1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਸਿੱਖਿਆ

[ ਰਿਪੋਰਟ ] ਅਲਫ਼ਾ ਕਾਲਜ ਮਸਲਾ : ਜਾਣੋ ਕੀ ਹੁੰਦੀ ਹੈ ਸਮੈਸਟਰ ਬ੍ਰੇਕ

150 ਦਿਨਾਂ ਦੀ ਬ੍ਰੇਕ ਤੱਕ ਸਟੂਡੈਂਟ ਸਟੇਟਸ ਰਹਿੰਦਾ ਹੈ ਬਰਕਰਾਰ

ਕਾਲਜ ਅੱਗੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ

ਕਾਲਜ ਅੱਗੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ

ਤਸਵੀਰ: CBC

Sarbmeet Singh

ਓਨਟੇਰੀਓ ਵਿਚਲੇ ਅਲਫ਼ਾ ਕਾਲਜ ਆਫ਼ ਬਿਜ਼ਨਸ ਐਂਡ ਟੈਕਨੌਲੋਜੀ ਵੱਲੋਂ ਵਿਦਿਆਰਥੀਆਂ ਦੀ ਇਕ ਸਮੈਸਟਰ ਲਈ ਐਨਰੋਲਮੈਂਟ ਰੋਕਣ ਤੋਂ ਬਾਅਦ ਬਹੁਤ ਸਾਰੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਵੱਲੋਂ ਆਪਣੇ ਲੀਗਲ ਸਟੇਟਸ ਦੀ ਚਿੰਤਾ ਜ਼ਾਹਰ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ I

ਜਾਣੋ ਕੈਨੇਡਾ ਵਿੱਚ ਸਮੈਸਟਰ ਬ੍ਰੇਕ ਕੀ ਹੁੰਦੀ ਹੈ ਅਤੇ ਇਸ ਨਾਲ ਵਿਦਿਆਰਥੀਆਂ ਦੇ ਲੀਗਲ ਸਟੇਟਸ 'ਤੇ ਕੀ ਪ੍ਰਭਾਵ ਪੈ ਸਕਦਾ ਹੈ I

ਕੀ ਸੀ ਮਸਲਾ

ਅਲਫ਼ਾ ਕਾਲਜ ਵੱਲੋਂ ਪੜ ਰਹੇ ਵਿਦਿਆਰਥੀਆਂ ਨੂੰ ਪੜ੍ਹਾਈ ਇਕ ਸਮੈਸਟਰ ਲਈ ਮੁਅੱਤਲ ਕਰਨ ਦੀ ਗੱਲ ਆਖੀ ਗਈ ਸੀ I ਇਸਤੋਂ ਇਲਾਵਾ ਭਾਰਤ ਵਿੱਚ ਬੈਠੇ ਵਿਦਿਆਰਥੀ ਜੋ ਕਿ ਆਉਂਦੇ ਸਮੈਸਟਰਾਂ ਰਾਹੀਂ ਆਪਣੀ ਪੜ੍ਹਾਈ ਸ਼ੁਰੂ ਕਰਨ ਵਾਲੇ ਸਨ , ਨੂੰ ਸਮੈਸਟਰ ਡੈਫ਼ਰ ਭਾਵ ਅਗਲੇ ਸਮੈਸਟਰ ਤੋਂ ਪੜਾਈ ਸ਼ੁਰੂ ਕਰਨ ਲਈ ਕਿਹਾ ਗਿਆ ਸੀ I ਇਸਤੋਂ ਬਾਅਦ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਨੂੰ ਹਮਾਇਤ ਕੀਤੀ ਗਈ I 

ਅਲਫ਼ਾ ਕਾਲਜ ਦੇ ਵਿਦਿਆਰਥੀ ਰਾਜਪ੍ਰੀਤ ਨੇ ਦੱਸਿਆ ਕਿ ਕਾਲਜ ਦੇ ਇਸ ਫ਼ੈਸਲੇ ਤੋਂ ਬਾਅਦ ਵਿਦਿਆਰਥੀ ਬਹੁਤ ਘਬਰਾ ਗਏ ਸਨ I  ਕਾਲਜ ਵੱਲੋਂ ਮਿਲਣ ਵਾਲਾ ਐਨਰੋਲਮੈਂਟ ਲੈਟਰ ਮੋਟੇ ਤੌਰ 'ਤੇ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖ ਰਹੇ ਹੋਣ ਦਾ ਪ੍ਰਮਾਣ ਹੁੰਦਾ ਹੈ I

ਇਹ ਵੀ ਪੜੋ :

ਹਾਲਾਂਕਿ ਕੁਝ ਦਿਨਾਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਕਾਲਜ ਨੇ ਆਪਣਾ ਫ਼ੈਸਲਾ ਬਦਲ ਲਿਆ ਅਤੇ ਵਿਦਿਆਰਥੀਆਂ ਨੂੰ  ਐਨਰੋਲਮੈਂਟ ਲੈਟਰ ਜਾਰੀ ਕਰ ਦਿੱਤੇ I  ਸੇਂਟ ਲਾਰੈਂਸ ਕਾਲਜ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਗਲੈਨ ਵੋਲਬ੍ਰੇਗਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਐਨਰੋਲਮੈਂਟ ਲੈਟਰ ਅਤੇ ਟਾਈਮ ਟੇਬਲ ਜਾਰੀ ਕਰ ਦਿੱਤੇ ਗਏ ਹਨ  (ਨਵੀਂ ਵਿੰਡੋ)ਅਤੇ ਮਸਲੇ ਨੂੰ ਸੁਲਝਾ ਲਿਆ ਗਿਆ ਹੈI 

150 ਦਿਨਾਂ ਦੀ ਹੋ ਸਕਦੀ ਹੈ ਬ੍ਰੇਕ

ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਤੋਂ ਇਮੀਗ੍ਰੇਸ਼ਨ ਮਾਹਰ ਰਾਜ ਸਿੱਧੂ ਨੇ ਦੱਸਿਆ ਕਿ ਵਿਦਿਆਰਥੀ ਆਪਣੀ ਮਰਜ਼ੀ ਨਾਲ 150 ਦਿਨਾਂ ਦੀ ਸਮੈਸਟਰ ਬ੍ਰੇਕ ਲੈ ਸਕਦੇ ਹਨ I  ਰਾਜ ਸਿੱਧੂ ਨੇ ਕਿਹਾ ਨਿਯਮਾਂ ਮੁਤਾਬਿਕ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਬ੍ਰੇਕ ਲੈ ਸਕਦੇ ਹਨ I  ਇਸ ਬ੍ਰੇਕ ਲੈਣ ਦੇ ਕਾਰਨ ਨਿੱਜੀ , ਪਰਿਵਾਰਿਕ ਅਤੇ ਸਿਹਤ ਆਦਿ ਹੋ ਸਕਦੇ ਹਨ I  150 ਦਿਨਾਂ ਦੀ ਬ੍ਰੇਕ ਲੈਣ ਨਾਲ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਜਾਂ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ ਲੈਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ I

ਬ੍ਰੇਕ ਲੈਣ ਲਈ ਵਿਦਿਆਰਥੀਆਂ ਦਾ ਖ਼ੁਦ ਬਿਮਾਰ ਹੋਣਾ , ਪਰਿਵਾਰਿਕ ਮੈਂਬਰਾਂ ਦਾ ਬਿਮਾਰ ਹੋਣਾ , ਪ੍ਰੈਗਨੈਂਸੀ ਆਦਿ ਕਾਰਨ ਹੋ ਸਕਦੇ ਹਨ I ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਬਹੁਤ ਸਾਰੇ ਵਿਦਿਆਰਥੀ ਸਿਰਫ਼ ਕਾਲਜ ਵੱਲੋਂ ਦਿੱਤੀ ਜਾਣ ਵਾਲੀ ਬ੍ਰੇਕ ਹੀ ਲੈਂਦੇ ਹਨ ਅਤੇ ਖ਼ੁਦ ਬ੍ਰੇਕ ਲੈਣ ਤੋਂ ਗੁਰੇਜ਼ ਕਰਦੇ ਹਨ ਤਾਂ ਜੋ ਉਹਨਾਂ ਦੀ ਪੜ੍ਹਾਈ ਜਲਦੀ ਤੋਂ ਜਲਦੀ ਪੂਰੀ ਹੋ ਸਕੇ I

ਅਲਫ਼ਾ ਕਾਲਜ ਵਿੱਚ ਪੜ੍ਹਾਈ ਕਰ ਰਹੀ ਪੰਜਾਬੀ ਮੂਲ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਵੱਲੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਕ ਦਮ ਐਨਰੋਲਮੈਂਟ ਨਾ ਦੇਣ ਕਾਰਨ ਵਿਦਿਆਰਥੀ ਆਪਣੇ ਲੀਗਲ ਸਟੇਸਟ ਬਾਰੇ ਚਿੰਤਤ ਹੋ ਗਏ ਸਨ I

ਕਾਲਜ ਵੱਲੋਂ ਇਸਤੋਂ ਪਹਿਲਾਂ ਸਤੰਬਰ ਤੋਂ ਦਸੰਬਰ ਦਰਮਿਆਨ ਵਿਦਿਆਰਥੀਆਂ ਨੂੰ ਬ੍ਰੇਕ ਦੇਣ ਦੀ ਆਪਸ਼ਨ ਦਿਤੀ ਗਈ ਸੀ , ਜਿਸਨੂੰ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਸਵੀਕਾਰ ਕਰ ਲਿਆ ਸੀ ਪਰ ਹੁਣ ਅਚਾਨਕ ਮਈ ਸਮੈਸਟਰ ਵਿੱਚ ਵੀ ਐਨਰੋਲਮੈਂਟ ਨਹੀਂ ਦਿਤੀ ਜਾਂ ਰਹੀ ਸੀ ਜਿਸਦੇ ਚਲਦਿਆਂ ਬ੍ਰੇਕ 8 ਮਹੀਨੇ ਦੀ ਹੋ ਜਾਣੀ ਸੀ I ਅਜਿਹੇ ਵਿੱਚ ਵਿਦਿਆਰਥੀਆਂ ਦਾ ਲੀਗਲ ਸਟੇਟਸ ਖ਼ਤਮ ਹੋ ਸਕਦਾ ਸੀ I
ਵੱਲੋਂ ਇੱਕ ਕਥਨ ਦਿਲਪ੍ਰੀਤ ਕੌਰ , ਕਾਲਜ ਵਿਦਿਆਰਥਣ

ਰਾਜ ਸਿੱਧੂ ਨੇ ਦੱਸਿਆ ਕਿ ਆਪਣੇ ਆਪ ਲਈ ਹੋਈ ਬ੍ਰੇਕ ਕਾਰਨ ਇਸ ਸਮੇ ਦੌਰਾਨ ਵਿਦਿਆਰਥੀਆਂ ਦਾ ਕੈਨੇਡਾ ਵਿੱਚ ਲੀਗਲ ਸਟੇਟਸ ਤਾਂ ਬਰਕਰਾਰ ਰਹਿੰਦਾ ਹੈ ਪਰ ਉਹ ਕੰਮ ਨਹੀਂ ਕਰ ਸਕਦੇ I  ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਨਾਲ 20  ਘੰਟੇ ਕੰਮ ਕਰ ਸਕਦੇ ਹਨ I

ਇਮੀਗ੍ਰੇਸ਼ਨ ਮਾਹਰ ਰਾਜ ਸਿੱਧੂ

ਇਮੀਗ੍ਰੇਸ਼ਨ ਮਾਹਰ ਰਾਜ ਸਿੱਧੂ

ਤਸਵੀਰ: ਧੰਨਵਾਦ ਸਾਹਿਤ ਰਾਜਵਿੰਦਰ ਸਿੱਧੂ

ਇਸਤੋਂ ਇਲਾਵਾ ਕਾਲਜ ਵੀ ਸਮੈਸਟਰ ਬ੍ਰੇਕ ਕਰਦੇ ਹਨ I  ਇਹ ਬ੍ਰੇਕ ਵੀ 150 ਦਿਨਾਂ ਤੱਕ ਦੀ ਹੀ ਹੋ ਸਕਦੀ ਹੈ ਪਰ ਇਸ ਵਿੱਚ ਵਿਦਿਆਰਥੀ ਕੰਮ ਕਰ ਸਕਦੇ ਹਨ I  ਰਾਜ ਸਿੱਧੂ ਨੇ ਕਿਹਾ ਕੈਨੇਡੀਅਨ ਸੱਭਿਆਚਾਰ ਮੁਤਾਬਿਕ ਲੋਕ ਬ੍ਰੇਕ ਲੈਣਾ ਪਸੰਦ ਕਰਦੇ ਹਨ ਅਤੇ ਕੈਨੇਡੀਅਨ ਕਾਲਜਾਂ ਵਿੱਚ ਆਮ ਤੌਰ 'ਤੇ ਗਰਮੀਆਂ ਦੇ ਦਿਨਾਂ ਦੌਰਾਨ ਬ੍ਰੇਕ ਕੀਤੀ ਜਾਂਦੀ ਹੈ I  ਨਿਯਮਾਂ ਮੁਤਾਬਿਕ ਇਹ ਵੀ 150 ਦਿਨਾਂ ਤੱਕ ਹੋ ਸਕਦੀ ਹੈ ਪਰ ਇਸਦਾ ਫ਼ਰਕ ਇਹ ਹੁੰਦਾ ਹੈ ਕਿ ਇਸ ਦੌਰਾਨ ਵਿਦਿਆਰਥੀ ਕੰਮ ਕਰ ਸਕਦੇ ਹਨ I

150 ਦਿਨਾਂ ਤੋਂ ਵਧੇਰੇ ਦੀ ਬ੍ਰੇਕ : ਬਦਲਣਾ ਪੈਂਦਾ ਹੈ ਸਟੇਟਸ

ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਮੁਤਾਬਿਕ 150 ਦਿਨਾਂ ਤੋਂ ਵੱਧ ਬ੍ਰੇਕ ਹੋਣ ਦੀ ਸੂਰਤ ਵਿੱਚ ਵਿਦਿਆਰਥੀਆਂ ਨੂੰ ਜਾਂ ਤਾਂ ਆਪਣਾ ਸਟੇਟਸ ਬਦਲਣਾ ਪੈਂਦਾ ਹੈ ਜਾਂ ਉਹਨਾਂ ਨੂੰ ਕੈਨੇਡਾ ਛੱਡਣਾ ਪੈਂਦਾ ਹੈ I ਵਿਜ਼ਿਟਰ ਸਟੇਟਸ ਉੱਪਰ ਕੋਈ ਵੀ ਵਿਅਕਤੀ 6 ਮਹੀਨੇ ਲਈ ਕੈਨੇਡਾ ਵਿੱਚ ਰਹਿ ਸਕਦਾ ਹੈ I ਇਮੀਗ੍ਰੇਸ਼ਨ ਮਾਹਰ ਰਾਜ ਸਿੱਧੂ ਨੇ ਕਿਹਾ ਅਜਿਹੇ ਵਿੱਚ ਵਿਦਿਆਰਥੀਆਂ ਨੂੰ ਆਪਣਾ ਸਟੇਸਟ ਬਰਕਰਾਰ ਰੱਖਣ ਲਈ ਵਿਜ਼ਿਟਰ ਜਾਂ ਵਰਕਰ ਵੀਜ਼ਾ ਅਪਲਾਈ ਕਰਨਾ ਪੈਂਦਾ ਹੈ I

Sarbmeet Singh

ਸੁਰਖੀਆਂ