1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

[ ਰਿਪੋਰਟ ] ਕੀ ਬਿਨ੍ਹਾਂ ਆਇਲਟਸ ਸੰਭਵ ਹੋਵੇਗੀ ਕੈਨੇਡਾ ਦੀ ਪੀ ਆਰ ?

ਟੈਂਪਰੇਰੀ ਫੌਰਨ ਵਰਕਰਜ਼ ਲਈ ਕਿਸੇ ਪ੍ਰੋਗਰਾਮ ਦੀ ਮੰਗ ਕਰਦਾ ਮੋਸ਼ਨ (M-44) ਪਾਰਲੀਮੈਂਟ 'ਚ ਪਾਸ

2 ਵਾਰ ਡਿਬੇਟ ਹੋਣ ਤੋਂ ਬਾਅਦ ਮੋਸ਼ਨ M-44 ਸਰਬਸੰਮਤੀ ਨਾਲ ਪਾਸ ਹੋ ਚੁੱਕਾ ਹੈ I

2 ਵਾਰ ਡਿਬੇਟ ਹੋਣ ਤੋਂ ਬਾਅਦ ਮੋਸ਼ਨ M-44 ਸਰਬਸੰਮਤੀ ਨਾਲ ਪਾਸ ਹੋ ਚੁੱਕਾ ਹੈ I

ਤਸਵੀਰ: La Presse canadienne / Adrian Wyld

Sarbmeet Singh

ਕੁਝ ਦਿਨ ਪਹਿਲਾਂ ਪੰਜਾਬੀ ਮੂਲ ਦੇ ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਰਾਏ ਵੱਲੋਂ ਲਿਆਂਦਾ ਗਿਆ ਇਕ ਮੋਸ਼ਨ (M-44 ) ਚਰਚਾ ਵਿੱਚ ਹੈ I ਇਸ ਨਾਲ ਇਹ ਚਰਚਾ ਵੀ ਛਿੜ ਗਈ ਹੈ ਕੇ ਆਇਲਟਸ (IELTS) ਵਿੱਚੋਂ ਛੋਟ ਮਿਲ ਸਕਦੀ ਹੈ ਅਤੇ ਕੈਨੇਡਾ ਵਿੱਚ ਕੰਮ ਕਰਦੇ ਵਿਅਕਤੀ ਘੱਟ ਸਕੋਰ ਜਾਂ ਬਿਨ੍ਹਾਂ ਆਇਲਟਸ ਨਾਲ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕਰ ਸਕਦੇ ਹਨ ਅਤੇ ਕੈਨੇਡੀਅਨ ਸਰਕਾਰ ਕੋਈ ਨਵਾਂ ਪ੍ਰੋਗਰਾਮ ਲਿਆ ਸਕਦੀ ਹੈ I

ਕੀ ਹੈ ਮੋਸ਼ਨ ?

ਐਮ ਪੀ ਰਣਦੀਪ ਸਰਾਏ ਦੁਆਰਾ ਲਿਆਂਦਾ ਗਿਆ ਇਹ ਮੋਸ਼ਨ ਵੱਖ ਵੱਖ ਇਕਨੌਮਿਕ ਕੈਟੇਗਿਰੀਜ਼ ਵਿੱਚ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਕੰਮ ਕਰਦੇ ਵਿਅਕਤੀਆਂ (ਨਵੀਂ ਵਿੰਡੋ) ਨੂੰ ਪਹਿਲ ਦੇਣ ਸਮੇਤ ਹੋਰ ਮੰਗਾਂ ਰੱਖਦਾ ਹੈ I 2 ਵਾਰ ਡਿਬੇਟ ਹੋਣ ਤੋਂ ਬਾਅਦ ਇਹ ਮੋਸ਼ਨ ਸਰਬਸੰਮਤੀ ਨਾਲ ਪਾਸ ਹੋ ਚੁੱਕਾ ਹੈ I

ਰਣਦੀਪ ਸਰਾਏ ਨੇ ਕਿਹਾ ਕੈਨੇਡਾ ਵਿੱਚ ਬਹੁਤ ਸਾਰੇ ਟੈਂਪਰੇਰੀ ਫੌਰਨ ਵਰਕਰਜ਼ ਖਾਸ ਕਰ ਜੋ ਲੋਅ ਸਕਿੱਲ ਵਾਲੇ ਖੇਤਰਾਂ ਵਿੱਚ ਕੰਮ ਕਰਦੇ ਹਨ , ਪੜਾਈ ਅਤੇ ਆਇਲਟਸ ਆਦਿ ਦੇ ਕਾਰਨ ਪੀ ਆਰ ਹਾਸਿਲ ਨਹੀਂ ਕਰ ਪਾ ਰਹੇ ਹਨ I ਇਹ ਮੋਸ਼ਨ ਅਜਿਹੇ ਸਾਰੇ ਵਰਕਰਜ਼ ਲਈ ਕਿਸੇ ਪ੍ਰੋਗਰਾਮ ਦੀ ਮੰਗ ਕਰਦਾ ਹੈ ਜਿਸ ਸਦਕਾ ਉਹ ਪੀ ਆਰ ਹੋ ਸਕਣ I

ਕੈਨੇਡਾ ਵਿੱਚ ਕਿਵੇਂ ਬਣਦਾ ਹੈ ਕਾਨੂੰਨ

ਤਿੰਨ ਵਾਰ ਕੰਜ਼ਰਵੇਟਿਵ ਐਮ ਪੀ ਰਹਿ ਚੁੱਕੇ ਪੰਜਾਬੀ ਮੂਲ ਦੇ ਗੁਰਮੰਤ ਗਰੇਵਾਲ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਨੇਡਾ ਵਿਚ ਲਜਿਸਲੇਸ਼ਨ ਅਤੇ ਰੈਗੂਲੇਸ਼ਨ , 2 ਤਰੀਕੇ ਨਾਲ ਕਾਨੂੰਨ ਬਣਦੇ ਹਨ I

ਲਜਿਸਲੇਸ਼ਨ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ 2 ਤਰ੍ਹਾਂ ਦੇ ਬਿੱਲ ਪੇਸ਼ ਕੀਤੇ ਜਾਂਦੇ ਹਨ I ਮਿਨਿਸਟਰ ਕਿਸੇ ਵੀ ਪਾਲਿਸੀ 'ਤੇ ਬਿੱਲ ਪੇਸ਼ ਕਰਦੇ ਹਨ , ਜਿਸਨੂੰ ਕਿ ਪਬਲਿਕ ਮੈਂਬਰ ਬਿੱਲ ਕਿਹਾ ਜਾਂਦਾ ਹੈ I ਸੱਤਾਧਾਰੀ ਧਿਰ ਜਾਂ ਵਿਰੋਧੀ ਪਾਰਟੀਆਂ ਦੇ ਐਮ ਪੀਜ਼ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਉਂਦੇ ਹਨ ਜਿਸ ਉੱਪਰ ਹਾਊਸ ਆਫ਼ ਕਾਮਨਜ਼ ਵਿੱਚ ਬਹਿਸ ਹੁੰਦੀ ਹੈ I

ਉਕਤ ਬਿੱਲ 'ਤੇ ਹਾਊਸ ਆਫ਼ ਕਾਮਨਜ਼ ਵਿੱਚ ਤਿੰਨ ਵਾਰ , ਸੰਬੰਧਿਤ ਕਮੇਟੀ ਸਾਹਮਣੇ ਇਕ ਵਾਰ ਅਤੇ ਸੈਨੇਟ ਵਿੱਚ ਤਿੰਨ ਵਾਰ ਬਹਿਸ ਹੁੰਦੀ ਹੈ I  ਇਸਤੋਂ ਬਾਅਦ ਰਾਇਲ ਅਸੈਂਟ ਮਿਲਣ ਤੋਂ ਬਾਅਦ ਉਕਤ ਬਿੱਲ ਕਾਨੂੰਨ ਬਣ ਜਾਂਦਾ ਹੈ I

ਸੱਤਾਧਾਰੀ ਧਿਰ , ਜੋ ਕਿ ਬਹੁਮਤ ਵਿੱਚ ਹੁੰਦੀ ਹੈ , ਦੇ ਪਬਲਿਕ ਬਿੱਲ ਆਸਾਨੀ ਨਾਲ ਪਾਸ ਹੋ ਜਾਂਦੇ ਹਨ I  ਪ੍ਰਾਈਵੇਟ ਮੈਂਬਰ ਬਿੱਲ ਨੂੰ ਪਾਸ ਕਰਾ ਸਕਣਾ ਇਕ ਵੱਡੀ ਚੁਣੌਤੀ ਰਹਿੰਦੀ ਹੈ I  ਇਸਤੋਂ ਇਲਾਵਾ ਐਮ ਪੀ ਮੋਸ਼ਨ ਲੈ ਕੇ ਆਉਂਦੇ ਹਨ I  ਬਿੱਲ ਸੀ ( C ) ਸ਼ਬਦ ਨਾਲ ਸ਼ੁਰੂ ਹੁੰਦੇ ਹਨ ਅਤੇ ਮੋਸ਼ਨ ਐਮ ( M ) ਨਾਲ I

ਇਸਤੋਂ ਇਲਾਵਾ ਦੇਸ਼ ਵਿਚ ਕਾਨੂੰਨ , ਰੈਗੂਲੇਸ਼ਨ ਨਾਲ ਵੀ ਬਣਦੇ ਹਨ I ਗੁਰਮੰਤ ਗਰੇਵਾਲ ਨੇ ਦੱਸਿਆ ਕਿ ਰੈਗੂਲੇਸ਼ਨ ਸਿਰਫ਼ ਗਜ਼ਟ ਰਾਹੀਂ ਛਾਪੇ ਜਾਂਦੇ ਹਨ ਅਤੇ ਆਮ ਜਨਤਾ ਨੂੰ ਇਹਨਾਂ ਦੇ ਪਾਸ ਹੋਣ ਦਾ ਬਹੁਤੀ ਵਾਰ ਪਤਾ ਵੀ ਨਹੀਂ ਲਗਦਾ I ਗਰੇਵਾਲ ਨੇ ਕਿਹਾ ਕੈਨੇਡਾ ਵਿੱਚ ਬਹੁਤ ਸਾਰੇ ਸੰਵਿਧਾਨਿਕ ਅਦਾਰਿਆਂ ਕੋਲ ਰੈਗੂਲੇਸ਼ਨ ਪਾਸ ਕਰਨ ਦਾ ਅਧਿਕਾਰ ਹੁੰਦਾ ਹੈ I

ਮੋਸ਼ਨ : ਲਾਗੂ ਕਰਨਾ ਲਾਜ਼ਮੀ ਨਹੀਂ

ਗੁਰਮੰਤ ਗਰੇਵਾਲ ਦਾ ਕਹਿਣਾ ਹੈ ਕਿ ਮੋਸ਼ਨ ਭਾਵੇਂ ਹਾਊਸ ਆਫ਼ ਕਾਮਨਜ਼ ਵਿੱਚੋਂ ਪਾਸ ਵੀ ਹੋ ਜਾਵੇ ਤਾਂ ਵੀ ਸਰਕਾਰ ਇਸਨੂੰ ਲਾਗੂ ਕਰਨ ਲਈ ਪਾਬੰਦ ਨਹੀਂ ਹੁੰਦੀ I ਗੁਰਮੰਤ ਗਰੇਵਾਲ ਨੇ ਕਿਹਾ ਮੋਸ਼ਨ ਦੀ ਕੋਈ ਕਾਨੂੰਨੀ ਵੈਧਤਾ ਨਹੀਂ ਹੈ I ਮੋਟੇ ਤੌਰ 'ਤੇ ਮੋਸ਼ਨ ਸਰਕਾਰ ਨੂੰ ਕੋਈ ਕੰਮ ਕਰਨ ਦੀ ਸਿਫ਼ਾਰਿਸ਼ ਕਰਦਾ ਹੈ ਅਤੇ ਉਸਨੂੰ ਮੰਨਣਾ ਜਾਂ ਨਾ ਮੰਨਣਾ ਸਰਕਾਰ ਦੀ ਮਰਜ਼ੀ ਹੁੰਦੀ ਹੈ I

120 ਦਿਨਾਂ 'ਚ ਆਵੇਗੀ ਕੋਈ ਜਾਣਕਾਰੀ : ਸਰਾਏ

ਉਧਰ ਰਣਦੀਪ ਸਰਾਏ ਨੇ ਦੱਸਿਆ ਕਿ ਇਸ ਮੋਸ਼ਨ ਦੇ 120 ਦਿਨਾਂ ਦੇ ਅੰਦਰ ਅੰਦਰ ਇਮੀਗ੍ਰੇਸ਼ਨ ਮਨਿਸਟਰ ਵੱਲੋਂ ਇਸਤੇ ਕੋਈ ਕਦਮ ਚੁੱਕਣ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ I  ਸਰਾਏ ਨੇ ਕਿਹਾ ਮੋਸ਼ਨ ਦਾ ਪਾਸ ਹੋਣਾ ਪਾਰਲੀਮੈਂਟ ਦੀ ਇੱਛਾ ਜ਼ਾਹਰ ਕਰਦਾ ਹੈ ਅਤੇ ਮੋਸ਼ਨ ਕਾਨੂੰਨੀ ਬਾਈਂਡਿੰਗ ਨਾ ਹੋ ਕੇ ਸੇਧ ਦੇਣ ਦਾ ਕੰਮ ਕਰਦੇ ਹਨ I

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੋਸ਼ਨ ਨੂੰ ਕਾਨੂੰਨੀ ਰੂਪ ਦੇਣ ਲਈ ਕੁਝ ਤਰੀਕੇ ਹੋ ਸਕਦੇ ਹਨ I ਸਾਬਕਾ ਐਮ ਪੀ ਗੁਰਮੰਤ ਗਰੇਵਾਲ ਮੁਤਾਬਿਕ ਪਹਿਲਾਂ ਤਰੀਕਾ ਕੋਈ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਹੋ ਸਕਦਾ ਹੈ ਜਿਸਤੇ ਕੋਈ ਬਹਿਸ ਹੋ ਸਕੇI

ਸਾਬਕਾ ਐਮ ਪੀ ਗੁਰਮੰਤ ਗਰੇਵਾਲ

ਸਾਬਕਾ ਐਮ ਪੀ ਗੁਰਮੰਤ ਗਰੇਵਾਲ

ਤਸਵੀਰ: ਸਰਬਮੀਤ ਸਿੰਘ

ਗੁਰਮੰਤ ਗਰੇਵਾਲ ਨੇ ਕਿਹਾ ਇਸਤੋਂ ਇਲਾਵਾ ਇਮੀਗ੍ਰੇਸ਼ਨ ਮਿਨਿਸਟਰ ਕੋਲ ਅੰਕੜੇ ਰੱਖ ਕੇ ਲਾਬਿੰਗ ਕੀਤੀ ਜਾ ਸਕਦੀ ਹੈ ਤਾਂ ਜੋ ਮਿਨਿਸਟਰ ਪਬਲਿਕ ਬਿੱਲ ਲਿਆ ਕੇ ਕਿਸੇ ਪਾਲਿਸੀ ਦਾ ਐਲਾਨ ਕਰਨ I ਤੀਸਰਾ ਰਾਸਤਾ ਸਬੰਧਿਤ ਕਮੇਟੀ ਕੋਲ ਇਹ ਮਾਮਲਾ ਰੱਖਿਆ ਜਾ ਸਕਦਾ ਹੈ ਪਰ ਕਮੇਟੀ ਵੀ ਇਸਨੂੰ ਲਾਗੂ ਕਰਨ ਦੀ ਸਿਫ਼ਾਰਿਸ਼ ਹੀ ਕਰ ਸਕਦੀ ਹੈ I

ਬਿੱਲ ਬਨਾਮ ਮੋਸ਼ਨ

ਐਮ ਪੀ ਸਰਾਏ ਦਾ ਕਹਿਣਾ ਹੈ ਕਿ ਇਸ ਕੰਮ ਲਈ ਬਿੱਲ ਕੇ ਆਉਣ ਦੀ ਲੋੜ ਨਹੀਂ ਸੀ ਅਤੇ ਰੈਗੂਲੇਸ਼ਨ ਜ਼ਰੀਏ ਇਹ ਕੰਮ ਹੋ ਸਕਦਾ ਹੈ I  ਸਰਾਏ ਨੇ ਕਿਹਾ ਕਿ ਬਿੱਲ ਨੂੰ ਪਾਸ ਹੋਣ 'ਤੇ ਲੰਬਾ ਸਮਾਂ ਲੱਗਣਾ ਸੀ , ਇਸ ਲਈ ਉਹਨਾਂ ਨੇ ਬਿੱਲ ਦੀ ਬਜਾਏ ਮੋਸ਼ਨ ਲਿਆਂਦਾ I

ਸਰਾਏ ਨੇ ਦਾਅਵਾ ਕੀਤਾ ਕਿ ਇਸਤੋਂ ਪਹਿਲਾਂ ਵੀ ਸਕਰਾਰ ਰੈਗੂਲੇਸ਼ਨ ਜ਼ਰੀਏ ਟੀ ਆਰ ਟੂ ਪੀ ਆਰ ਵਰਗੇ ਪ੍ਰੋਗਰਾਮ ਲਿਆ ਚੁੱਕੀ ਹੈ I  ਸਰਾਏ ਨੇ ਕਿਹਾ ਇਹ ਮੋਸ਼ਨ ਲਿਆਉਣ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਦਫ਼ਤਰ , ਇਮੀਗ੍ਰੇਸ਼ਨ ਮਿਨਿਸਟਰ ਅਤੇ ਹੋਰਨਾਂ ਐਮ ਪੀਜ਼ ਨਾਲ ਰਾਬਤਾ ਕਾਇਮ ਕੀਤਾ ਸੀ ਅਤੇ ਮੈਨੂੰ ਉਮੀਦ ਹੈ ਕਿ ਇਮੀਗ੍ਰੇਸ਼ਨ ਮਿਨਿਸਟਰ ਲਾਜ਼ਮੀ ਹੀ ਕੋਈ ਕਦਮ ਲੈਣਗੇ I

ਸਾਬਕਾ ਐਮ ਪੀ ਗੁਰਮੰਤ ਗਰੇਵਾਲ ਦਾ ਕਹਿਣਾ ਹੈ ਕਿ ਰੈਗੂਲੇਸ਼ਨ ਰਾਹੀਂ ਕੋਈ ਕੋਈ ਚੀਜ਼ ਲਾਗੂ ਕਰਨੀ ਐਨੀ ਸੌਖੀ ਨਹੀਂ ਹੁੰਦੀ I ਉਹਨਾਂ ਕਿਹਾ ਰੈਗੂਲੇਸ਼ਨ ਰਾਹੀਂ ਕੋਈ ਸੋਧ ਜਾਂ ਕਾਨੂੰਨ ਬਣਾਉਣ ਲਈ ਗਜ਼ਟ ਵਿਚ ਉਸਨੂੰ 30 ਦਿਨ ਪਹਿਲਾਂ ਛਾਪ ਕੇ ਜਨਤਾ ਦੀ ਰਾਇ ਲੈਣੀ ਪੈਂਦੀ ਹੈ I

ਸਰਕਾਰ ਦੀ ਨੀਅਤ 'ਤੇ ਸ਼ੱਕ : ਹੱਲਣ

ਉਧਰ ਕੰਜ਼ਰਵੇਟਿਵ ਇਮੀਗ੍ਰੇਸ਼ਨ ਕ੍ਰਿਟਿਕ ਅਤੇ ਪੰਜਾਬੀ ਮੂਲ ਦੇ ਐਮ ਪੀ ਜਸਰਾਜ ਹੱਲਣ ਨੇ ਲਿਬਰਲ ਸਰਕਾਰ ਦੀ ਇੱਛਾ ਸ਼ਕਤੀ 'ਤੇ ਸਵਾਲ ਉਠਾਏ ਹਨ I ਜਸਰਾਜ ਹੱਲਣ ਨੇ ਕਿਹਾ ਇਹ ਮੋਸ਼ਨ ਬਹੁਤ ਵਧੀਆ ਹੈ I ਅਸੀਂ ਇਸ ਵਿਚ ਕੁਝ ਸੋਧਾਂ ਵੀ ਕੀਤੀਆਂ ਹਨ ਪਰ ਸਾਨੂੰ ਸਰਕਾਰ ਦੀ ਨੀਅਤ 'ਤੇ ਸ਼ੱਕ ਹੈ I ਬਹੁਤ ਸਾਰੇ ਵਧੀਆ ਮੋਸ਼ਨ ਪਾਰਲੀਮੈਂਟ ਵਿੱਚੋਂ ਪਾਸ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ I

ਇਮੀਗ੍ਰੇਸ਼ਨ ਸ਼ੈਡੋ ਮਿਨਿਸਟਰ ਜਸਰਾਜ ਹੱਲਣ

ਇਮੀਗ੍ਰੇਸ਼ਨ ਸ਼ੈਡੋ ਮਿਨਿਸਟਰ ਜਸਰਾਜ ਹੱਲਣ

ਤਸਵੀਰ: CBC

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਪਿੱਛਲੇ ਸਾਲ 6 ਮਈ ਨੂੰ ਟੀ ਆਰ ਟੂ ਪੀ ਆਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ , ਜਿਸ ਤਹਿਤ ਸਿਹਤ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਦੇ ਵਿਅਕਤੀਆਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ I

ਕੈਨੇਡਾ ਸਰਕਾਰ ਵੱਲੋਂ 90 ਹਜ਼ਾਰ ਵਿਅਕਤੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ ) ਦੇਣ ਲਈ ਚਲਾਏ ਗਏ ਪ੍ਰੋਗਰਾਮ , ਟੀ ਆਰ ਟੂ ਪੀ ਆਰ ਨੂੰ ਬੰਦ ਹੋਏ ਨੂੰ ਭਾਵੇਂ ਕਿ ਕਰੀਬ 6 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਪਰ ਫ਼ਿਲਹਾਲ ਵੀ 40 ਹਜ਼ਾਰ ਤੋਂ ਵਧੇਰੇ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ I

ਪ੍ਰੇਸ਼ਾਨ ਨੇ ਟੈਂਪਰੇਰੀ ਫੌਰਨ ਵਰਕਰਜ਼

ਉਧਰ ਬਹੁਤ ਸਾਰੇ ਕਾਮੇ ਜੋ ਕਿ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਕੰਮ ਕਰ ਰਹੇ ਹਨ ,  ਦਾ ਕਹਿਣਾ ਹੈ ਕਿ ਆਇਲਟਸ ਦੇ ਚਲਦਿਆਂ ਉਹ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਨਹੀਂ ਕਰ ਪਾ ਰਹੇ I  ਅਜਿਹੇ ਵਿਅਕਤੀਆਂ ਦੀ ਨੁਮਾਇੰਦਗੀ ਕਰਦੀ ਸੰਸਥਾ ਹੋਪ ਵੈਲਫ਼ੇਅਰ ਸੋਸਾਇਟੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ I ਹੋਪ ਵੈਲਫ਼ੇਅਰ ਸੋਸਾਇਟੀ ਵੱਲੋਂ ਹਾਲ ਵਿਚ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਗਿਆ I

ਹੋਪ ਵੈਲਫ਼ੇਅਰ ਸੋਸਾਇਟੀ ਦੇ ਬੈਨਰ ਤਹਿਤ ਸਰੀ ਵਿਚ ਪ੍ਰਦਰਸ਼ਨ ਕਰਦੇ ਹੋਏ ਟੈਂਪਰੇਰੀ ਫੌਰਨ ਵਰਕਰਜ਼ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਹੋਪ ਵੈਲਫ਼ੇਅਰ ਸੋਸਾਇਟੀ ਦੇ ਬੈਨਰ ਤਹਿਤ ਸਰੀ ਵਿਚ ਪ੍ਰਦਰਸ਼ਨ ਕਰਦੇ ਹੋਏ ਟੈਂਪਰੇਰੀ ਫੌਰਨ ਵਰਕਰਜ਼

ਤਸਵੀਰ: ਧੰਨਵਾਦ ਸਹਿਤ ਜਸਵਿੰਦਰ ਸਿੰਘ

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਵੱਖ ਵੱਖ ਕੰਮਾਂ ਨੂੰ ਲੈਵਲਜ਼ ਵਿੱਚ ਵੰਡਿਆ ਗਿਆ ਹੈ I ਫ਼ਾਰਮ ਵਰਕਰਜ਼ , ਮੀਟ ਕਟਰ ਅਤੇ ਪੋਲਟਰੀ ਕਾਮੇ ਨੌਕ ਸੀ (C) ਸ਼੍ਰੇਣੀ ਵਿੱਚ ਆਉਂਦੇ ਹਨ I ਇਸੇ ਤਰ੍ਹਾਂ ਹੀ ਕੁੱਕ ਨੌਕ ਬੀ (B) ਵਿੱਚ ਆਉਂਦੇ ਹਨ I

ਹੋਪ ਵੈਲਫ਼ੇਅਰ ਸੋਸਾਇਟੀ ਤੋਂ ਜਸਵਿੰਦਰ ਸਿੰਘ ਨੇ ਕਿਹਾ ਅਜਿਹੇ ਕਾਮੇ ਆਪਣੇ ਹੁਨਰ ਸਦਕਾ ਕੈਨੇਡਾ ਵਿੱਚ ਯੋਗਦਾਨ ਪਾ ਰਹੇ ਹਨ ਅਤੇ ਬਣਦਾ ਟੈਕਸ ਵੀ ਭਰਦੇ ਹਨ I ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਾਮਿਆਂ ਨੂੰ ਰਾਹਤ ਦੇ ਕੇ ਪੀ ਆਰ ਦਾ ਮੌਕਾ ਦੇਵੇ ਤਾਂ ਜੋ ਇਹ ਵਿਅਕਤੀ ਹੋਰਨਾਂ ਵਾਂਗ ਸਾਰੀਆਂ ਸਹੂਲਤਾਂ ਲੈ ਸਕਣ I

ਭਾਸ਼ਾ ਦੀ ਮੁਹਾਰਤ ਦੀ ਸ਼ਰਤ ਕਿਉ ?

ਕੈਨਡਾ ਵਿੱਚ ਵੱਖ ਵੱਖ ਪ੍ਰੋਗਰਾਮਾਂ ਅਧੀਨ ਪੀ ਆਰ ਲੈਣ ਲਈ ਭਾਸ਼ਾ ਵਿੱਚ ਮੁਹਾਰਤ ਦਾ ਅਲੱਗ ਅਲੱਗ ਲੈਵਲ ਹੋਣਾ ਲਾਜ਼ਮੀ ਹੈI  ਵੱਖ ਵੱਖ ਪ੍ਰੋਗਰਾਮਾਂ ਵਿੱਚ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਮੁਹਾਰਤ ਦੇ ਨੰਬਰ ਮਿਲਦੇ ਹਨ , ਜਿੰਨ੍ਹਾਂ ਸਦਕਾ ਬਿਨੈਕਾਰ ਦੀ ਪੀ ਆਰ ਹੁੰਦੀ ਹੈ I 

ਗੁਰਮੰਤ ਗਰੇਵਾਲ ਜੋ ਕਿ ਸਰੀ ਵਿੱਚ ਇਮੀਗ੍ਰੇਸ਼ਨ ਮਾਹਰ ਵਜੋਂ ਵੀ ਸੇਵਾਵਾਂ ਦੇ ਰਹੇ ਹਨ , ਦਾ ਕਹਿਣਾ ਹੈ ਕਿ ਭਾਸ਼ਾ ਵਿੱਚ ਮੁਹਾਰਤ ਦਾ ਹੋਣਾ ਸਿਰਫ਼ ਪੀ ਆਰ ਲੈਣ ਤੱਕ ਹੀ ਸੀਮਤ ਨਹੀਂ ਹੈ I ਉਹਨਾਂ ਕਿਹਾ ਉਕਤ ਵਿਅਕਤੀ ਨੇ ਪੀ ਆਰ ਲੈ ਕੇ ਸਾਰੀ ਜ਼ਿੰਦਗੀ ਕੈਨੇਡਾ ਵਿੱਚ ਰਹਿਣਾ ਹੈ ਅਤੇ ਜ਼ਰੂਰੀ ਸੇਵਾਵਾਂ ਦਾ ਲਾਭ ਲੈਣ ਲਈ ਭਾਸ਼ਾ ਦਾ ਬੋਲਣਾ ਅਤੇ ਸਮਝਣਾ ਆਉਣਾ ਲਾਜ਼ਮੀ ਹੈ I

ਜ਼ਿਕਰਯੋਗ ਹੈ ਕਿ ਕੈਨੇਡਾ ਦੀ ਨਾਗਰਿਕਤਾ ਹਾਸਿਲ ਕਰਨ ਲਈ ਵੀ ਅੰਗਰੇਜ਼ੀ / ਫ੍ਰੈਂਚ ਇਕ ਖਾਸ ਪੱਧਰ ਤੱਕ ਬੋਲਣੀ ਅਤੇ ਸਮਝਣੀ (ਨਵੀਂ ਵਿੰਡੋ) ਆਉਣੀ ਲਾਜ਼ਮੀ ਹੈ I

Sarbmeet Singh

ਸੁਰਖੀਆਂ