1. ਮੁੱਖ ਪੰਨਾ
  2. ਵਾਤਾਵਰਨ
  3. ਘਟਨਾਵਾਂ ਅਤੇ ਕੁਦਰਤੀ ਆਫ਼ਤ

ਔਟਵਾ ਦੇ ਕੁਝ ਗੈਸ ਸਟੇਸ਼ਨਾਂ ‘ਤੇ ਫ਼ਿਊਲ ਦੀ ਕਿੱਲਤ, ਗੈਸ ਭਰਨ ਲਈ ਲੱਗੀਆਂ ਲੰਮੀਆਂ ਕਤਾਰਾਂ

ਸ਼ਨੀਵਾਰ ਨੂੰ ਆਏ ਤੂਫ਼ਾਨ ਕਰਕੇ ਕਈ ਗੈਸ ਸਟੇਸ਼ਨ ਠੱਪ

ਗੈਸ ਸਟੇਸ਼ਨ ਦੇ ਬਾਹਰ ਕਾਰਾਂ ਦੀ ਕਤਾਰ

ਸੋਮਵਾਰ ਨੂੰ ਔਟਵਾ ਦੇ ਇੱਕ ਗੈਸ ਸਟੇਸ਼ਨ 'ਤੇ ਲੱਗੀ ਵਾਹਨਾਂ ਦੀ ਕਤਾਰ। ਸ਼ਨੀਵਾਰ ਨੂੰ ਆਏ ਤੂਫ਼ਾਨ ਕਰਕੇ ਗੈਸ ਸਟੇਸ਼ਨਾਂ ਵਿਚ ਬਿਜਲੀ ਠੱਪ ਪਈ ਹੈ ਜਿਸ ਕਰਕੇ ਵਾਕੀ ਗੈਸ ਸਟੇਸ਼ਨਾਂ 'ਤੇ ਗਾਹਕਾਂ ਦੀਆਂ ਲੰਮੀਆਂ ਲਾਈਨਾਂ ਨਜ਼ਰ ਆ ਰਹੀਆਂ ਹਨ।

ਤਸਵੀਰ:  (Sean Kilpatrick/The Canadian Press)

RCI

ਸ਼ਨੀਵਾਰ ਨੂੰ ਆਏ ਭਿਆਨਕ ਤੂਫ਼ਾਨ ਨੇ ਔਟਵਾ-ਗੈਟੀਨੌ ਇਲਾਕੇ ਵਿਚ ਵਾਹਨਾਂ ਵਿਚ ਗੈਸ ਭਰਨਾ ਦੁਸ਼ਵਾਰ ਕਰ ਦਿੱਤਾ ਹੈ। ਤੂਫ਼ਾਨ ਵਿਚ ਤਬਾਹ ਹੋਣ ਹਾਂ ਬਿਜਲੀ ਠੱਪ ਹੋਣ ਕਾਰਨ ਜਿੱਥੇ ਕੁਝ ਗੈਸ ਸਟੇਸ਼ਨ ਬੰਦ ਪਏ ਹਨ ਉੱਥੇ ਕਈ ਹੋਰ ਗੈਸ ਸਟੇਸ਼ਨਾਂ ‘ਤੇ ਸਪਲਾਈ ਦੀ ਕਿੱਲਤ ਆ ਰਹੀ ਹੈ।

ਕਈ ਗੈਸ ਸਟੇਸ਼ਨਾਂ ਦੇ ਬਾਹਰ ਵਾਹਨਾਂ ਦੀ ਲੰਮੀਆਂ ਕਤਾਰਾਂ ਵੀ ਨਜ਼ਰੀਂ ਪੈ ਰਹੀਆਂ ਹਨ।

ਓਨਟੇਰਿਓ ਅਤੇ ਕਿਊਬੈਕ ਵਿਚ ਲੰਘੇ ਵੀਕੈਂਡ ਆਏ ਤਬਾਹਕੁੰਨ ਤੂਫ਼ਾਨ ਨੇ ਭਾਰੀ ਨੁਕਸਾਨ ਕੀਤਾ ਹੈ। ਇਸ ਤੂਫ਼ਾਨ ਵਿਚ ਬਿਜਲੀ ਦੇ ਖੰਬੇ ਉਖੜ ਗਏ ਹਨ ਅਤੇ ਕਈ ਥਾਂਵਾਂ ‘ਤੇ ਬਿਜਲੀ ਦੀਆਂ ਤਾਰਾਂ ਉੱਪਰ ਦਰਖ਼ਤ ਡਿਗਣ ਨਾਲ ਬਿਜਲੀ ਠੱਪ ਪਈ ਹੈ। ਅਜੇ ਵੀ ਕਰੀਬ 150,000 ਲੋਕ ਬਗ਼ੈਰ ਬਿਜਲੀ ਤੋਂ ਹਨ ਅਤੇ ਕਈ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ।

ਅਜਿਹੇ ਸਮੇਂ ਵਿਚ ਗੈਸ ਦੀ ਮੰਗ ਵਧਣਾ ਸੁਭਾਵਕ ਸੀ। ਇੱਕ ਤਾਂ ਲੋਕਾਂ ਦੇ ਬਿਜਲੀ ਦੀ ਉਪਲਬਧਤਾ ਵਾਲੀ ਥਾਂ ‘ਤੇ ਜਾਣ ਕਰਕੇ ਗੈਸ ਦੀ ਮੰਗ ਵਿਚ ਵਾਧਾ ਹੋਇਆ ਅਤੇ ਨਾਲ ਹੀ ਤੂਫ਼ਾਨ ਕਰਕੇ ਸੜਕਾਂ ’ਤੇ ਪਏ ਦਰਖ਼ਤਾਂ ਨੂੰ ਹਟਾਉਣ ਲਈ ਤੇਲ ‘ਤੇ ਚੱਲਣ ਵਾਲੇ ਆਰੇ ਅਤੇ ਹੋਰ ਉਪਕਰਣਾਂ ਕਰਕੇ ਵੀ ਫ਼ਿਊਲ ਦੀ ਮੰਗ ਵਿਚ ਵਾਧਾ ਹੋਇਆ।

ਔਟਵਾ ਦੇ ਮੇਅਰ ਜਿਮ ਵੌਟਸਨ ਨੇ ਦੱਸਿਆ ਕਿ ਕੁਝ ਗੈਸ ਸਟੇਸ਼ਨਾਂ ਕੋਲ ਬਹੁਤ ਸਾਰੀ ਗੈਸ ਹੈ ਪਰ ਉੱਥੇ ਬਿਜਲੀ ਨਾ ਹੋਣ ਕਰਕੇ ਗੈਸ ਨਹੀਂ ਭਰੀ ਜਾ ਸਕਦੀ। ਕੁਝ ਗੈਸ ਸਟੇਸ਼ਨਾਂ ’ਤੇ ਸਪਲਾਈ ਖ਼ਤਮ ਹੋ ਗਈ ਹੈ।

ਔਟਵਾ ਵਿਚ ਕਈ ਗੈਸ ਸਟੇਸ਼ਨਾਂ ਨੂੰ ਓਪਰੇਟ ਕਰਨ ਵਾਲੀ ਕੰਪਨੀ ਮੈਕਈਵਨ ਗੈਸ ਦੇ ਪ੍ਰੈਜ਼ੀਡੈਂਟ ਪੀਟਰ ਮੈਕਈਵਨ ਨੇ ਦੱਸਿਆ ਕਿ ਕੁਝ ਗੈਸ ਸਟੇਸ਼ਨਾਂ ਵਿਚ ਬਿਜਲੀ ਨ੍ਹੀਂ ਹੈ ਅਤੇ ਮੰਗ ਵਿਚ ਵਾਧੇ ਕਰਕੇ ਗੈਸ ਸਟੇਸ਼ਨਾਂ ‘ਤੇ ਲੰਮੀਆਂ ਕਤਾਰਾਂ ਲੱਗ ਗਈਆਂ ਹਨ।

ਦੇਖੋ। ਔਟਵਾ ਦੇ ਗੈਸ ਸਟੇਸ਼ਨਾਂ 'ਤੇ ਤੇਲ ਦੀ ਕਿੱਲਤ :

ਪੀਟਰ ਨੇ ਦੱਸਿਆ ਕਿ ਔਟਵਾ ਵਿਚ ਕਈ ਗੈਸ ਡਿਸਟ੍ਰਿਬਿਊਸ਼ਨ ਸੈਂਟਰਾਂ ਵਿੱਖੇ ਵੀ ਬਿਜਲੀ ਠੱਪ ਪਈ ਹੈ। ਇਸਦਾ ਅਰਥ ਹੈ ਕਿ ਫ਼ਿਊਲ ਟਰੱਕ ਡਰਾਈਵਰਾਂ ਨੂੰ ਗੈਸ ਡਿਲੀਵਰ ਕਰਨ ਲਈ ਆਪਣੇ ਵਾਹਨਾਂ ਵਿਚ ਤੇਲ ਪਵਾਉਣ ਲਈ ਦੂਰ ਦੁਰਾਡੇ ਦੇ ਇਲਾਕਿਆਂ ਜਿਵੇਂ ਮੌਂਟਰੀਅਲ ਤੱਕ ਜਾਣਾ ਪਿਆ ਸੀ।

ਗੈਸ ਸਟੇਸ਼ਨਾਂ ‘ਤੇ ਬਿਜਲੀ ਬਹਾਲ ਕਰਨਾ ਮੁੱਖ ਤਰਜੀਹ ਨਹੀਂ : ਹਾਈਡਰੋ ਔਟਵਾ

ਮੇਅਰ ਵਾਟਸਨ ਨੇ ਕਿਹਾ ਕਿ ਕਲਾਈਮੇਟ ਚੇਂਜ (ਜਲਵਾਯੂ ਪਰਿਵਤਰਨ) ਕਰਕੇ ਮੌਸਮ ਅਚਾਨਕ ਪਰਿਵਰਤਨਸ਼ੀਲ ਹੋ ਗਏ ਹਨ, ਇਸ ਕਰਕੇ ਗੈਸ ਸਟੇਸ਼ਨਾਂ ਕੋਲ ਬੈਕਅਪ ਲਈ ਜਨਰੇਟਰ ਹੋਣਾ ਇੱਕ ਚੰਗਾ ਵਿਚਾਰ ਹੋ ਸਕਦਾ ਹੈ।

ਗੈਸ ਸਟੇਸ਼ਨਾਂ ‘ਤੇ ਬਿਜਲੀ ਬਹਾਲ ਕੀਤੇ ਜਾਣ ‘ਤੇ ਹਾਈਡਰੋ ਔਟਵਾ (ਬਿਜਲੀ ਵਿਭਾਗ) ਨੇ ਕਿਹਾ ਕਿ ਇਸ ਸਮੇਂ ਉਹਨਾਂ ਦੀ ਮੁੱਖ ਤਰਜੀਹ ਜਨਤਕ ਸੇਵਾਵਾਂ ਨਾਲ ਸਬੰਧਤ ਅਦਾਰਿਆਂ ਜਿਵੇਂ ਹਸਪਤਾਲਾਂ, ਲੌਂਗ ਟਰਮ ਕੇਅਰ ਹੋਮਜ਼ ਅਤੇ ਵਾਟਰ ਟ੍ਰੀਟਮੈਂਟ ਫ਼ੈਸਲਿਟੀਜ਼ ਵਗ਼ੈਰਾ ਵਿਚ ਬਿਜਲੀ ਬਹਾਲ ਕਰਨਾ ਹੈ। 

ਹਾਈਡਰੋ ਔਟਵਾ ਮੁਤਾਬਕ ਬਿਜਲੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਅਤੇ ਉਹਨਾਂ ਸਰਕਟਾਂ ‘ਤੇ ਫ਼ੋਕਸ ਕੀਤਾ ਜਾ ਰਿਹਾ ਹੈ ਜਿਹਨਾਂ ਦੀ ਮੁਰੰਮਤ ਕਰਕੇ ਸਭ ਤੋਂ ਵੱਧ ਗਿਣਤੀ ਵਿਚ ਲੋਕਾਂ ਲਈ ਬਿਜਲੀ ਬਹਾਲ ਕੀਤੀ ਜਾ ਸਕਦੀ ਹੈ। 

ਕੁਝ ਲੋਕਾਂ ਨੇ ਟਵਿੱਟਰ ਤੇ ਲਿਖਿਆ ਕਿ ਉਹਨਾਂ ਨੂੰ ਗੈਸ ਪਵਾਉਣ ਲਈ ਕਈ ਘੰਟੇ ਲਾਈਨਾਂ ਵਿਚ ਲੱਗਣਾ ਪਿਆ ਅਤੇ ਕਈਆਂ ਨੂੰ ਲੰਮੇ ਸਫ਼ਰ ਤੈਅ ਕਰਕੇ ਦੂਸਰੇ ਸ਼ਹਿਰਾਂ ‘ਚ ਜਾਕੇ ਗੈਸ ਭਰਵਾਉਣੀ ਪਈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ