1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਨਾਟੋ ਚ ਸਵੀਡਨ ਤੇ ਫ਼ਿਨਲੈਂਡ ਦੀ ਮੈਂਬਰਸ਼ਿਪ ਤਸਦੀਕ ਕਰਨ ਵਾਲੇ ਪਹਿਲੇ ਦੇਸ਼ਾਂ ਚੋਂ ਹੋਵੇਗਾ : ਜੋਲੀ

ਵਿਦੇਸ਼ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਸਮੁੰਦਰੀ ਜਹਾਜ਼ ਯੂਕਰੇਨ ਵਿਚ ਰੁਕੇ ਅਨਾਜ ਨੂੰ ਕੱਢਣ ਵਿਚ ਮਦਦ ਲਈ ਤਿਆਰ

ਜਰਮਨੀ ਵਿਚ ਜੀ-7 ਦੇਸ਼ਾਂ ਵਿਚ ਚਲ ਰਹੀ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦੌਰਾਨ, ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨਾਲ ਦੁਵੱਲੀ ਮੁਲਾਕਾਤ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ

ਜਰਮਨੀ ਵਿਚ ਜੀ-7 ਦੇਸ਼ਾਂ ਵਿਚ ਚਲ ਰਹੀ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦੌਰਾਨ, ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨਾਲ ਦੁਵੱਲੀ ਮੁਲਾਕਾਤ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ

ਤਸਵੀਰ: (Kay Nietfeld/DPA via AP, Pool)

RCI

ਫ਼ਿਨਲੈਂਡ ਅਤੇ ਸਵੀਡਨ ਨੇ ਨਾਟੋ ਵਿਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕੈਨੇਡਾ ਇਹਨਾਂ ਦੋਵਾਂ ਮੁਲਕਾਂ ਦੀ ਨਾਟੋ ਵਿਚ ਮੈਂਬਰਸ਼ਿਪ ਦੀ ਪੁਸ਼ਟੀ ਕਰਨ ਕਰਨ ਵਾਲੇ ਪਹਿਲੇ ਦੇਸ਼ਾਂ ਚੋਂ ਹੋ ਸਕਦਾ ਹੈ। ਸੋਮਵਾਰ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਇਸ ਬਾਰੇ ਆਪਣਾ ਬਿਆਨ ਦਿੱਤਾ।

ਮੈਂਬਰ ਬਣਨ ਦੇ ਇਛੁੱਕ ਦੇਸ਼ ਦੀ 30 ਮੈਂਬਰ ਦੇਸ਼ਾਂ ਦੀ ਨੌਰਥ ਐਟਲਾਂਟਿਕ ਕੌਂਸਿਲ ਨਾਲ ਸ਼ਮੂਲੀਅਤ ਦੀ ਗੱਲਬਾਤ ਅਤੇ ਮੈਂਬਰਸ਼ਿਪ ਮੰਜ਼ੂਰ ਹੋਣ ਤੋਂ ਬਾਅਦ, ਹਰੇਕ ਮੈਂਬਰ ਦੇਸ਼ ਨੂੰ ਨਵੇਂ ਦੇਸ਼ ਦੀ ਮੈਂਬਰਸ਼ਿਪ ਦੀ ਤਸਦੀਕ ਕਰਨੀ ਜ਼ਰੂਰੀ ਹੁੰਦੀ ਹੈ।

ਜਰਮਨੀ ਅਤੇ ਬੈਲਜੀਅਮ ਵਿਚ ਜੀ-7, ਨਾਟੋ ਅਤੇ ਯੂਨੀਅਨ ਦੇਸ਼ਾਂ ਨਾਲ ਚਲ ਰਹੀਆਂ ਬੈਠਕਾਂ ਵਿਚ ਸ਼ਾਮਲ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਨੇ ਫ਼ਿਨਲੈਂਡ ਅਤੇ ਸਵੀਡਨ ਦੀ ਤਸਦੀਕ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ।

ਜੋਲੀ ਨੇ ਕਿਹਾ, ਕੈਨੇਡੀਅਨ ਪ੍ਰਣਾਲੀ ਤਹਿਤ ਸਰਕਾਰ, ਯਾਨੀ ਕਾਰਜਪਾਲਿਕਾ ਕੋਲ ਅਜਿਹਾ ਕਰਨ ਦਾ ਅਧੀਕਾਰ ਹੈ ਅਤੇ ਇਸ [ਤਸਦੀਕ] ਲਈ ਪਾਰਲੀਮੈਂਟ ਚੋਂ ਲੰਘਣ ਦੀ ਲੋੜ ਨਹੀਂ

ਉਹਨਾਂ ਦੱਸਿਆ ਕਿ ਇਹ ਇੱਕ ਮਹੱਤਵਪੂਰਨ ਮੁੱਦਾ ਹੋਣ ਕਰਕੇ ਉਹਨਾਂ ਨੇ ਵਿਰੋਧੀ ਧਿਰ ਨਾਲ ਵੀ ਗੱਲ ਕੀਤੀ ਹੈ ਅਤੇ ਵਿਰੋਧੀ ਧਿਰ ਵੀ ਇਸ ਮੁੱਦੇ ‘ਤੇ ਸਹਿਮਤ ਹੈ।

ਜੋਲੀ ਨੇ ਕਿਹਾ ਕਿ ਬਾਕੀ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਦੌਰਾਨ, ਫ਼ਿਨਲੈਂਡ ਅਤੇ ਸਵੀਡਨ ਦੀ ਨਾਟੋ ਵਿਚ ਮੈਂਬਰਸ਼ਿਪ ਵਿਚਾਰ ਚਰਚਾ ਦਾ ਮੁੱਖ ਮੁੱਦਾ ਸੀ।

ਜੋਲੀ ਨੇ ਕਿਹਾ ਕਿ ਕੈਨੇਡਾ ਇਹਨਾਂ ਦੋ ਦੇਸ਼ਾਂ ਦੇ ਨਾਟੋ ਵਿਚ ਸਿਰਫ਼ ਸ਼ਾਮਲ ਹੋਣ ਦੇ ਪੱਖ ਵਿਚ ਹੀ ਨਹੀਂ ਸਗੋਂ ਇਹਨਾਂ ਦੇ ਜਲਦੀ ਸ਼ਾਮਲ ਹੋਣ ਦੇ ਵੀ ਪੱਖ ਵਿਚ ਹੈ ਕਿਉਂਕਿ ਇਸ ਨਾਲ ਨਾਟੋ ਨੂੰ ਫ਼ਾਇਦਾ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਦੇਸ਼ਾਂ ਕੋਲ ਮਜ਼ਬੂਤ ਫ਼ੌਜਾਂ ਹਨ।

ਸੁਰੱਖਿਆ ਗਾਰੰਟੀਆਂ

ਪਿਛਲੇ ਹਫ਼ਤੇ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਫ਼ਿਨਲੈਂਡ ਅਤੇ ਸਵੀਡਨ ਦਾ ਦੌਰਾ ਕੀਤਾ ਸੀ ਅਤੇ ਦੋਵਾਂ ਦੇਸ਼ਾਂ ਨਾਲ ਸੁਰੱਖਿਆ ਸਮਝੌਤੇ ਕਰਕੇ ਯਕੀਨ ਦਵਾਇਆ ਸੀ ਕਿ ਜੇ ਇਹ ਦੇਸ਼ ਹਮਲੇ ਦਾ ਸ਼ਿਕਾਰ ਹੁੰਦੇ ਹਨ ਤਾਂ ਬ੍ਰਿਟੇਨ ਉਹਨਾਂ ਦੀ ਸਹਾਇਤਾ ਕਰੇਗਾ।

ਜੋਲੀ ਨੇ ਕਿਹਾ ਕਿ ਕੈਨੇਡਾ ਖ਼ੁਦ ਇਹਨਾਂ ਦੇਸ਼ਾਂ ਦੀ ਸੁਰੱਖਿਆ ਗਾਰੰਟੀ ਦੀ ਪੇਸ਼ਕਸ਼ ਦੀ ਬਜਾਏ , ਯੂਕੇ ਅਤੇ ਯੂ ਐਸ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਸੁਰੱਖਿਆ ਗਾਰੰਟੀਆਂ ਦਾ ਸਮਰਥਨ ਕਰੇਗਾ।

ਪਿਛਲੇ ਹਫ਼ਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੱਯਪ ਅਰਦੋਗਨ ਨੇ ਫ਼ਿਨਲੈਂਡ ਅਤੇ ਸਵੀਡਨ ਦੇ ਨਾਟੋ ਵਿਚ ਸ਼ਾਮਲ ਹੋਣ ਦਾ ਵਿਰੋਧ ਕੀਤਾ ਸੀ। ਅਰਦੋਗਨ ਅਨੁਸਾਰ ਇਹ ਦੋਵੇਂ ਦੇਸ਼ ਕੁਰਦ ਲੜਾਕਿਆਂ ਦਾ ਸਮਰਥਨ ਕਰਦੇ ਹਨ ਜਿਹਨਾਂ ਨੂੰ ਤੁਰਕੀ ਅੱਤਵਾਦੀ ਮੰਨਦਾ ਹੈ।

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੱਯਪ ਅਰਦੋਗਨ

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੱਯਪ ਅਰਦੋਗਨ

ਤਸਵੀਰ: Reuters / VALENTYN OGIRENKO

ਅਰਦੋਗਨ ਨੇ ਇਹਨਾਂ ਦੇਸ਼ਾਂ ਦੀ ਮੈਂਬਰਸ਼ਿਪ ਵੀਟੋ ਕਰਨ ਦੀ ਧਮਕੀ ਨ੍ਹੀਂ ਦਿੱਤੀ ਹੈ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਤੁਰਕੀ ਇਹਨਾਂ ਦੀ ਮੈਂਬਰਸ਼ਿਪ ਦੇ ਰਾਹ ਵਿਚ ਅੜਿੱਕਾ ਵੀ ਨਹੀਂ ਬਣੇਗਾ। ਅਧਿਕਾਰੀਆਂ ਅਨੁਸਾਰ ਕਿਸੇ ਵੀ ਦੇਸ਼ ਨੇ ਸਵੀਡਨ ਅਤੇ ਫ਼ਿਨਲੈਂਡ ਦੇ ਨਾਟੋ ਵਿਚ ਸ਼ਾਮਲ ਹੋਣ ਨੂੰ ਲੈਕੇ ਗੰਭੀਰ ਖ਼ਦਸ਼ਿਆਂ ਦਾ ਇਜ਼ਹਾਰ ਨਹੀਂ ਕੀਤਾ ਹੈ।

ਜੋਲੀ ਨੇ ਤੁਰਕੀ ਵਿਚ ਆਪਣੇ ਹਮਰੁਤਬਾ ਨੂੰ ਭੇਜੇ ਸੰਦੇਸ਼ ਬਾਰੇ ਜਾਣਕਾਰੀ ਨ੍ਹੀਂ ਦਿੱਤੀ ਪਰ ਕਿਹਾ ਕਿ ਉਹ ਮੰਨਦੇ ਹਨ ਕਿ ਤੁਰਕੀ ਦੀਆਂ ਚਿੰਤਾਵਾਂ ਦੂਰ ਕਰਨ ਦੇ ਵੀ ਰਾਹ ਮੌਜੂਦ ਹਨ।

ਯੂਕਰੇਨ ਵਿਚ ਫ਼ਸਿਆ ਅਨਾਜ ਕੱਢਣ ਵਿਚ ਮਦਦ

ਇਹ ਮਹੀਨੇ ਦੀ ਸ਼ੁਰੂਆਤ ਵਿਚ ਯੂ ਐਨ ਦੀ ਫੂਡ ਏਜੰਸੀ ਦੇ ਅਧਿਕਾਰੀਆਂ ਨੇ ਰਿਪੋਰਟਰਾਂ ਨੂੰ ਦੱਸਿਆ ਸੀ ਕਿ ਯੂਕਰੇਨ ਦੀਆਂ ਬੰਦਰਗਾਹਾਂ ਉੱਪਰ ਰੂਸੀ ਘੇਰਾਬੰਦੀ ਕਰਕੇ ਕਰੀਬ 25 ਮਿਲੀਅਨ ਟਨ ਅਨਾਜ ਬਲੌਕ ਹੋ ਗਿਆ ਹੈ।

ਵਰਲਡ ਫ਼ੂਡ ਪ੍ਰੋਗਰਾਮ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਰੁਝਾਨ ਨਾਲ ਯੂਕਰੇਨੀ ਅਨਾਜ ‘ਤੇ ਨਿਰਭਰ ਅਫ਼ਰੀਕਾ ਅਤੇ ਮੱਧ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖਮਰੀ ਆ ਸਕਦੀ ਹੈ।

ਜੋਲੀ ਨੇ ਦੱਸਿਆ ਕਿ ਯੂਕਰੇਨ ਦੇ ਅਨਾਜ ਭੰਡਾਰਾਂ ਚੋਂ ਕਣਕ ਕੱਢ ਕੇ ਲਿਆਉਣ ਲਈ ਕੈਨੇਡੀਅਨ ਅਤੇ ਅਮਰੀਕੀ ਅਥੌਰਟੀਜ਼ ਪੋਲੈਂਡ ਤੋਂ ਲੈਕੇ ਰੋਮਾਨੀਆ ਤੱਕ, ਕਈ ਸਰਕਾਰਾਂ ਨਾਲ ਗੱਲ ਕਰ ਰਹੀਆਂ ਹਨ। ਜੋਲੀ ਨੇ ਦੱਸਿਆ ਕਿ ਯੂਕਰੇਨ ਚੋਂ ਅਨਾਜ ਕੱਢ ਕੇ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਗਲੇ ਸੀਜ਼ਨ ਦੀ ਕਟਾਈ ਤੋਂ ਬਾਅਦ ਅਨਾਜ ਨੂੰ ਸਟੋਰ ਕਰਨ ਲਈ ਭੰਡਾਰਾਂ ਵਿਚ ਜਗ੍ਹਾ ਮੌਜੂਦ ਹੋਵੇ। ਉਹਨਾਂ ਦੱਸਿਆ ਕਿ ਕੈਨੇਡਾ ਦੇ ਸਮੁੰਦਰੀ ਜਹਾਜ਼ ਯੂਕਰੇਨ ਤੋਂ ਅਨਾਜ ਲਿਆਉਣ ਵਿਚ ਮਦਦ ਲਈ ਤਿਆਰ ਬਰ ਤਿਆਰ ਹਨ।

ਜੋਲੀ ਨੇ ਕਿਹਾ, ਅਸੀਂ ਇਹ ਸੁਨਿਸ਼ਿਤ ਕਰਨਾ ਹੈ ਕਿ ਯੂਕਰੇਨ ਵਿਚ ਕਣਕ ਨੂੰ ਮੁਕਤ ਕਰਵਾਇਆ ਜਾਵੇ ਅਤੇ ਉਸ ਦਾ ਮੱਧ ਏਸ਼ੀਆ ਅਤੇ ਅਫ਼ਰੀਕੀ ਦੇਸ਼ਾਂ ਵਿਚ ਪਹੁੰਚਣਾ ਯਕੀਨੀ ਬਣਾਇਆ ਜਾਵੇ। 

ਜੋਲੀ ਨੇ ਦੱਸਿਆ ਕਿ ਉਹ ਸੰਯੁਕਤ ਰਾਸ਼ਟਰ ਵਿਚ ਗਲੋਬਲ ਫ਼ੂਡ ਸੁਰੱਖਿਆ ਦੇ ਮੁੱਦੇ ‘ਤੇ ਬਾਰੇ ਗੱਲਬਾਤ ਕਰਨ ਲਈ ਅਗਲੇ ਹਫ਼ਤੇ ਨਿਊ ਯੌਰਕ ਜਾਣਗੇ।

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ