- ਮੁੱਖ ਪੰਨਾ
- ਸਮਾਜ
[ ਰਿਪੋਰਟ ] ਜਾਣੋ ਸਾਊਥ ਏਸ਼ੀਅਨ ਭਾਈਚਾਰੇ ਦੇ ਇਤਿਹਾਸ ਨੂੰ ਸਾਂਭਣ ਵਾਲੇ ਵਿਲੱਖਣ ਪ੍ਰੋਜੈਕਟ ਬਾਰੇ
ਬੀਸੀ ਦੀ ਸਰਕਾਰ ਵੱਲੋ ਦਿੱਤੀ ਗਈ ਹੈ 1.14 ਮਿਲੀਅਨ ਡਾਲਰ ਦੀ ਫੰਡਿੰਗ

ਇਸ ਪ੍ਰੋਜੈਕਟ ਤਹਿਤ ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਵੱਖ ਵੱਖ ਫ਼ੋਟੋਆਂ ਨੂੰ ਡਿਜੀਟਲ ਰੂਪ ਦੇ ਕੇ ਸਦਾ ਲਈ ਸਾਭਣ ਦਾ ਯਤਨ ਕੀਤਾ ਗਿਆ ਹੈ
ਤਸਵੀਰ: ਧੰਨਵਾਦ ਸਹਿਤ ਸਾਊਥ ਏਸ਼ੀਅਨ ਕੈਨੇਡੀਅਨ ਲੈਗੇਸੀ ਪ੍ਰੋਜੈਕਟ
ਕੈਨੇਡਾ ਵਿਚ ਮਈ ਦਾ ਮਹੀਨਾ ਏਸ਼ੀਅਨ ਹਿਸਟਰੀ ਮੰਥ ਵਜੋਂ ਮਨਾਇਆ ਜਾਂਦਾ ਹੈ I ਕੈਨੇਡਾ ਨੂੰ ਵਿਭਿੰਨਤਾਵਾਂ ਵਾਲਾ ਦੇਸ਼ ਕਿਹਾ ਜਾਂਦਾ ਹੈ ਅਤੇ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਵੱਖ ਵੱਖ ਤਰੀਕੇ ਨਾਲ ਦੇਸ਼ ਵਿਚ ਹਿੱਸਾ ਪਾਇਆ ਹੈ I
ਬ੍ਰਿਟਿਸ਼ ਕੋਲੰਬੀਆ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਇਤਿਹਾਸ ਨੂੰ ਦਸਤਾਵੇਜ਼ ਕਰਨ ਲਈ ਯੂਨੀਵਰਿਸਟੀ ਆਫ਼ ਫਰੇਜ਼ਰ ਵੈਲੀ ਦੇ ਸਾਊਥ ਏਸ਼ੀਅਨ ਕੈਨੇਡੀਅਨ ਲੈਗੇਸੀ ਪ੍ਰੋਜੈਕਟ (ਨਵੀਂ ਵਿੰਡੋ) ਚਲਾਇਆ ਜਾ ਰਿਹਾ ਹੈI 2020 ਦੌਰਾਨ ਸ਼ੁਰੂ ਕੀਤੇ ਇਸ ਪ੍ਰੋਜੈਕਟ ਨੂੰ ਬੀਸੀ ਦੀ ਸਰਕਾਰ ਵੱਲੋਂ 1.14 ਮਿਲੀਅਨ ਡਾਲਰ ਦੀ ਫੰਡਿੰਗ ਕੀਤੀ ਗਈ ਹੈ I
ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਡਾਇਰੈਕਟਰ ਡਾ ਸਤਵਿੰਦਰ ਕੌਰ ਬੈਂਸ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਸਾਊਥ ਏਸ਼ੀਅਨ ਭਾਈਚਾਰੇ ਦਾ ਇਤਿਹਾਸ ਕੁਰਬਾਨੀਆਂ , ਸੰਘਰਸ਼ ਅਤੇ ਪ੍ਰਾਪਤੀਆਂ ਭਰਪੂਰ ਹੈI

ਫ਼ਾਰਮ ਵਰਕਰਜ਼ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਦਾ ਦ੍ਰਿਸ਼
ਤਸਵੀਰ: ਧੰਨਵਾਦ ਸਹਿਤ ਸਾਊਥ ਏਸ਼ੀਅਨ ਕੈਨੇਡੀਅਨ ਲੈਗੇਸੀ ਪ੍ਰੋਜੈਕਟ
ਸਾਰੇ ਭਾਈਚਾਰਿਆਂ ਦੀ ਸ਼ਮੂਲੀਅਤ
ਇਸ ਪ੍ਰੋਜੈਕਟ ਅਧੀਨ ਸਾਊਥ ਏਸ਼ੀਅਨ ਭਾਈਚਾਰੇ ਦੇ ਵਿਅਕਤੀਆਂ ਦੀਆਂ 20 ਹਜ਼ਾਰ ਤੋਂ ਵਧੇਰੇ ਤਸਵੀਰਾਂ ਨੂੰ ਡਿਜੀਟਲ ਤਰੀਕੇ ਨਾਲ ਸੰਭਾਲਿਆ ਗਿਆ ਹੈI ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਵਿਚਲੇ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਕੋਆਰਡੀਨੇਟਰ ਸ਼ਰਨਜੀਤ ਸੰਧਰਾਂ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਸਿਰਫ਼ ਕੈਨੇਡਾ ਵਿਚਲੇ ਪੰਜਾਬੀ ਭਾਈਚਾਰੇ 'ਤੇ ਹੀ ਕੇਂਦਰਿਤ ਨਹੀਂ ਹੈ I ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸ਼੍ਰੀਲੰਕਾ , ਭਾਰਤ ਅਤੇ ਪਾਕਿਸਤਾਨ ਸਮੇਤ ਹੋਰਨਾਂ ਦੇਸ਼ਾਂ ਤੋਂ ਕੈਨੇਡਾ ਆਏ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ I
ਕੈਨੇਡਾ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਸੰਘਰਸ਼ ਨੂੰ ਦਸਤਾਵੇਜ਼ ਕਰਨ ਦੀ ਉਮੀਦ ਕਿਸੇ ਹੋਰ ਤੋਂ ਕਰਨ ਦੀ ਬਜਾਏ ਅਸੀਂ ਖ਼ੁਦ ਹੀ ਅਜਿਹਾ ਕਰਨ ਦਾ ਬੀੜਾ ਚੁੱਕਿਆ I ਅਸੀਂ ਪੂਰੇ ਸੂਬੇ ਵਿੱਚੋਂ ਵੱਖ ਵੱਖ ਪਰਿਵਾਰਾਂ ਨਾਲ ਰਾਬਤਾ ਕੀਤਾ I
ਸੰਧਰਾਂ ਮੁਤਾਬਿਕ ਇਹਨਾਂ ਫੋਟੋਆਂ ਨੂੰ ਡਿਜੀਟਲ ਰੂਪ ਦੇ ਕੇ ਆਉਣ ਵਾਲੀਆਂ ਪੀੜੀਆਂ ਲਈ ਸਾਂਭਿਆ ਗਿਆ ਹੈ ਅਤੇ ਇਹਨਾਂ ਰਾਹੀਂ ਸਾਊਥ ਏਸ਼ੀਅਨ ਭਾਈਚਾਰੇ ਦੇ ਇਤਿਹਾਸ ਨੂੰ ਦੇਖਿਆ ਜਾ ਸਕਦਾ ਹੈ I
ਇਸ ਪ੍ਰੋਜੈਕਟ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੀ ਕੈਨੇਡਾ ਵਿਚਲੀ ਜ਼ਿੰਦਗੀ 'ਤੇ ਝਾਤ ਪਾਉਂਦੀ 338 ਪੇਜਾਂ ਦੀ ਇਕ ਕਿਤਾਬ ਵੀ ਸ਼ਾਮਿਲ ਹੈ I ਇਸ ਕਿਤਾਬ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਕੈਨੇਡਾ ਪ੍ਰਵਾਸ ਕਰਨ , ਕਾਮਾਗਾਟਾਮਾਰੂ ਅਤੇ ਵੋਟ ਦਾ ਹੱਕ ਲੈਣ ਜਿਹੇ 19 ਵੱਖ ਵੱਖ ਲੇਖ ਸ਼ਾਮਿਲ ਹਨ I ਇਹ ਕਿਤਾਬ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਉਪਲਬਧ ਹੈ I
ਸ਼ਰਨਜੀਤ ਸੰਧਰਾਂ ਨੇ ਕਿਹਾ ਫੋਟੋਆਂ ਨੂੰ ਡਿਜੀਟਲ ਰੂਪ ਦੇ ਕੇ ਆਉਣ ਵਾਲੀਆਂ ਪੀੜੀਆਂ ਲਈ ਸਾਂਭਿਆ ਗਿਆ ਹੈ I
ਤਸਵੀਰ: ਧੰਨਵਾਦ ਸਹਿਤ ਸ਼ਰਨਜੀਤ ਸੰਧਰਾਂ
ਪੰਜਾਬੀ ਮੂਲ ਦੇ ਲੇਖਕ ਸਾਧੂ ਬਿਨਿੰਗ ਨੇ ਦੱਸਿਆ ਕਿ ਉਹਨਾਂ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਕੈਨੇਡਾ ਵਿਚ ਵੋਟ ਪਾਉਣ ਦਾ ਅਧਿਕਾਰ ਮਿਲਣ ਦੇ ਸੰਘਰਸ਼ ਬਾਬਤ ਲਿਖੇ ਲੇਖ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ I 1907 ਵਰ੍ਹੇ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ਨੂੰ ਵੈਨਕੂਵਰ ਮਿਉਨਿਸਪਲ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਇਕ ਐਕਟ ਲਿਆਂਦਾ ਗਿਆ I 40 ਵਰ੍ਹਿਆਂ ਦੀ ਲੰਬੀ ਲੜਾਈ ਤੋਂ ਬਾਅਦ , 1947 ਦੌਰਾਨ ਭਾਈਚਾਰੇ ਨੂੰ ਬੀ ਸੀ ਵਿੱਚ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ I
ਪਾਲਦੀ : ਕੈਨੇਡੀਅਨ ਪਿੰਡ ਦਾ ਪੰਜਾਬੀ ਪਿਛੋਕੜ
ਇਸਤੋਂ ਇਲਾਵਾ ਇਸ ਪ੍ਰੋਜੈਕਟ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਬੀਸੀ ਵਿਚ ਕੁਝ ਅਹਿਮ ਅਤੇ ਇਤਿਹਾਸਿਕ ਥਾਵਾਂ ਨੂੰ ਦਸਤਾਵੇਜ਼ ਕੀਤਾ ਗਿਆ ਹੈ I ਇਹਨਾਂ ਸਥਾਨਾਂ ਵਿਚ ਗੁਰੁਦਵਾਰੇ ਅਤੇ ਮਿੱਲਾਂ ( ਜਿਥੇ ਸ਼ੁਰੂਆਤੀ ਦੌਰ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਵਿਅਕਤੀਆਂ ਨੇ ਕੰਮ ਕੀਤਾ ) ਆਦਿ ਸ਼ਾਮਿਲ ਹਨ I ਇਹਨਾਂ ਵਿਚ ਪਾਲਦੀ ਨਾਮ ਦਾ ਪਿੰਡ ਵੀ ਸ਼ਾਮਿਲ ਹੈ I

ਕੈਨੇਡਾ ਵਿਚ ਕਾਮਾਗਾਟਾਮਾਰੂ ਘਟਨਾ ਦੀ 75 ਵੀਂ ਵਰੇਗੰਢ ਮਨਾਏ ਜਾਣ ਦਾ ਦ੍ਰਿਸ਼
ਤਸਵੀਰ: ਧੰਨਵਾਦ ਸਹਿਤ ਸਾਊਥ ਏਸ਼ੀਅਨ ਕੈਨੇਡੀਅਨ ਲੈਗੇਸੀ ਪ੍ਰੋਜੈਕਟ
ਦਰਅਸਲ 19 ਵੀਂ ਸਦੀ ਦੇ ਤੀਸਰੇ ਦਹਾਕੇ ਦੌਰਾਨ ਪੰਜਾਬੀ ਮੂਲ ਦੇ ਵਿਅਕਤੀ ਵੱਡੀ ਗਿਣਤੀ ਵਿਚ ਮੇਯੋ ਨਾਮੀ ਇਸ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਏ ਅਤੇ ਲੱਕੜ ਨਾਲ ਜੁੜਿਆ ਕੰਮ ਕਰਨ ਲੱਗ ਗਏ I ਭਾਈਚਾਰੇ ਦੀ ਮੰਗ 'ਤੇ 1936 ਵਿਚ ਇਸ ਕਸਬੇ ਦਾ ਨਾਮ ਬਦਲ ਕੇ ਪਾਲਦੀ (ਪੰਜਾਬ ਵਿਚ ਇਕ ਪਿੰਡ ਦਾ ਨਾਮ) ਰੱਖ ਦਿੱਤਾ ਗਿਆ I ਹੌਲੀ ਹੌਲੀ ਲੱਕੜ ਸਨਅਤ ਖ਼ਤਮ ਹੋ ਗਈ ਅਤੇ ਪੰਜਾਬੀ ਮੂਲ ਦੇ ਵਿਅਕਤੀ ਇਸ ਥਾਂ ਤੋਂ ਹੋਰਨਾਂ ਥਾਵਾਂ ਵੱਲ ਚਲੇ ਗਏ I
ਸਕੂਲੀ ਪਾਠਕ੍ਰਮ ਲਈ ਸਮੱਗਰੀ
ਇਸਤੋਂ ਇਲਾਵਾ ਇਸ ਪ੍ਰੋਜੈਕਟ ਅਧੀਨ ਪਹਿਲੀ ਜਮਾਤ ਤੋਂ ਲੈ ਕੇ 12 ਵੀਂ ਜਮਾਤ ਤੱਕ ਸੂਬੇ ਅੰਦਰ ਪੜਾਏ ਜਾਣ ਵਾਲੇ ਸਕੂਲੀ ਪਾਠਕ੍ਰਮ ਬਾਬਤ ਸਮੱਗਰੀ ਵੀ ਤਿਆਰ ਕੀਤੀ ਗਈ ਹੈ I ਸ਼ਰਨਜੀਤ ਸੰਧਰਾਂ ਨੇ ਦੱਸਿਆ ਕਿ ਇਸ ਵਿਚ ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਸਕੂਲੀ ਪਾਠਕ੍ਰਮ ਲਈ ਲੋੜੀਂਦੀ ਜਾਣਕਾਰੀ ਹੈ ਜਿਸਦੀ ਵਰਤੋਂ ਸਕੂਲੀ ਅਧਿਆਪਕ ਕਰ ਸਕਦੇ ਹਨ I

2020 ਦੌਰਾਨ ਸ਼ੁਰੂ ਕੀਤੇ ਇਸ ਪ੍ਰੋਜੈਕਟ ਨੂੰ ਬੀਸੀ ਦੀ ਸਰਕਾਰ ਵੱਲੋਂ 1.14 ਮਿਲੀਅਨ ਡਾਲਰ ਦੀ ਫੰਡਿੰਗ ਕੀਤੀ ਗਈ ਹੈ I
ਤਸਵੀਰ: ਧੰਨਵਾਦ ਸਹਿਤ ਸਾਊਥ ਏਸ਼ੀਅਨ ਕੈਨੇਡੀਅਨ ਲੈਗੇਸੀ ਪ੍ਰੋਜੈਕਟ
ਉਹਨਾਂ ਕਿਹਾ ਸਾਡੇ ਵੱਲੋਂ ਇਕੱਠੇ ਕੀਤੇ ਗਈ ਜਾਣਕਾਰੀ ਦੀ ਵਰਤੋਂ ਅਧਿਆਪਕਾਂ ਵੱਲੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਹੋਰਨਾਂ ਭਾਈਚਾਰਿਆਂ ਦੇ ਬੱਚੇ ਸਾਡੇ ਭਾਈਚਾਰੇ ਬਾਰੇ ਹੋਰ ਵਧੇਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ I ਇਸ ਮਹੀਨੇ ਸੂਬੇ ਦੇ ਅਧਿਆਪਕਾਂ ਦੀ ਇਸ ਬਾਬਤ ਇਕ ਟ੍ਰੇਨਿੰਗ ਵੀ ਹੋ ਰਹੀ ਹੈ I
ਇਹ ਵੀ ਪੜੋ :
- ਪਰਵਾਸ ਦੇ ਨਾਲ ਭਾਰਤੀ ਸਮਾਜ ਵਿਚ ਮੌਜੂਦ ‘ਜਾਤੀਵਾਦ’ ਦੀ ਵੀ ਕੈਨੇਡਾ ਵਿਚ ਆਮਦ
- ਏਸ਼ੀਅਨ ਹੈਰੀਟੇਜ ਮੰਥ : ਮਿਲੋ ਕੈਨੇਡਾ ’ਚ ਐਮ ਐਲ ਏ ਬਣਨ ਵਾਲੇ ਪਹਿਲੇ ਭਾਰਤੀ ਨੂੰ
ਇਸਤੋਂ ਇਲਾਵਾ ਇਸ ਪ੍ਰੋਜੈਕਟ ਵਿਚ ਸਾਊਥ ਏਸ਼ੀਅਨ ਭਾਈਚਾਰੇ ਵੱਲੋਂ ਯੂਨੀਅਨ ਦਾ ਗਠਨ ਕਰ ਆਪਣੇ ਹੱਕ ਲੈਣ ਦੇ ਸੰਘਰਸ਼ ਦੀ ਗਾਥਾ ਵੀ ਹੈ I ਜ਼ਿਕਰਯੋਗ ਹੈ ਕਿ ਸ਼ੁਰੂਆਤੀ ਦੌਰ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਵਿਅਕਤੀਆਂ ਨੂੰ ਮਿੱਲਾਂ ਵਿਚ ਮਜ਼ਦੂਰੀ ਦਾ ਕੰਮ ਲੈਣ ਲਈ ਵੀ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸਨੂੰ ਲੈ ਕੇ ਭਾਈਚਾਰੇ ਨੇ ਲੰਬੀ ਲੜਾਈ ਲੜੀ I
ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਪ੍ਰਦਰਸ਼ਨੀ ਨੂੰ ਪ੍ਰੋਵਿੰਸ ਵਿਚ ਵੱਖ ਵੱਖ ਥਾਵਾਂ 'ਤੇ ਜਾ ਕੇ ਦਿਖਾਇਆ ਜਾ ਰਿਹਾ ਹੈ I ਸਾਊਥ ਏਸ਼ੀਅਨ ਕੈਨੇਡੀਅਨ ਲੈਗੇਸੀ ਪ੍ਰੋਜੈਕਟ ਵਿਚ ਯੋਗਦਾਨ ਪਾਉਣ ਲਈ sasi@ufv.ca ਜਾਂ 604- 854- 4547 'ਤੇ ਸੰਪਰਕ ਕੀਤਾ ਜਾ ਸਕਦਾ ਹੈ I