1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਅਪ੍ਰੈਲ ਮਹੀਨੇ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਚ 6 % ਕਮੀ ਦਰਜ

ਕੀਮਤਾਂ ਵਿਚ ਲਗਾਤਾਰ ਦੂਸਰੇ ਮਹੀਨੇ ਨਿਘਾਰ, ਘਰਾਂ ਦੀ ਵਿਕਰੀ ਵਿਚ ਵੀ ਆਈ ਗਿਰਾਵਟ

ਟੋਰੌਂਟੋ ਵਿਚ ਵਿਕਰੀ 'ਤੇ ਲੱਗੇ ਇੱਕ ਘਰ ਦੀ ਤਸਵੀਰ। ਫ਼ਰਵਰੀ ਵਿਚ 816,000 ਡਾਲਰ ਦੀ ਔਸਤ ਕੀਮਤ ਬਾਅਦ ਕੈਨੇਡਾ ਵਿਚ ਘਰਾਂ ਦੀ ਔਸਤ ਕੀਮਤ ਅਪ੍ਰੈਲ ਮਹੀਨੇ ਲਗਾਤਾਰ ਦੂਸਰੇ ਮਹੀਨੇ ਨੀਚੇ ਆਈ ਹੈ।

ਟੋਰੌਂਟੋ ਵਿਚ ਵਿਕਰੀ 'ਤੇ ਲੱਗੇ ਇੱਕ ਘਰ ਦੀ ਤਸਵੀਰ। ਫ਼ਰਵਰੀ ਵਿਚ 816,000 ਡਾਲਰ ਦੀ ਔਸਤ ਕੀਮਤ ਬਾਅਦ ਕੈਨੇਡਾ ਵਿਚ ਘਰਾਂ ਦੀ ਔਸਤ ਕੀਮਤ ਅਪ੍ਰੈਲ ਮਹੀਨੇ ਲਗਾਤਾਰ ਦੂਸਰੇ ਮਹੀਨੇ ਨੀਚੇ ਆਈ ਹੈ।

ਤਸਵੀਰ:  (Evan Mitsui/CBC)

RCI

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ (CREA) ਦੇ ਨਵੇਂ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਘਰਾਂ ਦੀਆਂ ਕੀਮਤਾਂ ਵਿਚ 6 ਫ਼ੀਸਦੀ ਨਿਘਾਰ ਦਰਜ ਹੋਇਆ ਹੈ। ਮੌਰਗੇਜ ਰੇਟਾਂ ਵਿਚ ਵਾਧੇ ਦੇ ਕਾਰਨ ਅਪ੍ਰੈਲ ਲਗਾਤਾਰ ਦੂਸਰਾ ਮਹੀਨਾ ਰਿਹਾ ਜਦੋਂ ਘਰਾਂ ਦੀਆਂ ਕੀਮਤਾਂ ਵਿਚ ਕਮੀ ਵੇਖਣ ਨੂੰ ਮਿਲੀ ਹੈ।

ਅਪ੍ਰੈਲ ਵਿਚ ਘਰਾਂ ਦੀ ਵਿਕਰੀ ਵਿਚ ਵੀ 12 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਸਾਲ ਫ਼ਰਵਰੀ ਵਿਚ ਕੈਨੇਡਾ ਵਿਚ ਘਰ ਦੀ ਔਸਤ ਕੀਮਤ 816,000 ਡਾਲਰ ਤੋਂ ਵੱਧ ਦੀ ਰਿਕਾਰਡ ਕੀਮਤ ‘ਤੇ ਪਹੁੰਚ ਗਈ ਸੀ, ਪਰ ਮਾਰਚ ਵਿਚ ਇਹ ਔਸਤ ਕੀਮਤ ਘਟ ਕੇ 796,000 ਡਾਲਰ ‘ਤੇ ਆ ਗਈ ਸੀ। ਅਪ੍ਰੈਲ ਮਹੀਨੇ ਘਰ ਦੀ ਔਸਤ ਕੀਮਤ ਵਿਚ ਹੋਰ ਕਮੀ ਆਈ ਅਤੇ ਇਹ 746,000 ਡਾਲਰ ਦਰਜ ਕੀਤੀ ਗਈ।

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੇ ਚੇਅਰ, ਜਿਲ ਓਡਿਲ ਨੇ ਕਿਹਾ, ਕੁਝ ਸਾਲਾਂ ਵਿਚ ਰਿਕਾਰਡ ਤੋੜ ਰਫ਼ਤਾਰ ‘ਤੇ ਵਧਣ ਤੋਂ ਬਾਅਦ, ਕੈਨੇਡਾ ਦੇ ਕਈ ਹਿੱਸਿਆਂ ਵਿਚ ਹਾਊਸਿੰਗ ਮਾਰਕੀਟ ਪਿਛਲੇ ਦੋ ਮਹੀਨਿਆਂ ਦੌਰਾਨ ਬਹੁਤ ਤੇਜ਼ੀ ਨਾਲ ਠੰਡੀ ਹੋਈ ਹੈ ਜਿਸ ਦਾ ਵੱਡਾ ਕਾਰਨ ਵਿਆਜ ਦਰਾਂ ਵਿਚ ਵਾਧਾ ਅਤੇ ਖ਼ਰੀਦਾਰਾਂ ਦੀ ਕਮੀ ਹੈ

ਪਰ CREA, ਦਾ ਕਹਿਣਾ ਹੈ ਕਿ ਔਸਤ ਕੀਮਤਾਂ ਗੁਮਰਾਹਕੁੰਨ ਵੀ ਹੋ ਸਕਦੀਆਂ ਹਨ ਕਿਉਂਕਿ ਇਹ ਟੋਰੌਂਟੋ ਅਤੇ ਵੈਨਕੂਵਰ ਵਰਗੇ ਮਹਿੰਗੇ ਸ਼ਹਿਰਾਂ ਵਿਚ ਘਰਾਂ ਦੀ ਵਿਕਰੀ ਤੋਂ ਪ੍ਰਭਾਵਿਤ ਹੁੰਦੀਆਂ ਹਨ। ਇਸ ਕਰਕੇ ਹਾਊਸ ਪ੍ਰਾਈਸ ਇੰਡੈਕਸ (HPI) ਦੇ ਨੁਕਤੇ ਤੋਂ ਇਸ ਦਾ ਮੁਲਾਂਕਣ ਜ਼ਿਆਦਾ ਦੁਰੁਸਤ ਹੋਵੇਗਾ। 

ਹਾਊਸ ਪ੍ਰਾਈਸ ਇੰਡੈਕਸ, ਘਰਾਂ ਦੀ ਵਿਕਰੀ ਦੀ ਤਾਦਾਦ ਨੂੰ, ਘਰ ਦੀ ਕਿਸਮ ਦੇ ਅਨੁਕੂਲ ਦਰਜ ਕਰਦਾ ਹੈ, ਜਿਸ ਨਾਲ ਮਾਰਕਿਟ ਦਾ ਬਿਹਤਰ ਅਕਸ ਸਾਹਮਣੇ ਆਉਂਦਾ ਹੈ।

ਅਪ੍ਰੈਲ ਮਹੀਨੇ ਹਾਊਸ ਪ੍ਰਾਈਸ ਇੰਡੈਕਸ (HPI) 0.6 ਫ਼ੀਸਦੀ ਸੁੰਘੜਿਆ ਹੈ ਅਤੇ ਇਹ ਦੋ ਸਾਲਾਂ ਵਿਚ ਪਹਿਲੀ ਮਹੀਨਾਵਾਰ ਕਮੀ ਹੈ।

ਭਾਵੇਂ ਕਿ ਕੀਮਤਾਂ ਵਿਚ ਹਾਲ ਹੀ ਵਿਚ ਹੋਈ ਸਿੱਖਰ ਦੇ ਮੁਕਾਬਲੇ ਕਮੀ ਆਈ ਹੈ ਪਰ ਇੱਕ ਸਾਲ ਪਹਿਲਾਂ ਦੀਆਂ ਕੀਮਤਾਂ ਦੇ ਮੁਕਾਬਲੇ ਇਹ ਅਜੇ ਵੀ ਕਰੀਬ 7 ਫ਼ੀਸਦੀ ਵੱਧ ਹਨ।

ਇਹ ਵੀ ਪੜ੍ਹੋ :

ਟੀਡੀ ਬੈਂਕ ਦੇ ਅਰਥਸ਼ਾਸਤਰੀ ਰਿਸ਼ੀ ਸੋਂਧੀ ਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਸਮੇਂ ਦੌਰਾਨ ਮੰਗ ਦੇ ਮੱਠੇ ਪੈਣ ਕਰਕੇ ਘਰਾਂ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਰਹਿ ਸਕਦੀ ਹੈ।

ਘੱਟ ਕੀਮਤਾਂ ਦਾ ਪ੍ਰਭਾਵ

ਨਵੇਂ ਖ਼ਰੀਦਾਰਾਂ ਲਈ ਘਰਾਂ ਦੀ ਘੱਟ ਕੀਮਤ ਚੰਗੀ ਖ਼ਬਰ ਹੋ ਸਕਦੀ ਹੈ, ਪਰ ਕੁਝ ਵੇਚਣ ਵਾਲਿਆਂ ਲਈ ਇਹ ਸਮੱਸਿਆ ਦਾ ਕਾਰਨ ਬਣ ਸਕਦੀ ਹੈ, ਖ਼ਾਸ ਤੌਰ ‘ਤੇ ਜਿਹਨਾਂ ਨੇ ਪਹਿਲਾਂ ਹੀ ਕਿਤੇ ਹੋਰ ਘਰ ਖ਼ਰੀਦ ਲਿਆ ਹੋਵੇ।

ਕੁਝ ਨਵੇਂ ਖ਼ਰੀਦਾਰਾਂ ਲਈ ਮਾਰਕੀਟ ਠੰਡੀ ਹੋਣ ਦਾ ਇਹ ਨੁਕਸਾਨ ਵੀ ਹੋਇਆ, ਕਿ ਜਦੋਂ ਉਹਨਾਂ ਨੇ ਬੈਂਕ ਤੋਂ ਆਪਣੀ ਪ੍ਰਾਪਰਟੀ ਦਾ ਅਪ੍ਰੇਜ਼ਲ ਕਰਵਾ ਕੇ ਲੋਨ ਲੈਣ ਦੀ ਸੋਚੀ ਤਾਂ ਬੈਂਕ ਨੇ ਉਹਨਾਂ ਦੀ ਪ੍ਰਾਪਰਟੀ ਦਾ ਮੁੱਲ ਉਹਨਾਂ ਦੀ ਉਮੀਦ ਤੋਂ ਘੱਟ ਕੱਢਿਆ, ਜਿਸ ਕਰਕੇ ਖ਼ਰੀਦਾਰ ਨੂੰ ਪ੍ਰਾਪਰਟੀ ਲਈ ਵਧੇਰੇ ਡਾਊਨ ਪੇਮੈਂਟ ਦੀ ਜ਼ਰੂਰਤ ਪਈ।

ਇਸੇ ਤਰ੍ਹਾਂ ਕੀਮਤਾਂ ਦੇ ਸਿਖਰ ਦੇ ਦੌਰ ਵਿਚ ਘਰ ਖ਼ਰੀਦਣ ਵਾਲੇ ਆਪਣੀ ਕਾਹਲੀ ਕਰਕੇ ਵੀ ਨੁਕਸਾਨ ਉਠਾ ਰਹੇ ਹਨ। ਵੈਨਕੂਵਰ ਤੋਂ ਇੱਕ ਜੋੜੇ ਨੇ ਸਡਬਰੀ ਵਿਚ ਘਰ ਖ਼ਰੀਦਿਆ ਸੀ। ਕਾਹਲੀ ਵਿਚ ਉਹਨਾਂ ਨੇ ਘਰ ਦੀ ਮੰਗੀ ਕੀਮਤ ਤੋਂ ਕਿਤੇ ਵੱਧ ਕੀਮਤ ਅਦਾ ਕੀਤੀ, ਪਰ ਹੁਣ ਉਸ ਘਰ ਵਿਚ ਉਹਨਾਂ ਨੂੰ ਮੁਰੰਤ ਤੋਂ ਲੈਕੇ ਕਈ ਹੋਰ ਦਿੱਕਤਾਂ ਦਰਪੇਸ਼ ਹਨ।

ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰ ਖ਼ਰੀਦਣ ਵੇਲੇ ਕਾਹਲੀ ਨਾ ਕੀਤੀ ਜਾਵੇ ਅਤੇ ਇਨ-ਪਰਸਨ ਆਕੇ ਘਰ ਦਾ ਪੂਰਾ ਜਾਇਜ਼ਾ ਲੈਣਾ ਬਹੁਤ ਜ਼ਰੂਰੀ ਹੈ।

ਪੀਟ ਇਵੈਨਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ