1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਇੱਕ ਹੋਰ ਸਾਲ ਹਾਈਬ੍ਰਿਡ ਪਾਰਲੀਮੈਂਟ ਜਾਰੀ ਰੱਖਣਾ ਚਾਹੁੰਦੇ ਹਨ ਲਿਬਰਲ

ਕੰਜ਼ਰਵੇਟਿਵਜ਼ ਨੇ ਇਸ ਮਾਡਲ ਨੂੰ ਬੇਲੋੜਾ ਆਖਿਆ

ਹਾਊਸ ਔਫ਼ ਕੌਮਨਜ਼

24 ਮਾਰਚ 2020 ਦੀ ਹਾਊਸ ਔਫ਼ ਕੌਮਨਜ਼ ਦੀ ਤਸਵੀਰ। ਕੋਵਿਡ ਮਹਾਂਮਾਰੀ ਦੌਰਾਨ ਜਦੋਂ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ ਉਦੋਂ ਐਮਪੀਜ਼ ਨੂੰ ਪਹਿਲਾਂ ਪੂਰੇ ਤਰੀਕੇ ਨਾਲ ਘਰੋਂ ਕੰਮ ਕਰਨ ਅਤੇ ਫ਼ਿਰ ਹਾਈਬ੍ਰਿਡ ਮਾਡਲ ਰਾਹੀਂ ਪਾਰਲੀਮੈਂਟ ਦੀ ਕਾਰਵਾਈ ਵਿਚ ਸ਼ਾਮਲ ਹੋਣ ਦੀ ਵਿਵਸਥਾ ਕੀਤੀ ਗਈ ਸੀ।

ਤਸਵੀਰ: La Presse canadienne / Adrian Wyld

RCI

ਲਿਬਰਲ ਐਮਪੀ ਚਾਹੁੰਦੇ ਹਨ ਕਿ ਇਹ ਹੋਰ ਸਾਲ ਲਈ ਮੈਂਬਰਾਂ ਨੂੰ ਪਾਰਲੀਮੈਂਟ ਦੀ ਕਾਰਵਾਈ ਵਿਚ ਸ਼ਾਮਲ ਹੋਣ ਲਈ ਵਰਚੂਅਲ ਮਾਧਿਅਮ ਦਾ ਵਿਕਲਪ ਦਿੱਤਾ ਜਾਵੇ, ਪਰ ਕੰਜ਼ਰਵੇਟਿਵਜ਼ ਇਸ ਨਾਲ ਸਹਿਮਤ ਨਹੀਂ ਹਨ।

ਗਵਰਨਮੈਂਟ ਹਾਊਸ ਲੀਡਰ ਮਾਰਕ ਹੌਲੈਂਡ ਨੇ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਹਾਊਸ ਲੀਡਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਲਾਨ ਕੀਤਾ। ਇਹ ਹਫ਼ਤਾ ਮੌਜੂਦਾ ਸੈਸ਼ਨ ਦਾ ਆਖ਼ਰੀ ਹਫ਼ਤਾ ਹੋਣ ਦੀ ਸੰਭਾਵਨਾ ਹੈ।

ਕੋਵਿਡ ਮਹਾਂਮਾਰੀ ਦੌਰਾਨ ਜਦੋਂ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ ਅਤੇ ਪਾਰਲੀਮੈਂਟ ਦੀ ਕਾਰਵਾਈ ਵੀ ਰੋਕ ਦਿੱਤੀ ਗਈ ਸੀ, ਉਦੋਂ ਐਮਪੀਜ਼ ਨੂੰ ਪਹਿਲਾਂ ਪੂਰੇ ਤਰੀਕੇ ਨਾਲ ਘਰੋਂ ਕੰਮ ਕਰਨ ਅਤੇ ਫ਼ਿਰ ਹਾਈਬ੍ਰਿਡ ਮਾਡਲ ਰਾਹੀਂ ਪਾਰਲੀਮੈਂਟ ਦੀ ਕਾਰਵਾਈ ਵਿਚ ਸ਼ਾਮਲ ਹੋਣ ਦੀ ਵਿਵਸਥਾ ਕੀਤੀ ਗਈ ਸੀ।

ਸਤੰਬਰ 2020 ਵਿਚ ਪਾਰਲੀਮੈਂਟ ਦੇ ਮੈਂਬਰਾਂ ਨੇ ਪਹਿਲੀ ਵਾਰੀ ਵਰਚੂਅਲ ਮਾਧਿਅਮ ਰਾਹੀਂ ਵੋੋਟ ਪਾਈ ਸੀ ਅਤੇ ਉਸਤੋਂ ਬਾਅਦ ਇੱਕ ਐਪ ਦੇ ਜ਼ਰੀਏ ਪਾਰਲੀਮੈਂਟ ਵਿਚ ਵੋਟਾਂ ਪੈਂਦੀਆਂ ਸਨ।

ਹੌਲੈਂਡ ਨੇ ਕਿਹਾ ਕਿ ਸਰਕਾਰ ਹਾਈਬ੍ਰਿਡ ਮਾਡਲ ਨੂੰ ਇੱਕ ਹੋਰ ਸਾਲ ਜਾਰੀ ਰੱਖਣ ਲਈ ਇੱਕ ਮਤਾ ਪੇਸ਼ ਕਰੇਗੀ। ਮੰਗਲਵਾਰ ਅਤੇ ਬੁੱਧਵਾਰ ਨੂੰ ਇਸਤੇ ਬਹਿਸ ਹੋਣ ਦੀ ਉਮੀਦ ਹੈ।

ਉਹਨਾਂ ਦਾ ਤਰਕ ਹੈ ਕਿ ਕੰਮਕਾਜ ਦੇ ਫ਼ੌਰਮੈਟ ਵਿਚ ਲਚਕੀਲਾਪਣ ਅਜੇ ਵੀ ਜ਼ਰੂਰੀ ਹੈ। ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਸਣੇ ਪੰਜ ਐਮਪੀਜ਼ ਕੋਵਿਡ-19 ਪੌਜ਼ਿਟਿਵ ਆਏ ਸਨ ਅਤੇ ਉਹ ਪਾਰਲੀਮੈਂਟ ਵਿਚ ਹਾਜ਼ਰ ਨਹੀਂ ਹੋ ਸਕੇ।

ਹੌਲੈਂਡ ਨੇ ਕਿਹਾ ਕਿ ਉਹ ਵਿਰੋਧੀ ਮੈਂਬਰਾਂ ਵੱਲੋਂ ਐਮਪੀਜ਼ ਨੂੰ ਵਿਅਕਤੀਗਤ ਤੌਰ ‘ਤੇ ਪਾਰਲੀਮੈਂਟ ਵਿਚ ਹਾਜ਼ਰ ਹੋਣ ਦੀ ਮੰਗ ਪ੍ਰਤੀ ਹਮਦਰਦੀ ਰੱਖਦੇ ਹਨ ਅਤੇ ਉਹ ਬਿਮਾਰੀ ਜਾਂ ਕੋਵਿਡ ਦੇ ਨਵੇਂ ਵੇਰੀਐਂਟ ਦੇ ਉੱਭਰਨ ਨੂੰ ਛੱਡਕੇ, ਪ੍ਰਸ਼ਨਕਾਲ ਦੌਰਾਨ ਸਰਕਾਰ ਦੇ ਮੈਂਬਰਾਂ ਦੀ ਇਨ-ਪਰਸਨ ਹਾਜ਼ਰੀ ਲਈ ਵਚਨਬੱਧ ਹਨ।

ਗਵਰਨਮੈਂਟ ਹਾਊਸ ਲੀਡਰ ਮਾਰਕ ਹੌਲੈਂਡ

ਗਵਰਨਮੈਂਟ ਹਾਊਸ ਲੀਡਰ ਮਾਰਕ ਹੌਲੈਂਡ

ਤਸਵੀਰ: La Presse canadienne / Justin Tang

ਕੰਜ਼ਰਵੇਟਿਵ ਐਮਪੀਜ਼ ਵੱਲੋਂ ਮਤੇ ਦਾ ਵਿਰੋਧ

ਵਿਰੋਧੀ ਹਾਊਸ ਲੀਡਰ ਜੌਨ ਬ੍ਰੈਸਾਰਡ ਨੇ ਲਿਬਰਲਾਂ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਗੱਲ ਦਾ ਸਬੂਤ ਦੇਣ ਕਿ ਮੁਲਕ ਵਿਚ ਇਹ ਹੋਰ ਵੇਰੀਐਂਟ ਕਰਕੇ ਵਾਇਰਸ ਦੀ ਵੇਵ ਦਾ ਖ਼ਤਰਾ ਹੈ। ਉਹਨਾਂ ਕਿਹਾ ਕਿ ਹਾਈਬ੍ਰਿਡ ਮਾਡਲ ਵਿਚ ਵਾਧਾ ਕਰਨ ਦੀ ਮੰਗ ਗ਼ੈਰ-ਜ਼ਰੂਰੀ ਹੈ।

ਬ੍ਰੈਸਾਰਡ ਨੇ ਕਿਹਾ ਕਿ ਪਾਰਲੀਮੈਂਟ ਨੇ ਸਾਬਤ ਕੀਤਾ ਹੈ ਕਿ ਮਹਾਂਮਾਰੀ ਦੇ ਜ਼ੋਰ ਫ਼ੜਨ ‘ਤੇ ਇਹ ਤੁਰੰਤ ਖ਼ੁਦ ਨੂੰ ਸਥਿਤੀ ਅਨੁਕੂਲ ਢਾਲ ਸਕਦੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸੈਸ਼ਨ ਦੇ ਅਖ਼ੀਰਲੇ ਦਿਨਾਂ ਨੂੰ ਇਸ ਮੁੱਦੇ ‘ਤੇ ਬਹਿਸ ਕਰਨ ਵਿਚ ਲੰਘਾਉਣ ਦੀ ਥਾਂ ਲਿਬਰਲਾਂ ਨੂੰ ਉਡੀਕ ਕਰਕੇ ਦੇਖਣਾ ਚਾਹੀਦਾ ਹੈ ਕਿ ਫ਼ੌਲ ਸੀਜ਼ਨ ਵਿਚ ਕਿਵੇਂ ਦੀ ਸਥਿਤੀ ਹੁੰਦੀ ਹੈ।

ਵਿਰੋਧੀ ਹਾਊਸ ਲੀਡਰ ਜੌਨ ਬ੍ਰੈਸਾਰਡ

ਵਿਰੋਧੀ ਹਾਊਸ ਲੀਡਰ ਜੌਨ ਬ੍ਰੈਸਾਰਡ ਨੇ ਹਾਈਬ੍ਰਿਡ ਮਾਡਲ ਜਾਰੀ ਰੱਖਣ ਨੂੰ ਬੇਲੋੜਾ ਆਖਿਆ ਹੈ।

ਤਸਵੀਰ: La Presse canadienne / Justin Tang

ਬ੍ਰੈਸਾਰਡ ਨੇ ਕਿਹਾ, ਜੇ ਕਿਸੇ ਅਦਾਰੇ ਨੇ ਕੈਨੇਡੀਅਨਜ਼ ਨੂੰ ਇਹ ਸੰਕੇਤ ਦੇਣਾ ਹੋਵੇ ਕਿ ਅਸੀਂ ਹੁਣ ਕੁਝ ਹੱਦ ਤੱਕ ਆਮ ਵਰਗੀ ਸਥਿਤੀ ਵੱਲ ਮੁੜ ਰਹੇ ਹਾਂ, ਤਾਂ ਉਹ ਹਾਊਸ ਔਫ਼ ਕੌਮਨਜ਼ ਹੋਣਾ ਚਾਹੀਦਾ ਹੈ

ਐਨਡੀਪੀ ਨੇ ਕਿਹਾ ਕਿ ਉਹ ਹਾਈਬ੍ਰਿਡ ਮਾਡਲ ਵਿਚ ਵਾਧੇ ਦੇ ਮਤੇ ਨੂੰ ਸਮਰਥਨ ਦਵੇਗੀ। ਬਲੌਕ ਕਿਊਬੈਕੁਆ ਨੇ ਇਸ ਮੁੱਦੇ ‘ਤੇ ਆਪਣਾ ਅੰਤਿਮ ਫ਼ੈਸਲਾ ਨਹੀਂ ਦਿੱਤਾ ਹੈ।

ਫ਼ੈਡਰਲ ਲੇਬਰ ਮਿਨਿਸਟਰ ਸੀਮਸ ਓ’ਰੀਗਨ ਨੇ ਹਾਈਬ੍ਰਿਡ ਮਾਡਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਾਲ ਐਮਪੀਜ਼ ਦਾ ਔਟਵਾ ਆਉਣ ਜਾਣ ਦਾ ਸਮਾਂ ਬਚਦਾ ਹੈ ਅਤੇ ਉਹ ਆਪਣੇ ਚੋਣ ਹਲਕੇ ਤੋਂ ਹੀ ਹਾਜ਼ਰ ਹੋ ਸਕਦੇ ਹਨ।

ਓ’ਰੀਗਨ ਨੇ ਕਿਹਾ ਕਿ ਇਸ ਨਾਲ ਐਮਪੀਜ਼ ਆਪਣੇ ਕੰਮ ਅਤੇ ਪਰਿਵਾਰਕ ਜੀਵਨ ਵਿਚ ਸੰਤੁਲਨ ਵੀ ਬਣਾ ਸਕਦੇ ਹਨ। ਪਰ ਇਸਦੇ ਜਵਾਬ ਵਿਚ ਕੰਜ਼ਰਵੇਟਿਵ ਐਮਪੀ ਲੈਲਾ ਗੁਡਰਿਜ ਨੇ ਕਿਹਾ ਕਿ ਜੇ ਤੁਸੀਂ ਕੰਮ ਅਤੇ ਜੀਵਨ ਵਿਚ ਸੰਤੁਲਨ ਲੱਭ ਰਹੇ ਹੋ ਤਾਂ ਸ਼ਾਇਦ ਇਹ ਉਹ ਕੰਮ ਹੀ ਨਹੀਂ ਹੈ। ਲੈਲਾ ਉੱਤਰੀ ਐਲਬਰਟਾ ਤੋਂ ਐਮਪੀ ਹਨ ਅਤੇ ਉਹ ਲਗਾਤਾਰ ਔਟਵਾ ਆਉਂਦੇ ਰਹੇ ਹਨ।

ਸੋਮਵਾਰ ਪਹਿਲਾ ਦਿਨ ਸੀ ਜਦੋਂ ਐਮਪੀਜ਼ ਆਪਣੀ ਵੈਕਸੀਨੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾ ਪਾਰਲੀਮੈਂਟ ਵਿਚ ਦਾਖ਼ਲ ਹੋ ਸਕਦੇ ਹਨ। 

ਪਿਛਲੇ ਹਫ਼ਤੇ ਫ਼ੈਡਰਲ ਸਰਕਾਰ ਨੇ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਸਸਕੈਚਵਨ ਤੋਂ ਐਮਪੀ ਕੈਥੇ ਵੌਗਨਟੌਲ ਨੇ ਇਸ ਖ਼ਬਰ ਦਾ ਸਵਾਗਤ ਕੀਤਾ ਸੀ।

ਕੈਥੇ ਨੇ ਆਪਣੀ ਵੈਕਸੀਨੇਸ਼ਨ ਸਥਿਤੀ ਜ਼ਾਹਰ ਨਹੀਂ ਕੀਤੀ ਸੀ ਅਤੇ ਇਸ ਕਰਕੇ ਨਵੰਬਰ ਤੋਂ ਲਾਗੂ ਲਾਜ਼ਮੀ ਵੈਕਸੀਨੇਸ਼ਨ ਨਿਯਮ ਕਰਕੇ ਉਹਨਾਂ ਨੂੰ ਪਾਰਲੀਮੈਂਟ ਵਿਚ ਜਾਣ ਦੀ ਆਗਿਆ ਨਹੀਂ ਸੀ (ਨਵੀਂ ਵਿੰਡੋ)

ਇੱਕ ਹੋਰ ਕੰਜ਼ਰਵੇਟਿਵ ਐਮਪੀ ਕੋਲਿਨ ਕੈਰੀ ਨੇ ਵੀ ਆਪਣਾ ਵੈਕਸੀਨੇਸ਼ਨ ਸਟੈਟਸ ਜ਼ਾਹਰ ਕਰਨ ਤੋਂ ਇਨਕਾਰ ਕੀਤਾ ਸੀ। ਸੋਮਵਾਰ ਨੂੰ ਕੈਰੀ ਵੀ ਹਾਊਸ ਔਫ਼ ਕੌਮਨਜ਼ ਵਿਚ ਨਜ਼ਰ ਆਈ।

ਸਟੈਫ਼ਨੀ ਟੇਲਰ - ਦ ਕੈਨੇਡੀਅਨ ਪ੍ਰੈੱਸ
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ