1. ਮੁੱਖ ਪੰਨਾ
  2. ਖੇਡਾਂ
  3. ਇਮੀਗ੍ਰੇਸ਼ਨ

ਮੌਂਟਰੀਅਲ ਦੀ ਕ੍ਰਿਕੇਟ ਲੀਗ ਖੇਡ ਪ੍ਰੇਮੀਆਂ ਦੇ ਨਾਲ-ਨਾਲ ਨਵੇਂ ਪਰਵਾਸੀਆਂ ਲਈ ਵੀ ਮਦਦਗਾਰ

ਨਵੇਂ ਆਏ ਲੋਕਾਂ ਨੂੰ ਇੱਕ ਦੂਸਰੇ ਨਾਲ ਮੇਲਜੋਲ ਵਧਾਉਣ ਅਤੇ ਮੌਕੇ ਲੱਭਣ ਵਿਚ ਹੁੰਦੀ ਹੈ ਆਸਾਨੀ

ਪਿਛਲੇ ਹਫ਼ਤੇ ਸੀਜ਼ਨ ਦੇ ਉਦਘਾਟਨੀ ਮੈਚ ਤੋਂ ਪਹਿਲਾਂ ਮੌਂਟਰੀਅਲ ਬਾਦਸ਼ਾਹਜ਼ ਅਤੇ ਇੰਡੀਅਨ ਸਟਾਰਜ਼ ਤਸਵੀਰ ਖ਼ਿਚਾਉਂਦਿਆਂ।

ਪਿਛਲੇ ਹਫ਼ਤੇ ਸੀਜ਼ਨ ਦੇ ਉਦਘਾਟਨੀ ਮੈਚ ਤੋਂ ਪਹਿਲਾਂ ਮੌਂਟਰੀਅਲ ਬਾਦਸ਼ਾਹਜ਼ ਅਤੇ ਇੰਡੀਅਨ ਸਟਾਰਜ਼ ਤਸਵੀਰ ਖ਼ਿਚਾਉਂਦਿਆਂ।

ਤਸਵੀਰ:  (Montreal Cricket Association/Facebook)

RCI

ਮੌਂਟਰੀਅਲ ਦੇ ਜੈਰੀ ਪਾਰਕ ਵਿਚ ਸਥਿਤ ਕ੍ਰਿਕੇਟ ਗਰਾਊਂਡ ਸਿਰਫ਼ ਕ੍ਰਿਕੇਟ ਖੇਡਣ ਦੀ ਹੀ ਜਗ੍ਹਾ ਨਹੀਂ ਹੈ ਸਗੋਂ ਕਿਊਬੈਕ ਵਿਚ ਨਵੇਂ ਆਏ ਲੋਕਾਂ ਨੂੰ ਇੱਥੇ ਇੱਕ ਦੂਸਰੇ ਨਾਲ ਮਿਲਣ-ਜੁਲਣ, ਆਪਣਾ ਦਾਇਰਾ ਵਧਾਉਣ ਅਤੇ ਕੈਨੇਡਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਦਾ ਮੌਕਾ ਮਿਲਦਾ ਹੈ।

ਮੌਂਟਰੀਅਲ ਕ੍ਰਿਕੇਟ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਹਿਬੂਬ ਰਹਿਮਾਨ ਨੇ ਕਿਹਾ, ਇਹ ਖ਼ਾਸ ਤੌਰ ‘ਤੇ ਕਿਊਬੈਕ ਵਿਚ ਨਵੇਂ ਆਏ ਲੋਕਾਂ ਲਈ ਮੇਲਜੋਲ ਅਤੇ ਸਮਾਜਿਕ ਦਾਇਰਾ ਵਧਾਉਣ ਦੀ ਇੱਕ ਥਾਂ ਹੈ

ਮਹਿਬੂਬ 14 ਸਾਲ ਦੇ ਸਨ ਜਦੋਂ ਉਹ ਪਾਕਿਸਤਾਨ ਤੋਂ ਮੌਂਟਰੀਅਲ ਆਏ ਸਨ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਪਾਰਕ ਕ੍ਰਿਕੇਟ ਪ੍ਰੇਮੀਆਂ ਦੇ ਨਾਲ ਨਾਲ ਨਵੇਂ ਆਏ ਲੋਕਾਂ ਦੀ ਮਦਦ ਦਾ ਕੇਂਦਰ ਵੀ ਬਣ ਗਿਆ ਹੈ।

ਉਹਨਾਂ ਕਿਹਾ, ਮੈਂ ਲੋਕਾਂ ਨੂੰ ਇਸ ਲੀਗ ਰਾਹੀਂ ਨੌਕਰੀਆਂ ਪ੍ਰਾਪਤ ਕਰਦੇ ਅਤੇ ਸੂਬੇ ਵਿਚ ਖ਼ੁਦ ਨੂੰ ਬਿਹਤਰ ਤਰੀਕੇ ਨਾਲ ਸੈਟਲ ਹੁੰਦੇ ਦੇਖਿਆ ਹੈ

ਕ੍ਰਿਕੇਟ ਪ੍ਰੇਮੀਆਂ ਨੇ 25 ਸਾਲ ਪਹਿਲਾਂ ਮੌਂਟਰੀਅਲ ਕ੍ਰਿਕੇਟ ਅਸੋਸੀਏਸ਼ਨ ਦਾ ਗਠਨ ਕੀਤਾ ਸੀ। ਮੌਂਟਰੀਅਲ ਦੇ ਪਾਰਕ-ਐਕਸਟੈਂਸ਼ਨ ਇਲਾਕੇ ਵਿਚ ਅਧਾਰਿਤ ਇਸ ਲੀਗ ਦੇ ਬਹੁਤੇ ਮੈਂਬਰ ਆਸ-ਪਾਸ ਦੇ ਇਲਾਕੇ ਵਿਚ ਹੀ ਰਹਿੰਦੇ ਹਨ, ਪਰ ਕਈ ਅਜਿਹੇ ਵੀ ਹਨ ਜੋ ਲਵੈਲ ਵਰਗੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਵੀ ਕ੍ਰਿਕੇਟ ਦਾ ਹਿੱਸਾ ਬਣਨ ਆਉਂਦੇ ਹਨ।

22 ਸਾਲ ਦੇ ਅਬੁਜ਼ ਖ਼ਾਲਿਦ ਨੂੰ ਕ੍ਰਿਕੇਟ ਰਾਹੀਂ ਨਾ ਸਿਰਫ਼ ਨਵੇਂ ਦੋਸਤ ਮਿਲੇ ਸਗੋਂ ਨੌਕਰੀਆਂ ਦੇ ਮੌਕੇ ਵੀ ਪ੍ਰਾਪਤ ਹੋਏ। ਉਹ 2017 ਵਿਚ ਪਾਕਿਸਤਾਨ ਤੋਂ ਕੈਨੇਡਾ ਆਇਆ ਸੀ। ਉਹ ਆਪਣੇ ਅੰਕਲ ਆਂਟੀ ਨਾਲ ਮੌਂਟਰੀਅਲ ਵਿਚ ਰਹਿੰਦਾ ਹੈ ਅਤੇ ਪਰਮਾਨੈਂਟ ਰੈਜ਼ੀਡੈਂਟ ਹੈ।

ਜਦੋਂ ਖ਼ਾਲਿਦ ਕੈਨੇਡਾ ਆਇਆ ਸੀ ਤਾਂ ਉਦੋਂ ਸਰਦੀਆਂ ਸਨ ਅਤੇ ਉਸਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਮੌਂਟਰੀਅਲ ਵਿਚ ਉਸਦੀ ਮਨਪਸੰਦ ਖੇਡ ਵੀ ਖੇਡੀ ਜਾਂਦੀ ਹੈ। ਉਸਨੂੰ ਇੱਕ ਮਿੱਤਰ ਨੇ ਇਸ ਲੀਗ ਬਾਰੇ ਦੱਸਿਆ ਸੀ ਅਤੇ ਉਦੋਂ ਤੋਂ ਹੀ ਉਹ ਇਸ ਨਾਲ ਜੁੜਿਆ ਹੈ।

ਖ਼ਾਲਿਦ ਨੇ ਕਿਹਾ, ਮੈਂ ਜਦੋਂ ਕੈਨੇਡਾ ਆਇਆ ਸੀ ਤਾਂ ਪਹਿਲੇ ਦੋ ਤਿੰਨ ਮਹੀਨੇ ਮੇਰਾ ਇੱਕ ਵੀ ਦੋਸਤ ਨਹੀਂ ਸੀ, ਪਰ ਹੁਣ ਤਕਰੀਬਨ ਮੇਰੇ ਸਾਰੇ ਹੀ ਦੋਸਤ ਕ੍ਰਿਕੇਟ ਵਾਲੇ ਹਨ। ਖ਼ਾਲਿਦ ਨੂੰ ਲੀਗ ਵਿਚ ਖੇਡਣ ਵਾਲੇ ਹੀ ਇੱਕ ਦੋਸਤ ਦੇ ਜ਼ਰੀਏ ਲੈਬ ਟੈਕਨੀਸ਼ੀਅਨ ਦੀ ਨੌਕਰੀ ਮਿਲੀ ਸੀ।

ਮੌਂਟਰੀਅਲ ਕ੍ਰਿਕੇਟ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਹਿਬੂਬ ਰਹਿਮਾਨ ਅਤੇ ਸੀਬੀਸੀ ਦੀ ਹੋਸਟ ਸੋਨਾਲੀ ਕਾਰਨਿਕਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਮੌਂਟਰੀਅਲ ਕ੍ਰਿਕੇਟ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਹਿਬੂਬ ਰਹਿਮਾਨ ਅਤੇ ਸੀਬੀਸੀ ਦੀ ਹੋਸਟ ਸੋਨਾਲੀ ਕਾਰਨਿਕ

ਤਸਵੀਰ: (Craig Desson/CBC)

ਕ੍ਰਿਕੇਟ ਲੀਗ ਦੇ ਜ਼ਿਆਦਾਤਰ ਮੈਂਬਰ ਸਾਊਥ ਏਸ਼ੀਅਨ ਭਾਈਚਾਰੇ ਤੋਂ ਹਨ, ਪਰ ਕੁਝ ਮੈਂਬਰ ਨਿਊਜ਼ੀਲੈਂਡ, ਜਮੇਕਾ ਅਤੇ ਹੋਰ ਮੁਲਕਾਂ ਦੇ ਭਾਈਚਾਰਿਆਂ ਤੋਂ ਵੀ ਹਨ।

ਲੀਗ ਲਗਾਤਾਰ ਫੈਲ ਰਹੀ ਹੈ ਅਤੇ ਹੁਣ ਲੀਗ ਵਿਚ ਕੁਲ 22 ਟੀਮਾਂ ਹਨ।

ਮਹਿਬੂਬ ਨੇ ਦੱਸਿਆ ਕਿ ਉਹ ਆਪਣੇ ਕਾਰਜਕਾਲ ਦੌਰਾਨ ਸਥਾਨਕ ਸਰਕਾਰ ਨਾਲ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਕਿ ਜੋ ਕੋਈ ਵੀ ਕ੍ਰਿਕੇਟ ਖੇਡਣਾ ਚਾਹੁੰਦਾ ਹੈ ਉਸਦੀ ਲੀਗ ਤੱਕ ਪਹੁੰਚ ਹੋ ਸਕੇ। ਪਰ ਇਲਾਕੇ ਵਿਚ ਸਿਰਫ਼ ਦੋ ਕ੍ਰਿਕੇਟ ਫ਼ੀਲਡ ਹੋਣ ਕਰਕੇ, ਉਹ ਚਾਹੁੰਦਾ ਹੈ ਕਿ ਇਸ ਬਾਬਤ ਹੋਰ ਕਦਮ ਵੀ ਉਠਾਏ ਜਾਣ।

ਮਹਿਬੂਬ ਦਾ ਕਹਿਣਾ ਹੈ ਕਿ ਵਿਲੇਰੇ-ਸੇਂਟ ਮਿਸ਼ੈਲ-ਪਾਰਕ ਐਕਸਟੈਂਸ਼ਨ ਇਲਾਕੇ ਲਈ ਵਿਸ਼ੇਸ਼ ਕ੍ਰਿਕੇਟ ਪੌਲਿਸੀ ਹੋਣੀ ਚਾਹੀਦੀ ਹੈ ਅਤੇ ਸਥਾਨਕ ਸਰਕਾਰਾਂ ਨੂੰ ਵਿੱਤੀ ਮਦਦ ਵੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਸਰਕਾਰਾਂ ਦੇ ਨਾਲ ਨਾਲ ਮਹਿਬੂਬ ਚਾਹੁੰਦਾ ਹੈ ਕਿ ਲੀਗ ਦੇ ਬਾਕੀ ਮੈਂਬਰਾਨ ਵੀ ਆਪਣੇ ਆਪ ਨੂੰ ਸਥਾਨਕ ਸਰਕਾਰ ਨਾਲ ਜਾਣੂ ਕਰਵਾਉਣ ਤਾਂ ਕਿ ਪ੍ਰਸ਼ਾਸਨ ਅੱਗੇ ਉਹ ਬਿਹਤਰ ਢੰਗ ਨਾਲ ਜ਼ਾਹਰ ਹੋ ਸਕਣ।

ਲੰਘੇ ਵੀਕੈਂਡ ਕ੍ਰਿਕੇਟ ਲੀਗ ਦਾ ਨਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਹ ਪੂਰੀ ਗਰਮੀਆਂ ਜਾਰੀ ਰਹੇਗਾ।

ਸੋਨਾਲੀ ਕਾਰਨਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ