1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪ੍ਰਿੰਸ ਚਾਰਲਜ਼ ਅਤੇ ਕੈਮਿਲਾ ਦੇ ਤਿੰਨ ਰੋਜ਼ਾ ਕੈਨੇਡਾ ਦੌਰੇ ਦੀ ਸ਼ੁਰੂਆਤ

ਪ੍ਰਿੰਸ ਚਾਰਲਜ਼ ਅਤੇ ਉਹਨਾਂ ਦੀ ਪਤਨੀ ਡਚੇਸ ਔਫ਼ ਕੌਰਨਵੌਲ, ਕੈਮਿਲਾ

ਪ੍ਰਿੰਸ ਚਾਰਲਜ਼ ਅਤੇ ਉਹਨਾਂ ਦੀ ਪਤਨੀ ਡਚੇਸ ਔਫ਼ ਕੌਰਨਵੌਲ, ਕੈਮਿਲਾ ਦਾ ਤਿੰਨ ਰੋਜ਼ਾ ਕੈਨੇਡਾ ਦੌਰਾ ਅੱਜ ਤੋਂ ਸ਼ੁਰੂ ਹੋ ਗਿਆ ਹੈ।

ਤਸਵੀਰ: Reuters / MOLLY DARLINGTON

RCI

ਪ੍ਰਿੰਸ ਚਾਰਲਜ਼ ਅਤੇ ਉਹਨਾਂ ਦੀ ਪਤਨੀ ਡਚੇਸ ਔਫ਼ ਕੌਰਨਵੌਲ, ਕੈਮਿਲਾ, ਅੱਜ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਸੂਬੇ ਦੇ ਸੇਂਟ ਜੌਨਜ਼ ਤੋਂ ਆਪਣੇ ਕੈਨੇਡਾ ਦੌਰੇ ਦੀ ਸ਼ੁਰੂਆਤ ਕਰ ਰਹੇ ਹਨ।

ਇਸ ਸ਼ਾਹੀ ਜੋੜੇ ਦੀਆਂ ਪਿਛਲੀਆਂ ਫ਼ੇਰੀਆਂ ਤੋਂ ਮੁਖ਼ਤਲਫ਼, ਇਸ ਵਾਰੀ ਕੋਈ ਵੱਡਾ ਇੰਡੋਰ ਆਯੋਜਨ ਨਹੀਂ ਰੱਖਿਆ ਗਿਆ ਹੈ ਅਤੇ ਸਾਰੇ ਜਨਤਕ ਆਯੋਜਨ ਆਊਟਡੋਰ ਰੱਖੇ ਗਏ ਗਨ। ਪ੍ਰਿਸ ਚਾਰਲਜ਼ ਦਾ ਇਹ 19ਵਾਂ ਕੈਨੇਡਾ ਦੌਰਾ ਹੈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਸ਼ਾਹੀ ਜੋੜੇ ਦੇ ਸਵਾਗਤ ਲਈ ਸੇਂਟ ਜੌਨਜ਼ ਪਹੁੰਚੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨੂੰ ਨੂੰ ਕੈਨੇਡਾ ਵਿਚ ਬ੍ਰਿਟਿਸ਼-ਰਾਜਸ਼ਾਹੀ ਦਾ ਵਿਰੋਧ ਕਰਨ ਵਾਲੀਆਂ ਭਾਵਨਾਵਾਂ ਬਹੁਤੀਆਂ ਸੁਣਨ ਵਿਚ ਨਹੀਂ ਆਈਆਂ ਹਨ। 

ਇਹ ਵੀ ਪੜ੍ਹੋ:

ਗ਼ੌਰਤਲਬ ਹੈ ਕਿ ਕੁਝ ਕੈਰੀਬੀਅਨ ਮੁਲਕਾਂ ਵਿਚ ਬ੍ਰਿਟਿਸ਼ ਰਾਜਸ਼ਾਹੀ ਤੋਂ ਵੱਖ ਹੋਕੇ ਆਪਣੇ ਮੁਲਕਾਂ ਨੂੰ ਗਣਤੰਤਰ ਬਣਾਉਣ ਦਾ ਰੁਝਾਨ ਸਾਹਮਣੇ ਆ ਰਿਹਾ ਹੈ। 2021 ਵਿਚ ਬਾਰਬਾਡੋਸ ਖ਼ੁਦ ਨੂੰ ਗਣਤੰਤਰ ਐਲਾਨ ਚੁੱਕਾ ਹੈ ਅਤੇ ਫ਼ਰਵਰੀ ਮਹੀਨੇ ਪ੍ਰਿੰਸ ਵਿਲੀਅਮ ਅਤੇ ਡਚੇਸ ਔਫ਼ ਕੈਮਬ੍ਰਿਜ, ਕੇਟ ਦੀ ਜਮੇਕਾ ਫ਼ੇਰੀ ਦੌਰਾਨ ਜਮੇਕਾ ਦੇ ਪ੍ਰਧਾਨ ਮੰਤਰੀ ਐਂਡਰੂ ਹੋਲਨੈਸ ਨੇ ਕਿਹਾ ਸੀ ਕਿ ਉਹ ਬ੍ਰਿਟਿਸ਼ ਬਾਦਸ਼ਾਹਤ ਤੋਂ ਜਮੇਕਾ ਨੂੰ ਅਲੱਗ ਕਰਕੇ ਮੁਲਕ ਨੂੰ ਗਣਤੰਤਰ ਬਣਾਉਣ ਦੀ ਯੋਜਨਾ ਬਣਾ ਰਹੇ ਹਨ।

ਸੇਂਟ ਜੌਨਜ਼ ਵਿਚ ਟ੍ਰੂਡੋ ਨੇ ਪ੍ਰਿੰਸ ਚਾਰਲਜ਼ ਅਤੇ ਕੈਮਿਲਾ ਦਾ ਸਵਾਗਤ ਕਰਦਿਆਂ ਕਿਹਾ, ਮੈਨੂੰ ਪਤਾ ਹੈ ਕਿ ਇਸਦਾ ਲੋਕਾਂ ਲਈ ਬਹੁਤ ਮਹੱਤਵ ਹੈ। ਜਦੋਂ ਅਸੀਂ ਦੁਨੀਆ ਭਰ ਵਿੱਚ ਲੋਕਤੰਤਰੀ ਸੰਸਥਾਵਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਦੇਖਦੇ ਹਾਂ, ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਖੁਸ਼ ਹੋ ਸਕਦੇ ਹਾਂ ਕਿ ਸਾਡੇ ਕੋਲ ਅਜਿਹੀ ਸਥਿਰ ਪ੍ਰਣਾਲੀ ਹੈ

ਕੀ ਸ਼ਾਹੀ ਜੋੜੇ ਨੂੰ ਵੀ ਰੈਜ਼ੀਡੈਂਸ਼ੀਅਲ ਸਕੂਲ ਦੇ ਬਚੇ ਹੋਏ ਪੀੜਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਦੇ ਸਵਾਲ ਨੂੰ ਟ੍ਰੂਡੋ ਨੇ ਦਰਕਿਨਾਰ ਕੀਤਾ, ਪਰ ਉਹਨਾਂ ਉਮੀਦ ਜਤਾਈ ਕਿ ਪ੍ਰਿੰਸ ਚਾਰਲਜ਼ ਅਤੇ ਡਚੇਸ ਕੈਮਿਲਾ, ਇਸ ਫ਼ੇਰੀ ਨੂੰ ਮੂਲਨਿਵਾਸੀਆਂ ਨਾਲ ਸੁਲ੍ਹਾ ਦੀ ਦਿਸ਼ਾ ਵਿਚ ਵਿਚਾਰ ਕਰਨ ਦੇ ਇੱਕ ਮੌਕੇ ਵੱਜੋਂ ਵਰਤਣਗੇ।

ਸ਼ਾਹੀ ਜੋੜੇ ਦਾ ਸਵਾਗਤ

ਮੰਗਲਵਾਰ ਦੁਪਹਿਰ ਨੂੰ ਸ਼ਾਹੀ ਜੋੜਾ ਸਭ ਤੋਂ ਪਹਿਲਾਂ ਕਨਫ਼ੈਡਰੇਸ਼ਨ ਬਿਲਡਿੰਗ ਜਾਵੇਗਾ ਜਿੱਥੇ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਜਨਤਾ ਨੂੰ ਸੱਦਿਆ ਗਿਆ ਹੈ।

ਮੂਲਨਿਵਾਸੀ ਲੋਕਾਂ ਨਾਲ ਸੁਲ੍ਹਾ ਇਸ ਦੌਰੇ ਦਾ ਮੁੱਖ ਫ਼ੋਕਸ ਹੈ ਅਤੇ ਅੱਜ ਦੇ ਦਿਨ ਦਾ ਥੀਮ ਵੀ ਇਹੀ ਰਹੇਗਾ।

ਕਨਫ਼ੈਡਰੇਸ਼ਨ ਬਿਲਡਿੰਗ ਵਿਚ ਪ੍ਰਿੰਸ ਚਾਰਲਜ਼ ਦੇ ਭਾਸ਼ਣ ਤੋਂ ਪਹਿਲਾਂ, ਸ਼ਾਹੀ ਜੋੜਾ ਮੂਲਨਿਵਾਸੀਆਂ ਦੀ ਇੱਕ ਅਰਦਾਸ ਅਤੇ ਇੱਕ ਸੰਗੀਤਕ ਆਯੋਜਨ ਦੇ ਸਨਮੁੱਖ ਹੋਵੇਗਾ।

ਸ਼ਾਹੀ ਜੋੜਾ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੇ ਸੂਬਾਈ ਲਜਿਸਲੇਚਰ ਕਨਫ਼ੈਡਰੇਸ਼ਨ ਬਿਲਡਿੰਗ ਵਿਚ ਆਯੋਜਿਤ ਸੈਰਮਨੀ ਵਿਚ ਸ਼ਮੂਲੀਅਤ ਅਤੇ ਇੱਕ ਭਾਸ਼ਣ ਨਾਲ ਆਪਣੇ ਕੈਨੇਡਾ ਦੌਰੇ ਦੀ ਸ਼ੁਰੂਆਤ ਕਰੇਗਾ।

ਸ਼ਾਹੀ ਜੋੜਾ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੇ ਸੂਬਾਈ ਲਜਿਸਲੇਚਰ ਕਨਫ਼ੈਡਰੇਸ਼ਨ ਬਿਲਡਿੰਗ ਵਿਚ ਆਯੋਜਿਤ ਸੈਰਮਨੀ ਵਿਚ ਸ਼ਮੂਲੀਅਤ ਅਤੇ ਇੱਕ ਭਾਸ਼ਣ ਨਾਲ ਆਪਣੇ ਕੈਨੇਡਾ ਦੌਰੇ ਦੀ ਸ਼ੁਰੂਆਤ ਕਰੇਗਾ।

ਤਸਵੀਰ: Radio-Canada / CBC

ਇਸ ਤੋਂ ਬਾਅਦ ਪ੍ਰਿੰਸ ਚਾਰਲਜ਼ ਅਤੇ ਕੈਮਿਲਾ ਹਾਰਟ ਗਾਰਡਨ ਦਾ ਦੌਰਾ ਕਰਨਗੇ। ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਅਤੇ ਪਰਿਵਾਰਾਂ ਦੀ ਯਾਦ ਵਿਚ ਇਹ ਹਾਰਟ ਗਾਰਡਨ ਬਣਵਾਇਆ ਗਿਆ ਸੀ। 

ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੇ ਮੂਲਨਿਵਾਸੀ ਭਾਈਚਾਰਿਆਂ ਦੇ ਲੀਡਰਾਂ ਦੀ ਅਗਵਾਈ ਵਿਚ ਹੋਣ ਵਾਲੇ ਇੱਕ ਸਮਾਗਮ ਵਿਚ ਵੀ ਸ਼ਾਹੀ ਜੋੜਾ ਹਾਜ਼ਰੀ ਭਰੇਗਾ। ਸੂਬੇ ਦੇ ਪੰਜ ਮੂਲਨਿਵਾਸੀ ਗਰੁੱਪਾਂ ਦੇ ਲੀਡਰਾਂ ਵਿਚੋਂ ਚਾਰ ਦੇ ਲੀਡਰ ਇਸ ਸਮਾਗਮ ਵਿਚ ਮੌਜੂਦ ਹੋਣਗੇ।

ਇਸ ਤੋਂ ਬਾਅਦ ਸ਼ਾਹੀ ਜੋੜਾ ਕਿਡੀ ਵਿਡੀ ਪਿੰਡ ਦਾ ਦੌਰਾ ਕਰੇਗਾ ਅਤੇ ਸਥਾਨਕ ਸ਼ਿਲਪਕਾਰਾਂ ਨਾਲ ਮੁਲਾਕਾਤ ਕਰੇਗਾ।

ਬੁੱਧਵਾਰ ਨੂੰ ਸ਼ਾਹੀ ਜੋੜਾ ਔਟਵਾ ਅਤੇ ਵੀਰਵਾਰ ਨੂੰ ਨੌਰਥ ਵੈਸਟ ਟੈਰੀਟ੍ਰੀਜ਼ ਦਾ ਦੌਰਾ ਕਰੇਗਾ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ