1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਸ਼ੁੱਕਰਵਾਰ ਨੂੰ ਸਹੁੰ ਚੁੱਕੇਗੀ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਦੀ ਨਵੀਂ ਕੈਬਿਨੇਟ

ਨਵਾਂ ਮੰਤਰੀ ਮੰਡਲ ਵੱਡਾ ਅਤੇ ਵਧੇਰੇ ਵੰਨ-ਸੁਵੰਨਤਾ ਵਾਲਾ ਹੋਣ ਦੀ ਉਮੀਦ

ਡਗ ਫ਼ੋਰਡ

ਓਨਟੇਰਿਓ ਪੀਸੀ ਪਾਰਟੀ ਲੀਡਰ ਡਗ ਫ਼ੋਰਡ 1 ਜੂਨ ਨੂੰ ਟੋਰੌਂਟੋ ਕਾਂਗਰਸ ਸੈਂਟਰ ਵਿੱਖੇ ਰੈਲੀ ਦੌਰਾਨ ਬੋਲਦੇ ਹੋਏ।

ਤਸਵੀਰ: La Presse canadienne / Chris Young

RCI

ਸ਼ੁੱਕਰਵਾਰ ਨੂੰ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਦੀ ਨਵੀਂ ਕੈਬਿਨੇਟ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਅਤੇ ਅਹੁਦੇਦਾਰੀਆਂ ਦੀ ਸਹੁੰ ਚੁੱਕੇਗੀ।

ਸਹੁੰ-ਚੁੱਕ ਸਮਾਗਮ ਸਵੇਰੇ 10 ਵਜੇ ਪ੍ਰੀਮੀਅਰ ਦੇ ਭਾਸ਼ਣ ਤੋਂ ਬਾਅਦ ਸ਼ੁਰੂ ਹੋਵੇਗਾ। ਮਹਿਮਾਨਾਂ ਨੂੰ ਸੱਦੇ ਭੇਜੇ ਜਾ ਚੁੱਕੇ ਹਨ ਪਰ ਇੱਕ ਸੀਨੀਅਰ ਸਰਕਾਰੀ ਸੂਤਰ ਨੇ ਦੱਸਿਆ ਕਿ ਪ੍ਰੀਮੀਅਰ ਨੇ ਅਜੇ ਤੱਕ ਨਵੇਂ ਕੈਬਿਨੇਟ ਮੰਤਰੀਆਂ ਨੂੰ ਉਨ੍ਹਾਂ ਦੇ ਨਵੇਂ ਅਹੁਦਿਆਂ ਬਾਰੇ ਸੂਚਿਤ ਨਹੀਂ ਕੀਤਾ ਹੈ।

ਫ਼ੋਰਡ ਦੀ ਪਿਛਲੀ ਕੈਬਿਨੇਟ ਵਿਚ 28 ਮੰਤਰੀ ਸਨ, ਪਰ ਇਸ ਵਾਰੀ ਦੀਆਂ ਚੋਣਾਂ ਵਿਚ 83 ਸੀਟਾਂ ਜਿੱਤਣ ਤੋਂ ਬਾਅਦ ਫ਼ੋਰਡ ਕੋਲ ਕੈਬਿਨੇਟ ਚੁਣਨ ਲਈ ਕਿਤੇ ਵੱਡਾ ਕੌਕਸ ਹੈ।

ਇਸੇ ਕਰਕੇ ਇਹ ਅੰਦਾਜ਼ੇ ਵੀ ਲਗਾਏ ਜਾ ਰਹੇ ਹਨ ਕਿ ਫ਼ੋਰਡ ਦੀ ਕੈਬਿਨੇਟ ਇਸ ਵਾਰੀ ਵੱਡੀ ਵੀ ਹੋ ਸਕਦੀ ਹੈ ਅਤੇ ਕੁਝ ਮੌਜੂਦਾ ਮੰਤਰਾਲਿਆਂ ਨੂੰ ਤੋੜ ਕੇ ਵੱਖਰੇ ਸਮਰਪਿਤ ਮੰਤਰਾਲੇ ਵੀ ਸਥਾਪਿਤ ਕੀਤੇ ਜਾ ਸਕਦੇ ਹਨ।

ਸਿਹਤ ਅਤੇ ਸਿੱਖਿਆ ਮੰਤਰਾਲੇ ਸਭ ਤੋਂ ਅਹਿਮ ਮੰਤਰਾਲਿਆਂ ਵਿਚੋਂ ਇਕ ਹਨ, ਕਿਉਂਕਿ ਸਰਕਾਰ ਨੇ ਨਵੇਂ ਹਸਪਤਾਲਾਂ ਲਈ ਕਈ ਬਿਲੀਅਨ ਡਾਲਰ ਦਾ ਐਲਾਨ ਕੀਤਾ ਹੈ ਅਤੇ ਟੀਚਰਾਂ ਨਾਲ ਗੱਲਬਾਤ ਵੀ ਸ਼ੁਰੂ ਹੋਣੀ ਹੈ।

ਫ਼ੋਰਡ ਕੈਬਿਨੇਟ ਵਿਚ 4 ਸਾਲ ਸਿਹਤ ਮੰਤਰੀ ਰਹੀ ਕ੍ਰਿਸਟੀਨ ਐਲੀਅਟ ਨੇ ਚੋਣਾਂ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਦੁਬਾਰਾ ਚੋਣਾਂ ਨਹੀਂ ਲੜ੍ਹਨਗੇ। ਉਹਨਾਂ ਦੇ ਸੰਨਿਆਸ ਦੀ ਖ਼ਬਰ ਤੋਂ ਬਾਅਦ ਹੀ ਕੁਝ ਮਾਹਰਾਂ ਨੇ ਅੰਦਾਜ਼ੇ ਲਗਾਏ ਸਨ ਕਿ ਫ਼ੋਰਡ ਕੈਬਿਨੇਟ ਵਿਚ ਸੌਲਿਸਟਰ ਜਨਰਲ ਰਹਿ ਚੁੱਕੀ ਸਿਲਵੀਆ ਜੋਨਜ਼ ਨੂੰ ਸਿਹਤ ਮੰਤਰਾਲਾ ਸੌਂਪਿਆ ਜਾ ਸਕਦਾ ਹੈ।

ਪੀਸੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ - ਜੋ ਪੇਸ਼ ਹੋਇਆ ਸੀ ਪਰ ਚੋਣਾਂ ਤੋਂ ਪਹਿਲਾਂ ਪਾਸ ਨਹੀਂ ਸੀ ਹੋਇਆ - ਦੇ ਅਧਾਰ 'ਤੇ ਟ੍ਰਾਂਸਪੋਰਟੇਸ਼ਨ ਅਤੇ ਇਨਫ਼ਰਾਸਟਰੱਕਚਰ ਮੰਤਰਾਲੇ ਵੀ ਬੇਹੱਦ ਅਹਿਮ ਹੋਣਗੇ।

ਸਾਬਕਾ ਪੀਸੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੀਟੀਏ ਵਿਚ ਨਵੇਂ ਹਸਪਤਾਲ ਅਤੇ ਹਾਈਵੇ 413 ਬਣਾਉਣ ਦਾ ਐਲਾਨ ਕੀਤਾ ਸੀ।

ਫ਼ੋਰਡ ਕੈਬਿਨੇਟ

29 ਜੂਨ 2018 ਵਿਚ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਅਤੇ ਉਹਨਾਂ ਦੀ ਪਹਿ਼ੀ ਕੈਬਿਨੇਟ ਨੇ ਸਹੁੰ ਚੁੱਕੀ ਸੀ। ਤਸਵੀਰ ਵਿਚ ਪਹਿਲੀ ਸਫ਼ ਦੇ ਦਰਮਿਆਨ ਵਿਚ ਓਨਟੇਰਿਓ ਦੀ ਲੈਫ਼ਟੀਨੈਂਟ ਗਵਰਨਰ ਐਲੀਜ਼ਾਬੈਥ ਡੋਡਜ਼ਵੈਲ ਬੈਠੀ ਹਨ।

ਤਸਵੀਰ: La Presse canadienne / Mark Blinch

ਫ਼ੋਰਡ ਵੱਲੋਂ ਵਿੱਤ ਮੰਤਰਾਲਾ ਪੀਟਰ ਬੈਥਲਨਫ਼ੈਲਵੀ ਕੋਲ ਹੀ ਰਹਿਣ ਦੇਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਿੱਤ ਮੰਤਰਾਲਾ ਸਰਕਾਰ ਦੀ ਸਥਿਰਤਾ ਦਾ ਤਰਜਮਾਨ ਹੁੰਦਾ ਹੈ, ਪਰ ਸਾਬਕਾ ਪੀਸੀ ਸਰਕਾਰ ਵੇਲ਼ੇ ਇਹੀ ਮੰਤਰਾਲਾ ਅਸਥਿਰਤਾ ਚੋਂ ਗੁਜ਼ਰਿਆ ਸੀ। ਵਿਕ ਫ਼ਿਡੈਲੀ ਦੇ ਬਜਟ ਦੀ ਬਦਨਾਮੀ ਹੋਣ ਤੋਂ ਬਾਅਦ ਉਹਨਾਂ ਨੂੰ ਇਸ ਅਹੁਦੇ ਤੋਂ ਫ਼ਾਰਗ਼ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਬਣਾਏ ਗਏ ਵਿੱਤ ਮੰਤਰੀ ਰੌਡ ਫ਼ਿਲਿਪਸ ਲੌਕਡਾਊਨ ਦੌਰਾਨ ਛੁੱਟੀਆਂ ਮਨਾਉਣ ਕੈਰੇਬੀਅਨ ਚਲੇ ਗਏ ਸਨ ਅਤੇ ਵਾਪਸੀ ‘ਤੇ ਉਹਨਾਂ ਕੋਲੋਂ ਵੀ ਮੰਤਰਾਲਾ ਵਾਪਸ ਲੈ ਲਿਆ ਗਿਆ ਸੀ। ਫ਼ਿਰ ਪੀਟਰ ਬੈਥਲਨਫ਼ੈਲਵੀ ਵਿੱਤ ਮੰਤਰੀ ਬਣਾਏ ਗਏ ਸਨ।

ਵਿਕ ਫ਼ਿਡੈਲੀ ਨੂੰ ਇਕਨੌਮਿਕ ਡਿਵੈਲਪਮੈਂਟ, ਜੌਬ ਕ੍ਰੀਏਸ਼ਨ ਐਂਡ ਟ੍ਰੈਡ ਮੰਤਰਾਲਾ ਸੌਂਪਿਆ ਗਿਆ ਸੀ, ਜਿੱਥੇ ਉਹਨਾਂ ਦੀ ਆਟੋ ਨੀਤੀ ਨੇ ਸੂਬੇ ਵਿਚ ਕਈ ਬਿਲੀਅਨ ਦੇ ਨਿਵੇਸ਼ ਨੂੰ ਆਕਰਸ਼ਤ ਕੀਤਾ, ਜਿਸ ਵਿਚ ਵਿੰਡਸਰ ਵਿੱਖੇ ਇੱਕ ਨਵਾਂ ਇਲੈਕਟ੍ਰਿਕ ਵਾਹਨ ਬੈਟਰੀ ਪਲਾਂਟ ਵੀ ਸ਼ਾਮਲ ਹੈ।

ਨਵੇਂ ਹਾਊਸਿੰਗ ਮਿਨਿਸਟਰ ਦੀ ਵੀ ਬਹੁਤ ਅਹਿਮੀਅਤ ਹੋਵੇਗੀ।

ਫ਼ੋਰਡ ਨੇ ਅਗਲੇ 10 ਸਾਲਾਂ ਵਿਚ 1.5 ਮਿਲੀਅਨ ਘਰ ਬਣਾਉਣ ਦਾ ਅਹਿਦ ਕੀਤਾ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਸੂਬਾ ਸਰਕਾਰ ਵੱਲੋਂ ਤਿਆਰ ਕੀਤੀ ਗਈ ਇੱਕ ਵਿਸ਼ੇਸ਼ ਟਾਸਕ ਫ਼ੋਰਸ ਨੇ ਇਸਦੀ ਸਿਫ਼ਾਰਿਸ਼ ਕੀਤੀ ਸੀ।

ਚੋਣਾਂ ਤੋਂ ਐਨ ਪਹਿਲਾਂ ਪਾਸ ਕੀਤੇ ਕਾਨੂੰਨ ਵਿਚ ਮੰਜ਼ੂਰੀ ਅਤੇ ਹੋਰ ਪ੍ਰਕਿਰਿਆਵਾਂ ਵਿਚ ਤੇਜ਼ੀ ਲਿਆਉਣ ਦੇ ਉਪਾਅ ਸਨ, ਪਰ ਹੋਰ ਨਵੇਂ ਘਰਾਂ ਦੀ ਤਾਮੀਰ ਲਈ ਮਿਉਂਸਿਪਲ ਜ਼ੋਨਿੰਗ ਨਿਯਮਾਂ ਨੂੰ ਬਦਲਣ ਲਈ ਠੋਸ ਕਦਮ ਨਹੀਂ ਚੁੱਕੇ ਗਏ ਸਨ।

ਸਰਕਾਰ ਮਿਉਂਸਿਪੈਲਿਟੀਜ਼ ਉੱਪਰ ਅਸਹਿਯੋਗ ਦਾ ਇਲਜ਼ਾਮ ਲਗਾਉਂਦੀ ਰਹੀ ਹੈ, ਪਰ ਕੰਜ਼ਰਵੇਟਿਵਜ਼ ਨੇ ਹਾਊਸਿੰਗ ਸਪਲਾਈ ਲਈ ਅਗਲੇਰੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ।

ਐਲੀਸਨ ਜੋਨਜ਼ - ਦ ਕੈਨੇਡੀਅਨ ਪ੍ਰੈੱਸ
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ