- ਮੁੱਖ ਪੰਨਾ
- ਅਰਥ-ਵਿਵਸਥਾ
- ਆਰਥਿਕ ਸੂਚਕ
ਕੈਨੇਡਾ ‘ਚ ਮਹਿੰਗਾਈ ਦਰ 6.8 % ਦਰਜ, 31 ਸਾਲ ਦਾ ਟੁੱਟਿਆ ਰਿਕਾਰਡ
ਅਰਥਸ਼ਾਸਤਰੀਆਂ ਨੂੰ ਮਹਿੰਗਾਈ ਦਰ ਵਿਚ ਨਿਘਾਰ ਦਾ ਸੀ ਅਨੁਮਾਨ

ਵੈਨਕੂਵਰ ਦੇ ਇੱਕ ਗ੍ਰੋਸਰੀ ਸਟੋਰ ਕੋਲੋਂ ਲੰਘਦੇ ਇੱਕ ਸ਼ਖ਼ਸ ਦੀ ਤਸਵੀਰ। ਅਪ੍ਰੈਲ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ 6.8 ਫ਼ੀਸਦੀ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।
ਤਸਵੀਰ: CBC / Ben Nelms
ਕੈਨੇਡਾ ਦੀ ਮਹਿੰਗਾਈ ਦਰ ਦੇ ਅਸਮਾਨ ਚੜ੍ਹਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਟੈਟਿਸਟਿਕਸ ਕੈਨੇਡਾ ਦੇ ਬੁੱਧਵਾਰ ਨੂੰ ਜਾਰੀ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 6.8 ਫ਼ੀਸਦੀ ਦਰਜ ਕੀਤੀ ਗਈ ਹੈ ਜੋਕਿ ਪਿਛਲੇ 31 ਸਾਲ ਦਾ ਸਿੱਖਰਲਾ ਪੱਧਰ ਹੈ।
1991 ਵਿਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਧ ਮਹਿੰਗਾਈ ਦਰ ਹੈ। ਮਾਰਚ ਮਹੀਨੇ ਕੈਨੇਡਾ ਵਿਚ ਸਾਲਾਨਾ ਮਹਿੰਗਾਈ ਦਰ 6.7 ਫੀਸਦੀ ਦਰਜ ਹੋਈ ਸੀ।
ਮੁਲਕ ਵਿਚ ਖਾਣ-ਪੀਣ ਦੀਆਂ ਵਸਤਾਂ ਵਿਚ ਪਿਛਲੇ ਇੱਕ ਸਾਲ ਦੇ ਮੁਕਾਬਲੇ 9.7 ਫ਼ੀਸਦੀ ਵਾਧਾ ਦਰਜ ਹੋਇਆ ਹੈ ਅਤੇ ਰਿਹਾਇਸ਼ ਦੀਆਂ ਕੀਮਤਾਂ ਵਿਚ 7.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਗੈਸ ਦੀਆਂ ਕੀਮਤਾਂ ਭਾਵੇਂ ਇੱਕ ਸਾਲ ਦੀ ਤੁਲਨਾ ਵਿਚ ਕਾਫ਼ੀ ਉੱਪਰ ਹਨ, ਪਰ ਅਪ੍ਰੈਲ ਮਹੀਨੇ ਇਹਨਾਂ ਵਿਚ ਕੁਝ ਕਮੀ ਦਰਜ ਕੀਤੀ ਗਈ ਹੈ।
ਅਰਥਸ਼ਾਸਤਰੀਆਂ ਨੂੰ ਉਮੀਦ ਸੀ ਕਿ ਅਪ੍ਰੈਲ ਦੀ ਮਹਿੰਗਾਈ ਦਰ ਮਾਰਚ ਨਾਲੋਂ ਕੁਝ ਕੁ ਹੇਠਾਂ ਆਵੇਗੀ ਪਰ ਇਸ ਤੋਂ ਉਲਟ ਅਪ੍ਰੈਲ ਵਿਚ ਵੀ ਮਹਿੰਗਾਈ ਨੇ ਉੱਪਰ ਵੱਲ ਨੂੰ ਕਦਮ ਪੁੱਟੇ ਹਨ।
ਗੁਆਂਢੀ ਮੁਲਕ ਅਮਰੀਕਾ ਵਿਚ ਵੀ ਮਹਿੰਗਾਈ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ ਪਰ ਉੱਥੋਂ ਦੇ ਅੰਕੜਿਆਂ ਅਨੁਸਾਰ ਮਾਰਚ ਦੇ 8.5 % ਦੇ ਮੁਕਾਬਲੇ ਅਪ੍ਰੈਲ ਵਿਚ ਮਹਿੰਗਾਈ ਦਰ ਵਿਚ 8.3 % ਦਰਜ ਕੀਤੀ ਗਈ ਹੈ। ਜਿਸ ਦਾ ਅਰਥ ਹੈ ਕਿ ਯੂ ਐਸ ਵਿਚ ਮਹਿੰਗਾਈ ਦਾ ਸਿਖਰ ਹੋ ਚੁੱਕਾ ਹੈ। ਪਰ ਅਰਥਸ਼ਾਸਤਰੀਆਂ ਨੂੰ ਖ਼ਦਸ਼ਾ ਹੈ ਕਿ ਕੈਨੇਡਾ ਵਿਚ ਅਜੇ ਮਹਿੰਗਾਈ ਦਾ ਸਿਖਰ ਨਹੀਂ ਹੋਇਆ ਹੈ।
ਵਧੇਰੇ ਮਹਿੰਗਾਈ ਦਰ ਦਾ ਮਤਲਬ ਹੈ ਕਿ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਵਾਧਾ ਕਰਨ ਦੀ ਸੰਭਾਵਨਾ ਵਧ ਗਈ ਹੈ। ਜੂਨ ਦੀ ਸ਼ੁਰੂਆਤ ਵਿਚ ਬੈਂਕ ਔਫ਼ ਕੈਨੇਡਾ ਦੀ ਵਿਆਜ ਦਰਾਂ ਬਾਬਤ ਪੌਲਿਸੀ ਮੀਟਿੰਗ ਹੋਣੀ ਹੈ।
ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ