- ਮੁੱਖ ਪੰਨਾ
- ਅੰਤਰਰਾਸ਼ਟਰੀ
- ਇਮੀਗ੍ਰੇਸ਼ਨ
ਕੈਨੇਡਾ ਪੜਨ ਆਏ ਪੰਜਾਬੀ ਮੂਲ ਦੇ ਨੌਜਵਾਨ ਦੀ ਡੁੱਬਣ ਨਾਲ ਮੌਤ
ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਲੰਘੇ ਸਾਲ ਸਤੰਬਰ 'ਚ ਆਇਆ ਸੀ ਕੈਨੇਡਾ
ਨਵਕਰਨ ਸਿੰਘ ਦੀ ਫਾਈਲ ਫ਼ੋਟੋ
ਤਸਵੀਰ: ਧੰਨਵਾਦ ਸਹਿਤ ਗੋ ਫੰਡ ਮੀ ਪੇਜ਼
ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿਚ ਕੁਝ ਮਹੀਨੇ ਪਹਿਲਾਂ ਪੜਨ ਆਏ ਪੰਜਾਬੀ ਮੂਲ ਦੇ ਇਕ ਵਿਦਿਆਰਥੀ ਦੀ ਪਾਣੀ ਵਿੱਚ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਹੈ I
ਪ੍ਰਾਪਤ ਜਾਣਕਾਰੀ ਅਨੁਸਾਰ ਨਵਕਰਨ ਸਿੰਘ ਨਾਮੀ ਇਹ ਨੌਜਵਾਨ ਮੋਗੇ ਜ਼ਿਲ੍ਹੇ ਦੇ ਬੱਧਨੀ ਕਲਾਂ ਕਸਬੇ ਨਾਲ ਸੰਬੰਧਿਤ ਸੀ ਅਤੇ ਲੰਘੇ ਸਾਲ ਸਤੰਬਰ ਵਿੱਚ ਕੈਨੇਡਾ ਪੜਨ ਆਇਆ ਸੀ I
ਮ੍ਰਿਤਕ ਦੀਆਂ ਅੰਤਿਮ ਰਸਮਾਂ ਦਾ ਪ੍ਰਬੰਧ ਕਰ ਰਹੇ ਬ੍ਰੈਂਪਟਨ ਵਸਨੀਕ ਸਤਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਵਕਰਨ ਸਕਾਰਬਰੋ ਸ਼ਹਿਰ ਵਿੱਚ ਸਟੈਨਸ਼ੀਅਲ ਕਾਲਜ ਦਾ ਵਿਦਿਆਰਥੀ ਸੀ I ਸਤਵੀਰ ਧਾਲੀਵਾਲ ਨੇ ਕਿਹਾ ਨਵਕਰਨ ਸਿੰਘ ਸਤੰਬਰ ਦੌਰਾਨ ਕੈਨੇਡਾ ਆਇਆ ਸੀ I ਉਸਦਾ ਇਕ ਸਮੈਸਟਰ ਪੂਰਾ ਹੋ ਚੁੱਕਾ ਸੀ I
ਇਹ ਵੀ ਪੜੋ :
- ਕੈਨੇਡਾ ਵਿਚ ਇੱਕੋ ਹਫ਼ਤੇ ਤਿੰਨ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਮੌਤ
- ਭਾਰਤੀ ਮੂਲ ਦੇ ਵਿਦਿਆਰਥੀ ਦੇ ਕਤਲ ਦੇ ਦੋਸ਼ ਵਿੱਚ ਟੋਰੌਂਟੋ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
- ਓਨਟੇਰਿਓ ਦੇ ਬੈਲਵਿਲ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਪੰਜ ਵਿਦਿਆਰਥੀਆਂ ਦੀ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਨਵਕਰਨ ਆਪਣੇ ਦੋਸਤਾਂ ਨਾਲ ਦਰਿਆ ਵਿੱਚ ਨਹਾ ਰਿਹਾ ਸੀ ਜਦੋਂ ਇਹ ਦੁਰਘਟਨਾ ਵਾਪਰੀ I ਨਵਕਰਨ ਸਿੰਘ ਨੂੰ ਸ਼ਹਿਰ ਦੇ ਕ੍ਰੈਡਿਟ ਦਰਿਆ 'ਚੋਂ ਕੱਢਿਆ ਗਿਆ I ਮੈਡੀਕਲ ਟੀਮਾਂ ਵੱਲੋਂ ਨਵਕਰਨ ਸਿੰਘ ਨੂੰ ਮੌਕੇ 'ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ I
ਜ਼ਿਕਰਯੋਗ ਹੈ ਕਿ ਬੀਤੇ ਕੁੱਝ ਸਾਲਾਂ ਦੌਰਾਨ ਕਾਫੀ ਸਾਰੇ ਨੌਜਵਾਨਾਂ ਦੀਆਂ ਪਾਣੀ 'ਚ ਡੁੱਬਣ ਨਾਲ ਮੌਤਾਂ ਹੋ ਚੁੱਕੀਆਂ ਹਨ I ਵੱਖ ਵੱਖ ਜੱਥੇਬੰਦੀਆਂ ਵੱਲੋਂ ਵਿਦਿਆਰਥੀਆਂ ਨੂੰ ਲਾਈਫ ਜੈਕਟ ਦਾ ਇਸਤੇਮਾਲ ਕਰਨ ਅਤੇ ਤੈਰਾਕੀ ਕਰਦੇ ਸਮੇਂ ਸਾਵਧਾਨੀ ਵਰਤਣੀ ਦੀ ਸਲਾਹ ਦਿੱਤੀ ਜਾ ਰਹੀ ਹੈ I
ਸਤਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਵਕਰਨ ਦੀ ਮਾਂ ਦੀ 2019 ਦੌਰਾਨ ਮੌਤ ਹੋ ਚੁੱਕੀ ਸੀ ਅਤੇ ਉਸਦੀ ਭੈਣ ਵੀ ਕੈਨੇਡਾ ਵਿੱਚ ਪੜਾਈ ਕਰ ਰਹੀ ਹੈ I ਧਾਲੀਵਾਲ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਨੂੰ ਅੰਤਿਮ ਰਸਮਾਂ ਲਈ ਕੈਨੇਡਾ ਬੁਲਾਇਆ ਜਾ ਰਿਹਾ ਹੈ I
ਨਵਕਰਨ ਦੀਆਂ ਅੰਤਿਮ ਰਸਮਾਂ ਲਈ ਇਕ ਗੋ ਫੰਡ ਮੀ ਪੇਜ਼ (ਨਵੀਂ ਵਿੰਡੋ) ਵੀ ਚਲਾਇਆ ਜਾ ਰਿਹਾ ਹੈ I