1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਮੌਤ ਦੀਆਂ ਧਮਕੀਆਂ ਦੇ ਮੱਦੇਨਜ਼ਰ ਕੈਨੇਡੀਅਨ ਐਮਪੀਜ਼ ਨੂੰ ਦਿੱਤੇ ਜਾਣਗੇ ‘ਪੈਨਿਕ ਬਟਨ’

ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚਿਨੋ ਨੇ ਸੋਸ਼ਲ ਮੀਡੀਆ ਤੇ ਧਮਕੀਆਂ ਮਿਲਣ ਦੀ ਗੱਲ ਆਖੀ

ਮਾਰਕੋ ਮੈਂਡੀਚਿਨੋ

ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚਿਨੋ ਨੇ ਇੱਕ ਇੰਟਰਵਿਊ ਵਿਚ ਖ਼ੁਲਾਸਾ ਕੀਤਾ ਕਿ ਹਾਲ ਹੀ ਵਿਚ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੌਤ ਦੀਆਂ ਧਮਕੀਆਂ ਮਿਲੀਆਂ ਹਨ।

ਤਸਵੀਰ: La Presse canadienne / Patrick Doyle

RCI

ਕੈਨੇਡੀਅਨ ਐਮਪੀਜ਼ ਨੂੰ ਧਮਕੀਆਂ ਮਿਲਣ ਅਤੇ ਉਹਨਾਂ ਨਾਲ ਦੁਰਵਿਵਹਾਰ ਦੇ ਵਧਦੇ ਖ਼ਦਸ਼ਿਆਂ ਦੇ ਮੱਦੇਨਜ਼ਰ ਉਹਨਾਂ ਨੂੰ ਨਿਜੀ ਸੁਰੱਖਿਆ ਵਧਾਉਣ ਲਈ ‘ਪੈਨਿਕ ਬਟਨ’ ਦਿੱਤੇ ਜਾ ਰਹੇ ਹਨ।

ਮੁਲਕ ਦੇ ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚਿਨੋ ਨੇ ਇੱਕ ਇੰਟਰਵਿਊ ਵਿਚ ਖ਼ੁਲਾਸਾ ਕੀਤਾ ਕਿ ਬੰਦੂਕ ਸਬੰਧੀ ਨਿਯਮਾਂ ਬਾਬਤ ਬਿਲ ਪੇਸ਼ ਕਰਨ ਤੋਂ ਬਾਅਦ ਪਿਛਲੇ ਕੁਝ ਹਫ਼ਤਿਆਂ ਵਿਚ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੌਤ ਦੀਆਂ ਧਮਕੀਆਂ ਮਿਲੀਆਂ ਹਨ।

ਉਹਨਾਂ ਦੱਸਿਆ ਕਿ ਧਮਕੀਆਂ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਅਤੇ ਪਾਰਲੀਮੈਂਟਰੀ ਪ੍ਰੋਟੈਕਟਿਵ ਸਰਵਿਸ ਐਮਪੀਜ਼ ਦੀ ਸੁਰੱਖਿਆ ਦੀ ਪੁਨਰ-ਸਮੀਖਿਆ ਕਰ ਰਹੀ ਹੈ।

ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਓਨਟੇਰਿਓ ਵਿਚ ਸੂਬਾਈ ਚੋਣ ਮੁਹਿੰਮ ਦੌਰਾਨ ਜ਼ਬਾਨੀ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਸੀ।

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ I

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ I ਓਨਟੇਰਿਓ ਸੂਬਾਈ ਚੋਣਾਂ ਦੌਰਾਨ ਪੀਟਰਬ੍ਰੋਅ ਵਿਚ ਜਗਮੀਤ ਨਾਲ ਜ਼ਬਾਨੀ ਬਦਸਲੂਕੀ ਹੋਈ ਸੀ।

ਤਸਵੀਰ: CBC

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਵੀਡਿਓ ਵਿਚ ਨਜ਼ਰੀਂ ਪੈ ਰਿਹਾ ਸੀ ਕਿ ਜਦੋਂ ਜਗਮੀਤ ਸਿੰਘ ਇਸ ਚੋਣ ਮੁਹਿੰਮ ਦਫ਼ਤਰ ਤੋਂ ਬਾਹਰ ਨਿਕਲ ਰਹੇ ਸਨ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਖ਼ਿਲਾਫ਼ ਅਪਸ਼ਬਦ ਬੋਲੇ ਅਤੇ ਉਹਨਾਂ ਨੂੰ ਗ਼ੱਦਾਰ ਤੱਕ ਆਖਿਆ।

ਓਨਟੇਰਿਓ ਦੇ ਪੀਟਰਬ੍ਰੋਅ ਸ਼ਹਿਰ ਵਿਚ ਵਾਪਰੀ ਇਸ ਘਟਨਾ ਬਾਰੇ ਜਗਮੀਤ ਸਿੰਘ ਨੇ ਕਿਹਾ ਕਿ ਇਹ ਘਟਨਾ ਉਹਨਾਂ ਦੇ ਸਿਆਸੀ ਜੀਵਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਦੁਰਵਿਵਹਾਰ ਦੀ ਘਟਨਾ ਸੀ।

ਐਮਪੀਜ਼ ਦੇ ਸੁਰੱਖਿਆ ਉਪਾਵਾਂ ਵਿਚ ‘ਪੈਨਿਕ ਬਟਨ’ ਜਾਂ ‘ਮੋਬਾਈਲ ਡਿਊਰੈਸ ਅਲਾਰਮ’ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਐਮਪੀਜ਼ ਇਹਨਾਂ ਨੂੰ ਆਪਣੇ ਨਾਲ ਰੱਖ ਸਕਦੇ ਹਨ ਅਤੇ ਲੋੜ ਵੇਲੇ ਫ਼ੌਰੀ ਕਾਰਵਾਈ ਵਾਸਤੇ ਸਥਾਨਕ ਪੁਲਿਸ ਜਾਂ ਪਾਰਲੀਮੈਂਟਰੀ ਪ੍ਰੋਟੈਕਟਿਵ ਸਰਵਿਸ ਨੂੰ ਤੁਰੰਤ ਸੂਚਿਤ ਕਰ ਸਕਦੇ ਹਨ।

ਪਾਰਲੀਮੈਂਟ ਦੇ ਸਾਰਜੈਂਟ-ਐਟ-ਆਰਮਜ਼ (ਹਾਊਸ ਔਫ਼ ਕੌਮਨਜ਼ ਦਾ ਸੁਰੱਖਿਆ ਮੁਖੀ) ਨੇ ਨਵੇਂ ਉਪਾਵਾਂ ਬਾਰੇ ਜਾਣਕਾਰੀ ਦਿੰਦਿਆਂ ਐਮਪੀਜ਼ ਨੂੰ ਪੁਰਜ਼ੋਰ ਸਿਫ਼ਾਰਿਸ਼ ਕੀਤੀ ਹੈ ਕਿ ਉਹ ਆਪਣੇ ‘ਪੈਨਿਕ ਬਟਨ’ ਹਰ ਸਮੇਂ ਆਪਣੇ ਕੋਲ ਰੱਖਣ।

ਐਮਪੀਜ਼ ਅਤੇ ਉਹਨਾਂ ਦੇ ਸਟਾਫ਼ ਨੂੰ ਕਿਸੇ ਸੰਭਾਵੀ ਹਿੰਸਕ ਸਥਿਤੀ ਨਾਲ ਨਜਿੱਠਣ ਬਾਬਤ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।

ਪਾਰਲੀਮੈਂਟ ਵੱਲੋਂ ਐਮਪੀਜ਼ ਨੂੰ ਆਪਣੇ ਚੋਣ ਖੇਤਰ ਦੇ ਦਫ਼ਤਰਾਂ ਅਤੇ ਘਰ ਵਿਚ ਵੀ ਅਲਾਰਮ, ਪੈਨਿਕ ਬਟਨ, ਕੈਮਰੇ ਅਤੇ ਹੋਰ ਜ਼ਰੂਰੀ ਸੁਰੱਖਿਆ ਉਪਾਅ ਇੰਸਟਾਲ ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਮੈਂਡੀਚਿਨੋ ਨੇ ਕਿਹਾ ਕਿ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਸੁਰੱਖਿਅਤ ਰੱਖਣਾ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਵਿਚੋਂ ਇੱਕ ਹੈ।

ਮੈਂਡੀਚਿਨੋ ਨੇ ਦੱਸਿਆ ਕਿ ਉਹਨਾਂ ਨੂੰ ਇੰਸਟਾਗਰਾਮ ਉੱਪਰ ਧਮਕੀਆਂ ਦਿੱਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਅਜਿਹੀਆਂ ਪੋਸਟਾਂ ਪਾਉਣ ਵਾਲਿਆਂ ਨੂੰ ਇਸਦੇ ਗੰਭੀਰ ਸਿੱਟੇ ਭੁਗਤਣਗੇ ਪੈਣਗੇ, ਜਿਵੇਂ ਉਹਨਾਂ ਨੂੰ ਸੋਸ਼ਲ ਮੀਡੀਆ ਪਲੈਟਫ਼ੌਰਮਜ਼ ਤੋਂ ਵੀ ਬਾਹਰ ਕੀਤਾ ਜਾਵੇਗਾ।

ਇੰਸਟਾਗ੍ਰਾਮ ਇਸ ਮਾਮਲੇ ‘ਤੇ ਟਿੱਪਣੀ ਦੇਣ ਲਈ ਤੁਰੰਤ ਉਪਲਬਧ ਨਹੀਂ ਸੀ।

ਮੈਰੀ ਵੂਲਫ਼ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ