1. ਮੁੱਖ ਪੰਨਾ
  2. ਸਮਾਜ
  3. ਰਾਜਨੀਤੀ

[ ਰਿਪੋਰਟ ] ਬਿੱਲ 96 ਦੇ ਪਾਸ ਹੋਣ ਤੋਂ ਬਾਅਦ ਨਿਰਾਸ਼ ਹਨ ਕਿਊਬੈਕ ਵਿੱਚ ਵਸਦੇ ਕੁਝ ਇਮੀਗ੍ਰੈਂਟ

ਇਮੀਗ੍ਰੈਂਟਸ ਨੂੰ 6 ਮਹੀਨਿਆਂ ਦੇ ਅੰਦਰ ਸਿੱਖਣੀ ਪਵੇਗੀ ਫ੍ਰੈਂਚ

ਐਕਟ ਰਿਸਪੈਕਟਿੰਗ ਫ੍ਰੈਂਚ ਨਾਮੀ ਇਸ ਬਿੱਲ ਨੂੰ 13 ਮਈ 2021 ਨੂੰ ਲਜਿਸਲੇਚਰ ਵਿੱਚ ਪੇਸ਼ ਕੀਤਾ ਗਿਆ ਅਤੇ ਇੱਕ ਜੂਨ 2022 ਨੂੰ ਇਸਤੇ ਕਾਨੂੰਨੀ ਮੋਹਰ ਲੱਗ ਗਈ I

ਐਕਟ ਰਿਸਪੈਕਟਿੰਗ ਫ੍ਰੈਂਚ ਨਾਮੀ ਇਸ ਬਿੱਲ ਨੂੰ 13 ਮਈ 2021 ਨੂੰ ਲਜਿਸਲੇਚਰ ਵਿੱਚ ਪੇਸ਼ ਕੀਤਾ ਗਿਆ ਅਤੇ ਇੱਕ ਜੂਨ 2022 ਨੂੰ ਇਸਤੇ ਕਾਨੂੰਨੀ ਮੋਹਰ ਲੱਗ ਗਈ I

ਤਸਵੀਰ: Sylvain Roy Roussel/CBC

Sarbmeet Singh

ਕੈਨੇਡਾ ਦੇ ਕਿਊਬੈਕ ਪ੍ਰੋਵਿੰਸ ਵਿੱਚ ਲੰਘੇ ਕੱਲ ਬਿੱਲ 96 ਦੇ ਕਾਨੂੰਨੀ ਮੋਹਰ ਲੱਗ ਚੁੱਕੀ ਹੈ , ਜਿਸਤੋਂ ਬਾਅਦ ਹੋਰਨਾਂ ਦੇਸ਼ਾਂ ਤੋਂ ਕਿਊਬੈਕ ਵਿੱਚ ਆਏ ਕੁਝ ਇਮੀਗ੍ਰੈਂਟ ਨਿਰਾਸ਼ ਅਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ I

ਕੀ ਹੈ ਬਿੱਲ 96

ਐਕਟ ਰਿਸਪੈਕਟਿੰਗ ਫ੍ਰੈਂਚ ਨਾਮੀ ਇਸ ਬਿੱਲ ਨੂੰ 13 ਮਈ 2021 ਨੂੰ ਲਜਿਸਲੇਚਰ ਵਿੱਚ ਪੇਸ਼ ਕੀਤਾ ਗਿਆ I  ਡਿਬੇਟ , ਸੋਧਾਂ ਅਤੇ ਵੋਟਿੰਗ ਦੀ ਪ੍ਰਕਿਰਿਆ ਵਿੱਚੋਂ ਲੰਘਦਾ ਹੋਇਆ ਇਹ ਬਿੱਲ 1 ਜੂਨ 2022 ਨੂੰ ਕਾਨੂੰਨ ਬਣ ਗਿਆ I  ਕਿਊਬੈਕ ਵਿੱਚ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਦੀ ਅਗਵਾਈ ਵਾਲੀ ਕੋਲੀਸ਼ਨ ਐਵੇਨਿਰ ਕਿਉਬੈਕ (CAQ) ਪਾਰਟੀ ਦੀ ਸਰਕਾਰ ਹੈ ਜੋ ਕਿ ਕੁੱਲ 125 'ਚੋਂ 74 ਸੀਟਾਂ 'ਤੇ ਕਾਬਜ਼ ਹੈ I  ਪ੍ਰੋਵਿੰਸ ਵਿੱਚ ਇਸ ਬਿੱਲ ਦੇ ਵਿਰੋਧ ਵਿੱਚ ਲਗਾਤਾਰ ਮੁਜ਼ਾਹਰੇ ਹੋ ਚੁੱਕੇ ਹਨ I 

ਇਹ ਕਾਨੂੰਨ ਫ੍ਰੈਂਚ ਭਾਸ਼ਾ ਨੂੰ ਪ੍ਰਫੁੱਲਿਤ ਕਰਦਾ ਹੈ ਜਿਸਤੋਂ ਭਾਵ ਹੈ ਕਿ ਪ੍ਰੋਵਿੰਸ ਵਿੱਚ ਹੁਣ ਦਫ਼ਤਰੀ ਪੱਤਰ ਵਿਹਾਰ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਹੋਣ ਦੀ ਬਜਾਏ ਸਿਰਫ਼ ਫ੍ਰੈਂਚ ਭਾਸ਼ਾ ਵਿੱਚ ਹੋਵੇਗਾ I  ਇਸ ਕਾਨੂੰਨ ਤਹਿਤ ਹੁਣ ਕਿਊਬੈਕ ਵਾਸੀਆਂ ਨੂੰ ਪ੍ਰੋਵਿੰਸ ਵਿੱਚ ਸਿੱਖਿਆ ਅਤੇ ਮਿਊਂਸੀਪਲ ਆਦਿ ਸੇਵਾਵਾਂ ਦਾ ਲਾਭ ਲੈਣ ਲਈ ਫ੍ਰੈਂਚ ਭਾਸ਼ਾ ਦਾ ਪ੍ਰਯੋਗ ਕਰਨਾ ਲਾਜ਼ਮੀ ਹੋਵੇਗਾ I  ਸਿਹਤ ਅਤੇ ਕਾਨੂੰਨੀ ਸੇਵਾਵਾਂ ਨੂੰ ਹਾਲ ਦੀ ਘੜੀ ਛੋਟ ਦਿੱਤੀ ਗਈ ਹੈ I 

ਬਿੱਲ 96 ਦੇ ਵਿਰੋਧ ਪ੍ਰਦਰਸ਼ਨ ਦੀ ਫ਼ਾਈਲ ਫ਼ੋਟੋ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਬਿੱਲ 96 ਦੇ ਵਿਰੋਧ ਪ੍ਰਦਰਸ਼ਨ ਦੀ ਫ਼ਾਈਲ ਫ਼ੋਟੋ

ਤਸਵੀਰ: Radio-Canada / Ivanoh Demers

ਜ਼ਿਕਰਯੋਗ ਹੈ ਕਿ ਕਿਊਬੈਕ ਵਿੱਚ ਪੜ੍ਹਾਈ ਅਤੇ ਪੀ ਆਰ ਵਜੋਂ ਆਉਣ ਲਈ ਵੀ ਬਾਕੀ ਕੈਨੇਡਾ ਨਾਲੋਂ ਥੋੜੇ ਅਲੱਗ ਨਿਯਮ ਹਨ I  ਕਿਊਬੈਕ ਵਿੱਚ ਆਰਜ਼ੀ ਤੌਰ 'ਤੇ ਕੰਮ ਕਰਨ ਅਤੇ ਪੜਾਈ ਕਰਨ ਲਈ ਕਿਊਬੈਕ ਸਰਟੀਫ਼ਿਕੇਟ ਆਫ਼ ਅਸੈਪਟੈਂਸ (ਸੀ ਏ ਕਿਊ ) ਲੈਣਾ ਪੈਂਦਾ ਹੈ I ਸੀ ਐਸ ਕਿਊ ਦੀ ਮਿਆਦ 2 ਸਾਲ ਦੀ ਹੁੰਦੀ ਹੈI ਇਸੇ ਤਰ੍ਹਾਂ ਪੀ ਆਰ ਲੈਣ ਲਈ ਕਿਊਬੈਕ ਸਰਟੀਫ਼ਿਕੇਟ ਆਫ਼ ਸਿਲੈਕਸ਼ਨ ( ਸੀ ਐਸ ਕਿਊ ) ਲੈਣਾ ਪੈਦਾ ਹੈI

6 ਮਹੀਨਿਆਂ 'ਚ ਸਿੱਖਣੀ ਪਵੇਗੀ ਭਾਸ਼ਾ

ਨਵੇਂ ਆਏ ਇਮੀਗ੍ਰੈਂਟਸ ਨੂੰ 6 ਮਹੀਨੇ ਅੰਦਰ ਫ੍ਰੈਂਚ ਸਿੱਖਣੀ ਪਵੇਗੀ I  ਇਸ ਲਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮੁਫ਼ਤ ਕਲਾਸਾਂ ਦਿੱਤੀਆਂ ਜਾਣਗੀਆਂ I  ਹਾਲਾਂਕਿ ਫ਼ਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਟੈਲੀਫ਼ੋਨ / ਈ-ਮੇਲ ਰਾਹੀਂ ਕਿਸੇ ਸਰਕਾਰੀ ਸੇਵਾ ਦਾ ਲਾਭ ਲੈਣ ਮੌਕੇ ਇਹ ਕਿਵੇਂ ਪਤਾ ਲਗਾਇਆ ਜਾਵੇਗਾ ਕਿ ਉਕਤ ਇਮੀਗ੍ਰੈਂਟ 6 ਮਹੀਨੇ ਤੋਂ ਉੱਪਰ ਸਮੇਂ ਤੋਂ ਕਿਊਬੈਕ ਵਿੱਚ ਰਹਿ ਰਿਹਾ ਹੈ I 

ਨਵੇਂ ਨਿਯਮਾਂ ਤਹਿਤ ਪ੍ਰੋਵਿੰਸ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੂਬੇ ਦੇ ਕੁੱਲ ਵਿਦਿਆਰਥੀਆਂ ਦੇ 17.5 ਪ੍ਰਤੀਸ਼ਤ ਤੋਂ ਵਧੇਰੇ ਨਹੀਂ ਹੋ ਸਕਦੀ I  ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਵਿੰਸ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਹੁਣ 2024 ਵਿਦਿਅਕ ਵਰ੍ਹੇ ਤੋਂ ਫ੍ਰੈਂਚ ਦੇ ਤਿੰਨ ਕੋਰਸ ਪੜਨੇ ਲਾਜ਼ਮੀ ਹੋਣਗੇ I  ਇਸ ਨਾਲ ਪ੍ਰੋਵਿੰਸ ਵਿਚਲੇ ਪ੍ਰਾਈਵੇਟ ਕਾਲਜ ਚਿੰਤਤ ਨਜ਼ਰ ਆ ਰਹੇ ਹਨ I

 ਸਾਈਮਨ ਜੋਲਿਨ ਬੈਰੇਟ ਕਿਊਬੈਕ ਦੇ ਪਹਿਲੇ ਫ੍ਰੈਂਚ ਭਾਸ਼ਾ ਬਾਬਤ ਮਨਿਸਟਰ ਹੋਣਗੇ

ਸਾਈਮਨ ਜੋਲਿਨ ਬੈਰੇਟ ਕਿਊਬੈਕ ਦੇ ਪਹਿਲੇ ਫ੍ਰੈਂਚ ਭਾਸ਼ਾ ਬਾਬਤ ਮਨਿਸਟਰ ਹੋਣਗੇ I

ਤਸਵੀਰ: The Canadian Press / Jacques Boissinot

ਇਸ ਨਵੇਂ ਕਾਨੂੰਨ ਨਾਲ ਸਾਈਮਨ ਜੋਲਿਨ ਬੈਰੇਟ ਕਿਊਬੈਕ ਦੇ ਪਹਿਲੇ ਫ੍ਰੈਂਚ ਭਾਸ਼ਾ ਬਾਬਤ ਮਨਿਸਟਰ ਹੋਣਗੇ ਜੋ ਕਿ ਪ੍ਰੋਵਿੰਸ ਵਿੱਚ ਭਾਸ਼ਾ ਦੇ ਪ੍ਰਯੋਗ ਨੂੰ ਲਾਗੂ ਕਰਾਉਣ ਦੇ ਦੇਖ ਰੇਖ ਕਰਨਗੇ I ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਦਾਰਿਆਂ ਦੀਆਂ ਗ੍ਰਾਂਟਾਂ ਵੀ ਰੋਕੀਆਂ ਜਾ ਸਕਣਗੀਆਂ I

ਸਰਕਾਰ ਕਾਲਜਾਂ ਵਿੱਚ ਫ੍ਰੈਂਚ ਭਾਸ਼ਾ ਬਾਬਤ ਇਸ ਨਵੇਂ ਕਾਨੂੰਨ ਨੂੰ ਕਿਵੇਂ ਲਾਗੂ ਕਰੇਗੀ , ਫ਼ਿਲਹਾਲ ਕਾਲਜ ਇਸ ਬਾਬਤ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਨ I

ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਬਹੁਤ ਸਾਰੇ ਵਿਦਿਆਰਥੀ ਮੌਂਟਰੀਅਲ ਸ਼ਹਿਰ ਪੜਨ ਆਉਂਦੇ ਹਨI ਇਹਨਾਂ ਵਿੱਚੋਂ ਬਹੁਤੇ ਵਿਦਿਆਰਥੀ ਗ੍ਰੇਟਰ ਟੋਰੌਂਟੋ ਏਰੀਆ (ਜੀਟੀਏ) ਵਿੱਚ ਰਹਿੰਦੇ ਹਨ ਅਤੇ 7 ਘੰਟਿਆਂ ਵਿੱਚ 600 ਕਿਲੋਮੀਟਰ ਲੰਬਾ ਰਸਤਾ ਤੈਅ ਕਰਕੇ ਮੌਂਟਰੀਅਲ ਪੜਨ ਜਾਂਦੇ ਹਨ I  ਇਹਨਾਂ ਕਾਲਜਾਂ ਵਿੱਚ ਆਮ ਤੌਰ 'ਤੇ ਹਫ਼ਤੇ ਵਿੱਚੋਂ 2 ਦਿਨ ਪੜਾਈ ਹੁੰਦੀ ਹੈ ਅਤੇ ਬਾਕੀ 5 ਦਿਨ ਵਿਦਿਆਰਥੀ ਬ੍ਰੈਂਪਟਨ ਰਹਿ ਕੇ ਕੰਮ ਕਰਦੇ ਹਨ I

ਕਿਊਬੈਕ ਵਿਚ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ

ਕਿਊਬੈਕ ਵਿਚ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ

ਤਸਵੀਰ: ਧੰਨਵਾਦ ਸਹਿਤ ਪ੍ਰਥਮ ਮਹਿਤਾ

ਮਾਰੀਆਨੋਪੋਲਿਸ ਸਟੂਡੈਂਟ ਯੂਨੀਅਨ ਤੋਂ ਪ੍ਰਥਮ ਮਹਿਤਾ ਦਾ ਕਹਿਣਾ ਹੈ ਕਿ ਇਹ ਕਾਨੂੰਨ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ I ਪ੍ਰਥਮ ਮਹਿਤਾ ਦਾ ਕਹਿਣਾ ਹੈ ਕਿ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਫ੍ਰੈਂਚ ਸਿੱਖਣਾ ਇਕ ਚੁਣੌਤੀ ਹੋਵੇਗਾ ਅਤੇ ਇਹ ਕਾਨੂੰਨ ਵਿਦਿਆਰਥੀਆਂ ਨੂੰ ਕਿਊਬੈਕ ਵਿਚ ਆ ਕੇ ਪੜਾਈ ਨਾ ਕਰਨ ਲਈ ਉਤਸ਼ਾਹਿਤ ਕਰੇਗਾ I ਪ੍ਰਥਮ ਮਹਿਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨI

ਨਵੇਂ ਨਿਯਮਾਂ ਨਾਲ ਪ੍ਰੋਵਿੰਸ ਵਿੱਚ ਫ੍ਰੈਂਚ ਭਾਸ਼ਾ ਦਾ ਗਿਆਨ ਨਾ ਹੋਣ 'ਤੇ ਨੌਕਰੀ ਲੱਭਣਾ ਵੀ ਮੁਸ਼ਕਿਲ ਹੋ ਜਾਵੇਗਾI ਨਵੇਂ ਨਿਯਮਾਂ ਤਹਿਤ ਜਿਸ ਥਾਂ 'ਤੇ 25 ਤੋਂ ਵਧੇਰੇ ਕਰਮਚਾਰੀ ਤਾਇਨਾਤ ਹੋਣਗੇ , ਉਕਤ ਕੰਪਨੀ ਨੂੰ ਦਫ਼ਤਰ ਵਿੱਚ ਬੋਲ ਚਾਲ ਦੀ ਭਾਸ਼ਾ ਫ੍ਰੈਂਚ ਹੋਣ ਦਾ ਸਰਟੀਫ਼ਿਕੇਟ ਲੈਣਾ ਪਵੇਗਾ I  ਇਸਤੋਂ ਪਹਿਲਾਂ ਇਹ ਨਿਯਮ 50 ਕਾਮੇ ਹੋਣ 'ਤੇ ਲਾਗੂ ਹੁੰਦੇ ਸਨ I

ਪ੍ਰਫੁੱਲਿਤ ਬਨਾਮ ਥੋਪਣਾ

ਕੁਝ ਇਮੀਗ੍ਰੈਂਟਸ ਸਰਕਾਰ ਦੇ ਇਸ ਕਦਮ ਨੂੰ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਥੋਪਣਾ ਕਰਾਰ ਦੇ ਰਹੇ ਹਨI

ਪੰਜਾਬੀ ਮੂਲ ਦੇ ਨੌਜਵਾਨ ਵਰੁਣ ਖੰਨਾ , ਜੋ ਕਿ ਕਰੀਬ 7 ਸਾਲ ਪਹਿਲਾਂ ਅੰਤਰ ਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਕੈਨੇਡਾ ਆਏ ਸਨ , ਦਾ ਕਹਿਣਾ ਹੈ ਕਿ ਇਹ ਕਿਸੇ ਭਾਸ਼ਾ ਨੂੰ ਥੋਪਣ ਵਾਲੀ ਗੱਲ ਹੈ I  ਵਰੁਣ ਕਿਊਬੈਕ ਦੇ ਮੌਂਟਰੀਅਲ ਸ਼ਹਿਰ ਵਿੱਚ ਰਹਿ ਰਹੇ ਹਨI  ਵਰੁਣ ਨੇ ਕਿਹਾ ਇਹ ਸਰਾਸਰ ਧੱਕਾ ਹੈ Iਜੇਕਰ ਕੋਈ ਵਿਅਕਤੀ ਬਿਨ੍ਹਾਂ ਫ੍ਰੈਂਚ ਪੜੇ ਕਿਊਬੈਕ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨਾਲ ਅਜਿਹੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀI

ਇਹ ਵੀ ਪੜ੍ਹੋ :

ਵਰੁਣ ਮੁਤਾਬਿਕ ਸਰਕਾਰ ਆਪਣੀਆਂ ਆਰਥਿਕ ਨੀਤੀਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਅਜਿਹੇ ਕੰਮ ਕਰ ਰਹੀ ਹੈ I ਵਰੁਣ ਨੇ ਕਿਹਾ ਕਿਊਬੈਕ ਸਰਕਾਰ ਕੋਵਿਡ ਦੌਰਾਨ ਅਤੇ ਇਸਤੋਂ ਬਾਅਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਲਗਾਤਾਰ ਅਸਫ਼ਲ ਰਹੀ ਹੈ I  ਸਰਕਾਰ ਫ੍ਰੈਂਚ ਭਾਸ਼ਾ ਦੇ ਨਾਮ 'ਤੇ ਸਥਾਨਕ ਲੋਕਾਂ ਦੀਆਂ ਵੋਟਾਂ ਲੈਣਾ ਚਾਹੁੰਦੀ ਹੈ I

ਬਦਲਣੀ ਪੈ ਸਕਦੀ ਹੈ ਪ੍ਰੋਵਿੰਸ : ਇਮੀਗ੍ਰੈਂਟਸ

ਪੰਜਾਬੀ ਮੂਲ ਦੇ ਤਰਲੋਚਨ ਸਿੰਘ ਜੌਹਲ ਜੋ ਕਿ ਕਰੀਬ ਤਿੰਨ ਦਹਾਕਿਆਂ ਤੋਂ ਕਿਊਬੈਕ ਵਿੱਚ ਰਹਿ ਰਹੇ ਹਨ , ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਇਮੀਗ੍ਰੈਂਟਸ ਨੂੰ ਪ੍ਰੋਵਿੰਸ ਵਿੱਚੋਂ ਬਾਹਰ ਜਾਣ ਲਈ ਮਜਬੂਰ ਕਰੇਗਾ I  ਜੌਹਲ ਨੇ ਕਿਹਾ ਮੈਨੂੰ ਕਿਊਬੈਕ ਵਿੱਚ ਰਹਿੰਦੇ ਨੂੰ ਤਿੰਨ ਦਹਾਕੇ ਹੋ ਗਏ ਹਨ ਪਰ ਮੈਨੂੰ ਕਦੇ ਵੀ ਫ੍ਰੈਂਚ ਬੋਲਣ ਦੀ ਲੋੜ ਨਹੀਂ ਪਈ I ਮੇਰੇ ਕੈਨੇਡੀਅਨ ਜੰਮਪਲ ਬੱਚੇ ਵਧੀਆ ਫ੍ਰੈਂਚ ਬੋਲ ਲੈਂਦੇ ਹਨ I ਫ੍ਰੈਂਚ ਨੂੰ ਪ੍ਰਫੁੱਲਿਤ ਕਰਨ ਲਈ ਇਸਦੀ ਕੋਈ ਲੋੜ ਨਹੀਂ ਸੀ I

ਤਰਲੋਚਨ ਜੌਹਲ ਦਾ ਕਹਿਣਾ ਹੈ ਇਮੀਗ੍ਰੈਂਟਸ ਨੇ ਪ੍ਰੋਵਿੰਸ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਇਆ ਹੈ ਅਤੇ ਆਪਣੇ ਬਿਜ਼ਨਸ ਖੜੇ ਕੀਤੇ ਹਨ , ਪਰ ਇਸ ਕਾਨੂੰਨ ਨਾਲ ਉਹਨਾਂ ਨੂੰ ਕਿਤੇ ਹੋਰ ਜਾਣ ਲਈ ਸੋਚਣਾ ਪਵੇਗਾ I  ਉਹਨਾਂ ਕਿਹਾ ਇਸਤੋਂ ਪਹਿਲਾਂ ਵੀ ਬਹੁਤ ਸਾਰੇ ਇਮੀਗ੍ਰੈਂਟਸ ਹੋਰਨਾਂ ਸੂਬਿਆਂ ਵੱਲ ਪ੍ਰਵਾਸ ਕਰ ਚੁੱਕੇ ਹਨI

ਜਿੱਥੇ ਕੁਝ ਇਮੀਗ੍ਰੈਂਟਸ ਇਹ ਤੌਖ਼ਲਾ ਜਤਾ ਰਹੇ ਹਨ ਕਿ ਇਸ ਨਵੇਂ ਕਾਨੂੰਨ ਨਾਲ ਕੁਝ ਲੋਕਾਂ ਨੂੰ ਪ੍ਰੋਵਿੰਸ ਛੱਡਣੀ ਪੈ ਸਕਦੀ ਹੈ , ਉਥੇ ਹੀ ਸਰਕਾਰ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਨਵੇਂ ਪ੍ਰੋਗਰਾਮ ਵੀ ਲਿਆ ਰਹੀ ਹੈ I

ਕਿਊਬੈਕ ਦੇ ਬਿਜ਼ਨਸ ਗਰੁੱਪਸ ਅਤੇ ਕਿਊਬੈਕ ਮੈਨੂਫ਼ੈਕਚਰਰਜ਼ ਐਂਡ ਐਕਸਪੋਰਟਰਜ਼ ਅਸੋਸੀਏਸ਼ਨ ਨੇ ਸੂਬੇ ਦੇ ਵਿੱਤ ਮੰਤਰੀ ਐਰਿਕ ਜਿਰਾਰਡ ਨੂੰ ਕਾਮਿਆਂ ਦੀ ਘਾਟ ਦੀ ਵਿਗੜਦੀ ਸਮੱਸਿਆ ਦਾ ਹੱਲ ਲੱਭਣ ਦੀ ਗੁਜ਼ਾਰਸ਼ ਕੀਤੀ ਸੀ। ਕਾਰੋਬਾਰੀਆਂ ਨੇ ਲੇਬਰ ਸ਼ੌਰਟੇਜ ਕਾਰਨ, ਪਿਛਲੇ ਦੋ ਸਾਲਾਂ ਵਿਚ ਤਕਰੀਬਨ 18 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦੀ ਗੱਲ ਆਖੀ ਸੀ I

ਕਿਊਬੈਕ ਵੱਲੋਂ ਕਿਊਬੈਕ ਪ੍ਰੋਵਿੰਸ ਰਾਹੀਂ ਪੀ ਆਰ ਹੋਣ ਦੀ ਉਡੀਕ ਕਰ ਰਹੇ ਹੋਰਨਾਂ ਦੇਸ਼ਾਂ ਵਿੱਚ ਬੈਠੇ ਬਿਨੈਕਾਰ ਆਪਣੀ ਪੀ ਆਰ ਦੀ ਅਰਜ਼ੀ ਬਾਬਤ ਕੋਈ ਨਤੀਜਾ ਆਉਣ ਤੱਕ ਓਪਨ ਵਰਕ ਪਰਮਿਟ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ I ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਿਕ 2022 ਦੌਰਾਨ ਹੁਣ ਤੱਕ 7 ਹਜ਼ਾਰ ਵਿਅਕਤੀ ਪੀ ਆਰ ਹਾਸਿਲ ਕਰ ਚੁੱਕੇ ਹਨ I ਕਿਉਬੈਕ ਸਰਕਾਰ ਸਾਲ ਵੱਲੋਂ 2022 ਵਿਚ 70,000 ਨਵੇਂ ਇਮਿਗ੍ਰੈਂਟਸ ਨੂੰ ਬੁਲਾਉਣ ਦਾ ਟੀਚਾ ਮਿੱਥਿਆ ਗਿਆ ਹੈ I

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ

ਤਸਵੀਰ: La Presse canadienne / Jacques Boissinot

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਦਾ ਕਹਿਣਾ ਹੈ ਕਿ ਪ੍ਰੋਵਿੰਸ ਵਿੱਚ ਫ੍ਰੈਂਚ ਭਾਸ਼ਾ ਦੀ ਹਰਮਨਪਿਆਰਤਾ ਘਟੀ ਹੈ I ਲਿਗੋਅ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਇਸਨੂੰ ਸਫ਼ਲ ਬਣਾਉਣ ਲਈ ਉਹ ਆਉਂਦੇ ਸਾਲਾਂ ਦੌਰਾਨ ਅੰਕੜਿਆਂ 'ਤੇ ਨਜ਼ਰ ਰੱਖਣਗੇ I ਲਿਗੋਅ ਫ਼ੈਡਰਲ ਸਰਕਾਰ ਤੋਂ ਇਮੀਗ੍ਰੇਸ਼ਨ ਪਾਲਿਸੀ ਬਣਾਉਣ ਬਾਬਤ ਹੋਰ ਸ਼ਕਤੀਆਂ ਦੀ ਮੰਗ ਕਰ ਚੁੱਕੇ ਹਨ I

Sarbmeet Singh

ਸੁਰਖੀਆਂ