- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
[ ਰਿਪੋਰਟ ] ਓਨਟੇਰੀਓ ਚੋਣਾਂ : ਪੰਜਾਬੀ ਮੂਲ ਦੇ 20 ਉਮੀਦਵਾਰ ਚੋਣ ਮੈਦਾਨ ਵਿਚ
ਕੁਝ ਹਲਕਿਆਂ ਵਿਚ ਮੁੱਖ ਮੁਕਾਬਲਾ ਪੰਜਾਬੀਆਂ ਦਰਮਿਆਨ

ਟੋਰੌਂਟੋ ਵਿਚ ਸਥਿਤ ਓਨਟੇਰਿਓ ਦੀ ਸੂਬਾਈ ਪਾਰਲੀਮੈਂਟ ਦੀ ਤਸਵੀਰ।
ਤਸਵੀਰ: La Presse canadienne / Chris Young
ਓਨਟੇਰਿਓ ਪ੍ਰੋਵਿੰਸ ਵਿਚ 2 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ 20 ਉਮੀਦਵਾਰ ਚੋਣ ਮੈਦਾਨ ਵਿਚ ਹਨ I
ਲਿਬਰਲ ਪਾਰਟੀ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ ਪਾਰਟੀ ) ਵੱਲੋ ਛੇ-ਛੇ ਪੰਜਾਬੀ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ I ਐਨਡੀਪੀ ਨੇ ਪੰਜਾਬੀ ਮੂਲ ਦੇ ਪੰਜ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ I ਪੰਜਾਬੀ ਮੂਲ ਦੇ 2 ਉਮੀਦਵਾਰ ਗ੍ਰੀਨ ਪਾਰਟੀ ਤੋਂ ਅਤੇ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੈ I
ਪ੍ਰੋਵਿੰਸ ਵਿਚ ਕੁਲ 124 ਰਾਈਡਿੰਗਜ਼ (ਚੋਣ ਹਲਕੇ ) ਹਨ I ਮੁੱਖ ਮੁਕਾਬਲਾ ਪ੍ਰੋਗਰੈਸਿਵ ਕੰਜ਼ਰਵੇਟਿਵ , ਐਨਡੀਪੀ ਅਤੇ ਲਿਬਰਲ ਪਾਰਟੀ ਵਿਚਕਾਰ ਹੈ I
ਦੱਸਣਯੋਗ ਹੈ ਕਿ ਪੰਜਾਬੀ ਮੂਲ ਦੇ ਇਹ ਵਿਅਕਤੀ ਪੰਜਾਬੀਆਂ ਦੀ ਬਹੁਗਿਣਤੀ ਵਾਲੇ ਇਲਾਕਿਆਂ ਵਿੱਚੋਂ ਹੀ ਚੋਣ ਲੜ ਰਹੇ ਹਨ ਅਤੇ ਕੁਝ ਥਾਵਾਂ 'ਤੇ ਮੁਕਾਬਲਾ ਪੰਜਾਬੀ ਉਮੀਦਵਾਰਾਂ ਦਰਮਿਆਨ ਹੀ ਹੈ I

ਚੋਣ ਪ੍ਰਚਾਰ ਦੌਰਾਨ ਐਨਡੀਪੀ ਉਮੀਦਵਾਰ ਗੁਰਰਤਨ ਸਿੰਘ
ਤਸਵੀਰ: ਧੰਨਵਾਦ ਸਹਿਤ ਗੁਰਰਤਨ ਸਿੰਘ ਫ਼ੇਸਬੁੱਕ ਪੇਜ਼
ਬ੍ਰੈਂਪਟਨ ਈਸਟ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਹਰਦੀਪ ਗਰੇਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਜੰਨਤ ਗਰੇਵਾਲ ਲਿਬਰਲ ਪਾਰਟੀ ਤੋਂ ਚੋਣ ਮੈਦਾਨ ਵਿਚ ਹਨ I ਮੌਜੂਦਾ ਐਮ ਪੀ ਪੀ ਗੁਰਰਤਨ ਸਿੰਘ , ਜੋ ਕਿ ਜਗਮੀਤ ਸਿੰਘ ਦੇ ਭਰਾ ਹਨ , ਇਸ ਹਲਕੇ ਤੋਂ ਐਨਡੀਪੀ ਉਮੀਦਵਾਰ ਹਨ I
ਬ੍ਰੈਂਪਟਨ ਵੈਸਟ ਤੋਂ ਮੁੱਖ ਮੁਕਾਬਲਾ ਪੰਜਾਬੀ ਮੂਲ ਦੇ ਪੀਸੀ ਪਾਰਟੀ ਉਮੀਦਵਾਰ ਅਮਨਜੋਤ ਸੰਧੂ, ਲਿਬਰਲ ਉਮੀਦਵਾਰ ਰਿੰਮੀ ਝੱਜ , ਐਨਡੀਪੀ ਦੀ ਨਵਜੀਤ ਕੌਰ ਅਤੇ ਓਨਟੇਰੀਓ ਪਾਰਟੀ ਦੇ ਮਨਜੀਤ ਸੇਖੋਂ ਵਿਚਕਾਰ ਹੈI

ਅਮਨਜੋਤ ਸੰਧੂ ਚੋਣ ਪ੍ਰਚਾਰ ਕਰਦੇ ਹੋਏ
ਤਸਵੀਰ: ਧੰਨਵਾਦ ਸਹਿਤ ਅਮਨਜੋਤ ਸੰਧੂ ਫ਼ੇਸਬੁੱਕ ਪੇਜ਼
ਉਧਰ ਬ੍ਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਹਰਿੰਦਰ ਮੱਲੀ , ਪੰਜਾਬੀ ਮੂਲ ਦੇ ਐਨਡੀਪੀ ਉਮੀਦਵਾਰ ਸੰਦੀਪ ਸਿੰਘ ਵਿਰੁੱਧ ਚੋਣ ਲੜ ਰਹੇ ਹਨ I ਇਸ ਰਾਈਡਿੰਗ ਤੋਂ ਗ੍ਰੀਨ ਪਾਰਟੀ ਦੀ ਅਨੀਪ ਢੱਡੇ ਚੋਣ ਮੈਦਾਨ ਵਿਚ ਹੈ I ਮੱਲੀ ਇਸਤੋਂ ਪਹਿਲਾਂ 2014 ਤੋਂ 2018 ਦਰਮਿਆਨ ਬਰੈਂਪਟਨ-ਸਪ੍ਰਿੰਗਡੇਲ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਮਨਿਸਟਰ ਰਹਿ ਚੁੱਕੇ ਹਨ I
ਇਹ ਵੀ ਪੜੋ :
- ਓਨਟੇਰਿਓ ਚੋਣਾਂ : ਗ੍ਰੀਨ ਪਾਰਟੀ ਵੱਲੋਂ ਇਲੈਕਸ਼ਨ ਪਲੈਟਫ਼ੌਰਮ ਜਾਰੀ
- ਓਨਟੇਰਿਓ ਲਿਬਰਲਜ਼ ਵੱਲੋਂ ਇਲੈਕਸ਼ਨ ਪਲੈਟਫ਼ੌਰਮ ਜਾਰੀ
- 2022 ਦੀਆਂ ਸੂਬਾਈ ਚੋਣਾਂ ਲਈ ਓਨਟੇਰਿਓ ਐਨਡੀਪੀ ਵੱਲੋਂ ਇਲੈਕਸ਼ਨ ਪਲੈਟਫ਼ੌਰਮ ਜਾਰੀ
ਮਿਸੀਸਾਗਾ ਮਾਲਟਨ ਚੋਣ ਹਲਕੇ ਤੋਂ ਵੀ ਮੁੱਖ ਮੁਕਾਬਲਾ ਪੰਜਾਬੀ ਮੂਲ ਦੇ ਉਮੀਦਵਾਰਾਂ ਵਿਚਕਾਰ ਹੈ I ਪੀਸੀ ਪਾਰਟੀ ਵਿਚ ਪਾਰਲੀਮਾਨੀ ਸਕੱਤਰ ਰਹਿ ਚੁੱਕੇ ਦੀਪਕ ਆਨੰਦ ਲਿਬਰਲ ਉਮੀਦਵਾਰ ਅਮਨ ਗਿੱਲ ਨੂੰ ਟੱਕਰ ਦੇ ਰਹੇ ਹਨ I
ਇਸਤੋਂ ਇਲਾਵਾ ਸਾਬਕਾ ਮੰਤਰੀ ਅਤੇ ਖਜ਼ਾਨਚੀ ਬੋਰਡ ਦੇ ਪ੍ਰੈਜ਼ੀਡੈਂਟ ਪ੍ਰਭਮੀਤ ਸਰਕਾਰੀਆ ਬ੍ਰੈਂਪਟਨ ਸਾਊਥ ਅਤੇ ਪਰਮ ਗਿੱਲ ਮਾਲਟਨ ਰਾਈਡਿੰਗ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ I

ਪ੍ਰਭਮੀਤ ਸਰਕਾਰੀਆ ਪੀ ਸੀ ਪਾਰਟੀ ਵਿਚ ਖਜ਼ਾਨਚੀ ਬੋਰਡ ਦੇ ਪ੍ਰੈਜ਼ੀਡੈਂਟ ਸਨ
ਤਸਵੀਰ: ਧੰਨਵਾਦ ਸਹਿਤ ਪ੍ਰਭਮੀਤ ਸਰਕਾਰੀਆ ਫ਼ੇਸਬੁੱਕ ਪੇਜ਼
ਪਰਮ ਗਿੱਲ ਫੋਰਡ ਸਰਕਾਰ ਵਿਚ ਨਾਗਰਿਕਤਾ ਅਤੇ ਬਹੁਸਭਿਆਚਾਰ ਮੰਤਰਾਲਾ ਸੰਭਾਲ ਚੁੱਕੇ ਹਨI ਐਸੋਸੀਏਟ ਮਨਿਸਟਰ ਆਫ਼ ਸਮਾਲ ਬਿਜ਼ਨਸ ਐਂਡ ਰੈਡ ਟੇਪ ਰਿਡਕਸ਼ਨ , ਨੀਨਾ ਤਾਂਗੜੀ ਸਟਰੀਟਸਵਿਲ ਰਾਈਡਿੰਗ ਤੋਂ ਚੋਣ ਮੈਦਾਨ ਵਿਚ ਹਨ I

ਚੋਣ ਪ੍ਰਚਾਰ ਦੌਰਾਨ ਨੀਨਾ ਤਾਂਗੜੀ
ਤਸਵੀਰ: ਧੰਨਵਾਦ ਸਹਿਤ ਨੀਨਾ ਤਾਂਗੜੀ ਫ਼ੇਸਬੁੱਕ ਪੇਜ਼
ਲਿਬਰਲ ਪਾਰਟੀ ਨੇ ਬਰੈਂਟਫੋਰਡ ਬ੍ਰਾਂਟ ਤੋਂ ਰੂਬੀ ਤੂਰ ਅਤੇ ਐਸੈਕਸ ਤੋਂ ਮਨਪ੍ਰੀਤ ਬਰਾੜ ਨੂੰ ਮੈਦਾਨ ਵਿਚ ਉਤਾਰਿਆ ਹੈ। ਡਰਹਮ ਹਲਕੇ ਤੋਂ ਮਿੰਨੀ ਬੱਤਰਾ ਗ੍ਰੀਨ ਪਾਰਟੀ ਦੇ ਉਮੀਦਵਾਰ ਹਨ I ਬ੍ਰੈਂਪਟਨ ਸੈਂਟਰ ਤੋਂ ਸਾਰਾ ਸਿੰਘ ਅਤੇ ਥੌਰਨਹਿਲ ਤੋਂ ਜਸਲੀਨ ਕੈਂਬੋ ਐਨਡੀਪੀ ਉਮੀਦਵਾਰ ਹਨ I

ਸਾਰਾ ਸਿੰਘ ਵਿਰੋਧੀ ਧਿਰ ਦੀ ਡਿਪਟੀ ਲੀਡਰ ਰਹਿ ਚੁੱਕੇ ਹਨ
ਤਸਵੀਰ: ਧੰਨਵਾਦ ਸਹਿਤ ਸਾਰਾ ਸਿੰਘ ਫ਼ੇਸਬੁੱਕ ਪੇਜ਼
ਜ਼ਿਕਰਯੋਗ ਹੈ ਕਿ ਲੰਘੀਆਂ ਚੋਣਾਂ ਦੌਰਾਨ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ 76 ਸੀਟਾਂ ਮਿਲੀਆਂ ਸਨ ਅਤੇ ਪਾਰਟੀ ਨੇ 15 ਸਾਲਾਂ ਬਾਅਦ ਰਾਜ ਦੀ ਸੱਤਾ ਵਿਚ ਵਾਪਸੀ ਕੀਤੀ ਸੀ I ਉਸ ਸਮੇਂ ਲਿਬਰਲ ਪਾਰਟੀ ਸਿਰਫ਼ 7 ਸੀਟਾਂ 'ਤੇ ਸਿਮਟ ਗਈ ਸੀ ਅਤੇ ਐਨਡੀਪੀ ਨੂੰ 40 ਸੀਟਾਂ ਮਿਲੀਆਂ ਸਨ I
ਓਨਟੇਰਿਓ ਚੋਣਾਂ ਬਾਰੇ ਹੁਣ ਤੱਕ ਸਾਹਮਣੇ ਆਏ ਸਾਰੇ ਪੋਲਜ਼ ਵਿਚ, ਅਫ਼ੋਰਡੇਬਿਲੀਟੀ ਯਾਨੀ ‘ਕਿਫ਼ਾਇਤ’ ਓਨਟੇਰਿਓ ਦੇ ਵੋਟਰਾਂ ਦਾ ਮੁੱਖ ਮੁੱਦਾ ਬਣਿਆ ਹੋਇਆ ਹੈ।