- ਮੁੱਖ ਪੰਨਾ
- ਅਰਥ-ਵਿਵਸਥਾ
- ਖੇਤੀਬਾੜੀ
[ ਰਿਪੋਰਟ ] ਖਾਦਾਂ ਦੇ ਭਾਅ ਵਧਣ ਕਾਰਨ ਕੈਨੇਡਾ ਵਿਚਲੇ ਕਿਸਾਨ ਪ੍ਰੇਸ਼ਾਨ
ਕੋਵਿਡ ਅਤੇ ਰੂਸ ਯੂਕਰੇਨ ਜੰਗ ਦੇ ਕਾਰਨ ਵਧੀਆਂ ਕੀਮਤਾਂ

ਅੰਕੜਿਆਂ ਅਨੁਸਾਰ ਕੈਨੇਡਾ 6 .5 ਲੱਖ ਟਨ ਤੋਂ ਵਧੇਰੇ ਨਾਈਟ੍ਰੋਜਨ , 8 ਲੱਖ ਮੀਟ੍ਰਿਕ ਟਨ ਪੋਟਾਸ਼ ਖਾਦ ਅਤੇ ਲਗਭਗ 10 ਲੱਖ ਟਨ ਫਾਸਫੇਟ ਖਾਦ ਦਰਾਮਦ ਕਰਦਾ ਹੈ।
ਤਸਵੀਰ: Tim Wimborne/Reuters
ਕੈਨੇਡਾ ਵਿੱਚ ਕਿਸਾਨ ਮਹਿੰਗੇ ਭਾਅ ਦੀਆਂ ਖਾਦਾਂ ਮਿਲਣ ਕਰਕੇ ਪ੍ਰੇਸ਼ਾਨ ਹੋ ਰਹੇ ਹਨ I ਪ੍ਰਾਪਤ ਜਾਣਕਾਰੀ ਅਨੁਸਾਰ ਖਾਦਾਂ ਦੇ ਭਾਅ ਵਿੱਚ 2 ਤੋਂ 3 ਗੁਣਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ I ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ 'ਤੇ ਵਧੇਰੇ ਆਰਥਿਕ ਬੋਝ ਪੈ ਰਿਹਾ ਹੈ I
ਮੋਟੇ ਤੌਰ 'ਤੇ ਕਿਸਾਨਾਂ ਵੱਲੋਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਖਾਦਾਂ ਵਰਤੀਆਂ ਜਾਂਦੀਆਂ ਹਨ I ਅੰਕੜਿਆਂ ਅਨੁਸਾਰ ਕੈਨੇਡਾ 6 .5 ਲੱਖ ਟਨ ਤੋਂ ਵਧੇਰੇ ਨਾਈਟ੍ਰੋਜਨ , 8 ਲੱਖ ਮੀਟ੍ਰਿਕ ਟਨ ਪੋਟਾਸ਼ ਖਾਦ ਅਤੇ ਲਗਭਗ 10 ਲੱਖ ਟਨ ਫਾਸਫੇਟ ਖਾਦ ਦਰਾਮਦ ਕਰਦਾ ਹੈ। ਮਾਹਰ ਇਸ ਵਾਧੇ ਪਿੱਛੇ ਕੋਵਿਡ-19 ਅਤੇ ਰੂਸ - ਯੂਕਰੇਨ ਜੰਗ ਜਿਹੇ ਕਾਰਨ ਦੱਸ ਰਹੇ ਹਨ I
ਕੋਵਿਡ-19 ਦਾ ਪ੍ਰਭਾਵ
ਪ੍ਰਾਪਤ ਜਾਣਕਾਰੀ ਅਨੁਸਾਰ ਕੋਵਿਡ-19 ਦੇ ਚਲਦਿਆਂ ਕੰਟੇਨਰਜ਼ ਦੇ ਰੇਟ ਵਧੇ ਹਨ I ਬੀਸੀ ਵਿੱਚ ਐਗਰੋਟੈਕ ਨਾਮੀ ਖਾਦ ਕੰਪਨੀ ਦੇ ਸੀਈਓ ਸੈਫ਼ ਪੰਨੂ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਬਾਅਦ ਖਾਦਾਂ ਦੇ ਭਾਅ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ , ਜਿਸਦੀ ਮਾਰ ਕਿਸਾਨਾਂ 'ਤੇ ਪਈ ਹੈ I
ਸੈਫ਼ ਪੰਨੂ ਨੇ ਕਿਹਾ ਦਰਅਸਲ ਸ਼ਿਪਿੰਗ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਕਿਸਾਨਾਂ ਨੂੰ ਮਹਿੰਗੀ ਖਾਦ ਮਿਲ ਰਹੀ ਹੈ I ਜੋ ਕੰਟੇਨਰ ਚੀਨ ਤੋਂ ਪਹਿਲਾਂ ਕਰੀਬ 3 ਹਜ਼ਾਰ ਡਾਲਰ ਵਿੱਚ ਆ ਜਾਂਦਾ ਸੀ ਉਸਦੀ ਕੀਮਤ 20 ਹਜ਼ਾਰ ਡਾਲਰ ਪਾਰ ਕਰ ਗਈ ਹੈ I
ਕੈਨੇਡਾ ਵਿੱਚ ਵਿਵੀਗਰੋ ਸਸਟੇਨਏਬਲ ਸੌਲਿਊਸ਼ਨਜ਼ ਨਾਮੀ ਕੰਪਨੀ ਚਲਾ ਰਹੇ ਪਾਕਿਸਤਾਨੀ ਮੂਲ ਦੇ ਯਾਸਿਰ ਮੁਹੰਮਦ ਸਈਅਦ ਇਸਦੇ ਪਿੱਛੇ ਸਿਰਫ਼ ਸਪਲਾਈ ਦਾ ਕਾਰਨ ਨਾ ਸਮਝ ਕੇ ਇਸਨੂੰ ਸਿਆਸਤ ਨਾਲ ਜੋੜਦੇ ਹਨ I ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਯਾਸਿਰ ਸਈਅਦ ਨੇ ਕਿਹਾ ਕਿ ਕੋਵਿਡ ਦੇ ਕਾਰਨ ਚੀਨ ਤੋਂ ਦਰਾਮਦਗੀ ਬੰਦ ਹੋਈ ਜਿਸਦਾ ਲਾਭ ਯੂ ਐਸ ਨੂੰ ਹੋਇਆ I

ਯਾਸਿਰ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਵਿਡ ਤੋਂ ਪਹਿਲਾਂ 2 ਹਜ਼ਾਰ ਡਾਲਰ ਤੋਂ ਘੱਟ ਵਿੱਚ ਕੰਟੇਨਰ ਮੰਗਵਾਏ ਜਿਸਦੀ ਕੀਮਤ ਵੱਧ ਕੇ 24 ਹਜ਼ਾਰ ਤੱਕ ਜਾ ਪਹੁੰਚੀ ਹੈ ਜੋ ਕਿ 12 ਗੁਣਾ ਵਾਧਾ ਹੈ I
ਤਸਵੀਰ: ਧੰਨਵਾਦ ਸਹਿਤ ਯਾਸਿਰ ਸਈਅਦ
ਯਾਸਿਰ ਸਈਅਦ ਮੁਤਾਬਿਕ ਯੂ ਐਸ ਵਿੱਚ ਬਣਾਈਆਂ ਜਾਣ ਵਾਲੀਆਂ ਖਾਦਾਂ ਦੇ ਭਾਅ ਚੀਨ ਅਤੇ ਯੂਰੋਪੀਅਨ ਦੇਸ਼ਾਂ ਦੇ ਮੁਕਾਬਲੇ ਵਧੇਰੇ ਹਨ I ਯਾਸਿਰ ਨੇ ਕਿਹਾ ਯੂ ਐਸ ਵੱਲੋਂ ਕੋਵਿਡ-19 ਨੂੰ ਚੀਨ ਤੋਂ ਆਇਆ ਹੋਇਆ ਵਾਇਰਸ ਕਹਿ ਕੇ ਪ੍ਰਚਾਰਿਆ ਗਿਆ I ਚੀਨ ਤੋਂ ਬਹੁਤ ਸਾਰੇ ਕੰਟੇਨਰ ਯੂ ਐਸ ਵਿੱਚ ਆ ਕੇ ਵਾਪਿਸ ਨਹੀਂ ਜਾਂਦੇ ਸਨ I ਇਹਨਾਂ ਰੋਕਾਂ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵਿੱਚ ਚੀਨ ਦੇ ਮਾਲ ਦੀ ਸਪਲਾਈ ਨਹੀਂ ਹੋਈ ਅਤੇ ਯੂ ਐਸ ਨੇ ਆਪਣਾ ਮਾਲ ਵੇਚਣਾ ਸ਼ੁਰੂ ਕੀਤਾ I
ਯਾਸਿਰ ਮੁਤਾਬਿਕ ਉਹ ਹਰ ਹਫ਼ਤੇ 80 ਤੋਂ 100 ਕੰਟੇਨਰ ਮੰਗਵਾਉਂਦੇ ਸਨ I ਯਾਸਿਰ , ਜਿੰਨ੍ਹਾਂ ਨੇ ਕੁਝ ਸਾਲ ਪਹਿਲਾਂ ਆਪਣੀ ਕੰਪਨੀ ਸ਼ੁਰੂ ਕੀਤੀ ਹੈ , ਦਾ ਕਹਿਣਾ ਹੈ ਕਿ ਉਹਨਾਂ ਨੇ ਕੋਵਿਡ ਤੋਂ ਪਹਿਲਾਂ 2 ਹਜ਼ਾਰ ਡਾਲਰ ਤੋਂ ਘੱਟ ਵਿੱਚ ਕੰਟੇਨਰ ਮੰਗਵਾਏ ਜਿਸਦੀ ਕੀਮਤ ਵੱਧ ਕੇ 24 ਹਜ਼ਾਰ ਤੱਕ ਜਾ ਪਹੁੰਚੀ ਹੈ ਜੋ ਕਿ 12 ਗੁਣਾ ਵਾਧਾ ਹੈI
ਰੂਸ ਯੂਕਰੇਨ ਜੰਗ
ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਨਾਲ ਵੀ ਕੈਨੇਡਾ ਵਿੱਚ ਖਾਦਾਂ ਦੇ ਭਾਅ ਵੱਧ ਗਏ ਹਨ I ਰੂਸ ਨਾਈਟ੍ਰੋਜਨ ਅਤੇ ਪੋਟਾਸ਼ ਦੋਵਾਂ ਖਾਦਾਂ ਦਾ ਇੱਕ ਵੱਡਾ ਸਪਲਾਇਰ ਹੈ I ਜਿੱਥੇ ਰੂਸ ਨੇ ਆਪਣੇ ਨਿਰਯਾਤ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ , ਉੱਥੇ ਹੀ ਕੈਨੇਡਾ ਵੱਲੋਂ ਵੀ ਮਾਰਚ ਮਹੀਨੇ ਤੋਂ ਰੂਸ ਤੋਂ ਆਉਣ ਵਾਲੇ ਆਯਾਤ 'ਤੇ 35 ਪ੍ਰਤੀਸ਼ਤ ਕਰ ਲਗਾਇਆ (ਨਵੀਂ ਵਿੰਡੋ) ਗਿਆ ਹੈ ਜਿਸਦਾ ਭਾਵ ਹੈ ਕਿ ਰੂਸ ਤੋਂ ਆਉਣ ਵਾਲੀਆਂ ਖਾਦਾਂ 35 ਫ਼ੀਸਦੀ ਮਹਿੰਗੀਆਂ ਹੋ ਗਈਆਂ ਹਨ I
ਦੱਸਣਯੋਗ ਹੈ ਕਿ ਕੈਨੇਡਾ ਦੇ ਸਸਕੈਚਵਨ , ਐਲਬਰਟਾ ਅਤੇ ਮੈਨੀਟੋਬਾ ਆਦਿ ਪ੍ਰੋਵਿੰਸਸ ਵਿੱਚ ਕਣਕ , ਦਾਲਾਂ , ਕਿਨੋਲਾ ਅਤੇ ਸਰੋਂ ਆਦਿ ਫ਼ਸਲਾਂ ਦੀ ਖੇਤੀ ਹੁੰਦੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਬਲੂਬੇਰੀ , ਸੇਬ ਅਤੇ ਅੰਗੂਰਾਂ ਦੀ ਖੇਤੀ ਹੁੰਦੀ ਹੈ I ਅੰਕੜਿਆਂ ਮੁਤਾਬਿਕ ਪੂਰੇ ਕੈਨੇਡਾ ਵਿੱਚ ਕਰੀਬ 6 ਕਰੋੜ 21 ਲੱਖ ਹੈਕਟੇਅਰ ਰਕਬੇ 'ਤੇ ਖੇਤੀ ਹੋ ਰਹੀ ਹੈ I
ਯਾਸਿਰ ਸਈਅਦ ਨੇ ਦੱਸਿਆ ਕਿ ਜੋ ਯੂਰੀਆ ਕਿਸਾਨਾਂ ਨੂੰ ਕਰੀਬ 400 ਡਾਲਰ ਪ੍ਰਤੀ ਟਨ ਮਿਲਦਾ ਸੀ , ਉਸਦੀ ਕੀਮਤ 1350 ਡਾਲਰ ਪ੍ਰਤੀ ਟਨ ਜਾ ਪਹੁੰਚੀ I ਇਸ ਤਰ੍ਹਾਂ ਹੀ ਫਾਸਫੋਰਸ ਦੇ ਕੀਮਤ ਕਰੀਬ 550 ਡਾਲਰ ਪ੍ਰਤੀ ਟਨ ਤੋਂ ਵੱਧ ਕੇ 1450 ਡਾਲਰ ਪ੍ਰਤੀ ਟਨ ਹੋ ਗਈ I
ਇਹ ਵੀ ਪੜੋ :
ਕੈਨੇਡਾ ਵਿੱਚ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਨੈਸ਼ਨਲ ਫ਼ਾਰਮਰ ਯੂਨੀਅਨ ਨੇ ਵੀ ਕੈਨੇਡੀਅਨ ਸਰਕਾਰ ਤੋਂ ਖਾਦਾਂ ਦੇ ਵੱਧ ਰਹੇ ਭਾਅ ਨੂੰ ਲੈ ਕੇ ਕੋਈ ਕਦਮ ਚੱਕਣ ਦੀ ਮੰਗ ਕੀਤੀ ਹੈ I ਯੂਨੀਅਨ ਹਾਊਸ ਆਫ਼ ਕਾਮਨਜ਼ ਦੀ ਐਗਰੀਕਲਚਰ ਕਮੇਟੀ ਕੋਲੋਂ ਖਾਦਾਂ ਦੇ ਵੱਧ ਰਹੇ ਭਾਅ ਦੀ ਜਾਂਚ ਹੋਣ ਦੀ ਮੰਗ ਵੀ ਕਰ ਚੁੱਕੀ ਹੈ I
ਨੈਸ਼ਨਲ ਫ਼ਾਰਮਰ ਯੂਨੀਅਨ ਦੀ ਪ੍ਰੈਜ਼ੀਡੈਂਟ ਕੈਟੀ ਵਾਰਡ ਦਾ ਕਹਿਣਾ ਹੈ ਅਜਿਹਾ ਸੰਭਵ ਹੈ ਕਿ ਇਸ ਸਭ ਦੌਰਾਨ ਕੰਪਨੀਆਂ ਮੋਟਾ ਮੁਨਾਫ਼ਾ ਕਮਾ ਰਹੀਆਂ ਹੋਣI ਕੈਟੀ ਵਾਰਡ ਨੇ ਕਿਹਾ ਸਾਡਾ ਖਦਸ਼ਾ ਹੈ ਕਿ ਖਾਦ ਕੰਪਨੀਆਂ ਸਪਲਾਈ ਦਾ ਬਹਾਨਾ ਲਗਾ ਕੇ ਮੋਟੇ ਪੈਸੇ ਕਮਾ ਰਹੀਆਂ ਹਨ ਜਦਕਿ ਕਿਸਾਨਾਂ ਨੂੰ ਮਹਿੰਗੇ ਭਾਅ ਦੀਆਂ ਖਾਦਾਂ ਲੈਣੀਆਂ ਪੈ ਰਹੀਆਂ ਹਨ I ਇਸਦੀ ਜਾਂਚ ਹੋਣੀ ਚਾਹੀਦੀ ਹੈ I
ਵਾਧੂ ਆਰਥਿਕ ਬੋਝ : ਕਿਸਾਨ
ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਬਲੂਬੇਰੀ ਉਤਪਾਦਕ ਰਾਜਿੰਦਰ ਲਾਲੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਮਹਿੰਗੇ ਭਾਅ ਦੀਆਂ ਖਾਦਾਂ ਲੈਣੀਆਂ ਪੈ ਰਹੀਆਂ ਹਨ , ਜਿਸ ਨਾਲ ਉਹਨਾਂ 'ਤੇ ਵਧੇਰੇ ਵਿੱਤੀ ਬੋਝ ਪੈ ਰਿਹਾ ਹੈ I ਲਾਲੀ ਨੇ ਕਿਹਾ ਪਿੱਛਲੇ ਸਾਲਾਂ ਦੇ ਮੁਕਾਬਲੇ ਕਿਸਾਨਾਂ ਨੂੰ ਤਕਰੀਬਨ 12 ਫ਼ੀਸਦੀ ਮਹਿੰਗੀਆਂ ਖਾਦਾਂ ਮਿਲੀਆਂ ਹਨ I

ਜੂਲੀਆ ਸਮਿਥ ਦਾ ਕਹਿਣਾ ਹੈ ਕਿ ਪਸ਼ੂ ਪਾਲਕਾਂ ਨੂੰ ਮਿਲਣ ਵਾਲੀਆਂ ਖਾਦਾਂ ਅਤੇ ਫੀਡ ਦੇ ਭਾਅ ਵਧੇ ਹਨ ਪਰ ਪਸ਼ੂ ਪਾਲਕਾਂ ਦੇ ਮੁਨਾਫ਼ੇ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ I
ਤਸਵੀਰ: ਧੰਨਵਾਦ ਸਹਿਤ ਜੂਲੀਆ ਸਮਿਥ
ਬੀਸੀ ਵਿੱਚ ਪਸ਼ੂ ਪਾਲਕ ਜੂਲੀਆ ਸਮਿਥ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਨਾਲ ਪਸ਼ੂ ਪਾਲਕ ਵੀ ਫੀਡ ਦੇ ਮਹਿੰਗਾਈ ਤੋਂ ਪ੍ਰੇਸ਼ਾਨ ਹਨ I ਜੂਲੀਆ ਨੇ ਕਿਹਾ ਪਸ਼ੂ ਪਾਲਕਾਂ ਨੂੰ ਮਿਲਣ ਵਾਲੀਆਂ ਖਾਦਾਂ ਅਤੇ ਫੀਡ ਦੇ ਭਾਅ ਵਧੇ ਹਨ ਪਰ ਪਸ਼ੂ ਪਾਲਕਾਂ ਦੇ ਮੁਨਾਫ਼ੇ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ I ਆਮ ਲੋਕ ਨੂੰ ਮਹਿੰਗਾ ਮੀਟ ਮਿਲ ਰਿਹਾ ਹੈ ਅਤੇ ਰੀਟੇਲਰ ਕਮਾਈ ਕਰ ਰਹੇ ਹਨ I
ਬੀਸੀ ਵਿੱਚ ਕੰਮ ਕਰਦੇ ਖੇਤੀ ਮਾਹਰ ਕੁਲਦੀਪ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨ ਵਧੇ ਹੋਏ ਰੇਟਾਂ ਨੂੰ ਲੈ ਕੇ ਹੈਰਾਨ ਅਤੇ ਪ੍ਰੇਸ਼ਾਨ ਤਾਂ ਹੁੰਦੇ ਹਨ ਪਰ ਉਹਨਾਂ ਨੂੰ ਸਮਝਾਉਣਾ ਐਨਾ ਮੁਸ਼ਕਿਲ ਨਹੀਂ ਹੁੰਦਾ I ਕੁਲਦੀਪ ਸ਼ਰਮਾ ਨੇ ਕਿਹਾ ਕਿਸਾਨ ਵੀ ਇਸਦੇ ਪਿੱਛੇ ਕਾਰਨਾਂ ਨੂੰ ਸਮਝਦੇ ਹਨ ਅਤੇ ਇਸ ਕਰਕੇ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ I