1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਬਿਨਾ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਦੇ ਜ਼ਰੀਏ ਇਮੀਗ੍ਰੇਸ਼ਨ ਦਾ ਰਾਹ ਬੰਦ ਕਰੇਗੀ ਕਿਊਬੈਕ ਸਰਕਾਰ

ਸਤੰਬਰ 2023 ਤੋਂ ਨਵੇਂ ਨਿਯਮ ਲਾਗੂ

ਕਿਊਬੈਕ ਦੇ ਲੇਬਰ ਮੰਤਰੀ, ਯੌਂ ਬੁਲੇਅ

ਕਿਊਬੈਕ ਦੇ ਲੇਬਰ ਮੰਤਰੀ, ਯੌਂ ਬੁਲੇਅ ਨੇ ਕਿਹਾ ਕਿ ਪ੍ਰਾਈਵੇਟ ਕਾਲਜ ਸੈਕਟਰ ਵਿਚ ਮੌਜੂਦ ਨੁਕਸਾਂ ਦੀ ਭਰਪਾਈ ਲਈ ਇਹ ਕਦਮ ਜ਼ਰੂਰੀ ਸੀ।

ਤਸਵੀਰ: La Presse canadienne / Jacques Boissinot

RCI

ਕਿਊਬੈਕ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਿਊਬੈਕ ਦੇ ਬਿਨਾ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲਾ ਲੈਣ ਦੇ ਜ਼ਰੀਏ, ਕੈਨੇਡਾ ਵਿਚ ਪੱਕੇ ਹੋਣ ਦਾ ਰਾਹ ਬੰਦ ਕਰ ਰਹੀ ਹੈ।

ਫ਼ੈਡਰਲ ਸਰਕਾਰ ਦੇ ਸਹਿਯੋਗ ਨਾਲ ਕਿਊਬੈਕ ਸਰਕਾਰ ਨੇ ਨਵੇਂ ਨਿਯਮ ਤਿਆਰ ਕੀਤੇ ਹਨ ਜੋ ਸਤੰਬਰ 2023 ਤੋਂ ਲਾਗੂ ਹੋ ਜਾਣਗੇ।

ਪਬਲਿਕ ਜਾਂ ਸਬਸਿਡੀ ਪ੍ਰਾਪਤ ਪ੍ਰਾਈਵੇਟ ਕਾਲਜਾਂ ਵਿਚ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀ ਹੀ ਵਰਕ ਪਰਮਿਟ ਲਈ ਯੋਗ ਹੋਣਗੇ।

ਵਰਕ-ਪਰਮਿਟ ਦੀ ਸੰਭਾਵਨਾ ਹੀ ਬਿਨਾ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਦਾ ਧੰਦਾ ਬਣ ਗਿਆ ਸੀ ਜੋ ਵਿਦਿਆਰਥੀਆਂ ਕੋਲੋਂ ਸਾਲਾਨਾ 25,000 ਡਾਲਰ ਤੱਕ ਦੀ ਫ਼ੀਸ ਵੀ ਵਸੂਲ ਰਹੇ ਸਨ।

ਕਿਊਬੈਕ ਵਿਚ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਦਰਜ ਹੋਇਆ ਹੈ। 2017-2018 ਵਿਚ ਕੁਲ 2,686 ਵਿਦਿਆਰਥੀਆਂ ਦੇ ਮੁਕਾਬਲੇ ਦੋ ਸਾਲ ਬਾਅਦ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਰੀਬ 15,000 ਦਰਜ ਹੋਈ ਸੀ। ਇਹਨਾਂ ਵਿਚੋਂ ਜ਼ਿਆਦਾਤਰ ਨੇ ਬਿਨਾ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲਾ ਲਿਆ ਸੀ।

ਕਿਊਬੈਕ ਵਿਚ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ। ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਕਿਊਬੈਕ ਵਿਚ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ।

ਤਸਵੀਰ: (CBC)

ਸੀਬੀਸੀ ਦੀਆਂ ਖ਼ਬਰਾਂ ਵਿਚ ਅਜਿਹੇ ਕੁਝ ਕਾਲਜਾਂ ਦੇ ਮਾੜੇ ਪ੍ਰਬੰਧਨ ਦਾ ਸੱਚ ਸਾਹਮਣੇ ਆਇਆ ਸੀ। ਪਿਛਲੇ ਸਾਲ ਕੁਝ ਕਾਲਜ ਅਚਾਨਕ ਬੰਦ ਹੋ ਗਏ ਸਨ, ਜਿਹਨਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਅਜੇ ਵੀ ਉਹਨਾਂ ਦੀ ਫ਼ੀਸ ਵਾਪਸ ਨਹੀਂ ਕੀਤੀ ਗਈ ਹੈ।

ਕਿਊਬੈਕ ਦੇ ਉੱਚ ਸਿੱਖਿਆ ਮੰਤਰਾਲੇ ਦੀ 2021 ਦੀ ਇੱਕ ਰਿਪੋਰਟ ਵਿਚ ਇਹਨਾਂ ਅਦਾਰਿਆਂ ਵਿਚ ਭਰਤੀ, ਦਾਖ਼ਲੇ ਅਤੇ ਅਧਿਆਪਨ ਵਿਚ ਬਹੁਤ ਸਾਰੀਆਂ ਖ਼ਾਮੀਆਂ ਦਾ ਖ਼ੁਲਾਸਾ ਕੀਤਾ ਗਿਆ ਸੀ।

ਤਬਦੀਲੀਆਂ ਦਾ ਉਦੇਸ਼ ‘ਸੁਧਾਰ’

ਕਿਊਬਿਕ ਦੇ ਲੇਬਰ ਮੰਤਰੀ ਯੌਂ ਬੁਲੇਅ ਅਤੇ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਇਸ ਤਬਦੀਲੀ ਦਾ ਉਦੇਸ਼ ਕੁਝ ਬਿਨਾ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਬਾਰੇ ਜਾਂਚ ਵਿਚ ਸਾਹਮਣੇ ਆਏ ਨੁਕਸਾਂ ਦੀ ਭਰਪਾਈ ਕਰਨਾ ਹੈ।

ਬਿਆਨ ਮੁਤਾਬਕ ਨਵੇਂ ਨਿਯਮ ਇਹ ਯਕੀਨੀ ਬਣਾਉਣਗੇ ਕਿ ਕਿਊਬੈਕ ਨੂੰ ਕੈਨੇਡਾ ਵਿਚ ਪੱਕੇ ਹੋਣ ਦੇ ਇੱਕ ਜ਼ਰੀਏ ਵੱਜੋਂ ਨਾ ਵਰਤਿਆ ਜਾਵੇ। ਬਾਕੀ ਸੂਬਿਆਂ ਵਿਚ ਬਗ਼ੈਰ ਸਬਸਿਡੀ ਪ੍ਰਾਪਤ ਪ੍ਰਾਈਵੇਟ ਕਾਲਜਾਂ ਤੋਂ ਪੜ੍ਹਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਮ ਤੌਰ ‘ਤੇ ਵਰਕ-ਪਰਮਿਟ ਨਹੀਂ ਦਿੱਤਾ ਜਾਂਦਾ।

ਯੌਂ ਬੁਲੇਅ ਨੇ ਰੇਡੀਓ-ਕੈਨੇਡਾ ਨਾਲ ਗੱਲ ਕਰਦਿਆਂ ਕਿਹਾ ਕਿ ਸਿਸਟਮ ਵਿਚ ਕੁਝ ਖ਼ਾਮੀਆਂ ਹਨ ਜਿਹਨਾਂ ਨੂੰ ਦੁਰੁਸਤ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਕਿਊਬੈਕ ਵੀ ਉਹੀ ਕਰ ਰਿਹਾ ਹੈ ਜੋ ਬਾਕੀ ਕੈਨੇਡਾ ਵਿਚ ਮੌਜੂਦ ਹੈ।

ਬਿਨਾ ਸਬਸਿਡੀ ਵਾਲੇ ਪ੍ਰਾਈਵੇਟ ਅਦਾਰੇ ਇਸ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ ਦਾ ਇਸਤੇਮਾਲ ਕਰਕੇ ਇਹਨਾਂ ਲੋਕਾਂ ਨੂੰ ਆਕਰਸ਼ਤ ਕਰਦੇ ਹਨ, ਜਿਹੜੇ ਸਾਡੇ ਸਕੂਲ ਸਿਸਟਮ ਦਾ ਲਾਭ ਲੈਕੇ, ਕੈਨੇਡਾ ਵਿਚ ਹੋਰ ਕਿਤੇ ਜਾਕੇ ਵੱਸਦੇ ਹਨ

ਕਿਊਬੈਕ ਯੂਨੀਵਰਸਿਟੀ ਵਿਚ ਉਚੇਰੀ ਸਿੱਖਿਆ ਦੇ ਪ੍ਰੋਫ਼ੈਸਰ, ਮਾਰਟਿਨ ਮਾਲਟੇਸ ਨੇ ਕਿਹਾ ਕਿ ਬਿਨਾ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਨਾਲ ਜੁੜੀ ਸਮੱਸਿਆ ਦੇ ਸਮਾਧਾਨ ਲਈ ਕਾਨੂੰਨ ਲਿਆਉਣ ਨਾਲੋਂ ਸਰਕਾਰ ਵੱਲੋਂ ਚੁੱਕਿਆ ਇਹ ਕਦਮ ਬਿਹਤਰ ਅਤੇ ਤੇਜ਼ ਤਰੀਕਾ ਹੈ।

ਬੈਂਜਮਿਨ ਸ਼ਿੰਗਲਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ