1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਚੋਣਾਂ : ਪਾਰਟੀ ਲੀਡਰਾਂ ਦਰਮਿਅਨ ਆਖ਼ਰੀ ਇਲੈਕਸ਼ਨ ਡਿਬੇਟ ਅੱਜ

ਨਿਰਣਾਇਕ ਹੋ ਸਕਦੀ ਹੈ ਡਿਬੇਟ

(ਖੱਬੇ ਤੋਂ ਸੱਜੇ) ਪ੍ਰੋਗਰੈਸਿਵ ਲੀਡਰ ਡਗ ਫ਼ੋਰਡ, ਐਨਡੀਪੀ ਲੀਡਰ ਐਂਡਰੀਆ ਹੌਰਵੈਥ, ਲਿਬਰਲ ਲੀਡਰ ਸਟੀਵਨ ਡੈਲ ਡੂਕਾ ਅਤੇ ਗ੍ਰੀਨ ਪਾਰਟੀ ਲੀਡਰ ਮਾਈਕ ਸ਼ਰੀਨਰ

(ਖੱਬੇ ਤੋਂ ਸੱਜੇ) ਪ੍ਰੋਗਰੈਸਿਵ ਲੀਡਰ ਡਗ ਫ਼ੋਰਡ, ਐਨਡੀਪੀ ਲੀਡਰ ਐਂਡਰੀਆ ਹੌਰਵੈਥ, ਲਿਬਰਲ ਲੀਡਰ ਸਟੀਵਨ ਡੈਲ ਡੂਕਾ ਅਤੇ ਗ੍ਰੀਨ ਪਾਰਟੀ ਲੀਡਰ ਮਾਈਕ ਸ਼ਰੀਨਰ

ਤਸਵੀਰ: (Rebecca Cook/Reuters, Alex Lupul/CBC)

RCI

ਓਨਟੇਰਿਓ ਦੀਆਂ ਮੁੱਖ ਸਿਆਸੀ ਪਾਰਟੀਆਂ ਦਰਮਿਅਨ ਅੱਜ ਸੋਮਵਾਰ ਨੂੰ ਆਖ਼ਰੀ ਅਧਿਕਾਰਤ ਬਹਿਸ ਹੋਵੇਗੀ। 2 ਜੂਨ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਲੀਡਰਾਂ ਦੀ ਇਹ ਡਿਬੇਟ ਕਾਫ਼ੀ ਨਿਰਣਾਇਕ ਸਾਬਿਤ ਹੋ ਸਕਦੀ ਹੈ।

ਇਹ ਡਿਬੇਟ ਸ਼ਾਮੀ 6.30 ਵਜੇ (ਈਸਟਰਨ ਸਮਾਂ) ਟੋਰੌਂਟੋ ਵਿਚ ਆਯੋਜਿਤ ਕੀਤੀ ਜਾ ਰਹੀ ਹੈ। ਨਾਮੀ ਪੱਤਰਕਾਰ ਅਲਥੀਆ ਰਾਜ ਅਤੇ ਸਟੀਵ ਪੇਕਿਸ ਇਸ ਬਹਿਸ ਦਾ ਸੰਚਾਲਨ ਕਰਨਗੇ।

ਡਿਬੇਟ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ  ਡਗ ਫ਼ੋਰਡ, ਐਨਡੀਪੀ ਲੀਡਰ ਐਂਡਰੀਆ ਹੌਰਵੈਥ, ਲਿਬਰਲ ਲੀਡਰ ਸਟੀਵਨ ਡੈਲ ਡੂਕਾ ਅਤੇ ਗ੍ਰੀਨ ਪਾਰਟੀ ਲੀਡਰ ਮਾਈਕ ਸ਼ਰੀਨਰ ਸ਼ਾਮਲ ਹੋਣਗੇ।

ਪਿਛਲੇ ਹਫ਼ਤੇ ਨੌਰਥ ਬੇਅ ਵਿਚ ਆਯੋਜਿਤ ਡਿਬੇਟ ਵਿਚ ਵੀ ਇਹ ਲੀਡਰ ਆਹਮੋ-ਸਾਹਮਣੇ ਹੋਏ ਸਨ। ਪਿਛਲੀ ਬਹਿਸ ਵੀ ਕਾਫ਼ੀ ਤਿੱਖੀ ਰਹੀ ਸੀ ਅਤੇ ਲੀਡਰਾਂ ਨੇ ਇਸਕ ਦੂਸਰੇ ਉੱਪਰ ਖ਼ੂਬ ਨਿਸ਼ਾਨੇ ਸਾਧੇ ਸਨ।

ਸੀਬੀਸੀ ਨਿਊਜ਼ ਦੇ ਪੋਲ ਟਰੈਕਰ ਅਨੁਸਾਰ, ਫ਼ੋਰਡ ਦੀ ਪੀਸੀ ਪਾਰਟੀ ਹੁਣ ਤੱਕ ਬਾਕੀ ਪਾਰਟਿਆਂ ਨਾਲੋਂ ਅੱਗੇ ਨਜ਼ਰ ਆ ਰਹੀ ਹੈ। ਐਨਡੀਪੀ ਅਤੇ ਲਿਬਰਲ ਖ਼ੁਦ ਨੂੰ ਫ਼ੋਰਡ ਦੇ ਬਦਲ ਦਾ ਇੱਕੋ ਇੱਕ ਵਿਕਲਪ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਗ੍ਰੀਨ ਪਾਰਟੀ ਨੂੰ ਇਸ ਵਾਰੀ ਇੱਕ ਤੋਂ ਵੱਧ ਸੀਟ ਮਿਲਣ ਦੀ ਵੀ ਆਸ ਬੱਝਦੀ ਨਜ਼ਰ ਆ ਰਹੀ ਹੈ।

ਅਕਸਰ ਕਿਹਾ ਜਾਂਦਾ ਹੈ ਕਿ ਚੋਣ ਮੁਹਿੰਮ ਦੀ ਅਸਲ ਸ਼ੁਰੂਆਤ ਲੀਡਰਾਂ ਦੀ ਡਿਬੇਟ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿਉਂਕਿ ਇਸ ਤੋਂ ਬਾਅਦ ਵੋਟਰ ਚੋਣਾਂ ਪ੍ਰਤੀ ਵਧੇਰੇ ਸੁਚੇਤ ਹੁੰਦੇ ਹਨ ਅਤੇ ਕਿਹੜੀ ਪਾਰਟੀ ਨੂੰ ਵੋਟ ਦੇਣੀ ਹੈ ਇਸ ਬਾਰੇ ਆਪਣਾ ਮਨ ਬਣਾ ਲੈਂਦੇ ਹਨ।

ਡਿਬੇਟ ਦਾ ਸਿੱਧਾ ਪ੍ਰਸਾਰਣ ਇੱਥੇ ਦੇਖਿਆ ਜਾ ਸਕਦਾ ਹੈ। (ਨਵੀਂ ਵਿੰਡੋ)

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ