ਵੱਧ ਦਰ ਹੈ।

ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਮਹਿੰਗਾਈ ਦਰ ਨੂੰ 7.7 % ਦੇ ਪੱਧਰ ‘ਤੇ ਲਿਜਾਣ ਵਿਚ ਸਭ ਤੋਂ ਵੱਡਾ ਹੱਥ ਗੈਸ ਕੀਮਤਾਂ ਦਾ ਰਿਹਾ। ਪਿਛਲੇ 12 ਮਹੀਨਿਆਂ ਵਿਚ ਗੈਸ ਕੀਮਤਾਂ ਵਿਚ 48 ਫ਼ੀਸਦੀ ਵਾਧਾ ਹੋ ਚੁੱਕਾ ਹੈ ਅਤੇ ਇਕੱਲੇ ਮਈ ਵਿਚ ਹੀ ਗੈਸ ਕੀਮਤਾਂ 12 ਫ਼ੀਸਦੀ ਵੱਧ ਦਰਜ ਹੋਈਆਂ ਹਨ।

ਖਾਣ-ਪੀਣ ਦੀਆਂ ਵਸਤਾਂ ਦੇ ਭਾਅ ਵੀ ਕਾਫ਼ੀ ਉੱਪਰ ਗਏ ਹਨ। ਗ੍ਰੋਸਰੀ ਬਿਲਜ਼ ਵਿਚ ਇੱਕ ਸਾਲ ਵਿਚ 9.7 ਫ਼ੀਸਦੀ ਦਾ ਵਾਧਾ ਹੋਇਆ ਹੈ। ਫ਼ੂਡ ਸ਼੍ਰੇਣੀ ਵਿਚ ਤੇਲ ਅਤੇ ਐਡੀਬਲ ਫ਼ੈਟ ਦੇ ਭਾਅ 30 ਫ਼ੀਸਦੀ ਵੱਧ ਦਰਜ ਹੋਏ ਹਨ, ਜੋਕਿ ਇੱਕ ਰਿਕਾਰਡ ਅੰਕੜਾ ਹੈ।

ਯੂਕਰੇਨ ਜੰਗ ਇਸ ਮਹਿੰਗਾਈ ਦਾ ਇੱਕ ਵੱਡਾ ਕਾਰਨ ਹੈ, ਕਿਉਂਕਿ ਯੂਕਰੇਨ ਸੂਰਜਮੁਖੀ ਤੇਲ ਦਾ ਵੱਡਾ ਸਪਲਾਇਰ ਹੈ ਅਤੇ ਜੰਗ ਨੇ ਸਪਲਾਈ ਨੂੰ ਪ੍ਰਭਾਵਿਤ ਕਰ ਦਿੱਤਾ ਹੈ।

ਫ਼ਰਨੀਚਰ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 15.8 ਫ਼ੀਸਦੀ ਦਾ ਰਿਕਾਰਡ ਵਾਧਾ ਦਰਜ ਹੋਇਆ। ਆਵਾਜਾਈ ਅਤੇ ਕੱਚੇ ਮਾਲ ਦੀ ਲਾਗਤ ਵਿਚ ਵਾਧੇ ਕਰਕੇ ਫ਼ਰਨੀਚਰ ਦੀਆਂ ਕੀਮਤਾਂ ਵਿਚ ਵੱਡਾ ਉਛਾਲ ਨਜ਼ਰੀਂ ਪੈ ਰਿਹਾ ਹੈ। ਪਿਛਲੇ ਸਾਲ ਵੇਤਨਾਮ ਅਤੇ ਚੀਨ ਤੋਂ ਆਉਣ ਵਾਲੀਆਂ ਗੱਦੇਦਾਰ ਫ਼ਰਨੀਚਰ ਆਈਟਮਾਂ ਤੇ 300 ਫ਼ੀਸਦੀ ਤੱਕ ਦੇ ਟੈਰਿਫ਼ ਸ਼ੁਰੂ ਕਰਨ ਕਰਕੇ (ਨਵੀਂ ਵਿੰਡੋ) ਵੀ ਕੀਮਤਾਂ ਵਿਚ ਵਾਧਾ ਦਰਜ ਹੋਇਆ ਹੈ।

ਉਮੀਦ ਨਾਲੋਂ ਵੱਧ ਉਛਾਲ

ਅਪ੍ਰੈਲ ਵਿਚ ਕੈਨੇਡਾ ਦੀ ਮਹਿੰਗਾਈ ਦਰ 6.8 ਫ਼ੀਸਦੀ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਸੀ। ਅਰਥਸ਼ਾਸਤਰੀਆਂ ਦਾ ਅਨੁਮਾਨ ਸੀ ਕਿ ਮਈ ਦੀ ਮਹਿੰਗਾਈ ਦਰ ਵਿਚ ਵੀ ਵਾਧਾ ਹੋਵੇਗਾ, ਪਰ ਇਸ ਪੱਧਰ ਦੇ ਵਾਧੇ ਦੀ ਉਮੀਦ ਨਹੀਂ ਸੀ। ਇਕੱਲੇ ਮਈ ਵਿਚ ਹੀ ਕੀਮਤਾਂ ਵਿਚ 1.4 ਫ਼ੀਸਦੀ ਵਾਧਾ ਹੋਇਆ ਹੈ। ਮਈ 2022 ਦਾ ਵਾਧਾ ਪਿਛਲੇ 30 ਸਾਲ ਵਿਚ ਇੱਕੋ ਮਹੀਨੇ ਹੋਣ ਵਾਲਾ ਸਭ ਤੋਂ ਵੱਧ ਵਾਧਾ ਹੈ।

ਗ੍ਰੋਸਰੀ ਬਿਲਜ਼ ਵਿਚ ਇੱਕ ਸਾਲ ਵਿਚ 9.7 ਫ਼ੀਸਦੀ ਦਾ ਵਾਧਾ ਹੋਇਆ ਹੈ।

ਗ੍ਰੋਸਰੀ ਬਿਲਜ਼ ਵਿਚ ਇੱਕ ਸਾਲ ਵਿਚ 9.7 ਫ਼ੀਸਦੀ ਦਾ ਵਾਧਾ ਹੋਇਆ ਹੈ।

ਤਸਵੀਰ: CBC/Radio-Canada

ਹਰੇਕ ਸੂਬੇ ਵਿਚ ਹੀ ਮਹਿੰਗਾਈ ਦਰ ਵਧੀ ਹੈ। ਸਸਕੈਚਵਨ ਵਿਚ ਸਭ ਤੋਂ ਘੱਟ 7 ਫ਼ੀਸਦੀ ਵਾਧਾ ਹੋਇਆ ਜਦਕਿ ਪ੍ਰਿੰਸ ਐਡਵਰਡ ਆਈਲੈਂਡ ਵਿਚ ਸਭ ਤੋਂ ਵੱਧ 11.1 ਫ਼ੀਸਦੀ ਵਾਧਾ ਦਰਜ ਹੋਇਆ।

ਲਗਾਤਾਰ ਵਧਦੀ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਉਹਨਾਂ ਲਈ ਰੋਜ਼ਮਰਾ ਦੀਆਂ ਚੀਜ਼ਾਂ ਖ਼ਰੀਦਣਾ ਵੀ ਮੁਸ਼ਕਿਲ ਹੋ ਰਿਹਾ ਹੈ। ਟੋਰੌਂਟੋ ਵਿਚ ਰਹਿਣ ਵਾਲੀ ਲੌਰਾ-ਮੈਰੀ ਪੇਂਟਰ ਆਪਣੀ ਬੇਟੀ ਨਾਲ ਰਹਿੰਦੀ ਹੈ। ਉਸਨੇ ਗੁਜ਼ਾਰਾ ਸੁਖਾਲਾ ਕਰਨ ਲਈ ਇੱਕ ਹੋਰ ਨੌਕਰੀ ਸ਼ੁਰੂ ਕੀਤੀ, ਪਰ ਉਸਨੇ ਕਿਹਾ ਕਿ ਇਸ ਨਾਲ ਆਮਦਨ ਵਿਚ ਵਾਧੇ ਦੀ ਥਾਂ ‘ਤੇ ਖ਼ਰਚਾ ਵਧ ਗਿਆ ਕਿਉਂਕਿ ਉਸਨੂੰ ਕੰਮ ‘ਤੇ ਜਾਣ ਲਈ ਆਵਾਜਾਈ ‘ਤੇ ਵਧੇਰੇ ਪੈਸੇ ਖ਼ਰਚਣੇ ਪੈਂਦੇ ਹਨ ਅਤੇ ਘਰੋਂ ਵਧੇਰੇ ਸਮਾਂ ਬਾਹਰ ਰਹਿਣ ਕਰਕੇ ਖਾਣਾ ਵੀ ਬਾਹਰੋਂ ਖਾਣਾ ਪੈਂਦਾ ਹੈ।

ਕੈਨੇਡਾ ਹੀ ਇਕੱਲਾ ਦੇਸ਼ ਨਹੀਂ ਜਿੱਥੇ ਮਹਿੰਗਾਈ ਦਰ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਅਮਰੀਕਾ ਵਿਚ ਸਲਾਨਾ ਮਹਿੰਗਾਈ ਦਰ 8 ਫ਼ੀਸਦੀ ਦੇ ਕਰੀਬ ਹੋ ਗਈ ਹੈ।

ਸਟੈਟਿਸਟਿਕਸ ਕੈਨੇਡਾ ਨੇ ਪਹਿਲੀ ਵਾਰੀ ਮਹਿੰਗਾਈ ਮਾਪਣ ਦੇ ਪੈਮਾਨੇ ਵਿਚ ਨਵੇਂ ਅਤੇ ਪੁਰਾਣੇ ਵਾਹਨਾਂ ਦੀ ਖ਼ਰੀਦ ਨੂੰ ਵੀ ਸ਼ਾਮਲ ਕੀਤਾ ਹੈ ਅਤੇ ਰਿਹਾਇਸ਼ ਦੀ ਲਾਗਤ ਨੂੰ ਵੀ ਅੱਗੇ ਨਾਲੋਂ ਵਧੇਰੇ ਸ਼ਾਮਲ ਕੀਤਾ ਗਿਆ ਹੈ।

ਵਿਆਜ ਦਰਾਂ ਵਿਚ ਵਾਧੇ ਦੀ ਸੰਭਾਵਨਾ

ਉਮੀਦ ਨਾਲੋਂ ਵੱਧ ਮਹਿੰਗਾਈ ਤੋਂ ਇਹ ਸਪਸ਼ਟ ਸੰਕੇਤ ਮਿਲ ਸਕਦੇ ਹਨ ਕਿ ਬੈਂਕ ਔਫ਼ ਕੈਨੇਡਾ ਜੁਲਾਈ ਵਿਚ ਹੋਣ ਵਾਲੀ ਆਪਣੀ ਬੈਠਕ ਵਿਚ ਵਿਆਜ ਦਰਾਂ ਵਿਚ 75 ਫ਼ੀਸਦੀ ਅੰਕਾਂ ਦਾ ਵਾਧਾ ਕਰ ਸਕਦਾ ਹੈ।

ਮਹਾਂਮਾਰੀ ਦੌਰਾਨ ਅਰਥਚਾਰੇ ਨੂੰ ਲੀਹ ‘ਤੇ ਰੱਖਣ ਲਈ ਬੈਂਕ ਨੇ ਵਿਆਜ ਦਰ 0.25 ਫ਼ੀਸਦੀ ‘ਤੇ ਲਿਆਂਦੀ ਸੀ, ਪਰ ਪਿਛਲੇ ਕੁਝ ਮਹੀਨਿਆਂ ਵਿਚ ਬੈਂਕ ਨੇ ਵਿਆਜ ਦਰਾਂ ਵਿਚ ਵਾਧਾ ਸ਼ੁਰੂ ਕਰ ਦਿੱਤਾ ਹੈ। 75 ਫ਼ੀਸਦੀ ਅੰਕਾਂ ਦੇ ਵਾਧੇ ਦਾ ਮਤਲਬ ਹੋਵੇਗਾ ਕਿ ਵਿਆਜ ਦਰ 2.25 % ‘ਤੇ ਪਹੁੰਚ ਜਾਵੇਗੀ, ਜੋਕਿ 2008 ਦੀ ਆਰਥਿਕ ਮੰਦੀ ਤੋਂ ਬਾਅਦ ਦੀ ਸਭ ਤੋਂ ਵੱਧ ਦਰ ਹੋਵੇਗੀ।

ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਭਾਵੇਂ ਵਿਆਜ ਦਰਾਂ ਵਧਾਉਣ ਨਾਲ ਕੁਝ ਸਮੇਂ ਬਾਅਦ ਮਹਿੰਗਾਈ ਵਿਚ ਕਮੀ ਆ ਸਕਦੀ ਹੈ, ਪਰ 2022 ਦੌਰਾਨ ਮਹਿੰਗਾਈ ਦਾ ਸਿਲਸਿਲਾ ਬਰਕਰਾਰ ਰਹਿਣ ਦੀ ਹੀ ਸੰਭਾਵਨਾ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ