1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਐਲਬਰਟਾ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਯੂਸੀਪੀ ਲੀਡਰਸ਼ਿਪ ਤੋਂ ਅਸਤੀਫ਼ੇ ਦਾ ਐਲਾਨ

ਲੀਡਰਸ਼ਿਪ ਰੀਵਿਊ ਦੌਰਾਨ ਕੇਨੀ ਨੂੰ 51.4 ਫ਼ੀਸਦੀ ਸਮਰਥਨ ਮਿਲਿਆ

ਐਲਬਰਟਾ ਪ੍ਰੀਮੀਅਰ ਜੇਸਨ ਕੇਨੀ

ਬੁੱਧਵਾਰ ਨੂੰ ਐਲਬਰਟਾ ਪ੍ਰੀਮੀਅਰ ਜੇਸਨ ਕੇਨੀ ਨੇ ਐਲਾਨ ਕੀਤਾ ਕਿ ਉਹ ਯੂਸੀਪੀ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ।

ਤਸਵੀਰ: (Dave Chidley/The Canadian Press)

RCI

ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਯੂਨਾਇਟੇਡ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਲੀਡਰਸ਼ਿਪ ਰੀਵਿਊ ਦੌਰਾਨ ਕੇਨੀ ਨੂੰ ਆਪਣੀ ਲੀਡਰਸ਼ਿਪ ਲਈ ਪਾਰਟੀ ਮੈਂਬਰਾਂ ਵੱਲੋਂ 51.4 ਫ਼ੀਸਦੀ ਸਮਰਥਨ ਪ੍ਰਾਪਤ ਹੋਇਆ ਸੀ। ਰੀਵਿਊ ਵਿਚ ਇਸ ਮਾਮੂਲੀ ਜਿੱਤ ਦੇ ਬਾਵਜੂਦ ਕੇਨੀ ਨੇ ਲੀਡਰਸ਼ਿਪ ਤਿਆਗਣ ਦਾ ਫ਼ੈਸਲਾ ਲਿਆ ਹੈ।

ਲੀਡਰਸ਼ਿਪ ਰੀਵਿਊ ਦੇ ਨਤੀਜੇ ਆਉਣ ਤੋਂ ਬਾਅਦ ਸਮਰਥਕਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਕੇਨੀ ਨੇ ਕਿਹਾ, ਇਹ ਨਤੀਜੇ ਉਹ ਨਹੀਂ ਹਨ ਜਿਹਨਾਂ ਦੀ ਮੈਂ ਉਮੀਦ ਕੀਤੀ ਸੀ ਜਾਂ ਸੱਚੀਂ ਦੱਸਾਂ ਕਿ ਜਿਹਨਾਂ ਦਾ ਮੈਨੂੰ ਅਨੁਮਾਨ ਸੀ

ਭਾਵੇਂ 51 ਫ਼ੀਸਦੀ ਵੋਟ ਬਹੁਮਤ ਦੇ ਸੰਵਿਧਾਨਕ ਮਾਪਦੰਡ ਨੂੰ ਪਾਰ ਕਰਦਾ ਹੈ, ਪਰ ਸਪਸ਼ਟ ਤੌਰ ‘ਤੇ ਇਕ ਲੀਡਰ ਵੱਜੋਂ ਆਪਣੀ ਪਾਰੀ ਜਾਰੀ ਰੱਖਣ ਲਈ ਇਹ ਸਮਰਥਨ ਕਾਫ਼ੀ ਨਹੀਂ ਹੈ

ਪਾਰਟੀ ਮੈਂਬਰਾਂ ਨੂੰ ਹਾਂ ਜਾਂ ਨਾਂ ਦਾ ਜਵਾਬ ਦੇਣ ਲਈ ਆਖਿਆ ਸੀ ਕਿ ਉਹ ਆਪਣੇ ਮੌਜੂਦਾ ਲੀਡਰ ਨੂੰ ਮੰਜ਼ੂਰ ਕਰਦੇ ਹਨ ਜਾਂ ਨਹੀਂ ਭਾਵ ਉਹਨਾਂ ਨੂੰ ਲੀਡਰ ਵੱਜੋਂ ਦੇਖਣਾ ਚਾਹੁੰਦੇ ਹਨ ਜਾਂ ਨ੍ਹੀਂ?

34,298 ਮੈਂਬਰਾਂ ਵਿਚੋਂ 17,638 ਨੇ ‘ਹਾਂ’ ਵਿਚ ਜਵਾਬ ਦਿੱਤਾ ਅਤੇ 16,660 ਮੈਂਬਰਾਂ ਦਾ ਜਵਾਬ ‘ਨਹੀਂ’ ਵਿਚ ਸੀ।

ਆਪਣੇ ਸੰਖੇਪ ਸੰਬੋਧਨ ਵਿਚ ਕੇਨੀ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਪ੍ਰੈਜ਼ੀਡੈਂਟ ਸਿੰਥੀਆ ਮੂਅਰ ਨੂੰ ਆਪਣੇ ਅਹੁਦਾ ਤਿਆਗਣ ਦੀ ਇੱਛਾ ਬਾਰੇ ਦੱਸ ਦਿੱਤਾ ਹੈ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਲੀਡਰਸ਼ਿਪ ਚੋਣ ਕਰਵਾਉਣ ਲਈ ਆਖਿਆ ਹੈ।

ਵੀਰਵਾਰ ਨੂੰ ਯੂਸੀਪੀ ਕੌਕਸ ਦੀ ਕੈਲਗਰੀ ਦੇ ਮਕਡਗਲ ਸੈਂਟਰ ਵਿਖੇ ਮੀਟਿੰਗ ਹੋਵੇਗੀ।

ਅੰਤ੍ਰਿਮ ਲੀਡਰ ਚੁਣੇ ਜਾਣ ਤੱਕ ਜੇਸਨ ਕੇਨੀ ਪਾਰਟੀ ਦੇ ਲੀਡਰ ਰਹਿਣਗੇ। ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਦੀ ਕੈਲਗਰੀ-ਲਾਫ਼ੀਡ ਤੋਂ ਐਮਐਲਏ ਬਣੇ ਰਹਿਣ ਦੀ ਇੱਛਾ ਹੈ ਜਾਂ ਨ੍ਹੀਂ।

ਓਲਡਜ਼-ਡਿਲਡਜ਼ਬਰੀ-ਥ੍ਰੀ ਹਿਲਜ਼ ਯੂਸੀਪੀ ਕੰਸਟੀਚੁਐਂਸੀ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ, ਰੌਬ ਸਮਿੱਥ ਨੇ ਕਿਹਾ, ਇਹ ਐਲਬਰਟਾ ਲਈ ਕਮਾਲ ਦੀ ਰਾਤ ਹੈ

ਸਮਿੱਥ ਕੇਨੀ ਦੇ ਅਸਤੀਫ਼ੇ ਤੋਂ ਹੈਰਾਨ ਹਨ ਪਰ ਉਹਨਾਂ ਕਿਹਾ ਕਿ ਕੇਨੀ ਨੇ ਸਹੀ ਫ਼ੈਸਲਾ ਕੀਤਾ ਹੈ।

ਉਹਨਾਂ ਕਿਹਾ, ਜੇ ਤਕਰੀਬਨ 50 ਫ਼ੀਸਦੀ ਜਾਂ 48.6 ਮੈਂਬਰ ਹੀ ਤੁਹਾਡੇ ਖ਼ਿਲਾਫ਼ ਹੋਣ ਤਾਂ ਦਰਅਸਲ ਇਹ ਪਾਰਟੀ ਦੀ ਅਗਵਾਈ ਲਈ ਕਾਫ਼ੀ ਨਹੀਂ ਹੈ

ਸਮਿੱਥ ਕੇਨੀ ਦੀ ਲੀਡਰਸ਼ਿਪ ਦੇ ਆਲੋਚਕ ਰਹੇ ਹਨ। ਉਹ ਕੇਨੀ ‘ਤੇ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਕੇਨੀ ਜ਼ਮੀਨੀ ਪੱਧਰ ‘ਤੇ ਪਾਰਟੀ ਨਾਲ ਨਹੀਂ ਜੁੜਦੇ ਅਤੇ ਪਾਰਟੀ ਅਸੋਸੀਏਸ਼ਨਾਂ ਨਾਲ ਸਮਾਂ ਬਤੀਤ ਨਹੀਂ ਕਰਦੇ।

ਪਰ ਪਾਰਟੀ ਵਿਚਲੇ ਕੇਨੀ ਦੇ ਸਮਰਥਕ ਉਹਨਾਂ ਦੇ ਅਸਤੀਫ਼ੇ ਤੋਂ ਹੈਰਾਨ ਹਨ।

ਯੂਸੀਪੀ ਦੇ ਪ੍ਰੋਵਿੰਸ਼ੀਅਲ ਬੋਰਡ ਦੀ ਸੈਕਟਰੀ, ਜੇਨਿਸ ਨੈੱਟ ਨੇ ਕਿਹਾ, ਮੈਂ ਕੇਨੀ ਨੂੰ ਜਾਂਦਾ ਦੇਖ ਨਿਜੀ ਤੌਰ ‘ਤੇ ਬਹੁਤ ਉਦਾਸ ਹਾਂ। ਮੇਰਾ ਮੰਨਣਾ ਹੈ ਕਿ ਕੇਨੀ ਇੱਕ ਮਜ਼ਬੂਤ ਲੀਡਰ ਸਨ ਅਤੇ ਉਹਨਾਂ ਅੰਦਰ ਸੂਬੇ ਨੂੰ ਅੱਗੇ ਲਿਜਾਣ ਦੀ ਕਾਫ਼ੀ ਸਮਰੱਥਾ ਸੀ

ਲੀਡਰਸ਼ਿਪ ਦਾਅਵੇਦਾਰ

ਸਾਬਕਾ ਵਾਈਲਡਰੋਜ਼ ਲੀਡਰ ਅਤੇ ਫ਼ਰਟ ਮਕਮਰੇ ਤੋਂ ਮੌਜੂਦਾ ਯੂਸੀਪੀ ਐਮਐਲਏ ਬ੍ਰਾਇਨ ਸ਼ੌਨ, 2017 ਵਿਚ ਲੀਡਰਸ਼ਿਪ ਰੇਸ ਹਾਰ ਗਏ ਸਨ। ਉਹਨਾਂ ਨੇ ਇੱਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਉਹ ਲੀਡਰਸ਼ਿਪ ਮੁਕਾਬਲੇ ਵਿਚ ਹਿੱਸਾ ਲੈਣ ਦਾ ਇਰਾਦਾ ਰੱਖਦੇ ਹਨ।

ਬ੍ਰਾਇਨ ਨੇ ਕਿਹਾ, ਐਲਬਰਟਾ ਭਰ ਦੇ ਯੂਸੀਪੀ ਮੈਂਬਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਵੰਢਣ ਵਾਲੀ ਸਿਆਸਤ ਅਤੇ ਤਾਨਾਸ਼ਾਹ ਤਰੀਕੇ ਦੀ ਲੀਡਰਸ਼ਿਪ ਨੂੰ ਰੱਦ ਕਰਦੇ ਹਨ

ਉਹਨਾਂ ਕਿਹਾ ਕਿ ਪਾਰਟੀ ਮੈਂਬਰ ਅਜਿਹੀ ਅਗਵਾਈ ਚਾਹੁੰਦੇ ਹਨ ਜਿਸ ਨਾਲ ਪਾਰਟੀ ਇਕਜੁਟ ਰਹੇ ਅਤੇ ਐਲਬਰਟਾ ਵਾਸੀਆਂ ਵਾਸਤੇ ਬਿਹਤਰ ਨੀਤੀਆਂ ਬਣਾਈਆਂ ਜਾ ਸਕਣ।

ਇੱਕ ਹੋਰ ਸਾਬਕਾ ਵਾਈਲਡਰੋਜ਼ ਲੀਡਰ ਡੇਨੀਅਲ ਸਮਿੱਥ ਵੀ ਯੂਸੀਪੀ ਲੀਡਰਸ਼ਿਪ ਵਿਚ ਆਪਣੀ ਦਿਲਚਸਪੀ ਦਿਖਾ ਚੁੱਕੇ ਹਨ। ਬੁੱਧਵਾਰ ਸ਼ਾਮੀ ਇੱਕ ਬਿਆਨ ਵਿਚ ਸਮਿੱਥ ਨੇ ਐਲਬਰਟਾ ਵਿਚ ਸੱਜੇ ਪੱਖ ਨੂੰ ਇਕਜੁਟ ਕਰਨ ਲਈ ਕੇਨੀ ਦਾ ਧੰਨਵਾਦ ਕੀਤਾ।

ਜੇ ਇਰਾਦਾ ਹੋਵੇ ਤਾਂ ਕੇਨੀ ਵੀ ਲੀਡਰਸ਼ਿਪ ਮੁਕਾਬਲੇ ਵਿਚ ਦੁਬਾਰਾ ਹਿੱਸਾ ਲੈ ਸਕਦੇ ਹਨ।

ਇਸ ਤੋਂ ਇਲਾਵਾ ਕੇਨੀ ਦੀ ਕੈਬਿਨੇਟ ਦੇ ਕਈ ਮੈਂਬਰ ਜਿਵੇਂ ਵਿੱਤ ਮੰਤਰੀ ਟ੍ਰੈਵਿਸ ਟੋਅਜ਼, ਇਕੌਨਮੀ ਐਂਡ ਇਨੋਵੇਸ਼ਨ ਮੰਤਰੀ ਡਗ ਸ਼ਵੀਜ਼ਰ, ਊਰਜਾ ਮੰਤਰੀ ਸੌਨਿਆ ਸੈਵੇਜ, ਵਾਤਾਵਾਰਣ ਮੰਤਰੀ ਜੇਸਨ ਨਿਕਸਨ ਅਤੇ ਟ੍ਰਾਂਸਪੋਰਟ ਮੰਤਰੀ ਰਾਜਨ ਸੌਨੀ ਵੀ ਲੀਡਰਸ਼ਿਪ ਦੇ ਸੰਭਾਵੀ ਉਮੀਦਵਾਰ ਹੋ ਸਕਦੇ ਹਨ।

ਐਲਬਰਟਾ ਐਨਡੀਪੀ ਲੀਡਰ ਰੇਸ਼ਲ ਨੋਟਲੀ ਨੇ ਟਵੀਟ ਕਰਕੇ ਕੇਨੀ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਨੋਟਲੀ ਨੇ ਲਿਖਿਆ ਕਿ ਭਾਵੇਂ ਬਹੁਤ ਸਾਰੇ ਪਹਿਲੂਆਂ ‘ਤੇ ਉਹ ਆਪਸ ਵਿਚ ਸਹਿਮਤ ਨਹੀਂ ਸਨ, ਪਰ ਪ੍ਰੀਮੀਅਰ ਦੀਆਂ ਕੁਰਬਾਨੀਆਂ ਅਤੇ ਦਿੱਤੇ ਸਮੇਂ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ ਕਿਹਾ ਕਿ ਇਹ ਕੰਮ ਅਸਾਨ ਨਹੀਂ ਹੁੰਦਾ।

ਲੰਮੇ ਸਮੇਂ ਦੀ ਉਥਲ-ਪੁਥਲ

2017 ਵਿਚ ਵਾਈਲਡਰੋਜ਼ ਪਾਰਟੀ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਿਚ ਸ਼ਾਮਲ ਹੋਣ ਨਾਲ ਯੂਸੀਪੀ ਪਾਰਟੀ ਹੋਂਦ ਵਿਚ ਆਈ ਸੀ। ਯੂਸੀਪੀ ਅੰਦਰ ਕਈ ਮਹੀਨਿਆਂ ਤੋਂ ਖ਼ਾਨਾਜੰਗੀ ਚਲ ਰਹੀ ਸੀ।

ਪਿਛਲੇ 18 ਮਹੀਨਿਆਂ ਤੋਂ ਪੋਲ ਸਰਵੇਖਣਾਂ ਵਿਚ ਕੇਨੀ ਨੂੰ ਬਹੁਤ ਘੱਟ ਸਮਰਥਨ ਪ੍ਰਾਪਤ ਹੋ ਰਿਹਾ ਸੀ, ਜਿਸ ਤੋਂ ਬਾਅਦ ਅਗਲੀ ਸਰਕਾਰ ਲਈ ਐਨਡੀਪੀ ਦੇ ਸੱਤਾ ਵਿਚ ਮੁੜ ਆਉਣ ਦੀ ਸੰਭਾਵਨਾ ਉੱਭਰ ਰਹੀ ਸੀ। ਇਸ ਵਰਤਾਰੇ ਨੂੰ ਰੋਕਣ ਲਈ ਯੂਸੀਪੀ ਦੇ ਅੰਦਰ ਹੀ ਨਵੇਂ ਲੀਡਰ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਸੀ।

ਕੇਨੀ ਦਾ ਮੰਨਣਾ ਸੀ ਕਿ ਐਲਬਰਟਾ ਵਾਸੀਆਂ ਵੱਲੋਂ ਉਹਨਾਂ ਦੇ ਥੁੜ੍ਹਦੇ ਸਮਰਥਨ ਦਾ ਕਾਰਨ ਕੋਵਿਡ ਸਬੰਧੀ ਰੋਕਾਂ ਅਤੇ ਵੈਕਸੀਨ ਪਾਸਪੋਰਟ ਪ੍ਰਣਾਲੀ ਸੀ।

9 ਅਪ੍ਰੈਲ ਨੂੰ ਲੀਡਰਸ਼ਿਪ ਰੀਵਿਊ ਲਈ ਪਾਰਟੀ ਨੇ ਰੈਡ ਡੀਅਰ ਸ਼ਹਿਰ ਵਿਚ ਇਨ-ਪਰਸਨ ਮੌਜੂਦ ਹੋਕੇ ਵੋਟ ਪਾਉਣ ਦਾ ਸਿਲਸਿਲਾ ਬਦਲ ਦਿੱਤਾ ਅਤੇ ਡਾਕ ਰਾਹੀਂ ਵੋਟ ਪਾਉਣ ਦਾ ਵਿਕਲਪ ਐਲਾਨਿਆ। ਇਸ ਪਿੱਛੇ ਇਹ ਡਰ ਸੀ ਕਿ ਇਸ ਆਯੋਜਨ ਵਿਚ ਕਰੀਬ 15,000 ਨਵੇਂ ਮੈਂਬਰ ਹਾਜ਼ਰ ਹੋ ਸਕਦੇ ਸਨ ਅਤੇ ਵੈਨਿਊ ਬੇਤਹਾਸ਼ਾ ਭਰ ਸਕਦਾ ਸੀ। ਬਹੁਤਿਆਂ ਦਾ ਮੰਨਣਾ ਹੈ ਕਿ ਇਹਨਾਂ ਵਿਚੋਂ ਜ਼ਿਆਦਾਤਰ ਮੈਂਬਰਾਂ ਨੇ ਕੇਨੀ ਦੇ ਖ਼ਿਲਾਫ਼ ਵੋਟ ਦੇਣੀ ਸੀ।

ਯੂਸੀਪੀ ਦੀ ਪ੍ਰੈਜ਼ੀਡੈਂਟ ਸਿੰਥੀਆ ਮੂਅਰ ਨੇ ਬੁੱਧਵਾਰ ਨੂੰ ਆਪਣੇ ਐਲਾਨ ਦੀ ਸ਼ੁਰੂਆਤ ਉਹਨਾਂ ਉਪਾਵਾਂ ‘ਤੇ ਰੌਸ਼ਨੀ ਪਾਕੇ ਕੀਤੀ ਜਿਹਨਾਂ ਰਾਹੀਂ ਰੀਵਿਊ ਵੋਟਾਂ ਦਾ ਆਯੋਜਨ ਵੱਧ ਤੋਂ ਵੱਧ ਨਿਰਪੱਖ ਅਤੇ ਈਮਾਨਦਾਰ ਢੰਗ ਨਾਲ ਹੋਣਾ ਯਕੀਨੀ ਬਣਾਇਆ ਗਿਆ ਸੀ।

ਵੀਰਵਾਰ ਨੂੰ ਹੋਣ ਵਾਲੀ ਕਾਕਸ ਮੀਟਿੰਗ ਵਿਚ ਪਾਰਟੀ ਦੀਆਂ ਭਵਿੱਖ ਦੀਆਂ ਗਤੀਵਿਧੀਆਂ ਵਿਚਾਰੀਆਂ ਜਾਣਗੀਆਂ।

ਮਿਸ਼ੈਲ ਬੈਲਫ਼ੌਨਟੇਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ