1. ਮੁੱਖ ਪੰਨਾ

‘ਕਿਤਾਬਾਂ ‘ਤੇ ਪਾਬੰਦੀਆਂ ਦਾ ਹਰਜਾਨਾ ਨੌਜਵਾਨ ਪਾਠਕ ਭੁਗਤਦੇ ਹਨ’ : ਰੂਪੀ ਕੌਰ

ਕੈਨੇਡੀਅਨ ਕਵਿਤਰੀ ਦੀ ਕਿਤਾਬ ‘ਮਿਲਕ ਐਂਡ ਹਨੀ’ ਅਮਰੀਕਾ ਦੇ ਟੈਕਸਸ ਦੇ ਸਕੂਲਾਂ ਵਿਚ ਬੈਨ

ਕੈਨੇਡੀਅਨ ਲੇਖਕ ਰੂਪੀ ਕੌਰ ਦੀ ਫ਼ਾਈਲ ਤਸਵੀਰ।

ਕੈਨੇਡੀਅਨ ਲੇਖਕ ਰੂਪੀ ਕੌਰ ਦੀ ਫ਼ਾਈਲ ਤਸਵੀਰ।

ਤਸਵੀਰ: The Canadian Press / Chris Young

RCI

ਕੈਨੇਡੀਅਨ ਲੇਖਕ ਰੂਪੀ ਕੌਰ ਨੂੰ ਅਫ਼ਸੋਸ ਹੈ ਕਿ ਉਹਨਾਂ ਦੀ ਪਲੇਠੀ ਕਾਵਿ ਪੁਸਤਕ ਅਮਰੀਕਾ ਦੇ ਟੈਕਸਸ ਅਤੇ ਓਰੇਗਨ ਦੇ ਕੁਝ ਹਿੱਸਿਆਂ ਵਿਚ ਜਾਂ ਤਾਂ ਬੈਨ ਹੋ ਗਈ ਹੈ ਜਾਂ ਬੈਨ ਹੋਣ ਦੇ ਯਤਨਾਂ ਅਧੀਨ ਹੈ।

‘ਮਿਲਕ ਐਂਡ ਹਨੀ’ ਦੇ ਨਾਂ ਹੇਠ ਛਪੀ ਕਿਤਾਬ 2014 ਵਿਚ ਪਾਠਕਾਂ ਦੇ ਰੂ-ਬ-ਰੂ ਹੋਈ ਸੀ। ਇਹ ਕਿਤਾਬ ਅੰਸ਼ਿਕ ਤੌਰ ‘ਤੇ ਜਿਨਸੀ ਸ਼ੋਸ਼ਣ ਅਤੇ ਲਿੰਗ ਅਧਾਰਤ ਹਿੰਸਾ ਦੇ ਲੇਖਕ ਦੇ ਤਜਰਬਿਆਂ ‘ਤੇ ਅਧਾਰਤ ਹੈ।

ਨਸਲ, ਲਿੰਗ ਅਤੇ ਸੈਕਸੁਅਲਟੀ ਦੇ ਵਿਸ਼ੇ ਵਾਲੀ ਇਹ ਕਿਤਾਬ ਹੁਣ ਉਹਨਾਂ ਕਿਤਾਬਾਂ ਵਿਚੋਂ ਇੱਕ ਹੈ ਜੋ ਕੰਜ਼ਰਵੇਟਿਵ ਮਾਪਿਆਂ ਦਾ ਨਿਸ਼ਾਨਾ ਬਣਦੀਆਂ ਰਹੀਆਂ ਹਨ।

ਸੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਰੂਪੀ ਨੇ ਕਿਹਾ, ਮੈਨੂੰ ਨੌਜਵਾਨ ਪਾਠਕਾਂ ਲਈ ਬਹੁਤ ਦੁੱਖ ਹੁੰਦਾ ਹੈ, ਕਿਉਂਕਿ ਅਖ਼ੀਰ ਵਿਚ ਨੌਜਵਾਨ ਪਾਠਕ ਹੀ ਹਨ ਜੋ ਇਸ ਵਰਤਾਰੇ ਕਾਰਨ ਦੁਖੀ ਹੁੰਦੇ ਹਨ

ਰੂਪੀ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਹਨ ਜਿਹਨਾਂ ਤੋਂ ਨੌਜਵਾਨ ਪਾਠਕਾਂ ਨੂੰ ਜਾਣਕਾਰੀ ਮਿਲ ਸਕਦੀ ਸੀ, ਪਰ ਨੀਤੀ ਘਾੜੇ ਉਹਨਾਂ ਕਿਤਾਬਾਂ ਨੂੰ ਲਗਾਤਾਰ ਬੈਨ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਨਾ ਸਿਰਫ਼ ਟੈਕਸਸ ਵਿਚ ਬਲਕਿ ਹੋਰ ਸੂਬਿਆਂ ਵਿਚ ਵੀ ਇਹ ਵਰਤਾਰਾ ਮੌਜੂਦ ਹੈ।

ਰੂਪੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪਿਛਲੇ ਮਹੀਨੇ ਇੱਕ ਪੋਸਟ ਵਿਚ ਜ਼ਿਕਰ  (ਨਵੀਂ ਵਿੰਡੋ)ਕੀਤਾ ਸੀ ਕਿ ਟੈਕਸਸ ਅਤੇ ਓਰੇਗਨ ਦੇ ਸਕੂਲਾਂ ਅਤੇ ਲਾਈਬ੍ਰੇਰੀਆਂ ਚੋਂ ਉਹਨਾਂ ਦੀ ਕਿਤਾਬ ਬੈਨ ਕਰ ਦਿੱਤੀ ਗਈ ਹੈ ਜਾਂ ਬੈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਨਬੀਸੀ ਨਿਊਜ਼ ਦੇ ਮੁਤਾਬਕ, ਟੈਕਸਸ ਦੇ ਕੈਲਰ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਵਿਚ ਰੂਪੀ ਦੀ ਕਿਤਾਬ ਹਟਾਏ ਜਾਣ ਵਾਲੀਆਂ ਕਿਤਾਬਾਂ ਦੀ ਸੂਚੀ ਵਿਚ ਪਾ ਦਿੱਤੀ ਗਈ ਹੈ। ਓਰੇਗਨ ਦੇ ਰੋਜ਼ਬਰਗ ਵਿਚ ਪਿਛਲੇ ਸਾਲ ਇਸੇ ਤਰ੍ਹਾਂ ਦੀ ਸ਼ਿਕਾਇਤ ਸਾਹਮਣੇ ਆਈ ਸੀ।

ਦੇਖੋ। ਕਿਤਾਬ 'ਤੇ ਪਾਬੰਦੀ ਬਾਰੇ ਰੂਪੀ ਕੌਰ ਦਾ ਪ੍ਰਤੀਕਰਮ :

ਓਨਟੇਰਿਓ ਦੇ ਬ੍ਰੈਂਪਟਨ ਦੀ ਰਹਿਣ ਵਾਲੀ ਰੂਪੀ ਕੌਰ 21 ਸਾਲ ਦੀ ਸੀ ਜਦੋਂ ਉਸਦੀ ‘ਮਿਲਕ ਐਂਡ ਹਨੀ’ ਕਿਤਾਬ ਨੇ ਅੰਤਰਰਾਸ਼ਟਰੀ ਸ਼ੋਹਰਤ ਬਟੋਰੀ ਸੀ। ਉਸਦੀ ਲੇਖਣੀ ਨੂੰ ਨਵੇਂ ਕਿਸਮ ਦੀ ਇੰਸਟਾ-ਸ਼ਾਇਰੀ ਵੀ ਆਖਿਆ ਗਿਆ ਸੀ।

ਪ੍ਰੋਫ਼ੈਸਰਾਂ ਦੁਆਰਾ ਨਿਰਾਸ਼ ਕੀਤੇ ਜਾਣ ਤੋਂ ਬਾਅਦ, ਰੂਪੀ ਨੇ ਖ਼ੁਦ ਆਪਣੀ ਕਿਤਾਬ ਛਾਪੀ ਅਤੇ ਸੋਸ਼ਲ ਮੀਡੀਆ ਉੱਪਰ ਇਸਦਾ ਪ੍ਰਚਾਰ ਕੀਤਾ। ਟੁੱਟਦੇ ਰਿਸ਼ਤਿਆਂ, ਨਾਰੀਵਾਦ ਅਤੇ ਹੋਂਦ ਦੇ ਵਿਸ਼ਿਆਂ ‘ਤੇ ਕਿਤਾਬ ਵਿਚ ਦਰਜ ਦਿਲ ਛੂਹੰਦੀਆਂ ਕਵਿਤਾਵਾਂ ਨੇ ਨੌਜਵਾਨ ਪਾਠਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਰੂਪੀ ਨੇ ਦੱਸਿਆ ਕਿ ਉਸਨੇ ਅਜਿਹੀ ਕਿਤਾਬ ਲਿਖੀ ਸੀ ਜਿਸ ਤਰ੍ਹਾਂ ਦੀ ਕਿਤਾਬ ਉਹ ਆਪਣੀ ਬਾਲ-ਉਮਰ /ਟੀਨੇਜ (teenage) ਵਿਚ ਪੜ੍ਹਨਾ ਚਾਹੁੰਦੀ ਸੀ।

ਉਸਨੇ ਦੱਸਿਆ ਕਿ ਉਸ ਸਮੇਂ ਕਿਤਾਬਾਂ ਦੇ ਬਾਜ਼ਾਰ ਵਿਚ ਕਵਿਤਾਵਾਂ ਬਹੁਤੀਆਂ ਸਰਗਰਮ ਨਹੀਂ ਸਨ ਅਤੇ ਕਿਤਾਬਾਂ ਦੇ ਸਟੋਰਾਂ ਵਿਚ ਬਹੁਤੇ ਕਵਿਤਾਵਾਂ ਦੇ ਸੈਕਸ਼ਨ ਉਹਨਾਂ ਲੇਖਕਾਂ ਦੇ ਸਨ ਜੋ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸਨ।

ਰੂਪੀ ਨੇ ਕਿਹਾ ਕਿ ਹੁਣ ਜਿਹੜੇ ਨੌਜਵਾਨ ਟੈਕਸਸ ਵਿਚ ਉਸਦੀ ਇੱਹ ਕਿਤਾਬ ਨਹੀਂ ਖ਼ਰੀਦ ਸਕਣਗੇ ਉਹ ਉਹਨਾਂ ਕਹਾਣੀਆਂ ਨੂੰ ਵੀ ਨਹੀਂ ਜਾਣ ਸਕਣਗੇ ਜਿਹਨਾਂ ਨੂੰ ਪੜ੍ਹਕੇ ਉਹਨਾਂ ਨੂੰ ਆਪਣੀਆਂ ਬੰਦਿਸ਼ਾਂ ਤੋਂ ਰਿਹਾਈ ਮਿਲਣੀ ਸੀ, ਸੁਕੂਨ ਮਿਲਣਾ ਸੀ।

ਮੈਨੂੰ ਯਾਦ ਹੈ ਕਿ ਮੇਰੇ ਬਚਪਨ ਵਿਚ ਮੇਰੇ ਕੋਲ ਥੈਰਿਪੀ ਜਾਂ ਹੋਰ ਮਾਨਸਿਕ ਸਿਹਤ ਦੇ ਉਪਾਵਾਂ ਤੱਕ ਪਹੁੰਚ ਨਹੀਂ ਹੁੰਦੀ ਸੀ ਅਤੇ ਇਸੇ ਕਰਕੇ ਮੈਂ ਕਿਤਾਬਾਂ ਵਿਚ ਸੁਕੂਨ ਭਾਲਣਾ ਸ਼ੁਰੂ ਕੀਤਾ ਸੀ

ਰੂਪੀ ਕੌਰ ਭਾਰਤ ਵਿਚ ਇੱਕ ਸਿੱਖ ਪਰਿਵਾਰ ਵਿਚ ਜੰਮੀ ਸੀ ਅਤੇ ਉਹ 4 ਸਾਲ ਦੀ ਉਮਰ ਵਿਚ ਆਪਣੇ ਮਾਪਿਆਂ ਨਾਲ ਕੈਨੇਡਾ ਆਈ ਸੀ। ਉਸਦਾ ਕਹਿਣਾ ਹੈ ਕਿ ਲੋਕ ਹੁਣ ਆਪਣੇ ਪਰਵਾਸੀ ਤਜਰਬਿਆਂ ਬਾਰੇ ਵਧੇਰੇ ਖੁੱਲਕੇ ਬੋਲਣ ਲੱਗ ਪਏ ਹਨ।

ਪਰ ਉਸਦਾ ਕਹਿਣਾ ਹੈ ਕਿ ਇੰਡਸਟਰੀ ਵਿਚ ਇਮੀਗ੍ਰੈਂਟਸ ਦੇ ਅਣਛੋਹੇ ਪਹਿਲੂਆਂ ਲਈ ਵੀ ਹੋਰ ਜਗ੍ਹਾ ਤਿਆਰ ਹੋਣੀ ਚਾਹੀਦੀ ਹੈ। ਘੱਟ-ਗਿਣਤੀ ਅਤੇ ਸੱਤ ਸਮੁੰਦਰੋਂ ਪਾਰ ਆਏ ਮਿਹਨਤਕਸ਼ ਪਰਵਾਸੀ ਅਤੇ ਇਸ ਕਿਸਮ ਦੇ ਆਮ ਪਹਿਲੂਆਂ ਤੋਂ ਵੱਖਰੇ ਨੁਕਤਿਆਂ ‘ਤੇ ਵੀ ਗ਼ੌਰ ਕਰਨ ਦੀ ਜ਼ਰੂਰਤ ਹੈ।

ਜੈਨਾ ਬੈਨਸ਼ੈਟ੍ਰਿਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ