1. ਮੁੱਖ ਪੰਨਾ
  2. ਅਰਥ-ਵਿਵਸਥਾ

ਘਰਾਂ ਦੀ ਵਿਕਰੀ ਵਿਚ ਗਿਰਾਵਟ ਜਾਰੀ, ਫ਼ਰਵਰੀ ਤੋਂ ਬਾਅਦ ਔਸਤ ਕੀਮਤਾਂ ਵਿਚ 13 % ਕਮੀ

ਘਰਾਂ ਦੀ ਵਿਕਰੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ‘ਤੇ ਦਰਜ

ਟੋਰੌਂਟੋ ਵਿਚ ਵੇਚਨ ਲਈ ਲੱਗੇ ਇੱਕ ਘਰ ਦੀ ਤਸਵੀਰ।

ਟੋਰੌਂਟੋ ਵਿਚ ਵੇਚਨ ਲਈ ਲੱਗੇ ਇੱਕ ਘਰ ਦੀ ਤਸਵੀਰ। ਨਵੇਂ ਅੰਕੜਿਆਂ ਅਨੁਸਾਰ ਕੈਨੇਡਾ ਦੀ ਹਾਊਸਿੰਗ ਮਾਰਕੀਟ ਦੇ ਠੰਡੇ ਹੋਣ ਦਾ ਸਿਲਸਿਲਾ ਮਈ ਵੀ ਜਾਰੀ ਰਿਹਾ।

ਤਸਵੀਰ: (Esteban Cuevas/CBC)

RCI

ਮਹਾਂਮਾਰੀ ਦੌਰਾਨ ਅਸਮਾਨ ‘ਤੇ ਪਹੁੰਚੀ ਕੈਨੇਡਾ ਦੀ ਹਾਊਸਿੰਗ ਮਾਰਕੀਟ ਦੇ ਠੰਡੇ ਹੋਣ ਦਾ ਸਿਲਸਿਲਾ ਮਈ ਵਿਚ ਵੀ ਜਾਰੀ ਰਿਹਾ। ਮਈ ਵਿਚ ਇੱਕ ਘਰ ਦੀ ਔਸਤ ਕੀਮਤ 711,000 ਡਾਲਰ ਦਰਜ ਹੋਈ ਜੋਕਿ ਪਿਛਲੇ ਤਿੰਨ ਮਹੀਨਿਆਂ ਵਿਚ ਹੀ 100,000 ਡਾਲਰ ਤੋਂ ਵੱਧ ਦੀ ਕਮੀ ਹੈ।

ਘਰਾਂ ਦੀ ਵਿਕਰੀ ਦੇ ਲਿਹਾਜ਼ ਤੋਂ ਮਈ ਮਹੀਨਾ ਚੰਗਾ ਮੰਨਿਆ ਜਾਂਦਾ ਹੈ, ਪਰ ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ, ਮਈ ਵਿਚ ਘਰਾਂ ਦੀ ਵਿਕਰੀ ਵਿਚ ਨਿਘਾਰ ਆਇਆ ਹੈ ਅਤੇ ਪਿਛਲੇ ਸਾਲ ਦੀ ਤੁਲਨਾ ਵਿਚ ਵਿਕਰੀ 20 ਫ਼ੀਸਦੀ ਤੋਂ ਵੀ ਘੱਟ ਦਰਜ ਕੀਤੀ ਗਈ ਹੈ।

ਅਸੋਸੀਏਸ਼ਨ ਮੁਤਾਬਕ ਘਰਾਂ ਦੀ ਵਿਕਰੀ ਹੁਣ ਉਸ ਪੱਧਰ ‘ਤੇ ਪਹੁੰਚ ਗਈ ਹੈ ਜਿੱਥੇ ਉਹ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਹੁੰਦੀ ਸੀ।

ਮਾਰਚ ਅਤੇ ਅਪ੍ਰੈਲ 2020 ਤੋਂ ਬਾਅਦ, ਮਹਾਂਮਾਰੀ ਦੌਰਾਨ ਕੈਨੇਡਾ ਵਿਚ ਘਰਾਂ ਦੀ ਵਿਕਰੀ ਅਤੇ ਘਰਾਂ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਸਨ।

ਪਰ ਬੀਤੇ ਕੁਝ ਮਹੀਨਿਆਂ ਵਿਚ ਵਿਆਜ ਦਰਾਂ ਵਿਚ ਵਾਧਾ ਹੋਣ ਕਰਕੇ ਮੌਰਗੇਜ ਮਹਿੰਗੀ ਹੋਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਖ਼ਰੀਦਾਰਾਂ ਦੀ ਖ਼ਰੀਦਸ਼ਕਤੀ ਘਟ ਗਈ ਹੈ।

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਅਨੁਸਾਰ ਮਈ ਵਿਚ ਵੇਚੇ ਗਏ ਘਰ ਦੀ ਔਸਤ ਕੀਮਤ 711,000 ਡਾਲਰ ਰਹੀ ਜੋਕਿ ਫ਼ਰਵਰੀ ਦੇ ਰਿਕਾਰਡ 816,720 ਡਾਲਰ ਦੇ ਮੁਕਾਬਲੇ 13 ਫ਼ੀਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ ਹੈ।

ਪਰ CREA, ਦਾ ਕਹਿਣਾ ਹੈ ਕਿ ਔਸਤ ਕੀਮਤਾਂ ਗੁਮਰਾਹਕੁੰਨ ਵੀ ਹੋ ਸਕਦੀਆਂ ਹਨ ਕਿਉਂਕਿ ਇਹ ਟੋਰੌਂਟੋ ਅਤੇ ਵੈਨਕੂਵਰ ਵਰਗੇ ਮਹਿੰਗੇ ਸ਼ਹਿਰਾਂ ਵਿਚ ਘਰਾਂ ਦੀ ਵਿਕਰੀ ਤੋਂ ਪ੍ਰਭਾਵਿਤ ਹੁੰਦੀਆਂ ਹਨ। ਇਸ ਕਰਕੇ ਹਾਊਸ ਪ੍ਰਾਈਸ ਇੰਡੈਕਸ (HPI) ਦੇ ਨੁਕਤੇ ਤੋਂ ਇਸ ਦਾ ਮੁਲਾਂਕਣ ਜ਼ਿਆਦਾ ਦੁਰੁਸਤ ਹੋਵੇਗਾ। 

ਹਾਊਸ ਪ੍ਰਾਈਸ ਇੰਡੈਕਸ, ਘਰਾਂ ਦੀ ਵਿਕਰੀ ਦੀ ਤਾਦਾਦ ਨੂੰ, ਘਰ ਦੀ ਕਿਸਮ ਦੇ ਅਨੁਕੂਲ ਦਰਜ ਕਰਦਾ ਹੈ, ਜਿਸ ਨਾਲ ਮਾਰਕੀਟ ਦਾ ਬਿਹਤਰ ਅਕਸ ਸਾਹਮਣੇ ਆਉਂਦਾ ਹੈ।

ਅਸੋਸੀਏਸ਼ਨ ਮੁਤਾਬਕ ਅਪ੍ਰੈਲ ਵਿਚ 1.1 ਫ਼ੀਸਦੀ ਦੀ ਗਿਰਾਵਟ ਤੋਂ ਬਾਅਦ ਮਈ ਮਹੀਨੇ ਹਾਊਸ ਪ੍ਰਾਈਸ ਇੰਡੈਕਸ (HPI) 0.8 ਫ਼ੀਸਦੀ ਸੁੰਘੜਿਆ ਹੈ।

ਭਾਵੇਂ ਘਰਾਂ ਦੀਆਂ ਕੀਮਤਾਂ ਵਿਚ ਲਗਾਤਾਰ ਤੀਸਰੇ ਮਹੀਨੇ ਕਮੀ ਦਰਜ ਹੋਈ ਹੈ, ਪਰ ਪਿਛਲੇ ਸਾਲ ਦੀ ਔਸਤ ਕੀਮਤ ਦੀ ਤੁਲਨਾ ਵਿਚ ਇਹ ਅਜੇ ਵੀ 3.4 ਫ਼ੀਸਦੀ ਵਧੇਰੇ ਹਨ।

ਮੁਲਕ ਭਰ ਵਿਚ ਵੱਖਰਾ ਰੁਝਾਨ

ਜੇ ਟੋਰੌਂਟੋ ਅਤੇ ਵੈਨਕੂਵਰ ਨੂੰ ਅੰਕੜਿਆਂ ਚੋਂ ਮਨਫ਼ੀ ਕੀਤਾ ਜਾਵੇ, ਤਾਂ ਮਈ ਵਿਚ ਇੱਕ ਕੈਨੇਡੀਅਨ ਘਰ ਦੀ ਔਸਤ ਕੀਮਤ $ 588,500 ਰਹਿ ਜਾਵੇਗੀ।

ਰਾਸ਼ਟਰੀ ਅੰਕੜਿਆਂ ਵਿਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਓਨਟੇਰਿਓ ਵਿਚ ਜ਼ਿਆਦਾਤਰ ਹਾਊਸਿੰਗ ਮਾਰਕੀਟਾਂ ਵਿਚ ਕੀਮਤਾਂ ਦੀ ਕਮੀ ਹੈ।

ਵੈਨਕੂਵਰ ਆਈਲੈਂਡ ਵਿਚ ਕੀਮਤਾਂ ਵਧੀਆਂ ਹਨ। ਵੈਕਨਕੂਵਰ ਵਿਚ ਕੀਮਤਾਂ ਸਥਿਰ ਰਹੀਆਂ ਜਦਕਿ ਬਾਕੀ ਪੂਰੇ ਬੀਸੀ ਵਿਚ ਕੀਮਤਾਂ ਵਿਚ ਕਮੀ ਆਈ।

ਕਿਊਬੈਕ, ਨਿਊਬ੍ਰੰਜ਼ਵਿਕ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿਚ ਕੀਮਤਾਂ ਵਧੀਆਂ, ਜਦਕਿ ਸਸਕੈਚਵਨ, ਮੈਨੀਟੋਬਾ ਅਤੇ ਐਲਬਰਟਾ ਵਿਚ ਕੀਮਤਾਂ ਮੋਟੇ ਤੌਰ ‘ਤੇ ਸਥਿਰ ਰਹੀਆਂ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ